ਦਮਦਾਰ ਅਦਾਕਾਰ ਰਾਜ ਸਿੰਘ ਝਿੰਜਰ

ਪਿੰਡ ਨੈਨੀਵਾਲ ਵਿਖੇ ਪਿਤਾ ਗੁਰਦੇਵ ਸਿੰਘ ਝਿੰਜਰ ਤੇ ਮਾਤਾ ਪਰਮਜੀਤ ਕੌਰ ਝਿੰਜਰ ਦੀ ਕੁੱਖੋਂ ਜਨਮੇ ਰਾਜ ਸਿੰਘ ਝਿੰਜਰ ਨੂੰ ਅਦਾਕਾਰੀ ਦਾ ਸ਼ੌਂਕ ਧਰਮਿੰਦਰ ਨੂੰ ਵੇਖ ਕੇ ਹੋਇਆ। ਦਰਅਸਲ, ਧਰਮਿੰਦਰ ਉਨ੍ਹਾਂ ਦੇ ਪਿਤਾ ਦੇ ਪਸੰਦੀਦਾ ਅਦਾਕਾਰ ਸਨ। ਚੌਥੀ ਜਮਾਤ ‘ਚ ਉਨ੍ਹਾਂ ਰਾਜ ਨੂੰ ਜਿਹੜਾ ਜੁਮੈਟਰੀ ਬਾਕਸ ਲੈ ਕੇ ਦਿੱਤਾ ਸੀ ਉਸ ਉੱਤੇ ਧਰਮਿੰਦਰ ਦੀ ਫੋਟੋ ਲੱਗੀ ਹੋਈ ਸੀ ਤੇ ਉਸ ਨੂੰ ਵੇਖਦਾ ਵੇਖਦਾ ਹੋਇਆ ਉਹ ਅਦਾਕਾਰ ਬਣਨ ਦਾ ਸੁਪਨਾ ਦੇਖਣ ਲੱਗ ਪਿਆ। ਰਾਜ ਨੇ ਹਾਂਗਕਾਂਗ ‘ਚ ਰੇ-ਬੈਨ ਅਤੇ ਕੁਝ ਹੋਰ ਕੰਪਨੀਆਂ ਲਈ ਮਾਡਲਿੰਗ ਵੀ ਕੀਤੀ। ਮਾਰਸ਼ਲ ਕਲਾ ਦੀ ਸਿਖਲਾਈ ਲੈ ਕੇ ਸਟੰਟਮੈਨ ਵਜੋਂ ਕੰਮ ਕੀਤਾ। ਫਿਰ 2007 ਵਿਚ ਮੁੰਬਈ ਵਿਖੇ ‘ਮਧੂਮਤੀ ਐਕਟਿੰਗ ਐਂਡ ਡਾਂਸ ਅਕੈਡਮੀ’ ਵਿਚ ਦਾਖ਼ਲਾ ਲਿਆ ਤੇ ਫਿਰ ਟੀæਐਲ਼ਵੀ ਪ੍ਰਸਾਦ ਦੀ ਹਿੰਦੀ ਫ਼ਿਲਮ ਮਿਲ ਗਈ। ਅਕੈਡਮੀ ‘ਚ ਦੋਸਤ ਬਣੇ ਜਤਿੰਦਰ ਸ਼ਰਮਾ ਰਾਹੀਂ ਉਨ੍ਹਾਂ ਦੀ ਮੁਲਾਕਾਤ ਫਿਲਮਸਾਜ਼ ਜਤਿੰਦਰ ਮੌਹਰ ਅਤੇ ਦਲਜੀਤ ਅਮੀ ਨਾਲ ਹੋਈ। ਜਤਿੰਦਰ ਮੌਹਰ ਨੇ ‘ਮਿੱਟੀ’ ਤੋਂ ਬਾਅਦ ਦਲਜੀਤ ਅਮੀ ਨਾਲ ਮਿਲ ਕੇ ਫ਼ਿਲਮ ‘ਸਰਸਾ’ ਲਿਖੀ ਜਿਸ ‘ਚ ਲਾਲੇ ਦੇ ਕਿਰਦਾਰ ਲਈ ਰਾਜ ਨੂੰ ਚੁਣਿਆ। ‘ਸਰਸਾ’ ਦੇ ਨਾਲ ਹੀ ਰਾਜ ਨੇ ‘ਨਾਬਰ’ ਫਿਲਮ ‘ਚ ਵੀ ਅਦਾਕਾਰੀ ਕੀਤੀ ਹੈ। ਉਹ ਮਾਣ ਮਹਿਸੂਸ ਕਰਦਾ ਹੈ ਕਿ ਉਸ ਨੂੰ ਸ਼ੁਰੂਆਤ ਵਿਚ ਹੀ ਚੰਗੇ ਫ਼ਿਲਮ ਲੇਖਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ‘ਸਰਸਾ’ ਪੰਜਾਬ ਦੀ ਸਮਕਾਲੀ ਨੌਜਵਾਨ ਸਿਆਸਤ ਬਾਰੇ ਗੱਲ ਕਰਦੀ ਹੈ। ਫਿਲਮ ਦੀ ਖ਼ਾਸ ਗੱਲ ਇਹ ਹੈ ਕਿ ਉਹ ਜਿਨ੍ਹਾਂ ਸਮਿਆਂ ‘ਚ ਬਣੀ ਹੈ, ਉਨ੍ਹਾਂ ਸਮਿਆਂ ਦੀ ਹੀ ਗੱਲ ਕਰਦੀ ਹੈ। ਇਹ ‘ਮਿੱਟੀ’ ਤੋਂ ਬਾਅਦ ਪੰਜਾਬੀ ਦੀ ਦੂਜੀ ਵੱਡੀ ਸਿਆਸੀ ਫ਼ਿਲਮ ਹੈ। ਇਸ ਫਿਲਮ ‘ਚ ਰਾਜ ਨੂੰ ਹਰਦੀਪ ਗਿੱਲ, ਗੁਲ ਪਨਾਗ, ਮਾਨਵ ਵਿਜ, ਯਾਦ ਗਰੇਵਾਲ, ਵਿਕਟਰ ਜੌਹਨ, ਜਤਿੰਦਰ ਸ਼ਰਮਾ, ਕਰਤਾਰ ਚੀਮਾ ਵਰਗੇ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਰਾਜ ਫਿਲਮ ਦੇ ਵਿਸ਼ੇ ਨੂੰ ਬਹੁਤ ਅਹਿਮ ਮੰਨਦਾ ਹੈ ਅਤੇ ਇਸ ਦੀ ਕਥਾ ‘ਚ ਆਪਣੇ ਕਿਰਦਾਰ ਦੀ ਅਹਿਮੀਅਤ ਨੂੰ ਪਰਖਦਾ ਹੈ। ਇਹ ਦੋਵੇਂ ਪੱਖ ਸਭ ਦੇ ਧਿਆਨ ਦੀ ਮੰਗ ਕਰਦੇ ਹਨ। ਰਾਜ ਦਾ ਮੰਨਣਾ ਹੈ ਕਿ ਪੰਜਾਬੀ ਫ਼ਿਲਮਾਂ ਦਾ ਮੌਜੂਦਾ ਦੌਰ ਭੇਡ-ਚਾਲ ਦੀ ਮਾਨਸਿਕਤਾ ਦਾ ਸ਼ਿਕਾਰ ਹੈ। ਪਿਛਲੇ ਸਾਲ ‘ਜੱਟ ਐਂਡ ਜੂਲੀਅਟ’ ਤੇ ‘ਕੈਰੀ ਔਨ ਜੱਟਾ’ ਨੂੰ ਛੱਡ ਕੇ ਕਿਸੇ ਹਾਸਰਸ ਫ਼ਿਲ਼ਮ ਨੂੰ ਕਾਮਯਾਬੀ ਨਹੀਂ ਮਿਲੀ। ਉਸ ਨੂੰ ਲੱਗਦਾ ਹੈ ਕਿ ਇੱਕਾ-ਦੁੱਕਾ ਮਿਸਾਲਾਂ ਪਿੱਛੇ ਲੱਗ ਕੇ ਅਸੀਂ ਪੰਜਾਬੀ ਫ਼ਿਲਮ ਸਨਅਤ ਦਾ ਝੁੱਗਾ ਚੌੜ ਕਰਵਾਉਣ ‘ਤੇ ਤੁਲੇ ਹੋਏ ਹਾਂ। ਚੰਗੀ ਸਕਰਿਪਟ ਅਤੇ ਲੋਕਾਂ ਤੱਕ ਸਹੀ ਪਹੁੰਚ ਫ਼ਿਲਮ ਹੀ ਕਾਮਯਾਬੀ ਦਾ ਪੈਮਾਨਾ ਹੋ ਸਕਦੀ ਹੈ। ਇਸ ਲਈ ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਨੂੰ ਸੋਚਣਾ ਪੈਣਾ ਹੈ ਕਿ ਮਿਆਰੀ ਅਤੇ ਉਸਾਰੂ ਸਿਨੇਮਾ ਹੀ ਕੌਮੀ ਅਤੇ ਆਲਮੀ ਪੱਧਰ ‘ਤੇ ਥਾਂ ਬਣਾ ਸਕਦਾ ਹੈ। ਉਹ ਫਿਕਰਮੰਦ ਹੈ ਕਿ ਪੰਜਾਬੀ ਸਿਨੇਮਾ ਦਾ ਫੈਲਿਆ ਘੇਰਾ ਕਿਤੇ ਵਕਤੀ ਜਿਹਾ ਉਬਾਲ ਬਣ ਕੇ ਨਾ ਰਹਿ ਜਾਵੇ। ਘਸੇ-ਪਿਟੇ ਵਿਸ਼ਿਆਂ ਅਤੇ ਇੱਕ ਹੀ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਦਾ ਰੁਝਾਨ ਨੁਕਸਾਨਦਾਇਕ ਸਾਬਤ ਹੋਵੇਗਾ। ਰਾਜ ਪੰਜਾਬੀ ਦਰਸ਼ਕਾਂ ਨਾਲ ਸਾਂਝ ਪਾਉਂਦਾ ਉਨ੍ਹਾਂ ਕਹਿੰਦਾ ਹੈ ਕਿ ਉਹ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ੀ ਦੇਣ।
-ਸੰਦੀਪ ਗਰਗ, ਫੋਨ: 91+78370-26550

Be the first to comment

Leave a Reply

Your email address will not be published.