ਗੱਡੀਏ ਨੀ… ਗੱਡੀਏ ਨੀ…

ਦਰਸ਼ਕਾਂ ਨੂੰ ਫਿਲਮਾਂ ਵਿਚ ਰੇਲ ਦਾ ਦੌੜਨਾ ਖੂਬ ਪਸੰਦ ਹੈ। ਅਨੁਪਮਾ, ਗੰਗਾ-ਜਮੁਨਾ, ਸੋਲ੍ਹਵਾਂ ਸਾਲ, ਆਸ਼ੀਰਵਾਦ, ਅਜਨਬੀ, ਜ਼ਮਾਨੇ ਕੋ ਦਿਖਾਨਾ ਹੈ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਆਰਾਧਨਾ, ਸ਼ੋਲੇ, ਦੀਵਾਰ, ਜਾਨੀ ਦੁਸ਼ਮਨ, ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਦਿਲ ਸੇ, ਜਬ ਵੀ ਮੈੱਟ, ਪਰਿਣੀਤਾ, ਕਿਕ, ਰੋਬੋਟ, ਦਿ ਟਰੇਨ, ਦਿ ਬਰਨਿੰਗ ਟਰੇਨ, ਸਵਦੇਸ਼, ਕੁਰਬਾਨ, ਤੇਜ, ਦਬੰਗ, ਤੀਸਮਾਰ ਖਾਂ, ਚੇਨਈ ਐਕਸਪ੍ਰੈਸ, ਸਾਥੀਆ, ਬਜਰੰਗੀ ਭਾਈਜਾਨ, ਵਧਾਈ ਹੋ ਸਮੇਤ ਸੈਂਕੜੇ ਫਿਲਮਾਂ ਦੀ ਸ਼ੂਟਿੰਗ ਰੇਲ ਵਿਚ ਹੋਈ ਹੈ। ਇਹ ਸਭ ਫਿਲਮਾਂ ਹਿਟ ਵੀ ਰਹੀਆਂ ਹਨ।

ਰੇਲਵੇ ‘ਤੇ ਆਧਾਰਿਤ ਕਿਸੇ ਭਾਰਤੀ ਫਿਲਮ ਦੀ ਯਾਦ ਆਉਂਦੇ ਹੀ ਫਿਲਮਸਾਜ਼ ਬੀ.ਆਰ. ਚੋਪੜਾ ਦੀ 1980 ਦੀ ਫਿਲਮ ‘ਦਿ ਬਰਨਿੰਗ ਟਰੇਨ’ ਦੀ ਚਰਚਾ ਲਾਜ਼ਮੀ ਹੋ ਜਾਂਦੀ ਹੈ। ਇਹ ਭਾਰਤ ਦੀ ਪਹਿਲੀ ਅਤੇ ਇਕੱਲੀ ਅਜਿਹੀ ਫਿਲਮ ਹੈ ਜੋ ਪੂਰੀ ਤਰ੍ਹਾਂ ਰੇਲ ਗੱਡੀ ‘ਤੇ ਕੇਂਦਰਿਤ ਸੀ ਪਰ ਇਹ ਫਿਲਮ ਸ਼ੁਰੂਆਤ ਦੇ ਤਿੰਨ ਦਿਨ ਸੌ ਪ੍ਰਤੀਸ਼ਤ ਕੁਲੈਕਸ਼ਨ ਦੇ ਬਾਵਜੂਦ ਔਸਤ ਸਫਲ ਫਿਲਮ ਦੀ ਸ਼੍ਰੇਣੀ ਵਿਚ ਆਉਂਦੀ ਹੈ।
ਸ਼ੁਰੂਆਤ ਤੋਂ ਹੀ ਹਿੰਦੀ ਫਿਲਮਾਂ ਲਈ ਰੇਲ, ਅਹਿਮ ਲੋਕੇਸ਼ਨ ਰਹੀ। ਇਸ ਲਈ ਜਦੋਂ ਵੀ ਜ਼ਰੂਰਤ ਪਈ, ਫਿਲਮਸਾਜ਼ ਇਥੋਂ ਦੀ ਅਸਲ ਲੋਕੇਸ਼ਨ ਵਿਚ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ। ਸਲਮਾਨ ਖਾਨ ਤਾਂ ਇਸ ਲੋਕੇਸ਼ਨ ਦਾ ਕਾਇਲ ਹੈ। ‘ਬੌਡੀਗਾਰਡ’, ‘ਕਿਕ’, ‘ਬਜਰੰਗੀ ਭਾਈਜਾਨ’ ਸਮੇਤ ਉੁਸ ਦੀ ਨਵੀਂ ਫਿਲਮ ‘ਭਾਰਤ’ ਵਿਚ ਵੀ ਇਹ ਲੋਕੇਸ਼ਨ ਨਜ਼ਰ ਆਉਣ ਵਾਲੀ ਹੈ।
ਇਸ ਨਾਲ ਰੇਲਵੇ ਦੀ ਵੀ ਕਮਾਈ ਹੁੰਦੀ ਹੈ। ਉਂਜ, ਰੇਲਵੇ ਦੀ ਕਮਾਈ ਆਮਤੌਰ ‘ਤੇ ਉਸ ਵਲੋਂ ਦਿੱਤੀਆਂ ਸਹੂਲਤਾਂ ‘ਤੇ ਨਿਰਭਰ ਕਰਦੀ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਫਿਲਮਾਂ ਵਾਲਿਆਂ ਨੂੰ ਇਕ ਦਿਨ ਦੀ ਸ਼ੂਟਿੰਗ ਲਈ ਇਕ ਤੋਂ ਦੋ ਲੱਖ ਰੁਪਏ ਤਕ ਦੇਣੇ ਪੈਂਦੇ ਹਨ। ‘ਟੂ ਟਾਇਰ ਸਟੇਸ਼ਨ’ ਉਤੇ ਸ਼ੂਟਿੰਗ ਲਈ ਇਕ ਲੱਖ ਰੁਪਏ ਅਤੇ ‘ਥ੍ਰੀ ਟਾਇਰ ਸਟੇਸ਼ਨ’ ਉਤੇ ਸ਼ੂਟਿੰਗ ਲਈ ਫੀਸ 50 ਹਜ਼ਾਰ ਰੁਪਏ ਹੁੰਦੀ ਹੈ। ਵੈਸਟਰਨ ਰੇਲਵੇ ਚਾਰ ਡੱਬਿਆਂ ਦੀ ਚੱਲਦੀ ਰੇਲ ਗੱਡੀ ਦੀ ਸ਼ੂਟਿੰਗ ਲਈ 4 ਲੱਖ ਅਤੇ ਪੰਜ ਡੱਬਿਆਂ ਵਾਲੀ ਰੇਲ ਗੱਡੀ ‘ਤੇ ਸ਼ੂਟਿੰਗ ਲਈ ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਤਕ ਫੀਸ ਲੈਂਦਾ ਹੈ। ਕੁਝ ਵਿਸ਼ੇਸ਼ ਹਾਲਾਤ ਵਿਚ ਰੋਜ਼ਾਨਾ ਸ਼ੂਟਿੰਗ ਹੋਣ ‘ਤੇ ਪ੍ਰਤੀ ਦਿਨ ਦੀ ਇਹ ਫੀਸ ਕਾਫੀ ਘਟ ਜਾਂਦੀ ਹੈ।
ਹੁਣ ਰੇਲਵੇ ਵਿਭਾਗ ਫਿਲਮਸਾਜ਼ਾਂ ਪ੍ਰਤੀ ਪਹਿਲਾਂ ਦੇ ਮੁਕਾਬਲੇ ਕਾਫੀ ਉਦਾਰ ਹੋ ਗਿਆ ਹੈ। ਵੈਸਟਰਨ ਰੇਲਵੇ ਦੇ ਪੀ.ਆਰ.ਓ. ਮੁਤਾਬਿਕ ਪਹਿਲਾਂ ਨਿਰਮਾਤਾਵਾਂ ਨੂੰ ਸ਼ੂਟਿੰਗ ਦੀ ਆਗਿਆ ਮਿਲਣ ਵਿਚ ਘੱਟ ਤੋਂ ਘੱਟ ਦਸ ਤੋਂ ਪੰਦਰਾਂ ਦਿਨ ਲੱਗ ਜਾਂਦੇ ਸਨ ਪਰ ਹੁਣ ਜ਼ਿਆਦਾ ਤੋਂ ਜ਼ਿਆਦਾ ਪੰਜ ਦਿਨ ਵਿਚ ਇਹ ਆਗਿਆ ਮਿਲ ਜਾਂਦੀ ਹੈ। ਕਈ ਹਾਲਾਤ ਵਿਚ ਇਹ ਆਗਿਆ ਸਿਰਫ ਤਿੰਨ ਦਿਨ ਵਿਚ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਂਜ ਤਾਂ ਫਿਲਮ ਨਿਰਮਾਤਾ ਆਪਣੀ ਫਿਲਮ ਦੀ ਮੰਗ ਮੁਤਾਬਿਕ ਰੇਲਵੇ ਸਟੇਸ਼ਨ ਦੀ ਚੋਣ ਕਰਦੇ ਹਨ ਪਰ ਬੋਰੀਬੰਦਰ, ਸੀ.ਐਸ਼ਟੀ. ਚੌਕ ਲੋਨਾਵਾਲਾ ਆਦਿ ਨਿਰਮਾਤਾਵਾਂ ਦੇ ਹਰਮਨ ਪਿਆਰੇ ਸਟੇਸ਼ਨ ਹਨ ਜਿਥੇ ਉਹ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ। ਆਪਟਾ ਰੇਲਵੇ ਸਟੇਸ਼ਨ ਨਿਰਮਾਤਾਵਾਂ ਦੀ ਪਹਿਲੀ ਪਸੰਦ ਹੈ। ਪੁਰਾਣੀ ਫਿਲਮ ‘ਅਮਰ ਪ੍ਰੇਮ’ ਤੋਂ ਲੈ ਕੇ ਹੁਣ ਤਕ ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’, ‘ਕੁਛ ਕੁਛ ਹੋਤਾ ਹੈ’, ‘ਗੁਰੂ’, ‘ਮੁਹੱਬਤੇਂ’,’ਖਾਕੀ’, ‘ਸਲੱਮਡੌਗ ਮਿਲੇਨੀਅਰ’ ਸਮੇਤ ਕਈ ਫਿਲਮਾਂ ਅਤੇ ਟੀਵੀ ਲੜੀਵਾਰਾਂ ਦੀ ਸ਼ੂਟਿੰਗ ਇਸ ਸਟੇਸ਼ਨ ‘ਤੇ ਹੋ ਚੁੱਕੀ ਹੈ।
ਰੇਲ ਜਾਂ ਰੇਲਵੇ ਪਲੈਟਫਾਰਮ ‘ਤੇ ਫਿਲਮਾਏ ਗਏ ਚੰਗੇ ਦ੍ਰਿਸ਼ਾਂ ਦੀ ਲੰਮੀ ਸੂਚੀ ਹੈ ਪਰ ਸੰਜੀਦਾ ਸਿਨਮਾ ਪ੍ਰੇਮੀਆਂ ਦੇ ਦਿਲ-ਦਿਮਾਗ਼ ਵਿਚ ਕੁਝ ਦ੍ਰਿਸ਼ ਅਮਿਟ ਛਾਪ ਛੱਡ ਗਏ ਹਨ। ਫਿਲਮ ‘ਅਨੁਪਮਾ’ ਨੂੰ ਯਾਦ ਕਰੋ। ਫਿਲਮ ਦੇ ਅੰਤਿਮ ਦ੍ਰਿਸ਼ ਵਿਚ ਕੁਝ ਨਾ ਬੋਲਣ ਵਾਲੀ ਬੇਟੀ ਸ਼ਰਮੀਲਾ ਟੈਗੋਰ ਪਿਤਾ ਦਾ ਵਿਰੋਧ ਕਰਕੇ ਆਪਣੇ ਪ੍ਰੇਮੀ ਧਰਮਿੰਦਰ ਦੇ ਪਿੰਡ ਵਾਲੇ ਘਰ ਵਿਚ ਜਾਣ ਲਈ ਰੇਲ ਗੱਡੀ ਵਿਚ ਬੈਠ ਚੁੱਕੀ ਹੈ। ਬੇਟੀ ਦੇ ਦੋਸਤ ਉਸ ਨੂੰ ਸਟੇਸ਼ਨ ‘ਤੇ ਛੱਡਣ ਆਏ ਹਨ। ਉਸ ਦਾ ਪਿਤਾ ਪਲੇਟਫਾਰਮ ਦੇ ਖੰਭੇ ਤੋਂ ਛੁਪ ਕੇ ਸਭ ਕੁਝ ਦੇਖ ਰਿਹਾ ਹੈ। ਕੈਮਰਾ ਉਸ ‘ਤੇ ਫਰੀਜ਼ ਹੋ ਕੇ ਫਿਲਮ ਖਤਮ ਹੋ ਜਾਂਦੀ ਹੈ।
‘ਜਬ ਵੀ ਮੈੱਟ’ ਵਿਚ ਕਰੀਨਾ ਕਪੂਰ ‘ਤੇ ਫਿਲਮਾਇਆ ਗਿਆ ਦ੍ਰਿਸ਼ ਵੀ ਬਹੁਤ ਸਹਿਜ ਹੈ। ਇਹ ਦ੍ਰਿਸ਼ ਆਮ ਜ਼ਿੰਦਗੀ ਦੇ ਕਰੀਬ ਹੈ। ‘ਸਵਦੇਸ਼’ ਫਿਲਮ ਵਿਚ ਸ਼ਾਹਰੁਖ ‘ਤੇ ਫਿਲਮਾਏ ਗਏ ਦ੍ਰਿਸ਼ ਲਈ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਘੱਟ ਹੈ। ਸ਼ਾਹਰੁਖ ਬੱਚੇ ਤੋਂ ਪਾਣੀ ਖਰੀਦਦਾ ਹੈ ਅਤੇ ਉਸ ਨੂੰ 5 ਰੁਪਏ ਦਾ ਸਿੱਕਾ ਦਿੰਦਾ ਹੈ। ਬੱਚਾ ਪੈਸੇ ਵਾਪਸ ਕਰਨ ਲਈ ਪਾਈ-ਪਾਈ ਜੋੜ ਰਿਹਾ ਹੈ, ਉਦੋਂ ਹੀ ਗੱਡੀ ਚੱਲ ਪੈਂਦੀ ਹੈ ਅਤੇ ਬੱਚਾ ਭੱਜ ਕੇ ਉਸ ਨੂੰ ਉਹ ਪੈਸੇ ਵਾਪਸ ਕਰਦਾ ਹੈ। ਇਸ ਪੂਰੇ ਦ੍ਰਿਸ਼ ਨੂੰ ਫਿਲਮਸਾਜ਼ ਨੇ ਜਿਸ ਕੁਸ਼ਲਤਾ ਨਾਲ ਫਿਲਮਾਇਆ ਹੈ, ਇਹ ਬਹੁਤ ਮਾਰਮਿਕ ਬਣ ਗਿਆ।
-ਏ. ਚਕਰਵਰਤੀ