ਪੰਜਾਬੀਆਂ ਦਾ ਸਿਆਸੀ ਧਿਰਾਂ ਤੋਂ ਭਰੋਸਾ ਉਠਿਆ, ਘੱਟ ਵੋਟ ਫੀਸਦੀ ‘ਤੇ ਉਠੇ ਸਵਾਲ

ਚੰਡੀਗੜ੍ਹ: ਪੰਜਾਬੀਆਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਹੱਕ ਦੇ ਇਸਤੇਮਾਲ ਵਿਚ ਬਹੁਤਾ ਉਤਸ਼ਾਹ ਨਹੀਂ ਵਿਖਾਇਆ। ਚੋਣ ਕਮਿਸ਼ਨ ਮੁਤਾਬਕ ਸੂਬੇ ‘ਚ 65.25 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਸਾਲ 2014 ਦੀਆਂ ਚੋਣਾਂ ਦੌਰਾਨ 70.79 ਫੀਸਦੀ ਵੋਟਾਂ ਭੁਗਤੀਆਂ ਸਨ ਪਰ ਇਸ ਵਾਰੀ ਵੋਟ ਪ੍ਰਤੀਸ਼ਤ ਘੱਟ ਕੇ 65.25 ਫੀਸਦੀ ਤੱਕ ਰਹਿ ਗਿਆ ਹੈ।

ਪੰਜਾਬ ਦੇ 13 ਸੰਸਦੀ ਹਲਕਿਆਂ ‘ਚ ਵੋਟਾਂ ਦੇ ਭੁਗਤਾਨ ਦੌਰਾਨ ਹਾਕਮ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਮਾਮੂਲੀ ਝੜਪਾਂ ਹੋਈਆਂ। ਚੋਣ ਕਮਿਸ਼ਨ ਮੁਤਾਬਕ ਸੂਬੇ ‘ਚ 65.25 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਪੰਜਾਬ ਵਿਚ 278 ਉਮੀਦਵਾਰ ਚੋਣ ਮੈਦਾਨ ਵਿਚ ਸਨ। ਬਠਿੰਡਾ ਹਲਕੇ ਦੇ ਤਲਵੰਡੀ ਸਾਬੋ ਕਸਬੇ ਵਿਚ ਕਾਂਗਰਸ ਆਗੂ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਰਾਮਪੁਰਾ ਫੂਲ ਵਿਚ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਅਕਾਲੀਆਂ ‘ਤੇ ਕਾਂਗਰਸ ਆਗੂਆਂ ਦੀ ਕੁੱਟਮਾਰ ਦੇ ਦੋਸ਼ ਲੱਗੇ ਹਨ। ਮੋਗਾ, ਲੁਧਿਆਣਾ ਅਤੇ ਪਟਿਆਲਾ ਦੇ ਕਈ ਪਿੰਡਾਂ ਵਿਚ ਵੀ ਮਾਮੂਲੀ ਝਗੜੇ ਅਤੇ ਹਿੰਸਾ ਦੀਆਂ ਰਿਪੋਰਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਕੁਝ ਸੰਸਦੀ ਹਲਕਿਆਂ ਵਿਚ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸਮੁੱਚਾ ਚੋਣ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ।
ਪੰਜਾਬ ਦੇ ਵੋਟਰਾਂ ਵਿਚ ਇਸ ਵਾਰ ਪਹਿਲਾਂ ਨਾਲੋਂ ਘੱਟ ਉਤਸ਼ਾਹ ਦੇਖਿਆ ਗਿਆ। ਸਾਲ 2014 ਦੀਆਂ ਚੋਣਾਂ ਦੌਰਾਨ 70.79 ਫੀਸਦੀ ਵੋਟਾਂ ਭੁਗਤੀਆਂ ਸਨ ਪਰ ਇਸ ਵਾਰੀ ਵੋਟ ਪ੍ਰਤੀਸ਼ਤ ਘੱਟ ਕੇ 65.25 ਫੀਸਦੀ ਤੱਕ ਰਹਿ ਗਿਆ ਹੈ। ਵੱਕਾਰ ਦਾ ਸੁਆਲ ਬਣੇ ਹਲਕਿਆਂ ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਗੁਰਦਾਸਪੁਰ ਵਿਚ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਵੋਟਾਂ ਪਈਆਂ ਹਨ। ਨਿਰੋਲ ਸ਼ਹਿਰੀ ਖੇਤਰਾਂ ਵਾਲੇ ਹਲਕੇ ਖਾਸ ਕਰਕੇ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵੋਟਰਾਂ ਵਿਚ ਘੱਟ ਉਤਸ਼ਾਹ ਦੇਖਿਆ ਗਿਆ। ਉਂਜ ਵੀ ਸ਼ਹਿਰੀ ਵੋਟਰਾਂ ਦੇ ਮੁਕਾਬਲੇ ਦਿਹਾਤੀ ਖੇਤਰ ਦੇ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਜ਼ਿਆਦਾ ਕੀਤੀ ਹੈ। ਵੋਟਰਾਂ ਵਿਚ ਸਵੇਰ ਦੇ ਸਮੇਂ ਵੋਟਾਂ ਪਾਉਣ ਦਾ ਰੁਝਾਨ ਤੇਜ਼ ਸੀ। ਦਿਨ ਚੜ੍ਹਦਿਆਂ ਹੀ ਪਿੰਡਾਂ ਵਿਚ ਪੋਲਿੰਗ ਬੂਥਾਂ ‘ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਦੁਪਹਿਰ 1 ਵਜੇ ਤੱਕ 37 ਫੀਸਦੀ ਵੋਟਾਂ ਦਾ ਭੁਗਤਾਨ ਹੋ ਗਿਆ ਸੀ। ਇਸ ਰੁਝਾਨ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਵੋਟਾਂ ਪੈਣ ਦੇ ਪੁਰਾਣੇ ਰਿਕਾਰਡ ਟੁੱਟ ਜਾਣਗੇ ਪਰ ਬਾਅਦ ਦੁਪਹਿਰ ਵੋਟਾਂ ਪਾਉਣ ਦਾ ਅਮਲ ਮੱਠਾ ਪੈਣਾ ਸ਼ੁਰੂ ਹੋ ਗਿਆ ਤੇ ਸ਼ਾਮ ਤੱਕ ਮਹਿਜ਼ 64.33 ਫੀਸਦੀ ਤੱਕ ਹੀ ਵੋਟਾਂ ਭੁਗਤ ਸਕੀਆਂ।
ਨੌਜਵਾਨਾਂ ਨੇ ਵੋਟਾਂ ਪਾਉਣ ‘ਚ ਜ਼ਿਆਦਾ ਰੁਚੀ ਦਿਖਾਈ। ਚੋਣ ਕਮਿਸ਼ਨ ਦੇ ਪ੍ਰਬੰਧਾਂ ਕਾਰਨ ਕਈ ਬੂਥਾਂ ‘ਤੇ ਅੰਗਹੀਣ ਵਿਅਕਤੀਆਂ ਨੇ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮੇਤ ਪਰਿਵਾਰ ਬਾਦਲ ਪਿੰਡ ਵਿੱਚ ਵੋਟਾਂ ਪਾਈਆਂ। ਪੰਜਾਬ ਦੇ ਜ਼ਿਆਦਾਤਰ ਹਲਕਿਆਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦਰਮਿਆਨ ਹੀ ਮੁਕਾਬਲਾ ਸੀ। ਚੋਣ ਕਮਿਸ਼ਨ ਵੱਲੋਂ ਭੁਗਤੀਆਂ ਵੋਟਾਂ ਦੀ ਜੋ ਪ੍ਰਤੀਸ਼ਤ ਜਾਰੀ ਕੀਤੀ ਗਈ ਹੈ, ਉਸ ਮੁਤਾਬਕ ਗੁਰਦਾਸਪੁਰ ਹਲਕੇ ਵਿਚ 69.27 ਫੀਸਦੀ, ਅੰਮ੍ਰਿਤਸਰ ‘ਚ 56.35 ਫੀਸਦੀ, ਖਡੂਰ ਸਾਹਿਬ ਵਿਚ 64.17 ਫੀਸਦੀ, ਜਲੰਧਰ ‘ਚ 62.92 ਫੀਸਦੀ, ਹੁਸ਼ਿਆਰਪੁਰ 61.21 ਫੀਸਦੀ, ਆਨੰਦਪੁਰ ਸਾਹਿਬ 64.05 ਫੀਸਦੀ, ਲੁਧਿਆਣਾ 61.52 ਫੀਸਦੀ, ਫਤਿਹਗੜ੍ਹ ਸਾਹਿਬ 65.65 ਫੀਸਦੀ, ਫਰੀਦਕੋਟ ਵਿਚ 62.74 ਫੀਸਦੀ, ਫਿਰੋਜ਼ਪੁਰ 67.76 ਫੀਸਦੀ, ਬਠਿੰਡਾ ਵਿਚ ਸਭ ਤੋਂ ਵੱਧ 73.90 ਫੀਸਦੀ, ਸੰਗਰੂਰ ਵਿਚ 70.74 ਫੀਸਦੀ ਅਤੇ ਪਟਿਆਲਾ ਵਿਚ 67.02 ਫੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਚੰਡੀਗੜ੍ਹ ਦੀ ਇਕੋ ਇਕ ਲੋਕ ਸਭਾ ਸੀਟ ‘ਤੇ 63.57 ਫੀਸਦੀ ਵੋਟਾਂ ਪਈਆਂ।
______________________________
120 ਸਾਲਾਂ ਦੇ ਗੰਗਾ ਰਾਮ ਤੇ ਸੌ ਸਾਲਾਂ ਦੀ ਸੰਤੋਖ ਕੌਰ ਨੇ ਵੋਟਾਂ ਪਾਈਆਂ
ਨੂਰਪੁਰਬੇਦੀ: ਪਿੰਡ ਬੜਵਾ ਵਿਚ 120 ਸਾਲਾਂ ਦੇ ਬਜ਼ੁਰਗ ਗੰਗਾ ਰਾਮ ਅਤੇ ਪਿੰਡ ਬਸੀ ਵਿਚ 100 ਸਾਲਾਂ ਦੀ ਬਜ਼ੁਰਗ ਔਰਤ ਸੰਤੋਖ ਕੌਰ ਨੇ ਮਤਦਾਨ ਕੀਤਾ ਤੇ ਹੋਰਨਾਂ ਨੂੰ ਵੀ ਇਸ ਲੋਕਤੰਤਰ ਪ੍ਰਕਿਰਿਆ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਪੋਲਿੰਗ ਬੂਥ ‘ਤੇ ਆਪਣੇ ਲੜਕੇ ਰਤਨ ਸਿੰਘ ਨਾਲ ਪਹੁੰਚੀ ਬੇਬੇ ਸੰਤੋਖ ਕੌਰ ਨੇ ਉਤਸ਼ਾਹਪੂਰਵਕ ਵੋਟ ਪਾਈ ਤੇ ਪਿੰਡ ਵਿਚ ਮਿਲਣ ਵਾਲੇ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਹੋਕਾ ਦਿੱਤਾ। ਇਸੇ ਤਰ੍ਹਾਂ ਖੁਦ ਚੱਲ ਕੇ ਮਤਦਾਨ ਕੇਂਦਰ ਪਹੁੰਚੇ ਬਜ਼ੁਰਗ ਗੰਗਾ ਰਾਮ ਨੇ ਵੀ ਮਤਦਾਨ ਕੀਤਾ। ਉਮਰ ਦੇ ਇਸ ਮੁਕਾਮ ‘ਤੇ ਪਹੁੰਚ ਕੇ 120 ਸਾਲਾ ਬਜ਼ੁਰਗ ਅਤੇ 100 ਸਾਲਾ ਬਜ਼ੁਰਗ ਔਰਤ ਵੱਲੋਂ ਦਿਖਾਏ ਗਏ ਉਤਸ਼ਾਹ ਨੇ ਪਿੰਡ ਵਾਸੀਆਂ ਤੇ ਨੌਜਵਾਨ ਪੀੜੀ ਵਿਚ ਵੀ ਮਤਦਾਨ ਕਰਨ ਲਈ ਜੋਸ਼ ਭਰਿਆ।
______________________________
ਹੁਸ਼ਿਆਰਪੁਰ ਹਲਕੇ ‘ਚ ਵੋਟਰਾਂ ਦਾ ਉਤਸ਼ਾਹ ਮੱਠਾ
ਹੁਸ਼ਿਆਰਪੁਰ: ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ 57 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 15.79 ਲੱਖ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 64.70 ਫੀਸਦੀ ਵੋਟਾਂ ਪੋਲ ਹੋਈਆਂ ਸਨ, ਜਿਸ ਤੋਂ ਸਪਸ਼ਟ ਹੈ ਕਿ ਇਸ ਵਾਰ ਲੋਕਾਂ ਵਿਚ ਵੋਟਾਂ ਪ੍ਰਤੀ ਉਤਸ਼ਾਹ ਕਾਫੀ ਘੱਟ ਰਿਹਾ। ਚੋਣ ਕਮਿਸ਼ਨ, ਸਥਾਨਕ ਪ੍ਰਸ਼ਾਸਨ ਅਤੇ ਪਾਰਟੀਆਂ ਵੱਲੋਂ ਕੀਤੀਆਂ ਅਪੀਲਾਂ ਦੇ ਬਾਵਜੂਦ ਲੋਕ ਵੋਟ ਪਾਉਣ ਨਹੀਂ ਗਏ। ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਨਲੋਈਆਂ ਚੌਕ ਵਿਚ ਬਣੇ ਪੋਲਿੰਗ ਬੂਥ ‘ਤੇ ਜਾ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਮਾਂਝੀ ਵਿਚ ਵੋਟ ਪਾਈ। ਆਮ ਆਦਮੀ ਪਾਰਟੀ ਦੇ ਡਾ. ਰਵਜੋਤ ਸਿੰਘ ਨੇ ਡੀ.ਡੀ.ਪੀ.ਓ. ਦਫਤਰ ਵਿਚ ਬਣੇ ਪੋਲਿੰਗ ਸਟੇਸ਼ਨ ‘ਤੇ ਵੋਟ ਪਾਈ।
______________________________
‘ਆਪ’ ਨੇ ਪਿੰਡਾਂ ਵਿਚ ਬੂਥ ਲਗਾਉਣ ਤੋਂ ਟਾਲਾ ਵੱਟਿਆ
ਫਤਹਿਗੜ੍ਹ ਸਾਹਿਬ: ਰਾਖਵਾਂ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿਚ ਪਿਛਲੀ ਵਾਰ ਲੋਕ ਸਭਾ ਚੋਣਾਂ ‘ਚ ਜੇਤੂ ਰਹੀ ਆਮ ਆਦਮੀ ਪਾਰਟੀ ਦਾ ਇਸ ਵਾਰ ਕਿਤੇ ਵੀ ਬੂਥ ਨਹੀਂ ਲੱਗਿਆ। ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਿਆਦਾਤਰ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹੀ ਬੂਥ ਦਿਖਾਈ ਦਿੱਤੇ। ਪੀ.ਡੀ.ਏ. ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਆਜ਼ਾਦ ਉਮੀਦਵਾਰਾਂ ਦੇ ਬੂਥ ਵੀ ਨਾ-ਮਾਤਰ ਸਨ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਹਲਕਾ ਫਤਹਿਗੜ੍ਹ ਸਾਹਿਬ ਵਿਚ ਬੂਥ ਨਾ ਲਗਾਉਣ ਦਾ ਫੈਸਲਾ ਲਿਆ। ਉਨ੍ਹਾਂ ਇਸ ਨੂੰ ਨਿਵੇਕਲੀ ਪਹਿਲਕਦਮੀ ਦੱਸਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਰਚੀਆਂ ਘਰੋ-ਘਰੀ ਪਹੁੰਚਾ ਦਿੱਤੀਆਂ ਗਈਆਂ ਸਨ, ਇਸ ਲਈ ਬੂਥ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਬੂਥ ਲਗਾਉਣ ਨਾਲ ਪਾਰਟੀਬਾਜ਼ੀ ਉੱਭਰਦੀ ਹੈ, ਜੋ ਸਮਾਜ ਲਈ ਘਾਤਕ ਹੈ।
______________________________
ਪਟਿਆਲਾ ‘ਚ ਨਸ਼ੇ ਵਰਤਾਉਣ ਲਈ ਅਮਰਿੰਦਰ ਜ਼ਿੰਮੇਵਾਰ: ਡਾ. ਗਾਂਧੀ
ਪਟਿਆਲਾ: ਸੰਸਦ ਮੈਂਬਰ ਤੇ ਪਟਿਆਲਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਵਿਚ ਨਸ਼ੇ ਵਰਤਾਉਣ ਦੇ ਖੁੱਲ੍ਹੇ ਭੇਦ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕਰਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੇ ਸਹੁੰ ਖਾ ਕੇ ਪੰਜਾਬ ਵਿਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਉਲਟਾ ਪੰਜਾਬ ਵਿਚ ਨਸ਼ੇ ਵਰਤਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਸਮਾਪਤ ਹੋਣ ਤੋਂ ਇਕ ਘੰਟਾ ਪਹਿਲਾਂ ਕਾਂਗਰਸੀਆਂ ਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜੋ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਮੌਕੇ ‘ਤੇ ਪੁੱਜ ਕੇ ਨਾਕਾਮਯਾਬ ਕਰ ਦਿੱਤੀ। ਡਾ. ਗਾਂਧੀ ਨੇ ਮੰਗ ਕਰਦਿਆਂ ਕਿਹਾ ਕਿ ਨਸ਼ਾ ਵਰਤਾਉਣ ਵਾਲਿਆਂ ਵਿਚ ਜਿਨ੍ਹਾਂ ਦਾ ਵੀ ਨਾਮ ਆਉਂਦਾ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।