ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਇਕ ਵਾਰ ਫਿਰ, ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਨਾਲ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਦੀ ਸਿਆਸਤ ਬਾਰੇ ਕਨਸੋਅ ਮਿਲ ਜਾਂਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀ, ਉਸ ਤੋਂ ਲਗਦਾ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਪਛਾੜ ਪੈ ਸਕਦੀ ਹੈ ਪਰ ਇਹ ਪਛਾੜ ਅੱਧੀ-ਅਧੂਰੀ ਹੀ ਰਹਿ ਗਈ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਵਿਰੋਧੀ ਧਿਰ ਮੁਕੰਮਲ ਇਕਜੁੱਟਤਾ ਦਾ ਮੁਜਾਹਰਾ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ।
ਵੱਡੀ ਪਾਰਟੀ, ਪੂਰੇ ਦੇਸ਼ ਵਿਚ ਹੋਂਦ ਦੇ ਮੱਦੇਨਜ਼ਰ ਅਤੇ ਸਮੁੱਚੇ ਦੇਸ਼ ਦੇ ਸਿਆਸੀ ਹਾਲਾਤ ਮੁਤਾਬਕ ਵਿਰੋਧੀ ਧਿਰ ਨੂੰ ਇਕੱਠਿਆਂ ਕਰਨ ਦੀ ਜਿੰਮੇਵਾਰੀ ਕਾਂਗਰਸ ਦੀ ਬਣਦੀ ਸੀ, ਜੋ ਇਹ ਕਾਮਯਾਬੀ ਨਾਲ ਨਿਭਾ ਨਾ ਸਕੀ। ਜਾਹਰ ਹੈ, ਇਸ ਦਾ ਅਸਰ ਅਗਲੀ ਸਰਕਾਰ ਉਤੇ ਪੈਣਾ ਹੀ ਪੈਣਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਨੇ ਜਿਸ ਤਰ੍ਹਾਂ ਦੀ ਘੁਸਪੈਠ ਕੇਂਦਰੀ ਸੰਸਥਾਵਾਂ ਵਿਚ ਕਰ ਲਈ ਹੈ, ਉਸ ਨੂੰ ਬਦਲਣ ਲਈ ਹੀ ਦਹਾਕੇ ਲੱਗ ਜਾਣੇ ਹਨ; ਉਹ ਵੀ ਤਾਂ ਜੇ ਕਿਸੇ ਸਿਆਸੀ ਧਿਰ ਨੇ ਇਸ ਨੂੰ ਬਦਲਣ ਲਈ ਮਿਥ ਕੇ ਕੋਈ ਕਾਰਵਾਈ ਅਰੰਭ ਕੀਤੀ। ਫਿਲਹਾਲ ਤਾਂ ਇਸ ਪਾਸੇ ਕਿਸੇ ਕਿਸਮ ਦੀ ਪੇਸ਼ਕਦਮੀ ਦੀ ਕੋਈ ਆਸ ਨਹੀਂ ਹੈ। ਸਿੱਟੇ ਵਜੋਂ, ਇਨ੍ਹਾਂ ਸੰਸਥਾਵਾਂ ਉਤੇ ਆਰæ ਐਸ਼ ਐਸ਼ ਮਾਰਕਾ ਸਿਆਸਤ ਦੀ ਮੋਹਰ-ਛਾਪ ਹੋਰ ਗੂੜ੍ਹੀ ਹੋਵੇਗੀ।
ਨਮੋਸ਼ੀ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਹਰ ਫਰੰਟ ਉਤੇ ਫੇਲ੍ਹ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦਾ ਰੁਤਬਾ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਬਿਨਾ ਸ਼ੱਕ, ਆਉਣ ਵਾਲੇ ਕੱਲ੍ਹ ਦੀ ਸਿਆਸਤ ਵਿਚ ਇਸ ਦੇ ਦੂਰਰਸ ਸਿੱਟੇ ਨਿਕਲਣਗੇ। ਪਿਛਲੇ ਪੰਜ ਸਾਲਾਂ ਦੌਰਾਨ ਜਿਸ ਤਰ੍ਹਾਂ ਘੱਟਗਿਣਤੀਆਂ, ਦਲਿਤਾਂ, ਲੋਕ-ਪੱਖੀ ਬੁੱਧੀਜੀਵੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਨੋਟ ਬੰਦੀ ਤੇ ਜੀæ ਐਸ਼ ਟੀæ ਦੇ ਮਾਮਲੇ ‘ਤੇ ਜਿੰਨਾ ਵਿਰੋਧ ਸਾਹਮਣੇ ਆਇਆ, ਬੇਰੁਜ਼ਗਾਰੀ ਦਾ ਜਿਸ ਤਰ੍ਹਾਂ 45 ਸਾਲਾ ਦਾ ਰਿਕਾਰਡ ਟੁੱਟਿਆ ਅਤੇ ਅਜਿਹੇ ਹੋਰ ਮੁੱਦਿਆਂ ਕਾਰਨ ਜਾਪਦਾ ਸੀ ਕਿ ਐਤਕੀਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਪਛਾੜ ਵੱਜੇਗੀ, ਪਰ ਠੁੱਕਦਾਰ ਵਿਰੋਧੀ ਧਿਰ ਦੀ ਅਣਹੋਂਦ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਅਸਲ ਵਿਚ ਸਮੁੱਚੀ ਵਿਰੋਧੀ ਧਿਰ ਵਿਚੋਂ ਤਾਂ ਕੀ, ਕਾਂਗਰਸ ਵਿਚੋਂ ਵੀ ਕੋਈ ਅਜਿਹਾ ਲੀਡਰ ਨਹੀਂ ਉਭਰ ਸਕਿਆ, ਜੋ ਸਾਰੀਆਂ ਵਿਰੋਧੀ ਧਿਰਾਂ ਨੂੰ ਇਕ ਮੰਚ ‘ਤੇ ਲੈ ਆਉਂਦਾ। ਸਭ ਨੂੰ ਆਪੇ ਦੀ ਵੱਧ ਚਿੰਤਾ ਸੀ ਅਤੇ ਇਸੇ ਆਪਾ-ਧਾਪੀ ਦਾ ਸਾਰੇ ਦਾ ਸਾਰਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਦੂਜੇ ਪਾਸੇ, ਨਰਿੰਦਰ ਮੋਦੀ ਅਤੇ ਉਸ ਦੇ ਜੋਟੀਦਾਰਾਂ ਨੇ ਰਾਸ਼ਟਰਵਾਦ ਅਤੇ ਦੇਸ਼ ਦੀ ਸੁਰੱਖਿਆ ਦੇ ਮਾਮਲੇ ਨੂੰ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਅੱਗੇ ਪੇਸ਼ ਕੀਤਾ, ਉਸ ਦਾ ਵਿਰੋਧੀ ਧਿਰ ਕੋਲ ਕੋਈ ਜ਼ੋਰਦਾਰ ਜਵਾਬ ਨਹੀਂ ਸੀ। ਇਸ ਮਾਮਲੇ ‘ਤੇ ਸਮੁੱਚੀ ਵਿਰੋਧੀ ਧਿਰ ਬਿਲਕੁੱਲ ਵਿਚਾਰੀ ਜਿਹੀ ਬਣ ਕੇ ਰਹਿ ਗਈ।
ਉਂਜ, ਇਸ ਪੱਖ ਤੋਂ ਪੰਜਾਬ ਦੀ ਸੁਰ ਰਤਾ ਵੱਖਰੀ ਰਹੀ ਹੈ; ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਪੰਜਾਬ ਅਤੇ ਸਿੱਖ ਵਿਰੋਧੀ ਸਿਆਸਤ ਕਾਰਨ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਅੱਗੇ ਬਿਨਾ ਸ਼ਰਤ ਗੋਡੇ ਟੇਕ ਚੁਕਾ ਹੈ। ਸਮੁੱਚੇ ਦੇਸ਼ ਵਿਚ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਸਿਆਸੀ ਧਿਰ ਹੈ ਜੋ ਭਾਰਤੀ ਜਨਤਾ ਪਾਰਟੀ ਨੂੰ ਇੰਨੇ ਸਾਲਾਂ ਤੋਂ ਬਿਨਾ ਸ਼ਰਤ ਹਮਾਇਤ ਦੇ ਰਹੀ ਹੈ। ਇਸ ਵਿਚ ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਹੇ ਬਾਦਲ ਪਰਿਵਾਰ ਦੇ ਨਿੱਜੀ ਹਿਤ ਜੁੜੇ ਹੋਏ ਹਨ। ਇਤਿਹਾਸ ਦੱਸਦਾ ਹੈ ਕਿ ਪਹਿਲਾਂ ਵਾਜਪਾਈ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਵੇਲੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕੀਤਾ ਗਿਆ ਅਤੇ ਫਿਰ ਮੋਦੀ ਸਰਕਾਰ ਵੇਲੇ ਵੀ ਸੀਨੀਅਰ ਆਗੂਆਂ ਨੂੰ ਪਛਾੜ ਕੇ ਕੇਂਦਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਗਿਆ। ਨਿੱਜੀ ਹਿਤਾਂ ਦੀ ਇਸ ਸਿਆਸਤ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂ ਐਨ ਸਮਝਦੇ ਹਨ, ਇਸੇ ਲਈ ਉਨ੍ਹਾਂ ਕਦੀ ਵੀ ਅਕਾਲੀ ਆਗੂਆਂ ਦੀ ਕਦੀ ਕੋਈ ਗੱਲ ਨਹੀਂ ਮੰਨੀ। ਅਜਿਹੇ ਵੇਲੇ ਵੀ ਆਏ ਸਨ ਕਿ ਜਦੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਨ ਪਰ ਅਕਾਲੀ ਆਗੂ ਪੰਜਾਬ ਦੀਆਂ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਨਾ ਮੰਨਵਾ ਸਕੇ।
ਦੇਸ਼ ਦੇ ਸਮੁੱਚੇ ਹਾਲਾਤ ਸੂਹ ਦਿੰਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿਚ ਜੋ ਸਿਆਸੀ, ਸਮਾਜਕ, ਧਾਰਮਿਕ ਮਾਹੌਲ ਬਣਿਆ ਹੈ, ਉਹ ਅਗਲੇ ਪੰਜ ਸਾਲ ਵੀ ਜਾਰੀ ਰਹੇਗਾ। ਹੁਣ ਦੇਖਣਾ ਸਿਰਫ ਇਹ ਹੈ ਕਿ ਅਜਿਹੇ ਮਾਹੌਲ ਵਿਚ ਵਿਰੋਧੀ ਧਿਰ ਕੀ ਭੂਮਿਕਾ ਨਿਭਾਉਂਦੀ ਹੈ। ਇਥੇ ਵਿਰੋਧੀ ਧਿਰ ਵਿਚ ਇਕੱਲੀਆਂ ਉਹ ਪਾਰਟੀਆਂ ਹੀ ਸ਼ਾਮਿਲ ਨਹੀਂ, ਜੋ ਸਿਰਫ ਚੋਣਾਂ ਵਿਚ ਹਿੱਸਾ ਲੈਂਦੀਆਂ ਹਨ, ਵਿਰੋਧੀ ਧਿਰ ਵਿਚ ਉਹ ਜੁਝਾਰੂ ਧਿਰਾਂ ਵੀ ਸ਼ਾਮਿਲ ਹਨ, ਜੋ ਗਾਹੇ-ਬਗਾਹੇ ਆਪਣੀ ਹਾਜ਼ਰੀ ਧੜੱਲੇ ਨਾਲ ਲੁਆਉਂਦੀਆਂ ਰਹੀਆਂ ਹਨ। ਅਸਲ ਵਿਚ ਹੁਣ ਮੁੱਖ ਆਸ ਇਨ੍ਹਾਂ ਜੁਝਾਰੂ ਧਿਰਾਂ ਤੋਂ ਹੀ ਹੈ। ਇਹ ਜੁਝਾਰੂ ਧਿਰਾਂ ਜੇ ਆਉਂਦੇ ਪੰਜ ਸਾਲਾਂ ਦੌਰਾਨ ਆਪਣਾ ਜੁਝਾਰੂਪਣ ਕਾਇਮ ਰੱਖ ਸਕੀਆਂ ਅਤੇ ਇਸੇ ਜੁਝਾਰੂਪਣ ਵਿਚੋਂ ਭਾਰਤੀ ਜਨਤਾ ਪਾਰਟੀ ਨੂੰ ਵੰਗਾਰ ਪਾ ਸਕੀਆਂ, ਤਾਂ ਪੰਜ ਸਾਲਾਂ ਬਾਅਦ ਦੇਸ਼ ਦਾ ਸਿਆਸੀ ਨਕਸ਼ਾ ਬਦਲਣ ਦੀ ਆਸ ਰੱਖੀ ਜਾ ਸਕਦੀ ਹੈ; ਨਹੀਂ ਤਾਂ ਜਿਸ ਢੰਗ ਨਾਲ ਰਵਾਇਤੀ ਸਿਆਸੀ ਪਾਰਟੀਆਂ ਸਿਰਫ ਚੋਣਾਂ ਲੜਨ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ, ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਖਿਲਾਫ ਕੋਈ ਲੜਾਈ ਵੀ ਸੀਮਤ ਹੀ ਰਹੇਗੀ। ਜਿੰਨਾ ਚਿਰ ਸੀਮਤ ਸਿਆਸਤ ਦਾ ਇਹ ਘੇਰਾ ਨਹੀਂ ਟੁੱਟਦਾ, ਭਾਰਤੀ ਜਨਤਾ ਪਾਰਟੀ ਅਤੇ ਆਰæ ਐਸ਼ ਐਸ਼ ਦੇ ਜਥੇਬੰਦ ਹਮਲੇ ਨੂੰ ਟੱਕਰ ਨਹੀਂ ਦਿੱਤੀ ਜਾ ਸਕਦੀ। ਇਹ ਟੱਕਰ ਕਿਸ ਪਾਸਿਓਂ ਉਠੇਗੀ, ਇਹ ਸਵਾਲ ਆਉਣ ਵਾਲੇ ਸਮੇਂ ਦੇ ਗਰਭ ਵਿਚ ਪਿਆ ਹੈ।