ਟੋਭਾ ਟੇਕ ਸਿੰਘ

ਚਰਨਜੀਤ ਸਿੰਘ ਪੰਨੂ
‘ਟੋਭਾ ਟੇਕ ਸਿੰਘ’ ਸਾਡੇ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸੀ, ਪਰ ਨੇੜੇ ਆ ਕੇ ਇਸ ਨੂੰ ਨਾ ਵੇਖ ਕੇ ਲੰਘਣਾ ਮੈਨੂੰ ਆਪਣੇ ਆਪ ਵਿਚ ਕੋਤਾਹੀ ਜਿਹੀ ਮਹਿਸੂਸ ਹੋਈ। ਸਾਡੇ ਗਾਈਡਾਂ ਨੇ ਵੀ ਮੇਰੇ ਜਜ਼ਬਾਤ ਦੀ ਕਦਰ ਕੀਤੀ। ਉਨ੍ਹਾਂ ਦੱਸਿਆ ਕਿ ਬਹੁਤਾ ਫਰਕ ਨਹੀਂ ਪੈਂਦਾ, ਅਸੀਂ ਉਸ ਰਸਤੇ ਵੀ ਜਾ ਸਕਦੇ ਹਾਂ।

ਹਰੇ-ਭਰੇ ਦਾਣਿਆਂ ਭਰਪੂਰ ਲਹਿਲਹਾਉਂਦੇ ਖੇਤ, ਭਰੇ-ਭਰਾਏ ਬਾਜ਼ਾਰ ਤੇ ਪੰਜਾਬੀ ਰੌਣਕ ਮੇਲੇ ਵਾਲੇ ਭੀੜ-ਭੜੱਕੇ ਵਿਚੋਂ ਲੰਘਦੇ ਸਾਨੂੰ ਬਹੁਤ ਮਾਨਸਿਕ ਸਕੂਨ ਮਿਲਿਆ। ਟੋਭਾ, ਖੂਹ ਤੇ ਧੜਕਦੇ ਹੁਸਨ ਵਾਲਾ ਲਹਿਲਹਾਉਂਦਾ ਵਿਸ਼ਾਲ ਪਾਰਕ ਵੇਖ ਕੇ ਕਹੀ ਹੱਥ ਵਿਚ ਫੜੀ ਟੋਆ ਪੁੱਟਦਾ, ਮੱਥੇ ਦਾ ਪਸੀਨਾ ਪੂੰਝਦਾ ਇਕ ਸਰਦਾਰ ਟੇਕ ਸਿੰਘ ਸਾਡੇ ਸਾਹਮਣੇ ਪ੍ਰਤੱਖ ਖੜ੍ਹਾ ਹੋ ਗਿਆ।
ਅੱਜ ਦੇ ਪਾਕਿਸਤਾਨ ਦਾ ਬਹੁਤਾ ਹਿੱਸਾ ਉਦੋਂ ਵੀਰਾਨ ਬੀਆਬਾਨ ਤੇ ਡਰਾਉਣੇ ਜੰਗਲ ਨਾਲ ਭਰਿਆ ਪਿਆ ਸੀ। ਇਸ ਇਲਾਕੇ ਨੂੰ ਬਾਰ ਆਖਦੇ ਸਨ। ਇਨ੍ਹਾਂ ਨੂੰ ਕਈ ਨਾਂਵਾਂ ਨਾਲ ਨਾਮਕਰਨ ਕੀਤਾ ਗਿਆ। ਸਾਂਦਲ ਬਾਰ ਵਿਚ ਹੁਣ ਪਾਕਿਸਤਾਨ ਦੇ ਤਿੰਨ ਜਿਲੇ ਆਉਂਦੇ ਹਨ-ਝੰਗ, ਟੋਭਾ ਟੇਕ ਸਿੰਘ ਅਤੇ ਫੈਸਲਾਬਾਦ/ਲਾਇਲਪੁਰ।
ਇਕ ਪ੍ਰਚਲਿਤ ਕਹਾਣੀ ਅਨੁਸਾਰ ਇਸ ਇਲਾਕੇ ‘ਤੇ ਭੱਟੀਆਂ ਦੇ ਸਰਦਾਰ ਸਾਂਦਲ ਭੱਟੀ ਦਾ ਕਬਜ਼ਾ ਸੀ, ਜਿਸ ਨੇ ਜੰਗਲ ਦਾ ਕੁਝ ਇਲਾਕਾ ਪੁੱਟ ਕੇ ਵਾਹੀਯੋਗ ਬਣਾਇਆ ਸੀ। ਉਹ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦਾ ਦਾਦਾ ਸੀ। ਗੋਰੀ ਸਰਕਾਰ ਨੇ ਉਸ ‘ਤੇ ਭਾਰੀ ਲਗਾਨ ਠੋਕ ਦਿੱਤਾ, ਜੋ ਉਸ ਨੇ ਦੇਣ ਤੋਂ ਨਾਂਹ ਕਰ ਦਿੱਤੀ। ਉਹ ਪਰਿਵਾਰ ਹਕੂਮਤ ਤੋਂ ਬਾਗੀ ਮੰਨਿਆ ਜਾਣ ਲੱਗਾ। ਸਾਂਦਲ ਨੂੰ ਹਕੂਮਤ ਦੀ ਹੁਕਮ ਅਦੂਲੀ ਦੇ ਦੋਸ਼ ਹੇਠ ਫਾਹੇ ਲਾ ਦਿੱਤਾ ਗਿਆ।
ਅੰਗਰੇਜ਼ਾਂ ਨੇ ਬਾਗੀਆਂ ਦੀਆਂ ਇਹ ਪਨਾਹਗਾਹਾਂ ਖਤਮ ਕਰਨ ਲਈ ਸਕੀਮਾਂ ਘੜੀਆਂ। ਅੱਜ ਦੇ ਪੂਰਬੀ ਪੰਜਾਬ ਵਿਚੋਂ ਕਿਸਾਨਾਂ ਨੂੰ ਕਈ ਕਿਸਮ ਦੇ ਲਾਲਚ ਦੇ ਕੇ ਇੱਧਰ ਲਿਆ ਕੇ ਵਸਾਇਆ। ਖਾਸ ਤੌਰ ‘ਤੇ ਫੌਜੀ ਜਾਂ ਅੰਗਰੇਜ਼ ਹਕੂਮਤ ਦੇ ਖੈਰਖਵਾਹਾਂ ਨੂੰ ਇੱਧਰ ਮੁਰੱਬੇ ਅਲਾਟ ਕੀਤੇ ਗਏ। ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਸਦਕਾ ਇਸ ਖੇਤਰ ਨੂੰ ਹਰਿਆਉਲੀ ਖੁਸ਼ਹਾਲੀ ਵਿਚ ਤਬਦੀਲ ਕਰ ਦਿੱਤਾ।
ਟੋਭਾ ਟੇਕ ਸਿੰਘ ਨੂੰ ਆਧਾਰ ਬਣਾ ਕੇ ਉਘੇ ਕਹਾਣੀਕਾਰ ਸਆਦਤ ਹਸਨ ਮੰਟੋ ਨੇ ‘ਟੋਭਾ ਟੇਕ ਸਿੰਘ’ ਸੁੰਦਰ ਕਹਾਣੀ ਲਿਖੀ, ਜੋ ਮੁਲਕ ਦੀ ਵੰਡ ਬਾਰੇ ਅਜ਼ੀਮ ਸ਼ਾਹਕਾਰ ਅਫਸਾਨਾ ਮੰਨਿਆ ਜਾਂਦਾ ਹੈ। ਵੰਡ ਵੇਲੇ ਸਾਰੇ ਪਾਗਲ ਜਾਂ ਪਾਗਲ ਕਿਸਮ ਦੇ ਵਿਅਕਤੀ ਪਾਗਲਖਾਨਿਆਂ ਵਿਚ ਬੰਦ ਕਰ ਦਿੱਤੇ ਗਏ ਸਨ। ਟੋਭਾ ਟੇਕ ਸਿੰਘ ਦਾ ਰਹਿਣ ਵਾਲਾ ਇਕ ਪਾਗਲ ਬਿਸ਼ਨ ਸਿੰਘ 1947 ਦੀ ਵੰਡ ਵੇਲੇ ਜੋ ਪਾਗਲਖਾਨੇ ਵਿਚ ਦਾਖਲ ਸੀ, ਨੂੰ ਪੰਜਾਬ ਭੇਜਣ ਲਈ ਤਿਆਰ ਕਰਦੇ ਹਨ। ਉਹ ਹਿੰਦੁਸਤਾਨ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਥੇ ਟੋਭਾ ਟੇਕ ਸਿੰਘ ਨਹੀਂ। ਉਹ ਵਾਰ ਵਾਰ ਪੁੱਛਦਾ ਹੈ, “ਟੋਭਾ ਟੇਕ ਸਿੰਘ ਕਿੱਥੇ ਹੈ?” ਉਸ ਦਾ ਗਰਾਈਂ ਫਜ਼ਲਦੀਨ ਉਸ ਨੂੰ ਦੱਸਦਾ ਹੈ ਕਿ ਉਹ ਪਾਕਿਸਤਾਨ ਵਿਚ ਹੀ ਹੈ।
ਅਖੀਰ ਉਸ ਨੂੰ ਝੂਠੀ-ਮੂਠੀ ਕਹਿ ਦਿੰਦੇ ਹਨ ਕਿ ਤੂੰ ਚਲੇ ਜਾਹ, ਟੋਭਾ ਟੇਕ ਸਿੰਘ ਨੂੰ ਵੀ ਤੁਰੰਤ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ। ਇਹ ਕੁਫਰ ਉਸ ਦੇ ਖਾਨੇ ਨਹੀਂ ਪਿਆ। ਅਖੀਰ ਟੋਭਾ ਟੇਕ ਸਿੰਘ ਨੂੰ ਯਾਦ ਕਰਦਾ ਉਹ ਪ੍ਰਾਣ ਤਿਆਗ ਦਿੰਦਾ ਹੈ।
ਇਕ ਸਦੀ ਪਹਿਲਾਂ ਦਿੱਲੀ ਤੋਂ ਕਾਬਲ ਵਾਲੀ ਜਰਨੈਲੀ ਸੜਕ ‘ਤੇ ਇਸ ਸਥਾਨ ‘ਤੇ ਪਸੂਆਂ ਦੀਆਂ ਕਈ ਖੁੱਲ੍ਹੀਆਂ ਚਰਾਂਦਾਂ ਸਨ, ਜਿਨ੍ਹਾਂ ਨੂੰ ਰਵਾਨਾ ਕਿਹਾ ਜਾਂਦਾ ਸੀ। ਸਰਕਾਰ ਵੱਲੋਂ ਇਸ ਦੀ ਨਿਗਰਾਨੀ ਵਾਸਤੇ ਚੌਕੀਦਾਰ ਰੱਖੇ ਗਏ। ਇਸ ਚਰਾਂਦ ਲਈ ਜਿਹੜਾ ਚੌਕੀਦਾਰ ਰੱਖਿਆ ਗਿਆ, ਉਸ ਦਾ ਨਾਂ ਟੇਕ ਸਿੰਘ ਸੀ। ਉਹ ਬਹੁਤ ਹੀ ਮਿਹਨਤੀ, ਅਦਨਾ ਤੇ ਜਿੰਮੇਵਾਰ ਗੁਰਸਿੱਖ ਸੀ। ਉਸ ਨੂੰ ਤਿੰਨ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਇੱਥੇ ਯਾਤਰੂਆਂ ਦੀ ਪੈਦਲ ਆਵਾਜਾਈ ਬਹੁਤ ਸੀ। ਟੇਕ ਸਿੰਘ ਨੇ ਦੇਖਿਆ ਕਿ ਮੁਸਾਫਰਾਂ ਦੇ ਆਰਾਮ ਲਈ ਛਾਂ, ਥਾਂ ਤੇ ਪੀਣ ਲਈ ਪਾਣੀ ਉਪਲਬਧ ਨਹੀਂ ਹੈ। ਉਸ ਨੂੰ ਇਕ ਫੁਰਨਾ ਫੁਰਿਆ। ਉਸ ਨੇ ਆਪਣੀ ਤਨਖਾਹ ਵਿਚੋਂ ਭੁੱਜੇ ਛੋਲੇ ਖਰੀਦਣੇ ਤੇ ਨਾਲ ਘੜਿਆਂ ਵਿਚ ਪਾਣੀ ਭਰ ਕੇ ਰੱਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਰਾਹਗੀਰਾਂ ਨੂੰ ਲੋੜ ਅਨੁਸਾਰ ਖਾਣਾ-ਪਾਣੀ ਮਿਲ ਜਾਂਦਾ। ਉਹ ਦਿਆਲੂ ਚੌਕੀਦਾਰ ਫੁਰਸਤ ਸਮੇਂ ਕਹੀ ਲੈ ਕੇ ਆਪ ਹੀ ਟੋਆ ਪੁੱਟਣ ਲੱਗਾ।
ਟੇਕ ਸਿੰਘ ਨੇ ਯਾਤਰੀਆਂ ਨੂੰ ਦੱਸਿਆ ਕਿ ਉਹ ਇੱਥੇ ਇਕ ਟੋਭਾ ਪੁੱਟ ਰਿਹਾ ਹੈ ਤਾਂ ਜੋ ਮੀਂਹ ਦਾ ਪਾਣੀ ਜਮ੍ਹਾ ਕੀਤਾ ਜਾ ਸਕੇ। ਉਸ ਦੀ ਨਿਸ਼ਕਾਮ ਸੇਵਾ ਦੇਖ ਕੇ ਰਾਹਗੀਰ ਵੀ ਉਸ ਦੀ ਮਦਦ ਕਰਨ ਲੱਗ ਪਏ। ਆਖਰ ਇਕ ਡੂੰਘਾ ਟੋਭਾ ਪੁੱਟਿਆ ਗਿਆ। ਮੀਂਹ ਦਾ ਪਾਣੀ ਜਮਾਂ ਹੋਣ ਤੋਂ ਬਾਅਦ ਟੇਕ ਸਿੰਘ ਨੇ ਆਸੇ ਪਾਸੇ ਦਰਖਤ ਲਾ ਦਿੱਤੇ। ਇਸ ਤਰ੍ਹਾਂ ਇਹ ਜਗ੍ਹਾ ਹਰਿਆਲੀ ਭਰਪੂਰ ਬੜੀ ਮਨਮੋਹਣੀ ਰਮਣੀਕ ਹੋ ਗਈ। ਯਾਤਰੀ ਇੱਥੇ ਆਰਾਮ ਕਰਦੇ ਉਸ ਨੂੰ ਅਸੀਸਾਂ ਦਿੰਦੇ ਗੁਣ ਗਾਉਂਦੇ ਰਹਿੰਦੇ। ਇਸ ਤਰ੍ਹਾਂ ਇਸ ਬਣਾਈ ਸਵਾਰੀ ਜਗ੍ਹਾ ਨੂੰ ਟੇਕ ਸਿੰਘ ਦਾ ਟੋਭਾ ਕਿਹਾ ਜਾਣ ਲੱਗਾ। ਅੰਗਰੇਜ਼ ਅਧਿਕਾਰੀਆਂ ਨੂੰ ਵੀ ਉਸ ਦੀ ਸਕੀਮ ਭਾਅ ਗਈ। ਉਨ੍ਹਾਂ ਨੇ ਉਸ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ। ਇੱਥੇ ਵਸੋਂ ਵਸਾਉਣੀ ਅਰੰਭ ਕੀਤੀ ਤੇ ਨਹਿਰਾਂ ਦਾ ਪ੍ਰਬੰਧ ਕਰ ਦਿੱਤਾ। ਨਹਿਰ ਕੱਢਣ ਨਾਲ ਇਹ ਬੰਜਰ ਇਲਾਕਾ ਬਹੁਤ ਉਪਜਾਊ ਹੋ ਗਿਆ। ਲੋਕ ਇੱਥੇ ਧੜਾਧੜ ਆ ਕੇ ਵੱਸਣ ਲੱਗੇ।
ਇੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭਾਰਤ ਨੂੰ ਅੰਗਰੇਜ਼ਾਂ ਨੇ ਗੁਲਾਮ ਹੀ ਨਹੀਂ ਬਣਾਇਆ ਸਗੋਂ ਇਸ ਦੀ ਕਿਸਮਤ ਵੀ ਸਵਾਰੀ। ਭਾਰਤ ਹਜ਼ਾਰਾਂ ਸਾਲਾਂ ਤੋਂ ਗੁਲਾਮ ਚੱਲਿਆ ਆ ਰਿਹਾ ਸੀ। ਉਹ ਮਨੁੱਖ ਦੇ ਪਾਰਖੂ ਕੰਮ ਦੀ ਕਦਰ ਕਰਨ ਵਾਲੇ ਸਨ। ਅੰਗਰੇਜ਼ਾਂ ਤੋਂ ਪਹਿਲਾਂ ਜਿਹੜੇ ਧਾੜਵੀ ਆਏ, ਉਹ ਬਗਾਵਤਾਂ ਦਬਾਉਂਦੇ, ਇਲਾਕੇ ਮੱਲ ਕੇ ਲੁੱਟ ਪੁੱਟ ਕੇ ਲੈ ਜਾਂਦੇ ਰਹੇ। ਬਰਤਾਨਵੀ ਅੰਗਰੇਜ਼ ਵੀ ਭਾਵੇਂ ਭਾਰਤ ਦਾ ਬਹੁਤ ਸਾਰਾ ਸੋਨਾ ਤੇ ਹੋਰ ਉਪਜ ਜਹਾਜ ਭਰ ਕੇ ਇੰਗਲੈਂਡ ਲਿਜਾਂਦੇ ਰਹੇ ਪਰ ਉਨ੍ਹਾਂ ਨੇ ਭਾਰਤ ਨੂੰ ਰਾਜਨੀਤਕ, ਆਰਥਿਕ, ਸਭਿਆਚਾਰਕ ਪੱਖੋਂ ਵੀ ਲਾਹੇਵੰਦ ਗੁੜ੍ਹਤੀ ਦਿੱਤੀ। ਉਨ੍ਹਾਂ ਨੇ ਸਭ ਲਈ ਸਕੂਲ, ਕਾਲਜ ਖੋਲ੍ਹੇ। ਲੜਕੀਆਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ। ਡਾਕਖਾਨੇ, ਡਿਸਪੈਂਸਰੀਆਂ, ਹਸਪਤਾਲ, ਯਤੀਮ-ਖਾਨੇ ਖੋਲ੍ਹੇ, ਸੜਕਾਂ, ਨਹਿਰਾਂ, ਰੇਲਾਂ ਦਾ ਜਾਲ ਬੁਣ ਦਿੱਤਾ। ਖੇਤੀ ਤੇ ਉਦਯੋਗ ਨੂੰ ਪ੍ਰਫੁਲਿਤ ਕਰਨ ਲਈ ਕਈ ਮਨਸੂਬੇ ਬਣਾਏ। ਉਨ੍ਹਾਂ ਪੁਲ ਉਸਾਰੇ, ਮੰਡੀਆਂ ਸਥਾਪਤ ਕੀਤੀਆਂ, ਅਦਾਲਤਾਂ, ਥਾਣੇ, ਸਥਾਪਤ ਕੀਤੇ। ਕਾਨੂੰਨ ਸਾਹਮਣੇ ਬ੍ਰਾਹਮਣ-ਸ਼ੂਦਰ ਨੂੰ ਬਰਾਬਰ ਖੜ੍ਹਾ ਕੀਤਾ। ਚੋਰੀਆਂ, ਠੱਗੀਆਂ, ਡਾਕਿਆਂ ਨੂੰ ਬੰਨ੍ਹ ਲਾ ਕੇ ਆਵਾਮ ਦੀ ਜ਼ਿੰਦਗੀ ਮਹਿਫੂਜ਼ ਕੀਤੀ। ਲੋਕ ਸੁਖ ਦੀ ਨੀਂਦ ਸੌਣ ਲੱਗੇ। ਉਹ ਇਨਸਾਫ ਪਸੰਦ ਸਨ, ਨਿਰਪੱਖ ਸਨ, ਵਕਤ ਦੇ ਪਾਬੰਦ ਸਨ। ਭੀੜ-ਭੜੱਕਾ ਰੋਕਣ ਵਾਸਤੇ ਉਨ੍ਹਾਂ ਨੇ ਸੜਕ ਦੇ ਖੱਬੇ ਪਾਸੇ ਚੱਲਣ ਦਾ ਰਿਵਾਜ ਪਾਇਆ। ਉਨ੍ਹਾਂ ਨੇ ਮਾਡਰਨ ਪਿੰਡ, ਸ਼ਹਿਰ ਵਸਾਏ ਤੇ ਹਰੇਕ ਦੀ ਪਹੁੰਚ ਵਾਲੀ ਸੌਖੀ ਸਰਲ ਇਲਾਜ ਪ੍ਰਣਾਲੀ ਲਾਗੂ ਕੀਤੀ।
ਅੰਗਰੇਜ਼ ਭਾਵੇਂ ਮੁਲਕਾਂ ਨੂੰ ਫਤਿਹ ਕਰਦੇ ਰਹੇ, ਪਰ ਉਨ੍ਹਾਂ ਬਾਰੇ ਇਹ ਧਾਰਨਾ ਅਜੇ ਤੱਕ ਪ੍ਰਚਲਤ ਹੈ ਕਿ ਉਹ ਬਹੁਤ ਇਨਸਾਫਪਸੰਦ ਤੇ ਵਿਗਿਆਨਕ ਦ੍ਰਿਸ਼ਟੀ ਵਾਲੇ ਹਨ। ਉਨ੍ਹਾਂ ਨੇ ਦਿਭ ਦ੍ਰਿਸ਼ਟੀ ਰਾਹੀਂ ਆਪਣੀਆਂ ਗੁਲਾਮ ਬਸਤੀਆਂ ਤੇ ਦੇਸ਼ਾਂ ਦਾ ਭਰਵਾਂ ਵਿਕਾਸ ਕੀਤਾ, ਕਰਵਾਇਆ। ਪਰਜਾ ਦੀ ਸਹੂਲਤ ਵਾਸਤੇ ਲੋੜ ਅਨੁਸਾਰ ਬਹੁਤ ਸਾਰੇ ਵੱਡੇ ਪ੍ਰਾਜੈਕਟ ਉਲੀਕੇ ਤੇ ਸਿਰੇ ਚੜ੍ਹਾਏ। ਜਨਤਾ ਨੂੰ ਵਿੱਦਿਆ ਰਾਹੀਂ ਆਪਣੇ ਸਭਿਆਚਾਰ, ਸਭਿਅਤਾ ਅਤੇ ਇਤਿਹਾਸਕ ਵਿਰਸੇ ਤੋਂ ਜਾਣੂੰ ਕਰਾਉਂਦੇ ਰਹੇ। ਰੇਲਾਂ, ਸੜਕਾਂ ਤੇ ਨਹਿਰਾਂ ਦੇ ਜਾਲ ਜੋ ਉਨ੍ਹਾਂ ਵਿਛਾਏ, ਦਾ ਅਜੇ ਤੱਕ ਕੋਈ ਰਿਕਾਰਡ ਨਹੀਂ ਤੋੜ ਸਕਿਆ।
ਅੰਗਰੇਜ਼ਾਂ ਨੇ ਕੰਮ ਕਰਨ ਵਾਲੇ ਮਿਹਨਤਕਸ਼ਾਂ ਦੀ ਕਦਰ ਪਾਉਣ ਦਾ ਰਿਵਾਜ ਚਾਲੂ ਕੀਤਾ। ਉਸ ਵੇਲੇ ਬਸਤੀਵਾਦ ਨੇ ਸਾਰੀ ਦੁਨੀਆਂ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਹੋਇਆ ਸੀ। ਉਨ੍ਹਾਂ ਦੇ ਰਾਜ ਵਿਚ ਸੂਰਜ ਨਹੀਂ ਸੀ ਡੁੱਬਦਾ। ਅੰਗਰੇਜ਼ਾਂ ਦੀ ਇਹ ਖੂਬੀ ਰਹੀ ਹੈ ਕਿ ਉਹ ਜਿੱਥੇ ਜਿੱਥੇ ਵੀ ਗਏ, ਉਨ੍ਹਾਂ ਬੰਜਰ ਧਰਤੀ ਦੀ ਉਪਜਾਊ ਸਮਰੱਥਾ ਪਛਾਣ ਕੇ ਸੋਨਾ ਢਾਲਣ ਵਾਲੀ ਮਸ਼ੀਨ ਬਣਾ ਦਿੱਤਾ। ਬੜੀ ਇਮਾਨਦਾਰੀ ਨਾਲ ਉਨ੍ਹਾਂ ਉਸ ਦੇਸ਼ ਜਾਂ ਖਿੱਤੇ ਦੀ ਕਿਸਮਤ ਬਿਹਤਰ ਬਣਾਉਣ ਦੇ ਮਨਸੂਬੇ ਈਜਾਦ ਕੀਤੇ। ਉਨ੍ਹਾਂ ਨੇ ਕੁਦਰਤੀ ਸਰੋਤਾਂ ਦਾ ਮਾਪ ਤੋਲ ਕਰ ਕੇ ਇਨ੍ਹਾਂ ਨੂੰ ਯੋਗ ਢੰਗ ਨਾਲ ਵਰਤਿਆ। ਨਹਿਰਾਂ ਕੱਢ ਕੇ ਬੰਜਰ ਬਰਾਨ ਜਮੀਨਾਂ ਨੂੰ ਜ਼ਰਖੇਜ਼ ਬਣਾ ਦਿੱਤਾ। ਰੇਲਵੇ ਲਾਈਨਾਂ ਦੇ ਜਾਲ ਵਿਛਾ ਕੇ ਆਮ ਪਬਲਿਕ ਦੀ ਆਵਾਜਾਈ ਵਾਸਤੇ ਸਸਤੇ ਤੇ ਸੌਖੇ ਸਾਧਨ ਪੈਦਾ ਕੀਤੇ। ਇਹ ਤੱਥ ਮੈਂ ਅਮਰੀਕਾ, ਕੈਨੇਡਾ, ਕੀਨੀਆ, ਤਨਜ਼ਾਨੀਆ ਆਦਿ ਦੇਸ਼ਾਂ ਦੇ ਭਰਮਣ ਅਤੇ ਇਤਿਹਾਸ ਦੀ ਖੋਜ ਕਰਨ ਪਿੱਛੋਂ ਗ੍ਰਹਿਣ ਕੀਤਾ ਹੈ। ਇਨ੍ਹਾਂ ਬਾਰੇ ਮੈਂ ਆਪਣੇ ‘ਕੀਨੀਆ ਸਫਾਰੀ’ ਵਿਚ ਵੀ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਆਜ਼ਾਦ ਹੋ ਗਏ, ਪਰ ਉਹ ਆਪਣੇ ਨਵੇਂ ਸਰੋਤ ਪੈਦਾ ਨਹੀਂ ਕਰ ਸਕੇ ਤੇ ਪੁਰਾਣੇ ਸਰੋਤਾਂ ਨਾਲ ਖੁਸ਼ਹਾਲ ਨਹੀਂ ਹੋ ਸਕੇ। ਉਨ੍ਹਾਂ ਦੀ ਉਨਤੀ ਦਾ ਪਹੀਆਂ ਉਥੇ ਹੀ ਜਾਮ ਹੋ ਗਿਆ ਜਿੱਥੇ ਇਹ ਗੋਰੇ ਛੱਡ ਕੇ ਗਏ ਸਨ। ਆਪਣੀ ਨਵੀਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਖੁੱਭ ਕੇ ਆਮ ਨਾਗਰਿਕ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ਅਜਿਹੀ ਆਪਣੀ ਸਰਕਾਰ ਨਾਲੋਂ ਤਾਂ ਉਹ ਵਿਦੇਸ਼ੀ ਗੋਰੀ ਸਰਕਾਰ ਹੀ ਲੱਖ ਦਰਜੇ ਬਿਹਤਰ ਸੀ, ਜੋ ਕੰਮ ਵੀ ਕਰਦੀ ਸੀ ਤੇ ਯੋਗ ਇਨਸਾਫ ਵੀ ਦਿੰਦੀ ਸੀ। ਭਾਰਤ ਸਮੇਤ ਨਵੇਂ ਆਜ਼ਾਦ ਦੇਸ਼ਾਂ ਵਿਚ ਉਨਤੀ ਤੇ ਖੁਸ਼ਹਾਲੀ ਨੂੰ ਗ੍ਰਹਿਣ ਲੱਗ ਗਿਆ ਤੇ ਇਨਸਾਫ ਦੀ ਬੋਲੀ ਹੋਣ ਲੱਗੀ। ਕੁਨਬਾਪਰਵਰੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ। ਅਫਰਾ-ਤਫਰੀ ਤੇ ਅਰਾਜਕਤਾ ਵਧ ਗਈ। ਸਾਧਾਰਨ ਨਾਗਰਿਕ ਗਰੀਬੀ ਤੇ ਬੇਇਨਸਾਫੀ ਹੇਠਾਂ ਨਪੀੜਿਆ ਗਿਆ। ਇਨਸਾਫ ਦਾ ਤਰਾਜ਼ੂ ਕਾਣਾ ਪੈ ਗਿਆ ਤੇ ਫੈਸਲਿਆਂ ਦੀ ਬੋਲੀ ਹੋਣ ਲੱਗ ਪਈ।
ਇਸ ਟੋਭੇ ਵਿਚ ਵੀ ਅੰਗਰੇਜ਼ਾਂ ਵੱਲੋਂ ਯਾਤਰੀਆਂ ਦੀ ਸਹੂਲਤ ਵਾਸਤੇ 1896 ਵਿਚ ਰੇਲਵੇ ਲਾਈਨ ਵਿਛਾ ਦਿੱਤੀ ਗਈ। ਦਿੱਲੀ ਤੋਂ ਇੱਧਰ ਗੱਡੀਆਂ ਲੋਕਾਂ ਦੀ ਢੋ-ਢੁਆਈ ਕਰਨ ਲੱਗੀਆਂ। ਟੇਕ ਸਿੰਘ ਦੀ ਮਿਹਨਤ ਤੇ ਕੁਰਬਾਨੀ ਦੇ ਮਾਣ ਸਤਿਕਾਰ ਤੇ ਮਾਨਤਾ ਵਜੋਂ ਇਸ ਰੇਲਵੇ ਸਟੇਸ਼ਨ ਦਾ ਨਾਂ ‘ਟੋਭਾ ਟੇਕ ਸਿੰਘ’ ਰੱਖ ਦਿੱਤਾ ਗਿਆ। ਟੇਕ ਸਿੰਘ ਦਾ ਟੋਭਾ, ਟੋਭਾ ਟੇਕ ਸਿੰਘ ਘੁੱਗ ਵੱਸਦਾ ਪਿੰਡ ਬਣ ਗਿਆ। ਫਿਰ ਕਸਬਾ ਤੇ ਹੁਣ ਪਾਕਿਸਤਾਨੀ ਪੰਜਾਬ ਦਾ ਖੁਸ਼ਹਾਲ ਜਿਲਾ ਬਣ ਕੇ ਆਪਣੇ ਸੰਸਥਾਪਕ ਸਰਦਾਰ ਟੇਕ ਸਿੰਘ ਦੀ ਸ਼ੋਭਾ ਵਧਾ ਰਿਹਾ ਹੈ।
ਇੱਥੇ ਸਰਕਾਰ ਨੇ ਇਕ ‘ਟੇਕੂ ਪਾਰਕ’ ਬਣਵਾ ਕੇ ਇਸ ਦਾ ਇਤਿਹਾਸ ਬੱਚਿਆਂ ਤੱਕ ਪਹੁੰਚਾਉਣ ਦਾ ਰਸਤਾ ਖੋਲ੍ਹ ਦਿੱਤਾ। ਇੱਥੇ ਉਸੇ ਪੁਰਾਣੀ ਤਰਜ਼ ‘ਤੇ ਇਸ ਵਿਚ ਬੱਚਿਆਂ ਦੇ ਝੂਲੇ ਤੇ ਹੋਰ ਖੇਲ੍ਹਾਂ ਉਪਲਬਧ ਕਰਵਾਈਆਂ ਗਈਆਂ। ਇਤਿਹਾਸ ਦਰਸਾਉਂਦੀ ਹੋਈ ਝੀਲ, ਟੋਭਾ, ਖੂਹ, ਬੋਹੜ ਦਰਖਤ ਨਾਲ ਇਕ ਪਾਰਕ ਬਣਾਇਆ ਗਿਆ। ਲੋੜ ਅਨੁਸਾਰ ਬਹੁਤ ਸਾਰੇ ਸਕੂਲ, ਕਾਲਜ ਇਸ ਸ਼ਹਿਰ ਦੀ ਸ਼ੋਭਾ ਵਧਾ ਰਹੇ ਹਨ ਤੇ ਨਵੀਂ ਪਨੀਰੀ ਦੇ ਉਜਲ ਭਵਿੱਖ ਲਈ ਕਾਰਗਰ ਹਨ।
ਟੇਕ ਸਿੰਘ ਸਰਦਾਰ ਦਾ ਵਰੋਸਾਇਆ ਹੋਇਆ ਇਹ ਸ਼ਹਿਰ ਅੱਜਕੱਲ੍ਹ ਹਰ ਕੰਮ ਵਿਚ ਅੱਗੇ ਹੈ। ਸਾਰੇ ਪਾਕਿਸਤਾਨ ਦਾ ਗੱਲਾ ਇਹ ਭਰਦਾ ਹੈ ਤੇ ਕਾਰਖਾਨੇ ਦੇਸ਼ ਦੀ ਖੁਸ਼ਹਾਲੀ ਵਿਚ ਭਰਪੂਰ ਯੋਗਦਾਨ ਪਾ ਰਹੇ ਹਨ। ਇਹ ਪਾਕਿਸਤਾਨ ਦੇ ਚੋਟੀ ਦੇ ਦਸ ਅਮਨਪਸੰਦ ਸ਼ਹਿਰਾਂ ਦੀ ਲਿਸਟ ਵਿਚ ਸ਼ਾਮਲ ਹੈ, ਜਿੱਥੋਂ ਦੇ ਮਿਹਨਤੀ ਲੋਕ ਆਪਣੇ ਦਸਾਂ ਨਹੁੰਆਂ ਦੀ ਕਮਾਈ ਕਰਦੇ ਸਰਦਾਰ ਟੇਕ ਸਿੰਘ ਨੂੰ ਅਸੀਸਾਂ ਦਿੰਦੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।
(‘ਮਿੱਟੀ ਦੀ ਮਹਿਕ’ ਵਿਚੋਂ)