ਟਰੰਪ ਵੱਲੋਂ ਪਰਵਾਸ ਨੀਤੀ ‘ਚ ਵੱਡੀ ਤਬਦੀਲੀ ਦੀ ਤਿਆਰੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਮੀਗਰੇਸ਼ਨ ਨੀਤੀ ‘ਚ ਬਦਲਾਅ ਕਰਨ ਲਈ ਉਤਾਵਲੇ ਹਨ। ਉਹ ਵਿਦੇਸ਼ੀਆਂ ਲਈ ਮੌਜੂਦਾ ਪ੍ਰਣਾਲੀ ਦੀ ਬਜਾਏ ਮੈਰਿਟ ਆਧਾਰਿਤ ਪ੍ਰਣਾਲੀ ਨੂੰ ਤਰਜੀਹ ਦੇਣ ਦੇ ਪੱਖ ‘ਚ ਹਨ। ਮੌਜੂਦਾ ਪ੍ਰਣਾਲੀ ਤਹਿਤ ਪਰਿਵਾਰਕ ਰਿਸ਼ਤਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਕਦਮ ਨਾਲ ਗਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਰਾਹਤ ਮਿਲ ਸਕਦੀ ਹੈ। ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦੀ ਇਹ ਨਵੀਂ ਯੋਜਨਾ ਮੁੱਖ ਤੌਰ ‘ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਗਰੀਨ ਕਾਰਡ ਤੇ ਜਾਇਜ਼ ਸਥਾਈ ਨਿਵਾਸ ਪ੍ਰਣਾਲੀ ਨੂੰ ਸੁਧਾਰਨ ਉਤੇ ਕੇਂਦਰਤ ਹੈ ਤਾਂ ਜੋ ਯੋਗਤਾ, ਉਚ ਡਿਗਰੀ ਧਾਰਕ ਅਤੇ ਮੁਹਾਰਤ ਹਾਸਲ ਵਿਅਕਤੀਆਂ ਲਈ ਇਮੀਗਰੇਸ਼ਨ ਪ੍ਰਣਾਲੀ ਨੂੰ ਸਰਲ ਬਣਾਇਆ ਜਾ ਸਕੇ।

ਮੌਜੂਦਾ ਪ੍ਰਬੰਧ ਤਹਿਤ ਤਕਰੀਬਨ 66 ਫੀਸਦੀ ਗਰੀਨ ਕਾਰਡ ਉਨ੍ਹਾਂ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਪਰਿਵਾਰਕ ਸਬੰਧ ਹੋਣ ਅਤੇ ਸਿਰਫ 12 ਫੀਸਦੀ ਹੀ ਯੋਗਤਾ ਦੇ ਆਧਾਰ ‘ਤੇ ਗਰੀਨ ਕਾਰਡ ਦੇ ਹੱਕਦਾਰ ਬਣਦੇ ਹਨ। ਇਸ ਯੋਜਨਾ ਨੂੰ ਅਮਲ ‘ਚ ਲਿਆਉਣਾ ਅਜੇ ਮੁਸ਼ਕਲਾਂ ਭਰਿਆ ਕੰਮ ਹੈ ਕਿਉਂਕਿ ਕਾਂਗਰਸ ਇਸ ਮੁੱਦੇ ‘ਤੇ ਵੰਡੀ ਜਾ ਸਕਦੀ ਹੈ। ਰਾਸ਼ਟਰਪਤੀ ਆਪਣੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਇਸ ਮੁੱਦੇ ਉਤੇ ਸਮਝਾਉਣ ‘ਚ ਸਫਲ ਵੀ ਹੋ ਜਾਣ ਤਾਂ ਵੀ ਸੰਸਦ ਮੈਂਬਰ ਨੈਨਸੀ ਪੈਲੋਸੀ ਦੀ ਅਗਵਾਈ ਵਾਲੇ ਡੈਮੋਕਰੈਟ ਅਤੇ ਦੂਜੇ ਆਗੂ ਇਸ ਦੇ ਵਿਰੋਧ ‘ਚ ਖੜ੍ਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੋਗਤਾ ਅਤੇ ਅੰਕਾਂ ‘ਤੇ ਆਧਾਰਿਤ ਨਵੀਂ ਇਮੀਗਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਤਹਿਤ ਮੌਜੂਦਾ ਗਰੀਨ ਕਾਰਡ ਦੀ ਥਾਂ ‘ਤੇ ‘ਬਿਲਡ ਅਮਰੀਕਾ’ ਵੀਜ਼ਾ ਲਿਆਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਨੀਤੀ ਤਹਿਤ ਨੌਜਵਾਨਾਂ ਅਤੇ ਮੁਹਾਰਤ ਹਾਸਲ ਵਰਕਰਾਂ ਲਈ ਵੀਜ਼ਾ ਰਾਖਵਾਂਕਰਨ 12 ਫੀਸਦੀ ਤੋਂ ਵਧ ਕੇ 57 ਫੀਸਦੀ ਹੋ ਜਾਵੇਗਾ।
ਇਸ ਕਦਮ ਨਾਲ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਟਰੰਪ ਨੇ ਕਿਹਾ ਕਿ ਇਮੀਗਰੇਸ਼ਨ ਦੀ ਮੌਜੂਦਾ ਪ੍ਰਣਾਲੀ ਦੇਸ਼ ਭਰ ਦੀਆਂ ਪ੍ਰਤਿਭਾਵਾਂ ਨੂੰ ਬਰਕਰਾਰ ਰੱਖਣ ‘ਚ ਨਾਕਾਮ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਯੋਗਤਾ ਆਧਾਰਿਤ ਇਮੀਗਰੇਸ਼ਨ ਪ੍ਰਣਾਲੀ ਦੀ ਤਜਵੀਜ਼ ਰੱਖ ਰਹੇ ਹਨ ਜਿਸ ਤਹਿਤ ਉਮਰ, ਗਿਆਨ, ਰੁਜ਼ਗਾਰ ਦੇ ਮੌਕਿਆਂ ਦੇ ਆਧਾਰ ‘ਤੇ ਸਥਾਈ ਕਾਨੂੰਨੀ ਰਿਹਾਇਸ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਨਾਗਰਿਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਣ। ਇਸ ਤੋਂ ਇਲਾਵਾ ਪ੍ਰਸਤਾਵਿਤ ਪ੍ਰਣਾਲੀ ਤਹਿਤ ਅਮਰੀਕਾ ਆਉਣ ਵਾਲਿਆਂ ਨੂੰ ਅੰਗਰੇਜ਼ੀ ਸਿੱਖਣੀ ਹੋਵੇਗੀ ਅਤੇ ਦਾਖਲੇ ਤੋਂ ਪਹਿਲਾਂ ਨਾਗਰਿਕ ਸ਼ਾਸਤਰ (ਸਿਵਿਕਸ) ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ। ਅਮਰੀਕਾ ਹਰ ਸਾਲ ਕਰੀਬ 11 ਲੱਖ ਗਰੀਨ ਕਾਰਡ ਜਾਰੀ ਕਰਦਾ ਹੈ। ਟਰੰਪ ਦੀ ਇਮੀਗਰੇਸ਼ਨ ਨੀਤੀ ਨਾਲ ਭਾਰਤੀ ਮਾਹਿਰਾਂ ਨੂੰ ਲਾਭ ਹੋਵੇਗਾ ਜੋ ਔਸਤਨ ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਗਰੀਨ ਕਾਰਡ ਦੀ ਉਡੀਕ ਕਰ ਰਹੇ ਹਨ।
———————————
ਹੁਨਰਮੰਦ ਪਰਵਾਸੀਆਂ ਲਈ ਕੋਟੇ ‘ਚ ਭਾਰੀ ਵਾਧੇ ਦਾ ਐਲਾਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਨੇ ਇਮੀਗਰੇਸ਼ਨ ਸੁਧਾਰ ਪ੍ਰਸਤਾਵਾਂ ਨੂੰ ਜਾਰੀ ਕੀਤਾ, ਜੋ ਹੁਨਰਮੰਦ ਵਰਕਰਾਂ ਲਈ ਕੋਟਾ ਵਧਾਉਣਗੇ। ਟਰੰਪ ਨੇ ਕਿਹਾ ਕਿ ਅਸੀਂ ਸਭ ਤੋਂ ਵੱਡਾ ਬਦਲਾਅ ਹੁਨਰਮੰਦ ਪਰਵਾਸੀਆਂ ਦੇ ਕੋਟੇ ਦੇ ਅਨੁਪਾਤ ਨੂੰ 12 ਫੀਸਦੀ ਤੋਂ ਵਧਾ ਕੇ 57 ਫੀਸਦੀ ਕਰਨ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਅਸੀਂ ਹੋਰ ਅੱਗੇ ਜਾ ਸਕਦੇ ਹਾਂ। ਇਹ ਸਾਨੂੰ ਦੂਸਰੇ ਦੇਸ਼ਾਂ ਦੇ ਬਰਾਬਰ ਲਿਆਵੇਗਾ ਅਤੇ ਸਾਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ ਬਣਾਵੇਗਾ। ਪ੍ਰਸਤਾਵਿਤ ਸੁਧਾਰਾਂ ਤਹਿਤ ਪਰਵਾਸੀਆਂ ਨੂੰ ਦਾਖਲੇ ਤੋਂ ਪਹਿਲਾਂ ਅੰਗਰੇਜ਼ੀ ਸਿੱਖਣ ਅਤੇ ਸਿਵਿਕਸ ਪ੍ਰੀਖਿਆ ਪਾਸ ਕਰਨ ਦੀ ਜ਼ਰੂਰਤ ਹੋਵੇਗੀ।
———————————
ਭਾਰਤੀ ਪ੍ਰੋਫੈਸ਼ਨਲ ਨੂੰ ਐਚ-1ਬੀ ਵੀਜ਼ਾ ਨਾ ਦੇਣ ‘ਤੇ ਮੁਕੱਦਮਾ
ਵਾਸ਼ਿੰਗਟਨ: ਸਿਲੀਕੌਨ ਵੈਲੀ ਦੀ ਆਈਟੀ ਕੰਪਨੀ ਜ਼ੈਟਰਾ ਸੋਲਿਊਸ਼ਨਸ ਨੇ ਭਾਰਤੀ ਪ੍ਰੋਫੈਸ਼ਨਲ ਪ੍ਰਹਰਸ਼ ਚੰਦਰ ਸਾਈ ਵੈਂਕਟ ਅਨੀਸੇਟੀ ਨੂੰ ਐਚ-1ਬੀ ਵੀਜ਼ਾ ਦੇਣ ਤੋਂ ਇਨਕਾਰ ਕਰਨ ‘ਤੇ ਅਮਰੀਕੀ ਸਰਕਾਰ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਨੇ ਇਸ ਫੈਸਲੇ ਨੂੰ ਪੱਖਪਾਤੀ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੱਸਿਆ ਹੈ।
———————————
ਅਮਰੀਕਾ ਨੇ 52 ਪਾਕਿਸਤਾਨੀ ਵਾਪਸ ਭੇਜੇ
ਇਸਲਾਮਾਬਾਦ: ਅਮਰੀਕਾ ਵੱਲੋਂ 52 ਪਾਕਿਸਤਾਨੀਆਂ ਨੂੰ ਵਾਪਸ ਮੁਲਕ ਭੇਜ ਦਿੱਤਾ ਗਿਆ ਹੈ ਜੋ ਕਿ ਇਕ ਵਿਸ਼ੇਸ਼ ਜਹਾਜ਼ ਰਾਹੀਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਪਹੁੰਚੇ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੇਸ਼ ਦੀ ਰਾਸ਼ਟਰੀ ਅਸੈਂਬਲੀ ਦੀ ਵਿਦੇਸ਼ ਮਾਮਲਿਆਂ ਸਬੰਧੀ ਸਟੈਂਡਿੰਗ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਆਵਾਸ ਨਿਯਮਾਂ ਦੀ ਉਲੰਘਣਾ, ਅਪਰਾਧਿਕ ਬਿਰਤੀ ਤੇ ਹੋਰ ਗੰਭੀਰ ਦੋਸ਼ਾਂ ਦੇ ਆਧਾਰ ‘ਤੇ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ‘ਤੇ ਹਿਰਾਸਤ ਵਿਚ ਲੈਣ ਤੋਂ ਬਾਅਦ ਮਾਮਲਾ ਚਲਾਇਆ ਗਿਆ ਹੈ।