ਸੰਗੀਤ ਦੀ ਦੁਨੀਆਂ-ਪੂਰਨ ਸਿੰਘ ਪਾਂਧੀ

ਡਾ. ਗੁਰਨਾਮ ਕੌਰ, ਕੈਨੇਡਾ
ਪੂਰਨ ਸਿੰਘ ਪਾਂਧੀ ਇੱਕ ਜਾਣਿਆ ਪਛਾਣਿਆ ਨਾਂ ਹੈ| ‘ਸੰਗੀਤ ਦੀ ਦੁਨੀਆਂ’ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਨੌਂ ਕੁ ਕਿਤਾਬਾਂ ਪਾਠਕਾਂ ਦੀ ਨਜ਼ਰ ਹੋ ਚੁਕੀਆਂ ਹਨ ਅਤੇ ਇਹ ਕੋਈ ਥੋੜ੍ਹੀ ਜਿਹੀ ਗਿਣਤੀ ਨਹੀਂ ਹੈ| ਗਿਣਤੀ ਨਾਲੋਂ ਵੀ ਉਨ੍ਹਾਂ ਦੀ ਲੇਖਣੀ ਦੀ ਗੁਣਾਤਮਕਤਾ ਪਾਠਕ ਦਾ ਧਿਆਨ ਆਪਣੇ ਵੱਲ ਮੱਲੋ ਮੱਲੀ ਖਿੱਚਦੀ ਹੈ| ਇਹ 287 ਪੰਨਿਆ ਦੀ ਕਿਤਾਬ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ| ਪੁਸਤਕ ਪੜ੍ਹੇ ਜਾਣ ਲਈ ਹਰ ਤਰ੍ਹਾਂ ਨਾਲ ਆਕਰਸ਼ਕ ਹੈ|

ਮੈਂ ਮਹਿਸੂਸ ਕੀਤਾ ਕਿ ਇਸ ਪੁਸਤਕ ਦੀ ਜਾਣ-ਪਛਾਣ ਕਰਾਉਣੀ ਲਾਹੇਵੰਦ ਹੋਵੇਗੀ, ਕਿਉਂਕਿ ਕੀਰਤਨ ਤੇ ਆਮ ਪੰਜਾਬੀ ਗਾਇਕੀ ਸੁਣਦਿਆਂ ਕਈ ਵਾਰ ਅਹਿਸਾਸ ਹੋਇਆ ਹੈ ਕਿ ਕਈ ਰਾਗੀ ਜਾਂ ਗਾਇਕ ਬਿਨਾ ਕਿਸੇ ਗਿਆਨ ਦੇ ਕੱਚਘਰੜ ਕੀਰਤਨ ਕਰਦੇ ਹਨ, ਸੁਰ ਅਤੇ ਤਾਲ ਵਿਚ ਗਾਇਨ ਨਹੀਂ ਕਰ ਰਹੇ ਹੁੰਦੇ| ਇਹ ਪੁਸਤਕ ਰਾਗੀਆਂ ਅਤੇ ਗਾਇਕਾਂ-ਦੋਹਾਂ ਤਰ੍ਹਾਂ ਦੇ ਕਲਾਕਾਰਾਂ ਲਈ ਹੀ ਕਾਫੀ ਲਾਹੇਵੰਦ ਹੋ ਸਕਦੀ ਹੈ| ਪੁਸਤਕ ਵਿਚ ਸੁਰਾਂ ਦੇ ਗਿਆਨ ਦੇ ਨਾਲ ਗਾਇਕੀ ਦੇ ਅਭਿਆਸ ‘ਤੇ ਜ਼ੋਰ ਦਿੰਦਿਆਂ ਇਹ ਵੀ ਅਗਵਾਈ ਕੀਤੀ ਗਈ ਹੈ ਕਿ ਇਸ ਕਲਾ ਵਿਚ ਨਿਖਾਰ ਅਤੇ ਪਰਪੱਕਤਾ ਕਿਵੇਂ ਲਿਆਂਦੀ ਜਾ ਸਕਦੀ ਹੈ?
ਪੁਸਤਕ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਸ਼ ਪਾਂਧੀ ਨੇ ਬੜੀ ਸੌਖੀ ਬੋਲੀ ਵਿਚ ਸੰਗੀਤ ਤੇ ਸੁਰਾਂ ਦੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ, ਜੋ ਸੰਗੀਤ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਬਹੁਤ ਲਾਭਕਾਰੀ ਹੋ ਸਕਦੀ ਹੈ| ਸਭ ਤੋਂ ਪਹਿਲਾਂ ਤਾਂ, ਜਿਵੇਂ ਸ਼ ਪਾਂਧੀ ਨੇ ਸਮਰਪਿਤ ਕੀਤੀ ਹੈ, ਬੰਦੇ ਦਾ ਮਨ ਵੈਸੇ ਹੀ ਸਤਿਕਾਰ ਨਾਲ ਝੁਕ ਜਾਂਦਾ ਹੈ| ਲਿਖਿਆ ਹੈ, “ਉਚੇ ਵਿਚਾਰ, ਸੁੱਚੇ ਵਿਹਾਰ, ਉੱਤਮ ਕਿਰਦਾਰ, ਪਵਿੱਤਰ ਤੇ ਬੇਦਾਗ ਜੀਵਨ ਵਾਲੇ; ਸਾਦੀ, ਸੰਜਮੀ ਤੇ ਸੰਤੋਖੀ ਬਿਰਤੀ ਵਾਲੇ; ਦ੍ਰਿੜ ਲਗਨ ਤੇ ਸਖਤ ਰਿਆਜ਼-ਅਭਿਆਸ ਤੇ ਸਮਰਪਤੀ ਭਾਵਨਾ ਵਾਲੇ ਗਾਇਕਾਂ ਅਤੇ ਕੀਰਤਨ ਦੀ ਸਰਸ਼ਾਰੀ ਤੇ ਖੁਮਾਰੀ ਤਰੰਗਾਂ ਪੈਦਾ ਕਰਦੀ, ਮਿੱਠੀ ਤੇ ਮਧੁਰ ਮਾਹੌਲ ਦੀ ਉਸਾਰੀ ਕਰਦੀ ਗਾਇਕੀ ਨੂੰ|”
ਸਮਰਪਣ ਦੇ ਇਨ੍ਹਾਂ ਚੰਦ ਸ਼ਬਦਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਲਿਖਦਿਆਂ ਸ਼ ਪਾਂਧੀ ਦੇ ਮਨ ਵਿਚ ਉਨ੍ਹਾਂ ਸਭ ਦਾ ਸਤਿਕਾਰ ਅਤੇ ਧਿਆਨ ਹੈ, ਜੋ ਗਾਇਕੀ ਦੀ ਕਿਸੇ ਵੀ ਵਿਧਾ ਨਾਲ ਜੁੜੇ ਹੋਏ ਹਨ| ਇਸ ਤੋਂ ਸਪਸ਼ਟ ਹੈ ਕਿ ਗਾਇਕੀ ਦੀ ਕਲਾ ਨਾਲ ਜੁੜੇ ਇਨਸਾਨ, ਭਾਵੇਂ ਉਹ ਕੀਰਤਨੀਆ ਹੈ ਜਾਂ ਗਾਇਕ, ਉਸ ਤੋਂ ਕਿਸ ਕਿਸਮ ਦੇ ਕਿਰਦਾਰ, ਲਗਨ, ਬਿਰਤੀ ਅਤੇ ਭਾਵਨਾ ਦੀ ਤਵੱਕੋ ਕੀਤੀ ਜਾਂਦੀ ਹੈ| ਸੰਗੀਤ ਦੀ ਕਿਸੇ ਵੀ ਵਿਧਾ ਨਾਲ ਜੁੜੇ ਹੋਏ ਇਨਸਾਨ ਵਿਚ ਇਹ ਸਦਗੁਣ ਹੋਣੇ ਜ਼ਰੂਰੀ ਵੀ ਹਨ, ਕਿਉਂਕਿ ਇਹ ਗੁਣ ਜਿੱਥੇ ਉਸ ਦੀ ਕਲਾ ਵਿਚ ਪਰਪੱਕਤਾ ਅਤੇ ਨਿਖਾਰ ਲਿਆਉਂਦੇ ਹਨ, ਉਥੇ ਉਸ ਦੀ ਸ਼ਖਸੀਅਤ ਨੂੰ ਵੀ ਉਚਾ ਸਥਾਨ ਬਖਸ਼ਦੇ ਹਨ; ਉਸ ਦੀ ਕਲਾ ਲਈ ਜਿੱਥੇ ਸੁਣਨ ਵਾਲਿਆਂ ਵਿਚ ਸ਼ਰਧਾ, ਪਿਆਰ ਅਤੇ ਸਤਿਕਾਰ ਜਗਾਉਂਦੇ ਹਨ, ਉਥੇ ਉਸ ਦੇ ਵਿਅਕਤੀਗਤ ਸਤਿਕਾਰ ਅਤੇ ਮਕਬੂਲੀਅਤ ਦੀ ਵਜ੍ਹਾ ਵੀ ਬਣਦੇ ਹਨ|
ਪੁਸਤਕ ਦੇ ਪਹਿਲੇ 32 ਪੰਨੇ ਵੱਖ ਵੱਖ ਵਿਦਵਾਨਾਂ ਵੱਲੋਂ ਸ਼ ਪਾਂਧੀ ਦੀ ਲਿਖਣ ਸ਼ੈਲੀ ਅਤੇ ਉਨ੍ਹਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਮੁਹੱਈਆ ਕਰਾਉਂਦੇ ਹਨ ਅਤੇ ਬਾਕੀ ਸਾਰੀ ਪੁਸਤਕ ਸੰਗੀਤ ਬਾਰੇ ਗਿਆਨ ਦਿੰਦੀ ਹੈ| ਲੇਖਕ ਨੇ ਅਸਲ ਵਿਚ “ਸੰਗੀਤ ਦੀ ਦੁਨੀਆਂ ਹੈ ਕੀ?” ਦੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਹੈ ਕਿ ਸਾਰੀ ਕਾਇਨਾਤ ਵਿਚ ਹੀ ਸੰਗੀਤ ਵਿਆਪਕ ਹੈ, “ਕਾਦਰ ਕਰੀਮ ਦੀ ਬੇਅੰਤ ਰਚਨਾ ਵਿਚ ਗੀਤ-ਸੰਗੀਤ ਦੀ ਗੂੰਜ ਅਤੇ ਝੂਮਦੀ ਲੈਅ ਦਾ ਪਸਾਰਾ ਹੈ| ਇਸ ਵਿਆਪਕ ਪਸਾਰੇ ਵਿਚ ਧਰਤੀ ਦਾ ਹਰ ਮਨੁੱਖ ਗੁਣਗੁਣਾਉਂਦੀ ਸੁੰਦਰਤਾ, ਸੰਗੀਤ ਦਾ ਮਤਵਾਲਾ ਹੈ| ਸੰਗੀਤ ਮਨੁੱਖੀ ਮਨ ਦੀਆਂ ਸੂਖਮ ਤਾਰਾਂ ਅਤੇ ਤਰਬਾਂ ਵਿਚ ਤਰੰਗਾਂ ਪੈਦਾ ਕਰਦਾ; ਥੱਕੇ, ਉਦਾਸ ਤੇ ਨਿਰਾਸ਼ ਮਨ ਨੂੰ ਆਪਣੀ ਬੁੱਕਲ ਵਿਚ ਆਸਰਾ ਦਿੰਦਾ; ਉਸ ਨੂੰ ਪਿਆਰਦਾ, ਦੁਲਾਰਦਾ, ਤਾਜ਼ਗੀ, ਖੁਸ਼ੀ ਤੇ ਖੇੜਾ ਪ੍ਰਦਾਨ ਕਰਦਾ ਹੈ|”
ਸੰਗੀਤ ਦੇ ਨਿਕਾਸ ਅਤੇ ਵਿਕਾਸ ਬਾਰੇ ਗੱਲ ਕਰਦਿਆਂ ਲੇਖਕ ਦਾ ਮੰਨਣਾ ਹੈ, “ਜੀਵਨ ਦੇ ਹਰ ਖੇਤਰ ਵਿਚ ਜਿਵੇਂ ਜਿਵੇਂ ਨਿਖਾਰ, ਸੁਹੱਪਣ ਤੇ ਸੁਹਜ ਦਾ ਪਸਾਰਾ ਹੁੰਦਾ ਗਿਆ, ਉਸੇ ਅਨੁਪਾਤ ਅਨੁਸਾਰ ਸੰਗੀਤ ਦੀ ਦੁਨੀਆਂ ਵਿਚ ਕ੍ਰਾਂਤੀ ਆਉਂਦੀ ਗਈ|” ਲੇਖਕ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਹਰ ਕਲਾ ਦਾ ਕੋਈ ਨਾ ਕੋਈ ਵਿਧੀ ਵਿਧਾਨ ਹੁੰਦਾ ਹੈ, ਉਸੇ ਤਰ੍ਹਾਂ ਸੰਗੀਤ ਦਾ ਵੀ ਵਿਧੀ ਵਿਧਾਨ ਹੈ ਅਤੇ ਸੂਖਮ ਕਲਾ ਹੋਣ ਦੇ ਨਾਤੇ ਉਸ ਦਾ ਵਿਧਾਨ ਤੇ ਉਸ ਦੀਆਂ ਧਾਰਾਵਾਂ ਓਨੀਆਂ ਹੀ ਸੂਖਮ, ਬਿਖਮ ਤੇ ਬਾਰੀਕ ਹਨ| ਸੰਗੀਤ ਦੇ ਚਿੰਤਕਾਂ ਅਤੇ ਮਾਹਿਰਾਂ ਵਲੋਂ ਮਨੁੱਖੀ ਮਨ ਦੀਆਂ ਮੂਲ ਪ੍ਰਵਿਰਤੀਆਂ ਨਾਲ ਇਸ ਦਾ ਸਬੰਧ ਜੋੜ ਕੇ ਸੰਗੀਤ ਦੀ ਹਰ ਲਿਰਿਕ ਤੇ ਹਰ ਹੇਕ ਦੀ ਸੀਮਾ ਤੇ ਸਮਰੱਥਾ ਨਿਸ਼ਚਿਤ ਕੀਤੀ ਗਈ| ਗਾਇਕੀ ਦਾ ਵਿਧਾਨ ਸਥਾਪਤ ਕੀਤਾ ਗਿਆ| ਲੇਖਕ ਅਨੁਸਾਰ ਭਾਰਤੀ ਸੰਗੀਤ ਦਾ ਜੋ ਵਿਧਾਨ ਹੋਂਦ ਵਿਚ ਆਇਆ, ਉਹ ਬਹੁਤ ਵਿਚਿੱਤਰ, ਸੂਖਮ ਤੇ ਬਿਖਮ ਹੈ, ਜਿਸ ਦਾ ਮਨੋਵਿਗਿਆਨ ਨਾਲ ਸਿੱਧਾ ਸਬੰਧ ਹੈ|
ਲੇਖਕ ਦਾ ਵਿਚਾਰ ਹੈ ਕਿ ਦੁਨੀਆਂ ਵਿਚ ਸਭਿਅਤਾ ਅਤੇ ਸਭਿਆਚਾਰ ਦੇ ਵਿਕਾਸ ਨਾਲ ਵੱਖ ਵੱਖ ਕਬੀਲਿਆਂ ਵਿਚ ਆਪਣੇ ਆਪਣੇ ਢੰਗ ਨਾਲ ਸੰਗੀਤ ਦਾ ਵਿਕਾਸ ਹੋਇਆ ਤੇ ਇਸੇ ਨਾਲ ਪੰਜਾਬ ਦੀ ਗੱਲ ਕੀਤੀ ਗਈ ਹੈ ਕਿ ਗੀਤ-ਸੰਗੀਤ ਪੰਜਾਬੀਆਂ ਦੇ ਖੂਨ ਵਿਚ ਸਮਾਇਆ ਹੋਇਆ ਹੈ ਅਤੇ ਪੰਜਾਬੀਆਂ ਦੇ ਗੀਤਾਂ ਵਿਚ, ਧੁਨਾਂ ਤੇ ਹੇਕਾਂ ਵਿਚ ਜੰਮਣ ਤੇ ਮੌਤ ਤੱਕ ਦਾ ਗੂੜ੍ਹਾ ਰਿਸ਼ਤਾ ਹੈ|
ਗੁਰੂ ਸਾਹਿਬਾਨ ਦੀ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਹੈ, “ਗੁਰੂ ਸਾਹਿਬਾਨ ਦੀ ਆਮਦ ਨਾਲ ਇਸ ਲਹਿਰ ਦਾ ਰੰਗ ਹੋਰ ਗੂੜ੍ਹਾ ਹੋ ਗਿਆ| ਜੀਵਨ ਦੀ ਹਰ ਉਮਰ ਤੇ ਅਵਸਥਾ ਨਾਲ ਕੀਰਤਨ ਦਾ ਨਾਤਾ ਜੁੜ ਗਿਆ| ਪੰਜਾਬ ਦੀ ਧਰਤੀ ਦਾ ਕਣ ਕਣ ਕੀਰਤਨ ਦੀਆਂ ਮਨਮੋਹਕ ਧੁਨਾਂ ਨਾਲ ਗੂੰਜ ਉਠਿਆ| ਕਲਾਸੀਕਲ ਧੁਨਾਂ ਦੀਆਂ ਚਹੁੰ ਕੂੰਟਾਂ ਵਿਚ ਗੂੰਜਾਂ ਪੈਣ ਲੱਗੀਆਂ| ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਲਾਸੀਕਲ ਰਾਗਾਂ ਵਿਚ ਰਚੀ ਗਈ| ਵਿਸ਼ਵ ਦੇ ਪੂਰੇ ਇਤਿਹਾਸ ਵਿਚ ਇਹ ਇਕ ਅਨੋਖਾ ਤੇ ਅਨੂਪਮ ਕਾਰਨਾਮਾ| ਗਾਇਕੀ ਦਾ ਇਹ ਮਹਾਂ ਕੁੰਭ|”
‘ਸੁਰੀਲੀਆਂ ਰੂਹਾਂ, ਸੁਰੀਲੇ ਕਰਤਵ’ ਸਿਰਲੇਖ ਹੇਠ ਲੇਖਕ ਨੇ ਦਸਿਆ ਹੈ, “ਹਰ ਕਲਾਕਾਰ ਨੇ ਆਪਣੀ ਕਲਾ ਸਾਕਾਰ ਕਰਨ ਤੋਂ ਪਹਿਲਾਂ ਕਲਾ ਨਾਲ ਇੱਕ ਸੁਰ ਹੋਣਾ ਹੁੰਦਾ ਹੈ।” ਇਸ ਤੱਥ ਦੀ ਪ੍ਰੋੜਤਾ ਵਿਚ ਲੇਖਕ ਨੇ ਮਹਾਂ ਪੁਰਸ਼ਾਂ ਦੇ ਜੀਵਨ ਵਿਚੋਂ ਮਿਸਾਲਾਂ ਲੈ ਕੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ| ‘ਘਟ ਘਟ ਵਾਜਹਿ ਨਾਦ’ ਵਿਚ ਗੁਰਬਾਣੀ ਵਿਚੋਂ ਮਿਸਾਲਾਂ ਲੈ ਕੇ ਸਮਝਾਇਆ ਹੈ ਕਿ “ਸਮੁੱਚੀ ਕਾਇਨਾਤ ਵਿਚ ਨਾਦ ਦੀ ਨਿਰੰਤਰ ਗੂੰਜ ਹੈ| ਨਾਦ, ਚੇਤਨਾ, ਗਿਆਨ ਤੇ ਪ੍ਰਕਾਸ਼ ਪ੍ਰਿਥਵੀ ਦੀ ਜਿੰਦਜਾਨ ਹਨ|” ‘ਸੰਗੀਤ ਤੇ ਉਸ ਦਾ ਪ੍ਰਭਾਵ’ ਦੱਸਦਿਆਂ ਲੇਖਕ ਨੇ ਜ਼ਿਕਰ ਕੀਤਾ ਹੈ ਕਿ “ਪ੍ਰਕਿਰਤੀ ਦੀ ਹਰ ਰਚਨਾ ਵਿਚ ਕੁਦਰਤ ਨੇ ਸੰਗੀਤ ਦੇ ਸੂਖਮ ਤੱਤਾਂ ਦੀ ਹੋਂਦ ਸਥਾਪਤ ਕੀਤੀ ਹੈ| ਸ੍ਰਿਸ਼ਟੀ ਦੇ ਬੇਅੰਤ ਤੱਤਾਂ ਦੀ ਸਿਰਜਣਾ ਵਿਚ ਰਿਦਮ, ਲੈਅ ਤੇ ਨਾਦ ਹੈ|…ਹਰ ਪਾਸੇ ਗੀਤ ਸੰਗੀਤ ਦੀਆਂ ਧੁਨਾਂ ਦਾ ਪਸਾਰਾ ਹੈ| ਮਿਰਗਾਂ, ਮੱਛੀਆਂ ਤੇ ਪੰਖੇਰੂਆਂ ਨੂੰ ਕੁਦਰਤ ਨੇ ਜ਼ਬਾਨ ਤੇ ਅਵਾਜ਼ ਦਿੱਤੀ ਹੈ| ਆਪਣੀ ਆਪਣੀ ਭਾਸ਼ਾ ਵਿਚ ਉਹ ਗਾ ਰਹੇ ਹਨ| ਗਾਇਕੀ ਦੀ ਇਹ ਸੱਦ ਬਾਬੇ ਨਾਨਕ ਨੇ ਸੁਣੀ ਅਤੇ ਫੁਰਮਾਨ ਕੀਤਾ: ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ॥ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੁ ਬਿਨ ਹਰਿ ਜਾਪਤ ਹੈ ਨਹੀਂ ਹੋਰ॥” ਸ਼ ਪਾਂਧੀ ਦਾ ਮੰਨਣਾ ਹੈ ਕਿ ਮਨੁੱਖ ਦੇ ਕੁਦਰਤ ਨਾਲ ਸੰਪਰਕ ਨੇ ਹੀ ਕੋਮਲ ਕਲਾਵਾਂ ਨੂੰ ਜਨਮ ਦਿੱਤਾ ਹੋਵੇਗਾ|
‘ਸੁਰ ਸਾਧਨਾ ਅਤੇ ਰਿਆਜ਼’ ਦੀ ਗੱਲ ਕਰਦਿਆਂ ਲੇਖਕ ਨੇ ਯਾਦ ਕਰਾਇਆ ਹੈ ਕਿ ਹੋਰ ਖੇਤਰਾਂ ਵਾਂਗ ਸੰਗੀਤ ਦੇ ਖੇਤਰ ਵਿਚ ਵੀ ਰਿਆਜ਼ ਅਤੇ ਮਿਹਨਤ ਬਹੁਤ ਜ਼ਰੂਰੀ ਹੈ ਕਿਉਂਕਿ “ਅਭਿਆਸ ਹਰ ਰਚਨਾ ਨੂੰ ਗਤੀਸ਼ੀਲ ਕਰਦਾ, ਸ਼ਕਤੀ ਪ੍ਰਦਾਨ ਕਰਦਾ ਤੇ ਰਚਨਾ ਦੀ ਉਮਰ ਲੰਮੀ ਕਰਦਾ ਹੈ| ਰਚਨਾ ਚਾਹੇ ਕੁਦਰਤ ਦੀ ਸਾਜੀ ਹੈ ਜਾਂ ਮਨੁੱਖ ਦੀ ਕਿਰਤ; ਹਰ ਰਚਨਾ ਨੂੰ ਪਿਆਰ, ਪਲੋਸਣ ਤੇ ਲਾਡ ਕਰਨ ਦੀ ਅਹਿਮ ਲੋੜ ਹੈ|”
ਅਜੋਕੀ ਗਾਇਕੀ ਅਤੇ ਗੁਰਬਾਣੀ ਕੀਰਤਨ ਦੀ ਗੱਲ ਕਰਦਿਆਂ ਲੇਖਕ ਦਾ ਮੰਨਣਾ ਹੈ ਕਿ, “ਅਜੋਕੀ ਗਾਇਕੀ ਵਿਚ ਨਵੀਨਤਾ ਤੇ ਨਿਖਾਰ ਦੀ ਥਾਂ ਸਿਥਲਤਾ ਤੇ ਕਮਜ਼ੋਰੀ ਦੇਖਣ ਨੂੰ ਮਿਲਦੀ ਹੈ, ਜਦੋਂ ਕਿ ਪ੍ਰਾਚੀਨ ਭਾਰਤੀ ਸੰਗੀਤ ਵਿਚ ਬੇਹੱਦ ਬਾਰੀਕੀਆਂ ਤੇ ਬੁਲੰਦੀਆਂ ਦੀ ਅਮੀਰ ਵਿਰਾਸਤ ਹੈ, ਪਰ ਇਸ ਖੇਤਰ ਵਿਚ ਰਿਆਜ-ਅਭਿਆਸ ਤੋਂ ਕੋਰੇ, ਬੇਕਦਰ ਤੇ ਲਾਪ੍ਰਵਾਹ ਪੁਰਸ਼ਾਂ ਨੇ ਮਹਾਨ ਗਾਇਕੀ ਦਾ ਮਿਆਰ ਨੀਵਾਂ ਕੀਤਾ ਹੈ|” ਗਾਇਕੀ ਨੂੰ ਮਿੱਠੀ ਅਤੇ ਸੁਰੀਲੀ ਬਣਾਉਣ ਲਈ “ਸਪਤਕ ਦੀਆਂ ਸਾਰੀਆਂ ਸ਼ੁੱਧ ਤੇ ਕੋਮਲ ਸੁਰਾਂ ਦੀ ਸਾਧਨਾ ਬਗੈਰ, ਅਵਾਜ਼ ਦੇ ਸਾਰੇ ਦੁਆਰ ਨਹੀਂ ਖੁੱਲ੍ਹਦੇ| ਹਰ ਅਣਵਰਤੀ ਸੁਰ ਬੇਲਚਕ, ਫਿੱਕੀ ਤੇ ਪ੍ਰਭਾਵ ਰਹਿਤ ਹੁੰਦੀ ਹੈ| ਬੇਨਾਗਾ ਰਿਆਜ਼ ਤੇ ਅਭਿਆਸ ਦੁਆਰਾ ਅਵਾਜ਼ ਮਿੱਠੀ, ਮਧੁਰ ਤੇ ਕੋਮਲ ਹੁੰਦੀ ਹੈ ਅਤੇ ਉਸ ਦਾ ਸਰਸ਼ਾਰੀ ਪ੍ਰਭਾਵ ਪੈਂਦਾ ਹੈ|”
‘ਮੂਲ ਪ੍ਰਵਿਰਤੀਆਂ ਅਤੇ ਰਾਗ-ਵਿਧਾਨ’ ਬਾਰੇ ਦੱਸਦਿਆਂ ਉਨ੍ਹਾਂ ਜਪੁ ਜੀ ਵਿਚੋਂ ਮਿਸਾਲ ਦਿੱਤੀ ਹੈ, “ਗੁਰੂ ਨਾਨਕ ਨੇ ਮਨੁੱਖੀ ਅੰਤਹਿਕਰਣ ਵਿਚ ਅਨਘੜੀਆਂ ਤੇ ਬੇਸੇਧ ਪਈਆਂ ਚਾਰ ਵਸਤਾਂ ਦੇ ਨਾਂ ਅੰਕਿਤ ਕੀਤੇ ਹਨ: ਸੁਰਤ, ਮੱਤ, ਮਨ, ਬੁੱਧ| ਇਨ੍ਹਾਂ ਨੂੰ ਘੜਨ, ਸੁਆਰਨ ਤੇ ਸੁੰਦਰ ਬਣਾਉਣ ‘ਤੇ ਜ਼ੋਰ ਦਿੱਤਾ ਹੈ|”
ਲੇਖਕ ਨੇ ਸੰਗੀਤ ਦੀ ਵਿਆਖਿਆ ਕੀਤੀ ਹੈ ਕਿ “ਅਨੰਦ ਅਤੇ ਵਿਸਮਾਦੀ ਅਵਸਥਾ ਦਾ ਨਾਮ ਸੰਗੀਤ ਹੈ| ਸੰਗੀਤ ਸਰਵ ਵਿਆਪਕ ਤੇ ਇੱਕ ਰਸ ਜੀਵਨ ਦੀ ਰੌਅ ਦਾ ਪ੍ਰੇਰਨਾ ਸਰੋਤ ਹੈ| ਸਾਰੇ ਬ੍ਰਹਿਮੰਡ ਵਿਚ ਇੱਕ ਰਸ ਵਿਆਪਕ ਸੰਗੀਤਕ ਨਾਦ ਦਾ ਪਸਾਰਾ ਹੈ| ਸੰਗੀਤ ਰਾਹੀਂ ‘ਸਤ ਚਿਤ ਅਨੰਦ’ ਦੀ ਪ੍ਰਾਪਤੀ ਮੰਨੀ ਜਾਂਦੀ ਹੈ|” ਇਸ ਦੇ ਨਾਲ ਹੀ ਸੰਸਕ੍ਰਿਤ ਵਿਚ ਦਿੱਤੀ ਵਿਆਖਿਆ ਅਨੁਸਾਰ ਸੰਗੀਤ ਨੂੰ ‘ਗੀਤ, ਨ੍ਰਿਤ ਤੇ ਵਾਦਨ’ ਦਾ ਸੁਮੇਲ ਮੰਨਿਆ ਹੈ| ਅੱਗੇ ਨਾਦ ਦੀਆਂ ਕਿਸਮਾਂ, ਉੱਤਰੀ ਅਤੇ ਦੱਖਣੀ ਭਾਰਤ ਦੀਆਂ ਸੰਗੀਤ ਪੱਧਤੀਆਂ ਦੀ ਜਾਣਕਾਰੀ ਸੁਰਾਂ ਸਮੇਤ ਦਿੱਤੀ ਹੈ| ਇਸ ਤਰ੍ਹਾਂ ਸੰਗੀਤ ਦੇ ਵੱਖ ਵੱਖ ਅੰਗਾਂ-ਸੁਰਾਂ, ਰਾਗ, ਨਾਦ, ਇਸ ਵਿਚ ਵਰਤੇ ਜਾਂਦੇ ਸ਼ਬਦਾਂ ਦੀ ਵਿਆਖਿਆ ਦੇ ਨਾਲ ਨਾਲ ਤਾਲ ਅਤੇ ਠੇਕੇ ਕੀ ਹੁੰਦੇ ਹਨ? ਦੀ ਜਾਣਕਾਰੀ ਦਿੰਦਿਆਂ ਸੰਗੀਤ ਦੇ ਮੁੱਢਲੇ ਸਰੋਤਾਂ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾਇਆ ਹੈ| ਜਿੱਥੇ ਸੰਗੀਤ ਦੀਆਂ ਗਾਇਨ ਸ਼ੈਲੀਆਂ ਦਾ ਗਿਆਨ ਮੁਹੱਈਆ ਕਰਾਇਆ ਹੈ, ਉਥੇ ਹੀ ਦੋਹਾਂ ਪੰਜਾਬਾਂ ਦੇ ਗਾਇਕਾਂ, ਫਿਲਮ ਜਗਤ ਦੇ ਸਥਾਪਤ ਗਾਇਕਾਂ ਅਤੇ ਗੁਰਬਾਣੀ ਦੇ ਸਤਿਕਾਰਤ ਕੀਰਤਨੀਏ ਸਿੰਘਾਂ, ਜਿਨ੍ਹਾਂ ਨੇ ਬੰਦਿਸ਼ਾਂ ਵਿਚ ਕੀਰਤਨ ਕੀਤਾ ਹੈ, ਦੀ ਵੀ ਚਰਚਾ ਕੀਤੀ ਹੈ| ‘ਗਾਇਨ ਸ਼ੈਲੀ ਪੜਤਾਲ’ ਕੀ ਹੁੰਦੀ ਹੈ, ਦੀ ਵਿਅਖਿਆ ਤੋਂ ਲੈ ਕੇ ਪੁਰਾਣੇ ਗਾਇਕਾਂ-ਅਮੀਰ ਖੁਸਰੋ ਤੋਂ ਸ਼ੁਰੂ ਕਰਕੇ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਤੱਕ ਦੀਆਂ ਜੀਵਨੀਆਂ ਅਤੇ ਸੰਗੀਤ ਨੂੰ ਉਨ੍ਹਾਂ ਦੀ ਦੇਣ ਦੀ ਵੀ ਭਰਪੂਰ ਚਰਚਾ ਕੀਤੀ ਹੈ|
‘ਗਾਇਕੀ ਦਾ ਸਫਰ’ ਵਿਚ ਵੱਖ ਵੱਖ ਵਿਦਵਾਨਾਂ ਵੱਲੋਂ ਕੀਤੀ ਗਈ ਇਸ ਦੀ ਕਾਲ ਵੰਡ ਜਿਵੇਂ ਅਤੀ ਪ੍ਰਾਚੀਨ ਕਾਲ, ਪ੍ਰਾਚੀਨ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ ਜਾਂ ਕੁੱਝ ਹੋਰਾਂ ਵੱਲੋਂ ਪੂਰਵ ਪੱਥਰ ਕਾਲ, ਉੱਤਰ ਪੱਥਰ ਕਾਲ, ਤਾਮਰ ਕਾਲ ਅਤੇ ਲੋਹ ਕਾਲ ਆਦਿ ਬਾਰੇ ਸਮੇਤ ਇਨ੍ਹਾਂ ਵੇਲਿਆਂ ਦੇ ਹੋ ਚੁਕੇ ਸੰਗੀਤਕਾਰਾਂ, ਕਵੀਆਂ, ਭਗਤੀ ਲਹਿਰ ਦੇ ਭਗਤ-ਚਿੰਤਕਾਂ, ਸੂਫੀ ਚਿੰਤਕਾਂ ਬਾਰੇ ਵੀ ਚੰਗੀ ਜਾਣਕਾਰੀ ਦਿੱਤੀ ਹੈ| ‘ਭਾਰਤੀ ਸੰਗੀਤ ਦੇ ਘਰਾਣੇ’ ਪਾਠ ਵਿਚ ਜਿੱਥੇ ਗਵਾਲੀਅਰ ਘਰਾਣਾ, ਕਿਰਾਨਾ ਘਰਾਣਾ, ਆਗਰਾ ਘਰਾਣਾ, ਜੈਪੁਰ ਘਰਾਣਾ, ਸਾਹਸਵਾਨ ਘਰਾਣਾ, ਪਟਿਆਲਾ ਘਰਾਣਾ, ਕੱਵਾਲ ਬੱਚਿਆਂ ਦਾ ਘਰਾਣਾ, ਪੰਜਾਬ ਘਰਾਣਾ, ਮੇਵਾਤੀ ਘਰਾਣਾ, ਭਿੰਡੀ ਬਾਜ਼ਾਰ, ਰਾਮਪੁਰ ਘਰਾਣਾ, ਇੰਦੌਰ ਘਰਾਣਾ, ਦਿੱਲੀ ਘਰਾਣਾ, ਕਪੂਰਥਲਾ ਘਰਾਣਾ, ਤਲਵੰਡੀ ਘਰਾਣਾ, ਸ਼ਾਮ ਚੌਰਾਸੀ ਘਰਾਣਾ ਆਦਿ ਅਤੇ ਇਨ੍ਹਾਂ ਦੇ ਯੋਗਦਾਨੀਆਂ ਦੀ ਗੱਲ ਕੀਤੀ ਹੈ, ਉਥੇ ਨਾਲ ਹੀ ਵੱਖ ਵੱਖ ਟਕਸਾਲਾਂ ਦੇ ਯੋਗਦਾਨ ਜਿਵੇਂ ਜਵੱਦੀ ਟਕਸਾਲ, ਦਾਉਧਰ ਦੀ ਟਕਸਾਲ ਅਤੇ ਗਿਆਨੀ ਸ਼ੇਰ ਸਿੰਘ ਦਾ ਜ਼ਿਕਰ ਵੀ ਵਿਸਤਾਰ ਵਿਚ ਕੀਤਾ ਹੈ| ਵੱਖ ਵੱਖ ਸੰਗੀਤ ਘਰਾਣਿਆਂ ਦੀ ਗੱਲ ਕਰਦਿਆਂ ਸਿੱਟਾ ਕੱਢਿਆ ਹੈ ਕਿ “ਪੰਜਾਬ ਵਿਚ ਦੁਆਬਾ ਸੰਗੀਤ ਨਾਲ ਭਰਿਆ ਹੋਇਆ ਹੈ| ਇਸ ਜਰਖੇਜ ਜ਼ਮੀਨ ਵਿਚ ਬੇਅੰਤ ਗੁਣੀ, ਗਿਆਨੀ, ਰਾਗੀ, ਢਾਡੀ ਤੇ ਮਹਾਨ ਸੰਗੀਤਕਾਰ ਹੋਏ ਹਨ| ਇਨ੍ਹਾਂ ਦਾ ਵਿਸਥਾਰ ਬਹੁਤ ਲੰਮਾ ਹੈ| ਇਨ੍ਹਾਂ ਵਿਚੋਂ ਹਰਿਵੱਲਭ ਸੰਗੀਤ ਸੰਮੇਲਨ ਦਾ ਖਾਸ ਸਥਾਨ ਹੈ|” ਲੇਖਕ ਨੇ ਹਰਿਵੱਲਭ ਸੰਗੀਤ ਮੇਲੇ ਦੀ ਸੰਖੇਪ ਜਾਣਕਾਰੀ ਮੁਹੱਈਆ ਕਰਵਾਈ ਹੈ|
ਪੁਸਤਕ ਵਿਚ ‘ਗੁਰੂ ਕਾਲ’ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਰਾਗਾਂ ਦੀ ਗੱਲ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸੰਗੀਤ ਸਬੰਧੀ ਸੰਖੇਪ ਝਾਤ ਪੁਆਈ ਗਈ ਹੈ ਅਤੇ ‘ਦਸਮ ਗ੍ਰੰਥ’ ਵਿਚਲੀਆਂ ਰਚਨਾਵਾਂ ਵਿਚ ਆਏ ਅਲੰਕਾਰਾਂ ਬਾਰੇ ਵੀ ਦੱਸਿਆ ਗਿਆ ਹੈ| ‘ਗੁਰਬਾਣੀ ਅਤੇ ਲੋਕ ਸੰਗੀਤ’ ਵਿਚ ਵਿਦਵਾਨਾਂ ਦੇ ਹਵਾਲੇ ਨਾਲ ਲੋਕ-ਕਾਵਿ, ਲੋਕ-ਧੁਨਾਂ ਤੇ ਲੋਕ ਸੰਗੀਤ ਦੀ ਵਰਤੋਂ ਬਾਰੇ ਦੱਸਿਆ ਹੈ ਅਤੇ ਇਸ ਦ੍ਰਿਸ਼ਟੀ ਤੋਂ ਗੁਰਬਾਣੀ ਵਿਚ ਆਏ ਸ਼ਬਦ ਜਿਵੇਂ ਘਰੁ, ਰਹਾਉ, ਆਰਤੀ, ਬਾਰਾਂਮਾਹ, ਬਾਵਨ ਅੱਖਰੀ, ਬਿਰਹੜੇ, ਮੰਗਲ, ਕਾਫੀ, ਡੱਖਣੇ, ਅੰਜਲੀਆਂ, ਅਲਾਹੁਣੀਆਂ, ਘੋੜੀਆਂ, ਛੰਤ, ਸੱਦ, ਕਰਹਲੇ, ਵਣਜਾਰੇ, ਪਹਿਰੇ, ਵਾਰ ਆਦਿ ਦਾ ਸੰਖੇਪ ਵੇਰਵਾ, ਵਾਰਾਂ ਨੂੰ ਕਿਸ ਧੁਨੀ ‘ਤੇ ਗਾਉਣਾ ਹੈ ਆਦਿ ਦੀ ਜਾਣਕਾਰੀ ਦਿੱਤੀ ਹੈ|
ਲੇਖਕ ਨੇ ‘ਗੁਰੂ ਗ੍ਰੰਥ ਸਾਹਿਬ ਦੀ ਬਾਣੀ: ਰਾਗਾਂ ਦਾ ਵੇਰਵਾ’ ਦੇ ਨਾਲ ਨਾਲ ਗੁਰੂ ਕਾਲ ਦੇ ਰਾਗੀਆਂ ਅਤੇ ਰਬਾਬੀਆਂ ਬਾਰੇ ਵੀ ਗਿਆਨ ਮੁਹੱਈਆ ਕਰਾਉਂਦਿਆਂ ਰਬਾਬੀਆਂ ਦੀ ਕੀਰਤਨ ਕਲਾ ਦੀ ਗੱਲ ਕੀਤੀ ਹੈ| ‘ਸਿੱਖ ਰਾਗੀਆਂ ਦੀ ਕੀਰਤਨ ਕਲਾ’ ਦਾ ਜ਼ਿਕਰ ਕਰਦਿਆਂ ਪੁਰਾਤਨ ਰਾਗੀਆਂ ਵਿਚੋਂ ਰਾਗੀ ਮਨਸ਼ਾ ਸਿੰਘ ਤੋਂ ਲੈ ਕੇ ਭਾਈ ਸਮੁੰਦ ਸਿੰਘ, ਸੰਤ ਸੁਜਾਨ ਸਿੰਘ, ਭਾਈ ਬਹਾਦਰ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ, ਭਾਈ ਬਖਸ਼ੀਸ਼ ਸਿੰਘ, ਭਾਈ ਬਲਬੀਰ ਸਿੰਘ, ਭਾਈ ਹਰਜੋਤ ਸਿੰਘ ਜ਼ਖਮੀ ਅਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੀਰਤਨ ਸ਼ੈਲੀ ‘ਤੇ ਭਰਪੂਰ ਚਾਨਣਾ ਪਾਇਆ ਹੈ|
ਅਖੀਰ ਵਿਚ ‘ਅਜੋਕਾ ਕੀਰਤਨ ਅਤੇ ਗਾਇਕੀ’ ਦੀ ਗੱਲ ਕਰਦਿਆਂ ਲੇਖਕ ਨੇ ਸਿੱਟਾ ਕੱਢਿਆ ਹੈ ਕਿ “ਗਾਇਕੀ ਦੀ ਇਹ ਅਮੀਰੀ ਹਰਿਮੰਦਰ ਸਾਹਿਬ ਵਿਚ 1947 ਤਕ ਚੜ੍ਹਦੀ ਕਲਾ ਵਿਚ ਰਹੀ| ਪਾਕਿਸਤਾਨ ਬਣਨ ਨਾਲ ਬਹੁਤ ਸਾਰੇ ਮੁਸਲਿਮ ਰਬਾਬੀ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ| ਰਬਾਬੀਆਂ ਦਾ ਵਿਹੜਾ ਖਾਲੀ ਹੁੰਦਾ ਗਿਆ| ਫਿਰ ਸਮੇਂ ਨਾਲ ਪੰਥ ਦੀ ਮਰਿਆਦਾ ਵਿਚ ਤਬਦੀਲੀ ਆਉਂਦੀ ਗਈ, ਰਬਾਬੀ ਘਟਦੇ ਗਏ| ਰਬਾਬੀਆਂ ਦੀ ਗੈਰਹਾਜ਼ਰੀ ਵਿਚ ਰਾਗੀਆਂ ਵਿਚ ਮੁਕਾਬਲੇ ਦੀ ਭਾਵਨਾ ਮੁਰਝਾ ਗਈ ਅਤੇ ਕੀਰਤਨ ਵਿਚ ਕਲਾਸੀਕਲ ਬੰਦਿਸ਼ਾਂ ਦਾ ਤੇਜ ਪ੍ਰਤਾਪ ਘਟਦਾ ਗਿਆ| ਹੁਣ ਕੀਰਤਨ ਦੀ ਮਰਿਆਦਾ ਓਵੇਂ ਕਾਇਮ ਹੈ, ਗਾਇਕੀ ਅਲੋਪ ਹੈ|”
ਅਜੋਕੀ ਗਾਇਕੀ ਦਾ ਨਿਚੋੜ ਚੰਦ ਸ਼ਬਦਾਂ ਵਿਚ ਕੱਢਦਿਆਂ ਜਾਇਜ ਸ਼ਿਕਵਾ ਕੀਤਾ ਹੈ ਕਿ ਅਜੋਕੀ ‘ਲੱਚਰ-ਗਾਇਕੀ’ ਨੇ ਸੱਭਿਆਚਾਰ ਦੀ ਸੁੱਚਮਤਾ, ਕਵਿਤਾ ਦੀ ਸੂਖਮਤਾ ਤੇ ਸੰਗੀਤ ਦੀ ਕੋਮਲਤਾ ਵਿਚ ਘੋਰ ਗਿਰਾਵਟ ਪੈਦਾ ਕੀਤੀ ਹੈ| ਇਸ ਨਾਲ ਭਾਈਚਾਰਕ ਸਾਂਝ ਤੇ ਸ਼ਿਸ਼ਟਾਚਾਰ ਨੂੰ ਵੀ ਖੋਰਾ ਲੱਗਾ ਹੈ|
ਪੁਸਤਕ ਪੜ੍ਹਨ ਤੋਂ ਬਾਅਦ ਮੇਰਾ ਵਿਚਾਰ ਹੈ ਕਿ ਸੰਗੀਤ ਪ੍ਰੇਮੀਆਂ, ਗੁਰਬਾਣੀ ਦਾ ਕੀਰਤਨ ਕਰਨ ਵਾਲਿਆਂ ਅਤੇ ਪੰਜਾਬੀ ਦੇ ਅਜੋਕੇ ਹਰ ਤਰ੍ਹਾਂ ਦੇ ਗਾਇਕਾਂ ਦੇ ਨਾਲ ਨਾਲ ਆਮ ਪਾਠਕਾਂ ਨੂੰ ਵੀ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਸੰਗੀਤ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਸਾਨੂੰ ਆਪਣੇ ਵਿਰਸੇ ਨਾਲ ਵੀ ਜੋੜਦੀ ਹੈ| ਪੂਰਨ ਸਿੰਘ ਪਾਂਧੀ ਨੇ ਜਿੰਨੀ ਸੰਜੀਦਗੀ ਅਤੇ ਸੰਜਮ ਨਾਲ ਇਸ ਪੁਸਤਕ ਰਾਹੀਂ ਸੰਗੀਤ ਬਾਰੇ ਭਰਪੂਰ ਗਿਆਨ ਦਿੱਤਾ ਹੈ, ਉਹ ਸੱਚਮੁੱਚ ਸਤਿਕਾਰ ਅਤੇ ਵਧਾਈ ਦੇ ਪਾਤਰ ਹਨ|