ਪੰਜਾਬ ਦੇ ਭਖਵੇਂ ਮਸਲਿਆਂ ‘ਤੇ ਸਿਆਸੀ ਖਹਿਬਾਜ਼ੀ ਪਈ ਭਾਰੂ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਇਸ ਵਾਰ ਪੰਜਾਬ ਵਿਚ ਖੁੱਲ੍ਹ ਕੇ ਪ੍ਰਚਾਰ ਗਿਆ, ਪਰ ਸਿਆਸੀ ਖਹਿਬਾਜ਼ੀ ਨੇ ਪੰਜਾਬ ਦੇ ਭਖਵੇਂ ਮੁੱਦੇ ਨੁੱਕਰੇ ਲਾ ਦਿੱਤੇ ਅਤੇ ਪੰਜਾਬੀਆਂ ਦੇ ਪੱਲੇ ਮਹਿਜ਼ ਰੌਲਾ ਹੀ ਪਿਆ।

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਪੰਜਾਬ ਦੇ ਸਭ ਤੋਂ ਗੰਭੀਰ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੋਈ ਗੰਭੀਰ ਸੰਵਾਦ ਨਹੀਂ ਛੇੜਿਆ। ਰਾਹੁਲ ਗਾਂਧੀ ਕਾਂਗਰਸ ਦੀ ਸਰਕਾਰ ਬਣਨ ‘ਤੇ ਸਮੂਹ ਸੂਬਾ ਸਰਕਾਰਾਂ ਵਿਚਲੀਆਂ ਖਾਲੀ 22 ਲੱਖ ਅਸਾਮੀਆਂ ਭਰ ਕੇ ਨੌਕਰੀਆਂ ਦੇਣ ਦਾ ਅਜੀਬ ਦਾਅਵਾ ਕਰ ਰਹੇ ਹਨ ਕਿਉਂਕਿ ਆਪੋ-ਆਪਣੇ ਸੂਬੇ ਵਿਚ ਭਰਤੀ ਕਰਨ ਦਾ ਅਧਿਕਾਰ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਹੀ ਹੁੰਦਾ ਹੈ। ਦੂਜੇ ਪਾਸੇ ਸ੍ਰੀ ਮੋਦੀ ਵੀ ਇਸ ਗੰਭੀਰ ਮੁੱਦੇ ‘ਤੇ ਸੰਵਾਦ ਰਚਾਉਣ ਤੋਂ ਟਾਲਾ ਵੱਟਦੇ ਆ ਰਹੇ ਹਨ। ਇਸ ਤੋਂ ਇਲਾਵਾ ਨਸ਼ਿਆਂ ਦਾ ਮੁੱਦਾ ਵੀ ਕਿਸੇ ਕੌਮੀ ਆਗੂ ਦੀ ਜ਼ੁਬਾਨ ‘ਤੇ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਲਈ ਕਿਸਾਨੀ ਕਰਜ਼ੇ ਦੁਖਾਂਤ ਭਰਿਆ ਮੁੱਦਾ ਹੈ ਪਰ ਸ੍ਰੀ ਮੋਦੀ ਤੇ ਰਾਹੁਲ ਦੇ ਭਾਸ਼ਣਾਂ ਵਿਚੋਂ ਇਹ ਮੁੱਦਾ ਵੀ ਤਕਰੀਬਨ ਗਾਇਬ ਹੈ।
ਪੰਜਾਬ ਵਿਚ ਬੇਰੁਜ਼ਗਾਰੀ ਤੇ ਨਸ਼ੇ, ਅਮਨ-ਕਾਨੂੰਨ ਅਤੇ ਟਰੈਫਿਕ ਦੇ ਨਾਕਸ ਪ੍ਰਬੰਧਾਂ ਦੀਆਂ ਸਮੱਸਿਆਵਾਂ ਕਾਰਨ ਪੰਜਾਬੀ ਆਪਣੇ ਧੀਆਂ ਪੁੱਤਰਾਂ ਨੂੰ ਕਰਜ਼ੇ ਚੁੱਕ ਕੇ ਅਤੇ ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿਚ ਭੇਜ ਰਹੇ ਹਨ, ਜਿਸ ਕਾਰਨ ਪੰਜਾਬ ਦਾ ਭਵਿੱਖ ਤੇ ਸਰਮਾਇਆ ਗੁਆਚਦਾ ਜਾ ਰਿਹਾ ਹੈ ਪਰ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਸਮੇਤ ਪੰਜਾਬ ਦੇ ਸਿਆਸੀ ਆਗੂਆਂ ਦੇ ਚੋਣ ਪ੍ਰਚਾਰ ਵਿਚੋਂ ਇਹ ਮੁੱਦਾ ਵੀ ਗਾਇਬ ਹੈ। ਦਰਅਸਲ, ਪੰਜਾਬ ਵਿਚ ਪ੍ਰਧਾਨ ਮੰਤਰੀ ਸ੍ਰੀ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਰਗੇ ਕੌਮੀ ਆਗੂਆਂ ਦੀ ਨਿਰੰਤਰ ਆਮਦ ਕਾਰਨ ਇਥੋਂ ਦੇ ਸਿਆਸੀ ਲੀਡਰ, ਕੌਮੀ ਆਗੂਆਂ ਦੀਆਂ ਰੈਲੀਆਂ ਸਜਾਉਣ ਤੱਕ ਹੀ ਸੀਮਿਤ ਰਹੇ, ਜਿਸ ਕਾਰਨ ਸੂਬਾਈ ਲੀਡਰਾਂ ਨੂੰ ਵੀ ਪੰਜਾਬੀਆਂ ਦੇ ਮੁੱਦੇ ਗਾਇਬ ਕਰਨ ਦਾ ਬਹਾਨਾ ਮਿਲ ਗਿਆ ਹੈ। ਇਸ ਤੋਂ ਇਲਾਵਾ ਮੋਦੀ ਤੇ ਰਾਹੁਲ ਵੱਲੋਂ ਇਕ-ਦੂਸਰੇ ਵਿਰੁੱਧ ਨਿੱਜੀ ਹਮਲੇ ਕਰਨ ਤੱਕ ਹੀ ਸੀਮਿਤ ਰਹਿਣ ਕਾਰਨ ਚੋਣਾਂ ਦੇ ਅਖੀਰਲੇ ਪੜਾਅ ਤੱਕ ਪੰਜਾਬ ਦੇ ਮੁੱਦਿਆਂ ਉਪਰ ਸੰਜੀਦਗੀ ਨਾਲ ਬਹਿਸ ਨਹੀਂ ਹੋ ਸਕੀ।
ਮੋਦੀ ਅਤੇ ਰਾਹੁਲ ਦੀਆਂ ਚੋਣ ਰੈਲੀਆਂ ਵਿਚ ‘ਹੂਆ ਤੋ ਹੂਆ’, ‘ਮਿਲਾਵਟੀ ਗੱਠਜੋੜ’, ‘ਚੌਕੀਦਾਰ ਚੋਰ ਹੈ’ ਆਦਿ ਕੁਬੋਲਾਂ ਦਾ ਹੀ ਘੜਮੱਸ ਸੁਣਨ ਨੂੰ ਮਿਲਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੂਬੇ ਵਿਚ ਪ੍ਰਚਾਰ ਕੀਤਾ। ਉਨ੍ਹਾਂ ਵੱਲੋਂ ਨਸ਼ੇ ਦੇ ਮੁੱਦੇ ‘ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਕਾਰਨ ਉਹ ਵੀ ਨਸ਼ਿਆਂ ਦੇ ਮੁੱਦੇ ਉਪਰ ਚਰਚਾ ਕਰਨ ਤੋਂ ਬਚਦੇ ਰਹੇ। ਸ੍ਰੀ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਵੇਚ ਕੇ ਆਪਣੇ ਉਮੀਦਵਾਰਾਂ ਦਾ ਪਾਰ ਉਤਾਰਾ ਕਰਨ ਦਾ ਯਤਨ ਕਰਦੇ ਰਹੇ।
______________________
ਸਿਆਸੀ ਧਿਰਾਂ ਨੂੰ ਐਸ਼ਵਾਈ.ਐਲ਼ ਮੁੱਦੇ ਦਾ ਭੁੱਲਿਆ ਚੇਤਾ
ਪਟਿਆਲਾ: ਹਰਿਆਣਾ ਨੂੰ ਪਾਣੀ ਦੇਣ ਲਈ ਪੰਜਾਬ ‘ਚੋਂ ਕੱਢੀ ਗਈ ਸਤਲੁਜ ਯਮੁਨਾ ਲਿੰਕ ਨਹਿਰ (ਐਸ਼ਵਾਈ.ਐਲ਼) ਸ਼ੁਰੂ ਤੋਂ ਵਿਵਾਦਾਂ ‘ਚ ਘਿਰ ਜਾਣ ਕਰਕੇ ਅੱਜ ਤੱਕ ਨਹੀਂ ਚੱਲ ਸਕੀ। ਪੰਜਾਬ ਦੇ ਪਾਣੀਆਂ ਬਾਰੇ ਕਿਸੇ ਸਮੇਂ ਅੰਤਰਰਾਜੀ ਮੁੱਦਾ ਰਹੇ ਨਹਿਰੀ ਵਿਵਾਦ ਦਾ ਇਹ ਮਾਮਲਾ ਐਤਕੀਂ ਚੋਣਾਂ ‘ਚ ਉਭਰ ਨਹੀਂ ਸਕਿਆ। ਕਿਸੇ ਧਿਰ ਨੇ ਇਸ ਬਾਰੇ ਚਰਚਾ ਨਹੀਂ ਕੀਤੀ। ਇਸ ਮਾਮਲੇ ‘ਤੇ ਮੋਰਚੇ ਲਾਉਣ ਵਾਲੇ ਅਕਾਲੀਆਂ ਨੇ ਵੀ ਇਸ ਮੁੱਦੇ ਨੂੰ ਵਿਸਾਰ ਦਿੱਤਾ।
ਇਸ ਨਹਿਰੀ ਵਿਵਾਦ ਨੇ ਕਈ ਉਤਰਾਅ ਚੜ੍ਹਾਅ ਦੇਖੇ ਹਨ। ਹਰਿਆਣਾ ਨੂੰ ਪਾਣੀ ਦੇਣ ਲਈ 8 ਅਪਰੈਲ 1982 ਵਿਚ ਇਸ ਨਹਿਰ ਦਾ ਨੀਂਹ ਪੱਥਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਟਿਆਲਾ ਦੇ ਪਿੰਡ ਕਪੂਰੀ ਵਿਚ ਰੱਖਿਆ ਸੀ। ਅਕਾਲੀਆਂ ਨੇ ਨਹਿਰ ਖਿਲਾਫ ਕਪੂਰੀ ਮੋਰਚਾ ਸ਼ੁਰੂ ਕੀਤਾ, ਜੋ ਜਲਦੀ ਹੀ ਹਰਿਮੰਦਰ ਸਾਹਿਬ ਵਿਖੇ ਤਬਦੀਲ ਕਰ ਕੇ ਧਰਮਯੁੱਧ ਮੋਰਚੇ ਵਿਚ ਬਦਲ ਦਿੱਤਾ ਅਤੇ ਹਰਚੰਦ ਸਿੰਘ ਲੌਂਗੋਵਾਲ ਦੀ ਨਿਗਰਾਨੀ ਹੇਠਾਂ ਸੈਂਕੜੇ ਲੋਕ ਜੇਲ੍ਹ ਗਏ। ਇਹ ਮਾਮਲਾ ਆਨੰਦਪੁਰ ਮਤੇ ਦਾ ਹਿੱਸਾ ਵੀ ਬਣਿਆ। ਫੇਰ ਰਾਜੀਵ-ਲੌਂਗੋਵਾਲ ਸਮਝੌਤੇ ਮਗਰੋਂ ਮੋਰਚਾ ਭਾਵੇਂ ਸਮਾਪਤ ਹੋ ਗਿਆ, ਪਰ ਨਹਿਰ ਦਾ ਮਾਮਲਾ ਰੁਲ ਗਿਆ। 2016 ‘ਚ ਬਾਦਲ ਸਰਕਾਰ ਨੇ ਇਹ ਨਹਿਰ ਬੰਦ ਕਰਕੇ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਤੇ ਨਹਿਰ ਬੰਦ ਕਰਨ ਦੀ ਮੁਹਿੰਮ ਵਜੋਂ ਅਕਾਲੀ ਦਲ ਨੇ ਪਟਿਆਲਾ ਦੇ ਪਿੰਡ ਜਨਸੂਈ ਤੇ ਕਾਮੀ ਕਲਾਂ ਸਮੇਤ ਪੰਜਾਬ ‘ਚ ਹੋਰਨਾਂ ਥਾਵਾਂ ‘ਤੇ ਨਹਿਰ ਵਿਚ ਮਿੱਟੀ ਵੀ ਪਾਈ। ਪਰ ਇਹ ਮਾਮਲਾ ਵੀ ਅਦਾਲਤ ਚਲਾ ਗਿਆ।
______________________
ਮੋਦੀ ਦੇ ਨਾਂ ਦਾ ਹੀ ਹੋਕਾ ਦਿੰਦੇ ਰਹੇ ਬਾਦਲ
ਜਲੰਧਰ: ਲੋਕ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਤੋਂ ਪਾਸਾ ਵੱਟ ਕੇ ਮੋਦੀ ‘ਤੇ ਹੀ ਟੇਕ ਰੱਖੀ ਹੋਈ ਹੈ। ਰੇਡੀਓ ਰਾਹੀਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਵੋਟਾਂ ਦੀ ਅਪੀਲ ਵਿਚ ਉਨ੍ਹਾਂ ਨੇ ਪੰਥ ਦਾ ਨਾਂ ਤਾਂ ਕੀ ਲੈਣਾ ਸੀ, ਇਥੋਂ ਤੱਕ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ ਨਾ ਹੀ ਤੱਕੜੀ ਚੋਣ ਨਿਸ਼ਾਨ ਦਾ ਨਾਂ ਲਿਆ। ਉਨ੍ਹਾਂ ਆਪਣੀ ਅਪੀਲ ਵਿਚ ਇਹੋ ਹੀ ਗੱਲ ਜੋਰ ਦੇ ਕੇ ਕਹੀ ਕਿ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਮਲ ਦੇ ਫੁੱਲ ਵਾਲਾ ਬਟਨ ਦਬਾਉਣ ਅਤੇ ਉਨ੍ਹਾਂ ਦੀਆਂ ਸਹਿਯੋਗੀਆਂ ਪਾਰਟੀਆਂ ਨੂੰ ਵੋਟਾਂ ਪਾਉਣ।
ਪੰਥਕ ਹਲਕਿਆਂ ‘ਚ ਇਸ ਗੱਲ ਦੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਛੋਟੀਆਂ-ਵੱਡੀਆਂ ਚੋਣਾਂ ਵਿਚ ਪੰਥ ਦੇ ਨਾਂ ‘ਤੇ ਸਿਆਸਤ ਕਰਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਰ ਰੇਡੀਓ ‘ਤੇ ਕੀਤੀ ਅਪੀਲ ਵਿਚ ਇਕ ਵਾਰ ਵੀ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਤੱਕੜੀ ਚੋਣ ਨਿਸ਼ਾਨ ਦਾ ਜ਼ਿਕਰ ਨਹੀਂ ਕੀਤਾ। ਇਹ ਵੀ ਪਹਿਲੀ ਵਾਰ ਹੈ ਕਿ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ। ਪੰਜਾਬ ਦਾ ਬੁੱਧੀਜੀਵੀ ਵਰਗ ਇਹ ਸੋਚ ਰਿਹਾ ਹੈ ਕਿ ਸ਼ਤਾਬਦੀ ਪੂਰੀ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਤੋਂ ਮਾੜੀ ਕਦੇ ਨਹੀਂ ਹੋਈ।