ਔਰਤ ਦੀ ਕਲਮ

ਪਾਲ ਕੌਰ
ਸਾਡੇ ਸਭਿਆਚਾਰਕ ਇਤਿਹਾਸ ਵਿਚ ਔਰਤ ਦੇ ਮਨ ਦੀ ਗੱਲ ਪਹਿਲਾਂ ਪਹਿਲ ਲੋਕ ਗੀਤਾਂ ਵਿਚ ਰਚੀ ਗਈ। ਉਦੋਂ ਔਰਤ ਪੜ੍ਹੀ ਲਿਖੀ ਨਹੀਂ ਸੀ ਅਤੇ ਉਸ ਕੋਲ ਲਿਖਤ ਸ਼ਬਦ ਨਹੀਂ ਸੀ। ਪੰਜਾਬ ਦਾ ਇਤਿਹਾਸ ਲੰਮੇ ਸਮੇਂ ਤੋਂ ਰਾਜਸ਼ਾਹੀ, ਜਾਗੀਰਦਾਰੀ ਤੇ ਮਰਦ ਪ੍ਰਧਾਨ ਸਮਾਜ ਦਾ ਰਿਹਾ ਹੈ, ਜੋ ਮਾਨਵੀ ਸਬੰਧਾਂ ਉਪਰ ਵੀ ਆਪਣਾ ਪ੍ਰਭਾਵ ਪਾਉਂਦਾ ਰਿਹਾ ਹੈ। ਔਰਤ ਤੋਂ ਸਦਾ ਤਿਆਗ, ਕੁਰਬਾਨੀ ਅਤੇ ਮਮਤਾ ਦੀ ਉਮੀਦ ਰੱਖੀ ਗਈ। ਇਸ ਲਈ ਜਿਥੇ ਕਿਤੇ ਉਸ ਦੀ ਮਨੋ-ਸੰਵੇਦਨਾ ਨੂੰ ਠੇਸ ਲੱਗੀ, ਉਹ ਬੋਲ ਨਾ ਸਕੀ; ਜੇ ਕਿਤੇ ਬੋਲੀ ਤਾਂ ਸੁਣੀ ਨਾ ਗਈ, ਜਾਂ ਫਿਰ ਉਸ ਦੇ ਹੋਰ ਅਰਥ ਕੱਢ ਲਏ ਗਏ।

ਇਸ ਲਈ ਔਰਤਾਂ ਨੇ ਆਪਣੇ ਮਨ ਦੇ ਵਲਵਲੇ, ਗੁੱਸਾ ਤੇ ਵਿਦਰੋਹ ਆਪਣੇ ਹੀ ਢੰਗ ਨਾਲ ਲੋਕ ਗੀਤਾਂ ਵਿਚ ਉਤਾਰ ਦਿੱਤਾ। ਲੋਕ ਗੀਤ ਨਾ ਤਾਂ ਵਿਅਕਤੀ-ਵਿਸ਼ੇਸ਼ ਦੇ ਹੁੰਦੇ ਹਨ ਤੇ ਨਾ ਲਿਖਣ ਵਾਲੇ ਦੀ ਕੋਈ ਪਛਾਣ ਹੁੰਦੀ ਹੈ। ਸ਼ਾਇਦ ਇਸ ਤਰ੍ਹਾਂ ਸਮੂਹਕਤਾ ਵਿਚ ਲਿਖਣ ਵਾਲੇ ਦੀ ਗੱਲ ਵੀ ਪੂਰੀ ਤਰ੍ਹਾਂ ਨਹੀਂ ਕਹੀ ਜਾਂਦੀ। ਇਸ ਲਈ ਸਿੱਖਿਅਤ ਹੋਣ ‘ਤੇ ਔਰਤ ਨੇ ਲਿਖ ਕੇ ਆਪਣੀ ਪਛਾਣ ਨਾਲ ਆਪਣੀ ਵੇਦਨਾ ਕਹਿਣੀ ਚਾਹੀ।
ਉਂਜ, ਮੈਨੂੰ ਲੱਗਦਾ ਹੈ ਕਿ ਆਪਣੀ ਪਛਾਣ ਨਾਲ ਔਰਤ ਦੀ ਪਹਿਲੀ ਲਿਖਤ ਰਾਮਾਇਣ ਦੀ ਕਥਾ ਵਿਚ ਸੀਤਾ ਦਾ ਧਰਤੀ ਨੂੰ ਦਿੱਤਾ ਆਦੇਸ਼ ਸੀ! ਅਗਨੀ ਪ੍ਰੀਖਿਆ ਅਤੇ ਛੱਡੇ ਜਾਣ ‘ਤੇ ਦੂਜੇ ਬਨਵਾਸ ਤੋਂ ਬਾਅਦ ਵੀ ਸੀਤਾ ਨੂੰ ਭਰੀ ਰਾਜ ਸਭਾ ਵਿਚ ਆਪਣੇ ਪੁੱਤਰਾਂ ਨੂੰ ਰਾਮ ਤੋਂ ਪ੍ਰਵਾਨ ਕਰਵਾਉਣ ਲਈ ਪਾਕ-ਸਾਫ ਹੋਣ ਦੀ ਸਹੁੰ ਖਾਣ ਲਈ ਕਿਹਾ ਗਿਆ ਤਾਂ ਸੀਤਾ ਨੇ ਇਸ ਅਪਮਾਨ ਦੇ ਦੁੱਖ ਤੇ ਗੁੱਸੇ ਵਿਚ ਧਰਤੀ ਨੂੰ ਫਟ ਜਾਣ ਦਾ ਹੁਕਮ ਦਿੱਤਾ ਤੇ ਉਹ ਉਸ ਵਿਚ ਉਤਰ ਗਈ। ਇਹ ਔਰਤ ਦੀ ਪਹਿਲੀ ਲਿਖਤ ਸੀ, ਜੋ ਉਸ ਨੇ ਬਹੁਤ ਸਾਰੀਆਂ ਵਧੀਕੀਆਂ ਜਰਨ ਤੋਂ ਬਾਅਦ ਲਿਖੀ।
ਮਿਥ ਕਥਾ ਹੈ ਕਿ ਇਕ ਵਾਰ ਪਰੀਆਂ ਉਡਦੀਆਂ ਹੋਈਆਂ ਕਿਸੇ ਟਾਪੂ ‘ਤੇ ਜਾ ਉਤਰੀਆਂ। ਉਥੇ ਕੋਈ ਨਾਚ ਚੱਲ ਰਿਹਾ ਸੀ। ਉਹ ਦੇਖਣ ਲੱਗ ਪਈਆਂ ਪਰ ਪਛਾਣੇ ਜਾਣ ਦੇ ਡਰੋਂ ਉਨ੍ਹਾਂ ਨੇ ਆਪਣੇ ਦੈਵੀ ਖੰਭ ਲਾਹ ਕੇ ਦਰੱਖਤਾਂ ਵਿਚ ਛੁਪਾ ਦਿੱਤੇ। ਕਿਸੇ ਆਦਮੀ ਨੇ ਉਹ ਖੰਭ ਦੇਖ ਲਏ ਤੇ ਕੁਝ ਖੰਭ ਚੋਰੀ ਕਰ ਲਏ। ਨਾਚ ਖਤਮ ਹੋਣ ‘ਤੇ ਪਰੀਆਂ ਫਿਰ ਉਡਣ ਲੱਗੀਆਂ ਪਰ ਇਕ ਪਰੀ ਨੂੰ ਖੰਭ ਨਾ ਲੱਭੇ ਤੇ ਉਹ ਉਡ ਨਾ ਸਕੀ। ਆਦਮੀ ਉਸ ਪਰੀ ਨੂੰ ਫੜ ਕੇ ਘਰ ਲੈ ਗਿਆ। ਉਹ ਪਰੀ ਉਸ ਆਦਮੀ ਦੇ ਘਰ ਸਾਰਾ ਕੰਮ ਕਰਦੀ, ਬੱਚੇ ਜੰਮਦੀ, ਮਾਰ ਖਾਂਦੀ ਪਰ ਇਕ ਦਿਨ ਆਦਮੀ ਘਰ ਨਹੀਂ ਸੀ ਤੇ ਪਰੀ ਨੂੰ ਘਰ ਦੇ ਭਾਂਡਿਆਂ ਵਿਚੋਂ ਆਪਣੇ ਖੰਭ ਲੱਭ ਗਏ। ਉਸ ਨੇ ਖੰਭ ਆਪਣੇ ਮੋਢਿਆਂ ‘ਤੇ ਲਾਏ ਅਤੇ ਬੜੀ ਮੁਸ਼ਕਿਲ ਨਾਲ ਮੰਤਰ ਚੇਤੇ ਕਰ ਕੇ ਫਿਰ ਖੁੱਲ੍ਹੇ ਅੰਬਰ ਵਿਚ ਉਡਣ ਲੱਗੀ। ਇਹ ਖੰਭ, ਮੰਤਰ ਉਸ ਦੇ ਸੁਤੰਤਰ ਤੇ ਸੁਚੇਤ ਹੋ ਕੇ ਵਿਚਰਨ ਅਤੇ ਕਹਿਣ ਦਾ ਹੀ ਪ੍ਰਤੀਕ ਹਨ।
ਸਮਾਜ ਵਿਚ ਔਰਤ ਜਦੋਂ ਆਪਣੀ, ਆਪਣੇ ਵਜੂਦ ਅਤੇ ਮਨ ਦੀ ਗੱਲ ਕਰਦੀ ਹੈ ਤਾਂ ਤਿਉੜੀਆਂ ਚੜ੍ਹ ਜਾਂਦੀਆਂ ਹਨ। ਉਸ ਦਾ ਪੜ੍ਹੇ ਲਿਖੇ ਹੋਣਾ, ਸਵੈ-ਨਿਰਭਰ ਹੋਣਾ ਅਤੇ ਆਪਣੀ ਮਰਜ਼ੀ ਦੱਸਣਾ ਮਰਿਆਦਾ ਵਿਰੁਧ ਮੰਨਿਆ ਜਾਂਦਾ ਹੈ। ਆਪਣੀ ਜਨਮ-ਭੂਮੀ ਛੱਡ ਕੇ, ਸਾਰੇ ਸਾਕ ਕੁੜਾਵੇ ਸਮਝ ਕੇ ਉਹ ਇਕ ਆਦਮੀ ਦੇ ਪੱਲੇ ਲੱਗਦੀ ਹੈ! ਮੁਹੱਬਤ, ਘਰ ਤੇ ਪਰਿਵਾਰ ਦੀ ਲੋੜ ਔਰਤ ਤੇ ਮਰਦ-ਦੋਹਾਂ ਨੂੰ ਹੈ ਪਰ ਇਹ ਚੋਣ ਔਰਤ ਦੇ ਅੱਗੇ ਹੀ ਰੱਖੀ ਜਾਂਦੀ ਹੈ ਕਿ ਜਾਂ ਉਹ ਘਰ ਪਰਿਵਾਰ ਰੱਖੇ ਜਾਂ ਫਿਰ ਆਪਣਾ ਵਜੂਦ! ਔਰਤ ਪਿਆਰ ਪਰਿਵਾਰ ਹੀ ਚੁਣਦੀ ਹੈ ਪਰ ਸਮਰਪਿਤ ਹੋਣ ਤੋਂ ਬਾਅਦ ਵੀ ਪੂਰਨ ਤੌਰ ‘ਤੇ ਸਵੀਕਾਰੀ ਨਹੀਂ ਜਾਂਦੀ ਤਾਂ ਉਸ ਅੰਦਰ ਖਲਾਅ ਪੈਦਾ ਹੋ ਜਾਂਦਾ ਹੈ! ਫਿਰ ਉਹ ਇਸ ਖਲਾਅ ਵਿਚ ਆਪਣੀ ਘੁਟਨ, ਆਪਣਾ ਦਰਦ ਲਿਖਣ ਲਈ ਕਲਮ ਚੁੱਕਦੀ ਹੈ। ਫਿਰ ਉਹ ਆਪਣੇ ਵਜੂਦ ਦੀ ਕਿਤਾਬ ਲਿਖਣ ਲਈ ਕਲਮ ਦੂਜਿਆਂ ਦੇ ਹੱਥੀਂ ਨਹੀਂ ਫੜਾਉਣਾ ਚਾਹੁੰਦੀ ਤੇ ਨਾ ਹੀ ਕਿਸੇ ਹਾਸ਼ੀਏ ਵਿਚ ਚੁੱਪ-ਚੁੱਪ ਮਰਨਾ ਚਾਹੁੰਦੀ ਹੈ! ਉਹ ਆਪਣੀ ਇਬਾਰਤ ਆਪ ਲਿਖਣਾ ਚਾਹੁੰਦੀ ਹੈ।
ਇਕ ਤਾਂ ਹੈ ਕਲਮ ਚੁੱਕਣ ਦਾ ਸਫਰ, ਦੂਜਾ ਹੈ ਉਸ ਤੋਂ ਬਾਅਦ ਦਾ ਸਫਰ ਜੋ ਹੋਰ ਵੀ ਸੰਘਰਸ਼ ਭਰਿਆ ਹੁੰਦਾ ਹੈ। ਲਿਖਤ ਵਿਚ ਔਰਤ ਦੀ ਜੁਰਅਤ ਕਿਸੇ ਲੇਖਕ ਦੀ ਜੁਰਅਤ ਤੋਂ ਵੱਡਾ ਜੁਰਮ ਮੰਨੀ ਜਾਂਦੀ ਹੈ। ਉਸ ਦੇ ਨਿੱਜੀ ਜੀਵਨ ਉਪਰ ਸਵਾਲ ਉਠਾਏ ਤੇ ਇਲਜ਼ਾਮ ਲਾਏ ਜਾਂਦੇ ਹਨ। ਇਸ ਗੱਲ ਦੀ ਗਵਾਹੀ ਦੁਨੀਆਂ ਦੇ ਇਤਿਹਾਸ ਵਿਚ ਲੇਖਕ ਔਰਤਾਂ ਦੇ ਜੀਵਨ ਹਨ। ਕਈ ਲੇਖਕਾਵਾਂ ਨੇ ਸਾਰਾ ਜੀਵਨ ਹਾਦਸਿਆਂ ਦਾ ਸਾਹਮਣਾ ਕਰਦਿਆਂ ਗੁਜ਼ਾਰਿਆ ਅਤੇ ਕਈਆਂ ਨੂੰ ਆਤਮ-ਘਾਤ ਤਕ ਕਰਨਾ ਪਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਵਾਰਤਕ ਪੁਸਤਕ ‘ਬੁਰੇ ਸਿਆਲਾਂ ਦੇ ਮਾਮਲੇ’ ਵਿਚ ਅਜਿਹੀਆਂ ਕਈ ਲੇਖਕ ਤੇ ਕਲਾਕਾਰ ਔਰਤਾਂ ਦੇ ਸੰਖੇਪ ਜੀਵਨ ਵੇਰਵੇ ਦਿੱਤੇ ਹਨ। ਯੂਨਾਨ ਦੀ ਸ਼ਾਇਰਾ ਸੈ., ਅੰਗਰੇਜ਼ੀ ਨਾਵਲਕਾਰ ਵਰਜੀਨੀਆ ਵੁਲਫ, ਨਾਰੀ ਚਿੰਤਕ ਮੇਰੀ ਵੋਲਸਟੋਨ, ਰੂਸੀ ਸ਼ਾਇਰਾ ਮਰੀਨਾ ਤਸਵੇਤਯੇਵਾ, ਸਵੀਡਿਸ਼ ਲੇਖਿਕਾ ਕਾਰਿਨ ਬੋਏ, ਇਤਾਲਵੀ ਸ਼ਾਇਰਾ ਅਨਤੋਨੀਆ ਪੋਜ਼ੀ, ਪਾਕਿਸਤਾਨੀ ਸ਼ਾਇਰਾ ਸਾਰਾ ਸ਼ਗੁਫਤਾ ਵਰਗੀਆਂ ਲੇਖਕਾਵਾਂ ਸਾਰੀ ਜ਼ਿੰਦਗੀ ਲੜ-ਲੜ ਥੱਕ ਗਈਆਂ ਤੇ ਅਖੀਰ ਖੁਦਕੁਸ਼ੀ ਕਰ ਗਈਆਂ।
ਮੈਰੀ ਵੋਲਸਟੋਨ ਦੀਆਂ ਲਿਖਤਾਂ ਨੂੰ ਪ੍ਰਕਾਸ਼ਕਾਂ ਨੇ ਛਾਪਣ ਤੋਂ ਨਾਂਹ ਕਰ ਦਿੱਤੀ। ਉਸ ਨੂੰ ਕਿਹਾ ਗਿਆ ਕਿ ਉਹ ਧਾਰਮਿਕ ਜਾਂ ਰਸੋਈ ਸਿੱਖਿਆ ਜਾਂ ਫਿਰ ਬੱਚਿਆਂ ਬਾਰੇ ਲਿਖੇ ਤਾਂ ਛਾਪਿਆ ਜਾਵੇਗਾ। ਅੰਗਰੇਜ਼ੀ ਵਿਚ ਐਮਿਲੀ ਦੇ ਨਾਵਲ ‘ਵੁਦਰਿੰਗ ਹਾਈਟਸ’ ਨਾਲ ਸਬੰਧਿਤ ਦਿਲਚਸਪ ਕਹਾਣੀ ਇਹ ਹੈ ਕਿ ਸ਼ਾਰਲੋਤ, ਐਮਿਲੀ ਤੇ ਐਨੀ-ਤਿੰਨੇ ਭੈਣਾਂ ਲੇਖਕ ਬਣਨਾ ਚਾਹੁੰਦੀਆਂ ਸਨ। ਤਿੰਨਾਂ ਨੇ ਆਪਣਾ ਨਜ਼ਮਾਂ ਦਾ ਸੰਗ੍ਰਿਹ ਛਾਪਿਆ ਪਰ ਤਿੰਨਾਂ ਨੇ ਆਪਣੇ ਨਾਂ ਮਰਦਾਵੇਂ ਰੱਖ ਲਏ: ਕਿਊਰਰ, ਐਲਿਸ ਤੇ ਆਈਟਨ ਬੈੱਲ, ਕਿਉਂਕਿ ਉਹ ਸਮਝਦੀਆਂ ਸਨ ਕਿ ਔਰਤਾਂ ਦੇ ਨਾਂਵਾਂ ਤੋਂ ਲੋਕ ਬੜੇ ਹਿਰਖ ਜਾਂਦੇ ਹਨ ਪਰ ਮਗਰੋਂ ਐਮਿਲੀ ਨੇ ਇਹ ਬੇਮਿਸਾਲ ਨਾਵਲ ‘ਵੁਦਰਿੰਗ ਹਾਈਟਸ’ ਆਪਣੇ ਨਾਂ ‘ਤੇ ਛਾਪਿਆ।
ਕਲਮ ਚੁੱਕਣ ਵਾਲੀਆਂ ਹੋਰ ਵੀ ਕਈ ਔਰਤਾਂ ਦਾ ਸਫਰ ਕੰਡਿਆਂ ਭਰਿਆ ਹੀ ਰਿਹਾ ਹੈ। ਇਹ ਸਫਰ ਹੁੰਦਾ ਤਾਂ ਉਨ੍ਹਾਂ ਦਾ ਨਿੱਜੀ ਹੈ ਪਰ ਅਦਬੀ ਜਗਤ ਵਿਚ ਵੀ ਉਨ੍ਹਾਂ ਨੂੰ ਦੂਹਰੇ ਮੁਹਾਜ਼ ‘ਤੇ ਲੜਨਾ ਪੈਂਦਾ ਹੈ। ਉਨ੍ਹਾਂ ਦੀ ਹਰ ਰਚਨਾ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੋੜ ਕੇ ਘਟਾ ਦਿੱਤਾ ਜਾਂਦਾ ਹੈ ਤੇ ਫਿਰ ਨਿੱਜੀ ਦਰਦ ਦੇ ਰੋਣੇ ਦਾ ਇਲਜ਼ਾਮ ਵੀ ਲੱਗਦਾ ਹੈ। ਕਈ ਆਲੋਚਕ ਵਿਦਵਾਨ ਰਿਆਇਤ ਵੀ ਆਪ ਦਿੰਦੇ ਹਨ, ਉਸ ਦੀ ਰਚਨਾ ਨਾਲੋਂ ਵੱਧ ਉਸ ਦੀ ਜਿਸਮਾਨੀ ਦਿੱਖ ਵੱਲ ਧਿਆਨ ਦਿੰਦੇ ਹਨ, ਉਸ ਦਾ ਉਨ੍ਹਾਂ ਪ੍ਰਤੀ ਸਮਰਪਣ ਦੇਖਦੇ ਹਨ ਅਤੇ ਪਿੱਛੋਂ ਉਨ੍ਹਾਂ ‘ਤੇ ਫਤਵਾ ਵੀ ਇਹ ਜਾਰੀ ਹੁੰਦਾ ਹੈ ਕਿ ਉਸ ਕੋਲ ਜਵਾਨੀ, ਜਨਾਨੀ ਤੇ ਸੁੰਦਰਤਾ ਦਾ ਪਾਸਕੂ ਹੈ ਤੇ ਇਹ ਪਾਸਕੂ ਉਸ ਦੀ ਕਿਰਤ ਨੂੰ ਸਾਵਾਂ ਨਹੀਂ ਤੁਲਣ ਦਿੰਦਾ। ਲੇਖਕਾਵਾਂ ਦੀਆਂ ਸਵੈ-ਜੀਵਨੀਆਂ ਨੇ ਸਮਾਜ ਵਿਚ ਹੋਰ ਵੀ ਭੂਚਾਲ ਲੈ ਆਂਦਾ। ਇਕ ਹਿੰਦੀ ਰਸਾਲੇ ਵਿਚ ਛਪੀ ਮੁਲਾਕਾਤ ਵਿਚ ਹਿੰਦੀ ਲੇਖਕ ਵਿਭੂਤੀ ਨਾਰਾਇਣ ਰਾਏ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ‘ਸਵੈ-ਜੀਵਨੀ ਲਿਖਣ ਵਾਲੀਆਂ ਹਿੰਦੀ ਲੇਖਕਾਵਾਂ ਬੇਵਫਾਈ ਦਾ ਜਸ਼ਨ ਮਨਾਉਂਦੀਆਂ ਹਨ। ਉਨ੍ਹਾਂ ਦਾ ਆਪਸ ਵਿਚ ਆਪਣੇ ਆਪ ਨੂੰ ਇਕ ਦੂਜੀ ਤੋਂ ਵੱਡੀ ਛਿਨਾਲ (ਬਦਚਲਨ) ਸਾਬਤ ਕਰਨ ਦਾ ਮੁਕਾਬਲਾ ਹੈ।’ ਪੰਜਾਬੀ ਲੇਖਕਾਵਾਂ ਦੀਆਂ ਸਵੈ-ਜੀਵਨੀਆਂ ਵੀ ਅਜਿਹੇ ਫਤਵਿਆਂ ਤੋਂ ਨਹੀਂ ਬਚ ਸਕੀਆਂ।
ਅਸਲ ਵਿਚ ਜਿਥੋਂ ਅਸੀਂ ਗੱਲ ਸ਼ੁਰੂ ਕੀਤੀ ਹੈ ਕਿ ਔਰਤਾਂ ਨੇ ਆਪਣੇ ਦਰਦ ਅਤੇ ਦੱਬੀਆਂ ਹੋਈਆਂ ਰੀਝਾਂ ਦਾ ਬਿਆਨ ਅਪ੍ਰਤੱਖ ਰੂਪ ਵਿਚ ਲੋਕ ਗੀਤਾਂ ਵਿਚ ਕੀਤਾ ਹੈ, ਪਰ ਲੇਖਿਕਾਵਾਂ ਦੀਆਂ ਸਵੈ-ਜੀਵਨੀਆਂ ਨੇ ਲੋਕ ਗੀਤਾਂ ਵਿਚਲੇ ਬਿਆਨ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਮੱਧਵਰਗ ਦੀ ਤਲੀ ‘ਤੇ ਰੱਖ ਦਿੱਤਾ ਹੈ। ਉਹ ਮਰਦਾਵੀਂ ਹਉਂ ‘ਤੇ ਸੱਟ ਵੀ ਮਾਰਦੀਆਂ ਹਨ। ਇਸੇ ਲਈ ਉਹ ‘ਛਿਨਾਲ’ ਹਨ।
ਉਂਜ, ਲੇਖਕਾ ਵਰਗ ਇਸ ਤੁਹਮਤਬਾਜ਼ੀ ਤੇ ਫਤਵਿਆਂ ਤੋਂ ਨਹੀਂ ਡਰਿਆ ਸਗੋਂ ਉਨ੍ਹਾਂ ਨੇ ਕੁਰਬਾਨ ਹੋਣ, ਗਊ ਵਾਂਗ ਅਸੀਲ ਹੋਣ ਅਤੇ ਚੰਗੀ ਔਰਤ ਹੋਣ ਦਾ ਸੰਕਲਪ ਹੀ ਉਲਟਾ ਦਿੱਤਾ ਹੈ। ਅੱਜ ਦੀ ਲੇਖਕਾ ਕਹਿੰਦੀ ਹੈ: ‘ਮੈਂ ਤੁਹਾਡੀ ਲਿਖੀ ਕਿਸੇ ਪਰਿਭਾਸ਼ਾ ਉਪਰ ਕੁਰਬਾਨ ਨਹੀਂ ਹੋਣਾ। ਮੈਂ ਉਸੇ ਤਰ੍ਹਾਂ ਜੀਵਾਂਗੀ, ਵਿਚਰਾਂਗੀ, ਲਿਖਾਂਗੀ ਜਿਵੇਂ ਮੈਨੂੰ ਚੰਗਾ ਲੱਗਦਾ ਹੈ। ਇਸ ਲਈ ਤੁਸੀਂ ਮੈਨੂੰ ‘ਛਿਨਾਲ’ ਕਹੋ, ਬਦਚਲਣ ਕਹੋ ਜਾਂ ਬੁਰੀ, ਕੋਈ ਗੱਲ ਨਹੀਂ।
ਨਿਰੂਪਮਾ ਦੱਤ ਦੀ ਨਜ਼ਮ ‘ਬੁਰੀ ਔਰਤ’, ਉਭਰਦੀ ਲੇਖਕਾ ਬਰਾੜ ਜੈਸੀ ਦੀ ਪੁਸਤਕ ‘ਮੈਂ ਸਾਊ ਕੁੜੀ ਨਹੀਂ ਹਾਂ’, ਸਾਫੀਆ ਹਯਾਤ ਦੀ ਨਜ਼ਮ ‘ਆਵਾਰਾ ਔਰਤ’ ਇਸੇ ਪ੍ਰਸੰਗ ਵਿਚ ਲਿਖੀਆਂ ਗਈਆਂ ਹਨ। ਸਾਰਾ ਸ਼ਗੁਫਤਾ ਨੇ ਵੀ ਲਿਖਿਆ ਸੀ, “ਮੈਂ ਬੇਜ਼ਮੀਰੀ ਲਿਖਦੀ ਹਾਂ, ਇਸ ਲਈ ਮੇਰੀ ਨਜ਼ਮ ਉਤੇ ਸਿਰਫ ਬੇਜ਼ਮੀਰਾਂ ਨੂੰ ਬੋਲਣ ਦਾ ਹੱਕ ਹੈ।” ਹੁਣ ਅਸੀਂ ਦੇਖਣਾ ਹੈ ਕਿ ਚੰਗੀ ਤੇ ਬੁਰੀ ਔਰਤ ਦੀ ਪਰਿਭਾਸ਼ਾ ਨੂੰ ਵਕਤ ਮੁੜ ਕਿਵੇਂ ਲਿਖਦਾ ਹੈ!
______________________________
ਸਾਂਝੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ਵਿਖੇ ਜਨਮੀ ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਸਕੂਲ ਅਧਿਆਪਕਾ ਬੀਬੀ ਰਾਜ ਕੌਰ ਅਤੇ ਕਵੀ ਕਰਤਾਰ ਸਿੰਘ ਹਿਤਕਾਰੀ ਦੀ ਇਕਲੌਤੀ ਧੀ ਸੀ। ਉਸ ਨੇ ਆਪਣੀ ਪਹਿਲੀ ਨਜ਼ਮ ਲਿਖੀ ਤਾਂ ਉਸ ਨੂੰ ਆਪਣੇ ਪਿਤਾ ਤੋਂ ਥੱਪੜ ਖਾਣਾ ਪਿਆ ਸੀ। ਆਧੁਨਿਕ ਪੰਜਾਬੀ ਕਾਵਿ ਵਿਚ ਉਹ ਸਿਰਮੌਰ ਕਵਿੱਤਰੀ ਸੀ। ਉਸ ਨੇ ਕਵਿਤਾ ਦੇ ਨਾਲ ਨਾਲ ਕਹਾਣੀਆਂ, ਨਾਵਲ, ਜੀਵਨੀਆਂ, ਲੇਖ ਆਦਿ ਵੀ ਲਿਖੇ ਪਰ ਦੇਸ਼ ਵੰਡ ਦੇ ਦਰਦ ਨੂੰ ਬਿਆਨਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਸਦਕਾ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਉਸ ਦੀ ਸ਼ੁਹਰਤ ਬੁਲੰਦੀਆਂ ‘ਤੇ ਪੁੱਜ ਗਈ। ਉਸ ਦਾ ਸਭ ਤੋਂ ਪ੍ਰਸਿਧ ਨਾਵਲ ‘ਪਿੰਜਰ’ ਸੀ ਜਿਸ ‘ਤੇ ਇਸੇ ਨਾਂ ਦੀ ਐਵਾਰਡ ਜੇਤੂ ਫਿਲਮ ਬਣੀ।