ਅੰਦਰੂਨੀ ਕਲੇਸ਼ ਵਿਚ ਉਲਝੀ ਪੰਜਾਬ ਕਾਂਗਰਸ

ਕੈਪਟਨ ਅਤੇ ਸਿੱਧੂ ਦਾ ਪਿਆ ਪੇਚਾ
ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਵਿਚ ਉਲਝ ਗਈ ਹੈ। ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦਰਮਿਆਨ ਮਿਲੀਭੁਗਤ ਦੇ ਲਗਾਏ ਇਲਜ਼ਾਮਾਂ ਤੋਂ ਬਾਅਦ ਸਿੱਧੂ ਨੂੰ ਪਾਰਟੀ ਅੰਦਰ ਚੁਫੇਰਿਉਂ ਘੇਰਾ ਪੈ ਗਿਆ ਹੈ। ਕਈ ਮੰਤਰੀਆਂ ਨੇ ਕੈਪਟਨ ਦੇ ਪੱਖ ਵਿਚ ਬਿਆਨ ਦਿੱਤੇ ਹਨ। ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੇ ਵੀ ਕੈਪਟਨ ਦੇ ਪੱਖ ਵਿਚ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਵਾਦ ਦੇ ਹੱਲ ਲਈ ਹਾਈਕਮਾਨ ਉਤੇ ਟੇਕ ਰੱਖ ਰਹੇ ਹਨ।

ਯਾਦ ਰਹੇ ਕਿ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ‘ਮਿਸ਼ਨ-13’ ਦਾ ਐਲਾਨ ਕਰਕੇ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ। ਸ਼ਾਇਦ ਹਾਲਾਤ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ਵਿਚ ਨਾ ਹੋਣ ਦੇ ਕਾਰਨ ਹੀ ਹਾਈ ਕਮਾਂਡ ਨੇ ਸਿੱਧੂ ਨੂੰ ਬਠਿੰਡਾ ਅਤੇ ਗੁਰਦਾਸਪੁਰ ਵਰਗੇ ਹਲਕਿਆਂ ਵਿਚ ਚੋਣ ਪ੍ਰਚਾਰ ਲਈ ਕਿਹਾ ਪਰ ਸਿੱਧੂ ਇਥੇ ਹੋਰ ਹੀ ਪਾਸੇ ਤੁਰ ਪਏ ਅਤੇ ਆਪਣੀ ਸਰਕਾਰ ਉਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਉਧਰ, ਕੈਪਟਨ ਦਾ ਇਹ ਕਹਿਣਾ ਕਿ ਸਿੱਧੂ ਉਨ੍ਹਾਂ ਦੀ ਥਾਂ ‘ਤੇ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।
ਪਤਾ ਲੱਗਾ ਹੈ ਕਿ ਕੈਪਟਨ ਤੇ ਸਿੱਧੂ ਵਿਚਾਲੇ ਤਿੱਖੇ ਹੋ ਰਹੇ ਟਕਰਾਅ ਦਾ ਹੱਲ ਕਾਂਗਰਸ ਹਾਈਕਮਾਂਡ ਹੀ ਕਰੇਗੀ। ਪਿਛਲੇ ਸਮਿਆਂ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਵਿਚਾਲੇ ਕਾਫੀ ਨੋਕ-ਝੋਕ ਹੋਈ ਸੀ ਤੇ ਬਿਨਾ ਕਿਸੇ ਕਾਰਵਾਈ ਦੇ ਮਾਮਲਾ ਖਤਮ ਹੋ ਗਿਆ ਸੀ। ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਟਿਕਟਾਂ ਦੇਣ ਦੇ ਮਾਮਲੇ ਵਿਚ ਪੱਖਪਾਤ ਕਰਨ ਦੇ ਮੁੱਦੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ‘ਤੇ ਤਿੱਖੇ ਹਮਲੇ ਕੀਤੇ ਸਨ। ਸੀਨੀਅਰ ਆਗੂ ਤੇ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਹੀ ਸਾਬਕਾ ਪ੍ਰਧਾਨ ਦੂਲੋ ਵਿਰੁਧ ਬਿਆਨਬਾਜ਼ੀ ਕੀਤੀ ਸੀ ਪਰ ਸਾਬਕਾ ਪ੍ਰਧਾਨ ਵੱਲੋਂ ਤਿੱਖਾ ਜੁਆਬ ਦੇਣ ਤੋਂ ਬਾਅਦ ਕੋਈ ਗੱਲ ਅੱਗੇ ਨਹੀਂ ਵਧੀ।

—————————————————-

ਯੂæ ਕੇæ ‘ਚ ਘਾਤਕ ਹਥਿਆਰਾਂ ਬਾਰੇ ਨਵੇਂ ਐਕਟ ‘ਚੋਂ ਕਿਰਪਾਨ ਬਾਹਰ
ਲੰਡਨ: ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਯੂæ ਕੇæ ‘ਚ ਘਾਤਕ ਹਥਿਆਰਾਂ ਬਾਰੇ ਨਵੇਂ ਐਕਟ ‘ਚੋਂ ਕਿਰਪਾਨ ਨੂੰ ਬਾਹਰ ਰੱਖਿਆ ਹੈ। ਬਰਤਾਨੀਆ ਵਿਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ‘ਚ ਪਾਸ ਹੋਇਆ।
ਮਹਾਰਾਣੀ ਐਲਿਜ਼ਾਬੈਥ (ਦੂਜੀ) ਵਲੋਂ ਬਿੱਲ ‘ਤੇ ਮੋਹਰ ਲਾ ਦਿਤੀ ਹੈ। ਬਿੱਲ ‘ਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ ‘ਤੇ ਇਸ ਦਾ ਕੋਈ ਅਸਰ ਨਾ ਪਏ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਅਸੀਂ ਕਿਰਪਾਨ ਦੇ ਮੁੱਦੇ ‘ਤੇ ਸਿੱਖਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਨਤੀਜੇ ਵਜੋਂ ਅਸੀਂ ਬਿੱਲ ‘ਚ ਸੋਧ ਕਰਕੇ ਇਹ ਯਕੀਨੀ ਬਣਾਇਆ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕਿਰਪਾਨਾਂ ਦੀ ਵਰਤੋਂ ਕਰ ਸਕਣ ਤੇ ਉਨ੍ਹਾਂ ਦੀ ਵਿਕਰੀ ਹੋ ਸਕੇ। ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ ‘ਚ ਆਵੇ ਤਾਂ ਕਿਰਪਾਨ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਵੱਡੀਆਂ ਕਿਰਪਾਨਾਂ, ਜਿਨ੍ਹਾਂ ਦਾ ਬਲੇਡ 50 ਸੈਂਟੀਮੀਟਰ ਤੋਂ ਵੱਧ ਹੁੰਦਾ ਹੈ, ਦੀ ਵਰਤੋਂ ਗੁਰਦੁਆਰਿਆਂ ‘ਚ ਧਾਰਮਿਕ ਸਮਾਗਮਾਂ ਅਤੇ ਗਤਕੇ ਦੌਰਾਨ ਕੀਤੀ ਜਾਂਦੀ ਹੈ। ਬਿੱਲ ‘ਚ ਸੋਧ ਨਾ ਹੋਣ ਕਰਕੇ ਪਹਿਲਾਂ ਇਹ ਕਿਰਪਾਨਾਂ ਵੀ ਉਸ ਦੇ ਘੇਰੇ ‘ਚ ਆਉਂਦੀਆਂ ਸਨ ਪਰ ਹੁਣ ਇਸ ‘ਤੇ ਸਹਿਮਤੀ ਬਣਨ ਕਰਕੇ ਸਿੱਖਾਂ ਨੂੰ ਰਾਹਤ ਮਿਲ ਗਈ ਹੈ।