ਮਾਂ ਬੋਲੀ ਦੀ ਸ਼ੁਦਾਈ ਦੀਆ ਮਿਰਜ਼ਾ

ਸੋਲ੍ਹਵੇਂ ਸਾਲ ਦੀ ਉਮਰ ਨੇ ਦੀਆ ਮਿਰਜ਼ਾ ਨੂੰ ਮਸਤੀਆਂ ਕਰਨ ਦੀ ਥਾਂ ਸ਼ੋਬਿਜ ਵਿਚ ਕੈਰੀਅਰ ਬਣਾਉਣ ਵੱਲ ਕੇਂਦਰਤ ਕਰ ਦਿੱਤਾ ਸੀ। ਤਾਂ ਹੀ ਅੱਜ ਅਭਿਨੇਤਰੀ ਤੋਂ ਨਿਰਮਾਤਰੀ ਦੇ ਸਫ਼ਰ ਤੱਕ ਉਹ ਸਫਲ ਹੈ। ਉਹ ਪਹਿਲੀ ਵਾਰ ਬੰਗਾਲੀ ਫ਼ਿਲਮ ਕਰ ਰਹੀ ਹੈ। ‘ਪਾਂਚ ਅਧਿਆਏ’ ਨਾਂ ਦੀ ਇਹ ਫ਼ਿਲਮ ਉਹ ਆਪਣੀ ਮਾਂ ਨੂੰ ਸਮਰਪਿਤ ਕਰ ਰਹੀ ਹੈ ਜਿਹੜੀ ਬੰਗਾਲਣ ਹੈ। ਉਸ ਦਾ ਕਹਿਣਾ ਹੈ ਕਿ ਮਾਂ-ਬੋਲੀ ਦੀ ਫ਼ਿਲਮ ਕਰਨ ਦਾ ਮਜ਼ਾ ਹੀ ਅਲੱਗ ਹੈ। ਦੀਆ ਕੋਲ ਹਿੰਦੀ ਫ਼ਿਲਮ ‘ਹੰਗਾਮੇ ਪੇ ਹੰਗਾਮਾ’ ਤੇ ‘ਅਲੀਬਾਗ’ ਵੀ ਹੈ। ਉਸ ਨੂੰ ‘ਗਲੈਮ ਡਾਲ’ ਕੋਮਲ ਨਾਹਟਾ ਨੇ ਕਿਹਾ ਹੈ ਕਿ ਜਾਏਦ ਖ਼ਾਨ ਤੇ ਸਾਹਿਲ ਸੰਘਾ ਦੇ ਸਾਥ ਨਾਲ ਦੀਆ ਚਲ ਸੋ ਚੱਲ ਹੈ, ਚਾਹੇ ਨਿਰਮਾਣ ਹੋਵੇ, ਸ਼ੋਅ ਜਾਂ ਚੈਰਿਟੀ ਦੇ ਕੰਮਕਾਰ। ਦੀਆ ਮੰਨਦੀ ਹੈ ਕਿ ਨੀਰਜ ਨਾਲ ਮਲਟੀ ਮੀਡੀਆ ਦੀ ਸਿਖਲਾਈ ‘ਲਵ ਬਰੇਕਸ ਅਪ ਜ਼ਿੰਦਗੀ’ ਬਣਾਉਣ ਵਿਚ ਕੰਮ ਆਈ ਸੀ। ਹਕੀਕਤ ਹੈ ਕਿ ਐਨਾ ਪਿਆਰ ਦੀਆ ਨੂੰ ਫ਼ਿਲਮਾਂ ਵਿਚ ਨਹੀਂ ਮਿਲਿਆ ਹੋਣਾ ਜਿੰਨਾ ਵੀਡੀਓ ‘ਕਜਰਾ ਮੁਹੱਬਤ ਵਾਲਾ’ ਨੇ ਦਿੱਤਾ ਸੀ।’ਦਸ’ ਫਾਈਟ ਕਲੱਬ ਜਿਹੀਆਂ ਫ਼ਿਲਮਾਂ ਵਾਲੀ ਦੀਆ ਮਿਰਜ਼ਾ ਆਂਧਰਾ ਸਰਕਾਰ ਲਈ ਕੰਮ ਕਰ ਰਹੀ ਹੈ। ਉਸ ਦੀ ਅਧਿਆਪਕਾ ਨਮਿਤਾ ਸ੍ਰੀਵਾਸਤਵ ਅੱਜ ਵੀ ਫੋਨ ‘ਤੇ ਮਿਲਦੀ ਹੈ ਤਾਂ ਵਿਦਿਆਰਥਣ ਦੀਆ ਨੂੰ ਲਿਖਣ ਤੇ ਕਵਿਤਾ ਰਚਣ ਲਈ ਵਧਾਈ ਦਿੰਦੀ ਹੈ। ਉਸ ਦੇ ਸਮਾਜਿਕ ਕੰਮਾਂ ਤੇ ਜਾਨਵਰਾਂ ਪ੍ਰਤੀ ਪਿਆਰ ਲਈ ਸ਼ਾਬਾਸ਼ ਦਿੰਦੀ ਹੈ। ਦਿੱਲੀ, ਮੁੰਬਈ ਵਿਚ ਅਨਪੜ੍ਹਤਾ ਵਧਣ ‘ਤੇ ਫਿਕਰਮੰਦ ਦੀਆ ਆਖਦੀ ਹੈ ਕਿ ਫੋਨ, ਟੀਵੀ ਹਰੇਕ ਦੇਖਣਾ ਚਾਹੁੰਦਾ ਹੈ ਪਰ ਪੜ੍ਹਨਾ ਕਿਉਂ ਨਹੀਂ ਚਾਹੁੰਦਾ। ਕਿਤਾਬਾਂ ਪੜ੍ਹਨ ਗੇਮ ਤੇ ਟੀਵੀ ਘੱਟ ਕਰਨ ਲਈ ਦੀਆ ਨੌਜਵਾਨ ਸ਼੍ਰੇਣੀ ਨੂੰ ਬੇਨਤੀ ਕਰਦੀ ਹੈ। ਕਿਤਾਬਾਂ ਮਨ ਸਾਫ਼ ਕਰਦੀਆਂ ਹਨ ਤੇ ਸਹੀ ਸੋਚ ਭਰਦੀਆਂ ਹਨ।
_____________________________
ਪਰਣੀਤੀ ਨੂੰ ਚੜ੍ਹਿਆ ਬਾਲੀਵੁੱਡ ਦਾ ਰੰਗ
ਪਰਣੀਤੀ ਚੋਪੜਾ ਨੂੰ ਬਾਲਵੁੱਡ ਦਾ ਰੰਗ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਸ਼ਖ਼ਸੀਅਤ ਵਿੱਚ ਨਿਖਰਨ ਦੇ ਨਾਲ-ਨਾਲ ਗੱਲਾਂ ਦਾ ਸਲੀਕਾ ਤੇ ਫੈਸ਼ਨ ਹਰ ਮਾਮਲੇ ਵਿਚ ਪੀਸੀ ਦੀ ਇਹ ਰਿਸ਼ਤੇਦਾਰਨੀ ਕਮਾਲ ਕਰੀ ਜਾ ਰਹੀ ਹੈ। ‘ਇਸ਼ਕਜ਼ਾਦੇ’ ਨੇ ਰਾਤੋ-ਰਾਤ ਸ਼ੋਹਰਤ ਦਿੱਤੀ। ਪਰਣੀਤੀ ‘ਬੈਂਡ ਬਾਜਾ ਬਾਰਾਤ’ ਦੇ ਸੈੱਟ ‘ਤੇ ਪ੍ਰਮੋਸ਼ਨ ਲਈ ਗਈ ਸੀ ਤੇ ਇਥੋਂ ਹੀ ਦਿਨ ਫਿਰ ਗਏ। ਯਸ਼ਰਾਜ ਫ਼ਿਲਮਜ਼ ਦੀ ਪੀਆਰ ਬਣਨਾ ਵਰ ਆ ਗਿਆ। ਉਹ ਅੱਜ ਵੀ ਯਸ਼ਰਾਜ ਫ਼ਿਲਮਜ਼ ਤੇ ਪ੍ਰਿਅੰਕਾ ਚੋਪੜਾ ਦੀ ਅਹਿਸਾਨਮੰਦ ਹੈ। ਵਰਨਾ ਬਾਲੀਵੁੱਡ ਵਿਚ ਪੈਰ ਲੱਗਣੇ ਦੂਰ ਦੀ ਖੇਡ ਸੀ। ਉਸ ਨੇ ਫੈਸਲਾ ਲਿਆ ਹੈ ਕਿ ਤੜਕ-ਭੜਕ ਖੂਬ ਦਿਖਾਉਣੀ ਹੈ। ਬਿਕਨੀ ਜਾਂ ਅਜਿਹੇ ਦ੍ਰਿਸ਼ ਤੋਂ ਕੋਈ ਪ੍ਰਹੇਜ਼ ਨਹੀਂ। ਫ਼ਿਲਮਾਂ ਜ਼ਰੂਰ ਚੁਣ ਕੇ ਕਰਨੀਆਂ ਹਨ। ਪਰਣੀਤੀ ਨੇ ਹੁਣੇ ਜਿਹੇ ਹੀ ਆਪਣਾ ਵਜ਼ਨ ਅੱਠ ਕਿਲੋ ਦੇ ਕਰੀਬ ਘਟਾ ਲਿਆ ਹੈ। ਬਗੈਰ ਡਾਈਟਿੰਗ ਦੇ ਜਿੰਮ ਜਾ ਕੇ ਤੇ ਯੋਗਾ ਕਰਕੇ ਉਸ ਨੇ ਅਜਿਹਾ ਕੀਤਾ ਹੈ। ‘ਹਸੇ ਤੋ ਫਸੇ’, ‘ਬਰਿਆਨੀ’ ਤੋਂ ਇਲਾਵਾ ਮਨੀਸ਼ ਮਲਹੋਤਰਾ ਦੀ ਨਵੀਂ ਫ਼ਿਲਮ ਵੀ ਪਰਣੀਤੀ ਦੇ ਕੋਲ ਹੈ।
_______________________________
ਮੁੜ ਚਮਕੀ ਨਰਗਿਸ
ਨਰਗਿਸ ਫਾਖਰੀ ਨੇ ਕੈਰੀਅਰ ਦੀ ਸ਼ੁਰੂਆਤ ਤਾਂ ਅਮਰੀਕਾ ਵਿਚ ਮਾਡਲਿੰਗ ਨਾਲ ਕੀਤੀ ਪਰ ਸੁਪਰ ਮਾਡਲ ਬਣਨ ਦੇ ਬਾਵਜੂਦ ਉਸ ਦੇ ਮਨ ਵਿਚ ਬਾਲੀਵੁੱਡ ਵਿਚ ਕੰਮ ਕਰਨ ਦੀ ਕਾਫੀ ਇੱਛਾ ਸੀ।
‘ਰੌਕਸਟਾਰ’ ਵਰਗੀ ਫਿਲਮ ਵਿਚ ਰਣਬੀਰ ਕਪੂਰ ਦੇ ਆਪੋਜ਼ਿਟ ਕੰਮ ਮਿਲ ਜਾਣਾ ਉਸ ਦੇ ਲਈ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਸੀ। ਫਿਲਮ ਬਾਕਸ ਆਫਿਸ ‘ਤੇ ਬੇਹੱਦ ਸਫਲ ਤਾਂ ਹੋਈ ਪਰ ਇਸ ਦਾ ਜਿੰਨਾ ਲਾਭ ਨਰਗਿਸ ਦੇ ਕੈਰੀਅਰ ਨੂੰ ਮਿਲਣਾ ਚਾਹੀਦਾ ਸੀ, ਓਨਾ ਮਿਲ ਨਹੀਂ ਸਕਿਆ। ਅਕਸ਼ੈ ਕੁਮਾਰ ਨੇ ਪਹਿਲਾਂ ‘ਖਿਲਾੜੀ 786’ ਲਈ ਨਰਗਿਸ ਨੂੰ ਸਾਈਨ ਕੀਤਾ ਸੀ ਪਰ ਫਿਰ ਅਸਿਨ ਨੂੰ ਲੈ ਲਿਆ। ਹੁਣ ਉਸ ਨੇ ਛੋਟੇ ਪਰਦੇ ਵੱਲ ਰੁਖ਼ ਕਰ ਲਿਆ ਹੈ। ਖ਼ਬਰ ਹੈ ਕਿ ਜਲਦੀ ਹੀ ਨਰਗਿਸ ਇਕ ਟੀਵੀ ਸ਼ੋਅ ਹੋਸਟ ਕਰੇਗੀ। ਇਸ ਦੇ ਨਾਲ ਹੀ ਉਸ ਨਾਲ ਅਕਸ਼ੈ ਕੁਮਾਰ ਨੇ ਅਚਾਨਕ ਆਪਣੇ ਪ੍ਰੋਡਕਸ਼ਨ ਦੀਆਂ ਤਿੰਨ ਫਿਲਮਾਂ ਲਈ ਇਕੱਠਾ ਕਰਾਰ ਕਰ ਲਿਆ ਹੈ। ਸ਼ੁਜਿਤ ਸਰਕਾਰ ਨੇ ਉਸ ਨੂੰ ‘ਮਦਰਾਸ ਕੈਫੇ’ ਲਈ ਵੀ ਸਾਈਨ ਕਰ ਲਿਆ ਹੈ।

Be the first to comment

Leave a Reply

Your email address will not be published.