ਮੋਦੀ ਨੂੰ ਕਲੀਨ ਚਿੱਟ ਮਾਮਲੇ ‘ਤੇ ਚੋਣ ਕਮਿਸ਼ਨ ‘ਚ ਅੰਦਰੂਨੀ ਜੰਗ ਭਖੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ‘ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ‘ਚ ਦਿੱਤੀ ਕਲੀਨ ਚਿੱਟ ਕਾਰਨ ਚੋਣ ਕਮਿਸ਼ਨ ਦੇ ਅੰਦਰਲੇ ਮਤਭੇਦ ਸਾਹਮਣੇ ਆ ਰਹੇ ਹਨ। ਜਿਥੇ ਕਲੀਨ ਚਿੱਟ ਦੇਣ ਦੇ ਬਹੁਮਤ ਦੇ ਫੈਸਲੇ ਨਾਲ ਇਤਫਾਕ ਨਾ ਰੱਖਣ ਵਾਲੇ ਚੋਣ ਕਮਿਸ਼ਨ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ, ਉਥੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਹੁੰਦੇ ਰਹੇ ਹਨ ਪਰ ਉਸ ਵੇਲੇ ਅੰਦਰੂਨੀ ਸ਼ਿਕਾਇਤਾਂ ਨੂੰ ਸੰਸਥਾ ਦੇ ਅੰਦਰ ਹੀ ਨਿਪਟਾਇਆ ਜਾਂਦਾ ਰਿਹਾ ਹੈ।

ਘੱਟ ਗਿਣਤੀ ਦੇ ਫੈਸਲੇ ਨੂੰ ਅਣਗੌਲੇ ਜਾਣ ਤੋਂ ਨਾਰਾਜ਼ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਲਵਾਸਾ ਨੇ ਘੱਟ ਗਿਣਤੀ ਦੇ ਫੈਸਲੇ ਨੂੰ ਰਿਕਾਰਡ ‘ਤੇ ਨਾ ਲਏ ਜਾਣ ਉਤੇ ਨਾਰਾਜ਼ਗੀ ਦਾ ਇਜ਼ਹਾਰ ਪ੍ਰਗਟਾਉਂਦਿਆਂ ਕਿਹਾ ਕਿ ਮੀਟਿੰਗ ‘ਚ ਜਾਣ ਦਾ ਕੋਈ ਮਤਲਬ ਨਹੀਂ ਹੈ। ਇਸ ਲਈ ਉਹ ਦੂਜੇ ਕਿਸੇ ਹੱਲ ‘ਤੇ ਵਿਚਾਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਸ਼ੋਕ ਲਵਾਸਾ ਨੇ 4 ਮਈ ਨੂੰ ਲਿਖੀ ਚਿੱਠੀ ‘ਚ ਦਾਅਵਾ ਕੀਤਾ ਸੀ ਕਿ ਜਦੋਂ ਤੋਂ ਘੱਟ ਗਿਣਤੀ ਨੂੰ ਰਿਕਾਰਡ ਨਹੀਂ ਕੀਤਾ ਗਿਆ, ਉਸ ਸਮੇਂ ਤੋਂ ਉਨ੍ਹਾਂ ਨੂੰ ਕਮਿਸ਼ਨ ਦੀ ਮੀਟਿੰਗ ਤੋਂ ਦੂਰ ਰਹਿਣ ਲਈ ਦਬਾਅ ਬਣਾਇਆ ਗਿਆ। ਲਵਾਸਾ ਨੇ ਇਹ ਵੀ ਕਿਹਾ ਸੀ ਕਿ ਉਸ ਸਮੇਂ ਤੋਂ ਹੀ ਕਮਿਸ਼ਨ ‘ਚ ਹੋਏ ਵਿਚਾਰ-ਵਟਾਂਦਰੇ ‘ਚ ਉਨ੍ਹਾਂ ਦੀ ਭਾਗੀਦਾਰੀ ਦਾ ਕੋਈ ਅਰਥ ਨਹੀਂ।
ਲਵਾਸਾ ਨੇ ਚਿੱਠੀ ‘ਚ ਇਹ ਵੀ ਕਿਹਾ ਕਿ ਉਨ੍ਹਾਂ ਲਈ ਨੋਟਿਸ ‘ਚ ਰਿਕਾਰਡਿੰਗ ਦੀ ਪਾਰਦਰਸ਼ਿਤਾ ਦੀ ਲੋੜ ਲਈ ਕਿਹਾ ਗਿਆ ਸੀ। ਚਿੱਠੀ ‘ਚ ਉਨ੍ਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਚੋਣ ਕਮਿਸ਼ਨ ਵੰਡਿਆ ਹੋਇਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਲਵਾਸਾ ਦੀ ਨਾਰਾਜ਼ਗੀ ‘ਤੇ ਬਿਆਨ ਕਰਦਿਆਂ ਕਿਹਾ ਕਿ ਵਿਵਾਦ ਤੋਂ ਬਿਹਤਰ ਹੈ ਖਾਮੋਸ਼ੀ। ਅਰੋੜਾ ਨੇ ਕਿਹਾ ਕਿ ਕਮੇਟੀ ਦੇ ਤਿੰਨੇ ਮੈਂਬਰ ਇਕ-ਦੂਜੇ ਦਾ ਕਲੋਨ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਇਸ ਨੂੰ ਟਾਲਿਆ ਜਾ ਸਕਦਾ ਸੀ। ਅਰੋੜਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ‘ਚ ਆਪਸ ‘ਚ ਇਕ-ਦੂਜੇ ਦੇ ਨਜ਼ਰੀਏ ਵੱਖ-ਵੱਖ ਰਹੇ ਹਨ। ਚੋਣ ਜ਼ਾਬਤੇ ਦੇ ਮਾਮਲਿਆਂ ਨੂੰ ਲੈ ਕੇ ਇਸ ਮਾਮਲੇ ‘ਚ ਦੂਜੇ ਕਾਨੂੰਨੀ ਤਰੀਕਿਆਂ ‘ਚ ਵਿਚਾਰ ਕਰਨ ਦੀ ਵੀ ਗੱਲ ਕੀਤੀ ਸੀ।
________________________
ਮੋਦੀ ਦਾ ਪਿੱਠੂ ਬਣ ਚੁੱਕੈ ਚੋਣ ਕਮਿਸ਼ਨ: ਕਾਂਗਰਸ
ਲਵਾਸਾ ਦੀ ਪ੍ਰਤੱਖ ਹੋਈ ਨਾਰਾਜ਼ਗੀ ‘ਤੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਸ ‘ਤੇ ਸੰਸਥਾਵਾਂ ਦੀ ਸੁਤੰਤਰਤਾ ਖਤਮ ਕਰਨ ਦਾ ਇਲਜ਼ਾਮ ਲਾਇਆ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵਿੱਟਰ ਰਾਹੀਂ ਕਿਹਾ ਕਿ ਚੋਣ ਕਮਿਸ਼ਨ ਹੈ ਜਾਂ ਚੂਕ ਕਮਿਸ਼ਨ। ਸੂਰਜੇਵਾਲਾ ਨੇ ਅਸ਼ੋਕ ਲਵਾਸਾ ਦੀ ਨਰਾਜ਼ਗੀ ਦੀ ਖਬਰ ਸਾਂਝੀ ਕਰਦਿਆਂ ਇਸ ਨੂੰ ਲੋਕਤੰਤਰ ਲਈ ਇਕ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਮੋਦੀ ਦਾ ਪਿੱਠੂ ਬਣ ਚੁੱਕਾ ਹੈ।
________________________
ਲਵਾਸਾ ਦਾ ਪ੍ਰਤੀਕਰਮ ਬੇਲੋੜਾ: ਅਰੋੜਾ
ਨਵੀਂ ਦਿੱਲੀ: ਚੋਣ ਜ਼ਾਬਤੇ ਦੇ ਕੇਸਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਲਾਂਭੇ ਕਰਨ ਦੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਵੱਲੋਂ ਲਏ ਫੈਸਲੇ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਵਿਚਾਰਾਂ ਵਿਚ ਵਖਰੇਵਾਂ ਹੋਣਾ ਕੁਦਰਤੀ ਵਰਤਾਰਾ ਹੈ ਅਤੇ ਮੈਂਬਰ ਇਕ ਦੂਜੇ ਦੇ ‘ਕਲੋਨ’ ਨਹੀਂ ਹੋ ਸਕਦੇ। ਚੋਣ ਕਮਿਸ਼ਨਰ ਸ੍ਰੀ ਲਵਾਸਾ ਵੱਲੋਂ ਆਪਣੇ ਆਪ ਨੂੰ ਚੋਣ ਕਮਿਸ਼ਨ ਕੋਲ ਆਈਆਂ ਆਦਰਸ਼ ਚੋਣ ਜ਼ਾਬਤੇ ਦੀਆਂ ਉਲੰਘਣਾ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਤੋਂ ਲਾਂਭੇ ਕਰ ਲੈਣ ਦੇ ਫੈਸਲੇ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਇਹ ਫੈਸਲਾ ‘ਬੇਲੋੜਾ’ ਸੀ ਅਤੇ ਇਸ ਨੂੰ ਟਾਲਿਆ ਜਾ ਸਕਦਾ ਸੀ।