ਮੁਗਲ ਕਾਲ ਵਿਚ ਸ਼ਰਾਬ, ਸ਼ਾਇਰੀ ਤੇ ਸ਼ਿਕਾਰ

ਗੁਲਜ਼ਾਰ ਸਿੰਘ ਸੰਧੂ
ਔਰੰਗਜ਼ੇਬ ਤੋਂ ਪਹਿਲਾਂ ਦਾ ਮੁਗਲ ਕਾਲ ਸ਼ਰਾਬਨੋਸ਼ੀ, ਸ਼ਾਇਰੀ ਤੇ ਸ਼ਿਕਾਰਬਾਜ਼ੀ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹੀ ਇਕੱਠ ਵਿਚ ਸ਼ਰਾਬ ਦੀ ਵਰਤੋਂ ਵਫਾਦਾਰੀ ਤੇ ਦਿਆਨਤਦਾਰੀ ਪਰਖਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦਾ ਖਿਆਲ ਸੀ ਕਿ ਸ਼ਰਾਬ ਮਨ ਦੀਆਂ ਖਿੜਕੀਆਂ ਖੋਲ੍ਹਦੀ ਹੈ ਤੇ ਸੱਚੋ ਸੱਚ ਨਿਤਾਰਦੀ ਹੈ। ਬਾਬਰ ਆਪਣੇ ਬੇਟੇ ਹਮਾਯੂੰ ਨੂੰ, ਜੋ ਕੇਵਲ ਅਫੀਮ ਖਾਣ ਦਾ ਆਦੀ ਸੀ, ਸ਼ਰਾਬਨੋਸ਼ੀ ਤੋਂ ਗੁਰੇਜ਼ ਕਰਨ ਲਈ ਟੋਕਦਾ ਰਹਿੰਦਾ ਸੀ। ਉਸ ਨੂੰ ਮਹਿਫਿਲ ਦਾ ਬੰਦਾ ਬਣਨ ਲਈ ਉਕਸਾਉਂਦਾ। ਜਹਾਂਗੀਰ ਦੇ ਦੋ ਭਰਾ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਏ ਸਨ।

ਜਹਾਂਗੀਰ ਆਪਣੀ ਪਤਨੀ ਦੇ ਵਰਜਣ ‘ਤੇ ਵੀ ਲੋੜ ਤੋਂ ਵਧ ਪੀ ਜਾਂਦਾ ਸੀ। ਇਸ ਗੱਲ ਦੀ ਪੁਸ਼ਟੀ ਬਰਤਾਨਵੀ ਸਫੀਰ ਸਰ ਥਾਮਸ ਰੋਇ ਤੇ ਡੱਚ ਈਸਟ ਇੰਡੀਆ ਕੰਪਨੀ ਦੇ ਪੀਟਰ ਬਰੋਕੇ ਨੇ ਵੀ ਕੀਤੀ ਹੈ। ਮੁਗਲ ਕਾਲ ਦੀ ਇਤਿਹਾਸਕਾਰਾ ਰੂਬੀ ਲਾਲ ਨੇ ਇਹ ਤੱਥ ਆਪਣੀ 2018 ਵਿਚ ਛਪੀ ਪੁਸਤਕ ‘ਮਹਾਰਾਣੀ’ (ਓਮਪਰeਸਸ: ਠਹe Aਸਟੋਨਸਿਹਨਿਗ ੍ਰeਗਿਨ ਾ ੁਂਰ ਝਅਹਅਨ) ਵਿਚ ਦਰਜ ਕੀਤੇ ਹਨ।
ਜਿੱਥੇ ਸ਼ਿਅਰੋ ਸ਼ਾਇਰੀ ਤੇ ਸ਼ਰਾਬ ਮੁਗਲਈ ਮਹਿਫਿਲਾਂ ਦੇ ਕਿਵਾੜ ਖੋਲ੍ਹਦੇ ਸਨ, ਜੰਗਲੀ ਜਾਨਵਰਾਂ ਦਾ ਸ਼ਿਕਾਰ ਤੇ ਦੂਰ-ਦੁਰੇਡੇ ਸਫਰ ਉਨ੍ਹਾਂ ਦੀ ਜਾਂਬਾਜ਼ੀ ਤੇ ਤਾਕਤ ਦਾ ਮੁਜਾਹਰਾ ਕਰਦੇ ਸਨ। ਰੂਬੀ ਲਾਲ ਤੇ ਹੋਰਨਾਂ ਨੇ ਸ਼ੇਰਾਂ ਦੇ ਸ਼ਿਕਾਰ ਦਾ ਜ਼ਿਕਰ ਕਰਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਿਕਾਰ ਮੁਗਲਾਂ ਲਈ ਮੌਜ ਮਸਤੀ ਨਹੀਂ, ਸਗੋਂ ਦੁਸ਼ਮਣਾਂ ਅਤੇ ਵਿਰੋਧੀਆਂ ਉਤੇ ਹਾਵੀ ਹੋਣ ਦੀ ਪੁਸ਼ਟੀ ਸੀ। ਸ਼ਿਕਾਰ ਨੂੰ ਘੇਰਨਾ ਤੇ ਆਪਣੀ ਗੋਲੀ ਦਾ ਨਿਸ਼ਾਨਾ ਬਣਾਉਣਾ ਜੰਗਬਾਜ਼ੀ ਤੇ ਤਾਕਤ ਦਾ ਮੁਜਾਹਰਾ ਸੀ। ਜਦੋਂ ਜਹਾਂਗੀਰ 1616 ਵਿਚ ਆਪਣੇ ਵਲੋਂ ਮਾਰੇ ਗਏ ਸ਼ੇਰਾਂ, ਬਘੇਰਾਂ, ਚੀਤਿਆਂ, ਨੀਲ ਗਾਵਾਂ ਤੇ ਹੋਰ ਜੰਗਲੀ ਜਾਨਵਰਾਂ ਦੀ ਗਿਣਤੀ 500 ਦੇ ਕਰੀਬ ਦਸਦਾ ਹੈ ਤਾਂ ਉਹ ਆਪਣੀ ਸ਼ਾਨੋ-ਸ਼ੌਕਤ ਤੇ ਬਹਾਦਰੀ ਉਤੇ ਸਹੀ ਪਾਉਂਦਾ ਹੈ। ਓਪਰੀਆਂ ਥਾਂਵਾਂ ਦੇ ਸਫਰ ਤੇ ਸ਼ਿਕਾਰ ਹਾਕਮਾਂ ਨੂੰ ਨਵੀਂ ਧਰਤੀ ਦੀ ਰਹਿਣੀ ਸਹਿਣੀ, ਧਨ ਦੌਲਤ ਤੇ ਹਕੂਮਤ ਪ੍ਰਤੀ ਆਦਰ ਮਾਣ ਤੋਂ ਜਾਣੂ ਕਰਵਾਉਂਦੇ ਸਨ।
ਰਾਜ ਕਾਜ ਵਿਚ ਪਾਏ ਆਲ੍ਹਾ ਯੋਗਦਾਨ ਤੋਂ ਬਿਨਾ ਨੂਰ ਜਹਾਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਤੇ ਸ਼ਿਅਰੋ ਸ਼ਾਇਰੀ ਵਿਚ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਦੇ ਸਾਰੇ ਮੁਗਲ ਹਾਕਮਾਂ ਨੂੰ ਮਾਤ ਪਾਉਣ ਵਾਲੀ ਸੀ। 16 ਅਪਰੈਲ 1617 ਵਾਲੇ ਦਿਨ ਉਸ ਨੇ ਮਾਲਵਾ ਖੇਤਰ ਦੇ ਚਾਰ ਬੱਬਰ ਸ਼ੇਰ, ਹਾਥੀ ਦੇ ਹੌਦੇ ਵਿਚ ਬੈਠਿਆਂ ਕੇਵਲ ਛੇ ਗੋਲੀਆਂ ਨਾਲ ਫੁੰਡ ਛੱਡੇ ਸਨ। ਇੱਕ ਵੀ ਗੋਲੀ ਬਿਰਥਾ ਨਹੀਂ ਸੀ ਗਈ। ਉਸ ਦੇ ਇਸ ਅਮਲ ਨੇ ਬਾਦਸ਼ਾਹ ਜਹਾਂਗੀਰ ਨੂੰ ਹੀ ਨਹੀਂ, ਦਰਬਾਰੀਆਂ ਨੂੰ ਵੀ ਹੈਰਾਨ ਕਰ ਛਡਿਆ ਸੀ। ਦੋ ਸ਼ਾਇਰਾਂ ਨੇ ਉਸ ਨੂੰ ਔਰਤਾਂ ਵਿਚ ਕਮਾਲ ਦੀ ਔਰਤ ਤੇ ਮਰਦਾਂ ਵਿਚ ਸ਼ੇਰ ਮਰਦ ਲਿਖਿਆ ਸੀ।
1619 ਵਿਚ ਜਹਾਂਗੀਰ ਤੇ ਨੂਰ ਜਹਾਨ ਦੀ ਆਗਰਾ ਤੋਂ ਲਾਹੌਰ ਨੂੰ ਕੀਤੀ ਯਾਤਰਾ ਵੀ ਧਿਆਨ ਮੰਗਦੀ ਹੈ। ਉਨ੍ਹਾਂ ਦੇ ਨਾਲ 15 ਹਜ਼ਾਰ ਫੌਜੀ ਤੇ ਰਾਜ ਦਰਬਾਰੀ ਸਨ। ਬਾਦਸ਼ਾਹ ਨੇ ਆਪਣੀ ਅਕੀਦਤ ਅਨੁਸਾਰ ਮਥਰਾ ਹੋ ਕੇ ਜਾਣਾ ਸੀ। ਮਥਰਾ ਵਾਸੀ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਰਹੇ ਸਨ। ਸ਼ਹਿਰ ਨੂੰ ਮਿਲਣ ਵਾਲੇ ਤੁਹਫਿਆਂ ਤੇ ਕਾਰੋਬਾਰੀ ਵਿਕਾਸ ਦੀ ਸੰਭਾਵਨਾ ਸੀ। ਇਸ ਯਾਤਰਾ ਸਮੇਂ ਸ਼ਹਿਰ ਵਾਸੀਆਂ ਨੂੰ ਉਸ ਆਦਮਖੋਰ ਸ਼ੇਰ ਤੋਂ ਮੁਕਤੀ ਮਿਲਣ ਦੀ ਸੰਭਾਵਨਾ ਸੀ, ਜਿਸ ਨੇ ਸ਼ਹਿਰ ਨੂੰ ਦਹਿਸ਼ਤਜ਼ਦਾ ਕਰ ਰੱਖਿਆ ਸੀ। ਸ਼ਾਹੀ ਫੁਰਮਾਨ ਅਨੁਸਾਰ ਸ਼ੇਰ ਦਾ ਸ਼ਿਕਾਰ ਬਾਦਸ਼ਾਹ ਤੋਂ ਬਿਨਾ ਹੋਰ ਕੋਈ ਨਹੀਂ ਸੀ ਕਰ ਸਕਦਾ।
ਜਹਾਂਗੀਰ ਦੇ ਮਥਰਾ ਪਹੁੰਚਣ ਉਪਰੰਤ ਪਤਾ ਲੱਗਾ ਕਿ ਉਹ ਕਿਸੇ ਹਾਲਤ ਵਿਚ ਵੀ ਸ਼ੇਰ ਦਾ ਸ਼ਿਕਾਰ ਨਹੀਂ ਸੀ ਕਰ ਸਕਦਾ। ਉਸ ਨੇ ਕਈ ਵਰ੍ਹੇ ਪਹਿਲਾਂ ਸ਼ੇਖ ਸਲੀਮ ਚਿਸ਼ਤੀ ਦੇ ਦਰਬਾਰ ਜਾ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਹ ਸਾਲਾਂ ਦਾ ਹੋਣ ਪਿੱਛੇ ਸ਼ੇਰ ਤਾਂ ਕੀ ਕਿਸੇ ਵੀ ਜਾਨਵਰ ਦੀ ਜਾਨ ਨਹੀਂ ਲਵੇਗਾ। ਇਸ ਫੇਰੀ ਸਮੇਂ ਉਹ ਦੋ ਮਹੀਨੇ ਪਹਿਲਾਂ 50 ਵਰ੍ਹੇ ਦਾ ਹੋ ਚੁਕਾ ਸੀ। ਕਸਮ ਤੋੜਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਬਾਦਸ਼ਾਹ ਦੀ ਮੁਸ਼ਕਿਲ ਹੱਲ ਕਰਨ ਦੀ ਜਿੰਮੇਵਾਰੀ ਨੂਰ ਜਹਾਨ ਨੇ ਨਿਭਾਉਣ ਦੀ ਪੇਸ਼ਕਸ਼ ਕੀਤੀ। ਉਹਦੇ ਕੋਲ ਤੋੜੇ ਵਾਲੀ ਬੰਦੂਕ (ਤੁਪਕ) ਸੀ। ਬਾਦਸ਼ਾਹ ਤੋਂ ਪ੍ਰਵਾਨਗੀ ਲੈਣ ਵਿਚ ਕੋਈ ਦਿੱਕਤ ਨਹੀਂ ਸੀ। ਮਥਰਾ ਨਿਵਾਸੀ ਸ਼ੇਰ ਦਾ ਟਿਕਾਣਾ ਜਾਣਦੇ ਸਨ। ਲੋਕਾਂ ਦੀਆਂ ਅਵਾਜ਼ਾਂ ਤੇ ਰੌਲਾ ਰੱਪਾ ਸੁਣ ਕੇ ਸ਼ੇਰ ਆਪਣੇ ਘੁਰਨੇ ਵਿਚੋਂ ਬਾਹਰ ਆਉਣ ਲਈ ਮਜਬੂਰ ਹੋ ਗਿਆ। ਨੂਹ ਜਹਾਂ ਨੇ ਤੁਪਕ ਦੀ ਪਹਿਲੀ ਗੋਲੀ ਨਾਲ ਹੀ ਉਸ ਨੂੰ ਚਿੱਤ ਕਰ ਦਿੱਤਾ।
ਇਸ ਘਟਨਾ ਤੋਂ ਅਠ ਸਾਲ ਪਿਛੋਂ 1627 ਵਿਚ ਜਹਾਂਗੀਰ ਦਾ ਦੇਹਾਂਤ ਹੋ ਗਿਆ ਤੇ ਨੂਰ ਜਹਾਨ ਵੀ ਅਠਾਰਾਂ ਸਾਲ ਵਿਧਵਾ ਰਹਿ ਕੇ 1645 ਵਿਚ ਰੱਬ ਨੂੰ ਪਿਆਰੀ ਹੋ ਗਈ। ਦੋਹਾਂ ਦੇ ਮਕਬਰੇ ਲਾਹੌਰ ਵਿਚ ਹਨ। ਨੂਰ ਜਹਾਨ ਦੇ ਮਕਬਰੇ ਉਤੇ ਉਸ ਦੇ ਆਪਣੇ ਆਦੇਸ਼ ਅਨੁਸਾਰ ਹੇਠ ਲਿਖਿਆ ਸ਼ਿਅਰ ਦਰਜ ਹੈ,
ਬਰ ਮਜ਼ਾਰੇ ਮਾ ਗਰੀਬਾਂ
ਨੈ ਚਿਰਾਗੈ ਨੈ ਗੁਲੇ
ਨੈ ਪਰੇ ਪਰਵਾਨਾ ਸੋਜਦ
ਨੈ ਸਦਾਏ ਬੁਲਬੁਲੇ।
ਇਸ ਦਾ ਭਾਵ ਹੈ ਕਿ ਉਸ ਦੀ ਕਬਰ ਉਤੇ ਨਾ ਕੋਈ ਦੀਵਾ ਜਗਾਵੇ ਤੇ ਨਾ ਹੀ ਫੁਲ ਚੜ੍ਹਾਵੇ ਤਾਂ ਕਿ ਉਸ ਥਾਂ ਨਾ ਹੀ ਕਿਸੇ ਪਰਵਾਨੇ ਦਾ ਖੰਭ ਸਿਜਦਾ ਕਰੇ, ਨਾ ਕੋਈ ਬੁਲਬੁਲ ਰੋਣਾ ਰੋਵੇ।
ਅੰਤਿਕਾ: ਮੋਹਨ ਸਿੰਘ ਦੀ ਨੂਰ ਜਹਾਨ
ਇਹੋ ਜਿਹੀ ਸੁਹਣੀ ਸ਼ਕਲ ਸੂਰਤ
ਰੱਬਾ ਮੇਰਿਆ ਜਾਂ ਤੇ ਬਣਾਇਆ ਨਾ ਕਰ।
ਜੇ ਤੂੰ ਬਿਨਾ ਬਣਾਏ ਸੀ ਨੀ ਰਹਿ ਸਕਦਾ
ਵਿਚ ਖਾਕ ਦੇ ਏਦਾਂ ਮਿਲਾਇਆ ਨਾ ਕਰ।