‘ਮੁੰਡਾ ਫਰੀਦਕੋਟੀਆ’: ਰੌਸ਼ਨ ਪ੍ਰਿੰਸ

ਗਾਇਕ ਰੌਸ਼ਨ ਪ੍ਰਿੰਸ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਹੈ। ਪੰਜਾਬੀ ਗਾਇਕੀ ਦੇ ਇੱਕ ਮੁਕਾਬਲੇ ਵਿਚ ਜੇਤੂ ਰਿਹਾ ਰੌਸ਼ਨ ਪ੍ਰਿੰਸ ਬਿਨਾ ਸ਼ੱਕ ਅੱਜ ਪੰਜਾਬੀ ਫਿਲਮਾਂ ਦਾ ਵੀ ਇੱਕ ਨਾਮੀਂ ਅਦਾਕਾਰ ਹੈ। ਉਸ ਦੀਆਂ ਇੱਕ ਤੋਂ ਬਾਅਦ ਇੱਕ ਆਈਆਂ ਫਿਲਮਾਂ ਦਰਸ਼ਕਾਂ ਦੀ ਪਸੰਦ ਬਣੀਆਂ ਹਨ। ਉਹ ਇਸ ਵੇਲੇ ਕਾਫੀ ਰੁੱਝ ਹੋਇਆ ਹੈ।

‘ਲਾਵਾਂ ਫੇਰੇ’ ਦੀ ਸਫਲਤਾ ਪਿਛੋਂ ਉਸ ਦੀਆਂ ਫਿਲਮਾਂ ਦੀ ਲਿਸਟ ਲੰਮੀ ਹੋਣੀ ਸੁਭਾਵਿਕ ਹੈ। ਆਪਣੇ ਕੰਮ ਪ੍ਰਤੀ ਰੌਸ਼ਨ ਹਮੇਸ਼ਾ ਹੀ ਵਫਾਦਾਰ ਦਰਸ਼ਕਾਂ ਦਾ ਇਹ ਚਹੇਤਾ ਨਾਇਕ ਹੁਣ ‘ਮੁੰਡਾ ਫਰੀਦਕੋਟੀਆ’ ਬਣ ਕੇ ਪੰਜਾਬੀ ਪਰਦੇ ‘ਤੇ ਦਸਤਕ ਦੇਵੇਗਾ। ਦਲਮੋਰਾ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣਨ ਵਾਲੀ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਦੀ ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਕੀਤਾ ਹੈ। ਇਹ ਫਿਲਮ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫਿਲਮ ਦੀ ਕਹਾਣੀ ਪੁਰਾਤਨ ਸਮਿਆਂ ਦੇ ਵਿਸ਼ੇ ਆਧਾਰਤ ਹੈ, ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਵਿਰਾਸਤ ਨਾਲ ਜੋੜਨ ਦਾ ਵੀ ਯਤਨ ਕਰੇਗੀ। ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਣਾ ਨੇ ਲਿਖੇ ਹਨ। ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਣਾ ਨੇ ਲਿਖੇ ਹਨ। ਫਿਲਮ ਵਿਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਸ਼ਰਨ ਕੌਰ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਹੌਬੀ ਧਾਲੀਵਾਲ, ਮੁਕੁਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੋਜ਼ੀ ਕੌਰ, ਅੰਮ੍ਰਿਤ ਔਲਖ, ਡੀ. ਪੀ. ਸਿੰਘ, ਸੁਮੀਤ ਗੁਲਾਟੀ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ, ਰੌਸ਼ਨ ਪ੍ਰਿੰਸ ਤੇ ਅੰਜਲੀ ਖੁਰਾਣਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ। ਪੀ. ਟੀ. ਸੀ. ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ‘ਮੁੰਡਾ ਫਰੀਦਕੋਟੀਆ’ 14 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾ ਰਹੀ ਹੈ।
-ਹਰਜਿੰਦਰ ਸਿੰਘ ਜਵੰਦਾ