ਦਲ ਖਾਲਸਾ ਵੱਲੋਂ ਜੱਗੀ ਜੌਹਲ ਤੇ ਨਜ਼ਰਬੰਦ ਸਿੰਘਾਂ ਦਾ ਕੇਸ ਤਬਦੀਲ ਕਰਨ ਦਾ ਵਿਰੋਧ

ਬਠਿੰਡਾ: ਦਲ ਖਾਲਸਾ ਵੱਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਨੂੰ ਪੰਜਾਬ ਤੋਂ ਦਿੱਲੀ ਤਬਦੀਲ ਕਰਨ, ਲੱਖਾ ਸਿਧਾਣਾ ‘ਤੇ ਝੂਠਾ ਕੇਸ ਦਰਜ ਕਰਨ, ਅਕਾਲੀ ਦਲ-ਭਾਜਪਾ ਤੇ ਕਾਂਗਰਸ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਦੇ ‘ਤੇ ਗੰਧਲੀ ਰਾਜਨੀਤੀ ਕਰਨ ਅਤੇ ਚੋਣ ਕਮਿਸ਼ਨ ਵੱਲੋਂ ਬੇਅਦਬੀ ਮਾਮਲੇ ਵਿਚ ਅੜਿੱਕਾ ਪਾਉਣ ਵਿਰੁੱਧ ਕਾਲੇ ਬੈਨਰ ਲੈ ਕੇ ਰੋਸ ਮਾਰਚ ਕੀਤਾ ਗਿਆ ਹੈ। ਇਸ ਮਾਰਚ ਵਿਚ ਮਾਲਵਾ ਯੂਥ ਫੈਡਰੇਸ਼ਨ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਮਾਰਚ ਗੁਰਦੁਆਰਾ ਗੁਰੂਸਰ ਮਹਿਰਾਜ ਤੋਂ ਆਰੰਭ ਹੋ ਕੇ ਗੁਰਦੁਆਰਾ ਹਾਜੀਰਤਨ ਹੁੰਦਾ ਹੋਇਆ ਡੀ.ਸੀ. ਦਫਤਰ ਪਹੁੰਚ ਕੇ ਸਮਾਪਤ ਹੋਇਆ।

ਮਾਰਚ ਦੇ ਪ੍ਰਬੰਧਕਾਂ ਨੇ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ‘ਤੇ ਇਲਜ਼ਾਮ ਲਾਇਆ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੰਬਰ ’84 ਮੌਕੇ ਹੋਈਆਂ ਮੌਤਾਂ ਦਾ ਸੰਵੇਦਨਸ਼ੀਲ ਮੁੱਦਾ ਉਛਾਲ ਕੇ ਸਿੱਖਾਂ ਦੀ ਪੀੜ ‘ਤੇ ਵਪਾਰ ਕਰ ਰਹੇ ਹਨ। ਦਲ ਖਾਲਸਾ ਨੇ ਚੋਣਾਂ ਦੇ ਬਾਈਕਾਟ ਦੇ ਆਪਣੇ ਫੈਸਲੇ ਨੂੰ ਮੁੜ ਦੁਹਰਾਇਆ ਅਤੇ ਸਪੱਸ਼ਟ ਕੀਤਾ ਕਿ ਉਹ ਲੋਕਤੰਤਰ ਦੇ ਖਿਲਾਫ ਨਹੀਂ ਹਨ ਪਰ ਸਵੈ-ਨਿਰਣੇ ਦੇ ਹੱਕ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿਚ ਹਿੱਸਾ ਲੈਣਾ ਬੇਅਰਥ ਹੈ। ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੋਵੇਂ ਹੀ ਪੰਜਾਬ ਅਤੇ ਸਿੱਖ ਵਿਰੋਧੀ ਪਾਰਟੀਆਂ ਹਨ। ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਮੋਦੀ ਨਿਜਾਮ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਨੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜਾਂਚ ਕਰ ਰਹੇ ਪੈਨਲ ਵਿਚੋਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾ ਕੇ ਬਾਦਲਾਂ ਦੀ ਸੇਵਾ ਕੀਤੀ ਹੈ।
ਸੁਪਰੀਮ ਕੋਰਟ ਵਲੋਂ ਐਨ.ਆਈ. ਏਜੰਸੀ ਦੀ ਦਰਖਾਸਤ ‘ਤੇ ਜੱਗੀ ਜੌਹਲ ਅਤੇ ਹੋਰਨਾਂ ਸਾਥੀਆਂ ਦਾ ਕੇਸ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਦਿੱਲੀ ਤਬਦੀਲ ਕਰਨ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਨਿਆਂ ਨੇ ਅਨਿਆਂ ਕੀਤਾ ਹੈ ਅਤੇ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਲਿਜਾਣ ਪਿੱਛੇ ਭਾਰਤ ਸਰਕਾਰ ਦੀ ਮੰਦ ਭਾਵਨਾ ਝਲਕ ਰਹੀ ਹੈ। ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ ਨੇ ਖਦਸ਼ਾ ਪ੍ਰਗਟਾਇਆ ਕਿ ਭਾਰਤ ਸਰਕਾਰ ਜੁਡੀਸ਼ਰੀ ਰਾਹੀਂ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਤੋੜਨ ਅਤੇ ਲੰਬਾ ਸਮਾਂ ਕੈਦ ਰੱਖਣ ਦੀ ਮਨਸ਼ਾ ਰੱਖਦੀ ਹੈ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਬਰਤਾਨੀਆ ਸਰਕਾਰ ਨੂੰ ਜੱਗੀ ਜੌਹਲ ਨਾਲ ਹੋ ਰਹੀ ਵਧੀਕੀ ਦਾ ਮਸਲਾ ਭਾਰਤ ਸਰਕਾਰ ਕੋਲ ਅਸਰਦਾਰ ਢੰਗ ਨਾਲ ਚੁੱਕਣ ਦੀ ਅਪੀਲ ਕੀਤੀ। ਦਲ ਖਾਲਸਾ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਕਾਰਜਕਰਤਾਵਾਂ ਨੇ ਲੱਖਾ ਸਿਧਾਣਾ ਵਿਰੁੱਧ ਦਰਜ ਐਫ਼ਆਈ.ਆਰ. ਖਾਰਜ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ।