ਦੋ ਮਹਾਨ ਕਲਾਕਾਰਾਂ ਦੀ ਪੰਜਾਬੀ ਗਾਇਕੀ ਨੂੰ ਦੇਣ

-ਸਵਰਨ ਸਿੰਘ ਟਹਿਣਾ
ਪਿਛਲੇ ਕਈ ਦਿਨਾਂ ਤੋਂ ਮਨ ਬਹੁਤ ਉਦਾਸ ਏ। ਗਾਇਕੀ ਖੇਤਰ ਦੀਆਂ ਦੋ ਸਿਰਮੌਰ ਸ਼ਖਸੀਅਤਾਂ, ਜਿਨ੍ਹਾਂ ਵਿਚੋਂ ਇੱਕ ਦਾ ਪਰਿਵਾਰ ਵੰਡ ਦੇ ਉਜਾੜੇ ਕਾਰਨ ਓਧਰੋਂ ਏਧਰ ਜਲੰਧਰ ਆਣ ਵਸਿਆ ਤੇ ਉਸ ਨੇ ਜ਼ਿੰਦਗੀ ਨਿਰਬਾਹ ਲਈ ਗਾਇਕੀ ਖੇਤਰ ਨੂੰ ਅਜਿਹਾ ਚੁਣਿਆ ਕਿ ਇਹੀ ਉਸ ਦਾ ਹਾਸਲ ਬਣ ਗਿਆ। ਉਸ ਦੇ ਤੁਰ ਜਾਣ ਨਾਲ ਮਨ ਮਸੋਸਿਆ ਗਿਐ ਤੇ ਦੂਜੀ ਉਹ, ਜਿਹੜੀ ਲਹਿੰਦੇ ਪੰਜਾਬ ਵਿਚਲੇ ਲਾਹੌਰ ਦੇ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਜੰਗ ਲੜ ਰਹੀ ਏ। ਕੋਈ ਵਿਰਲਾ-ਟਾਂਵਾਂ ਉਹਦਾ ਪਤਾ ਲੈਣ ਜਾਂਦੈ ਤੇ ਹੱਡੀਆਂ ਦੀ ਮੁੱਠ ਬਣ ਚੁੱਕੇ ਸਰੀਰ ਵੱਲ ਦੇਖ ਉਸ ਦੇ ਕੱਲ੍ਹ ਤੇ ਅੱਜ ਵਿਚਲਾ ਅੰਤਰ ਸਾਫ਼ ਦਿਸਣ ਲੱਗਦੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਸੀ ਸਾਂਝ ਬਾਰੇ ਜਿੰਨਾ ਲਿਖਿਆ ਜਾਵੇ, ਘੱਟ ਏ ਪਰ ਜਦੋਂ ਦੋਹਾਂ ਪਾਸਿਆਂ ਦੇ ਕਲਾਕਾਰਾਂ ‘ਤੇ ਵਕਤ ਦਾ ਝੱਖੜ ਝੁੱਲਦਾ ਏ ਤਾਂ ਸੂਖਮ ਭਾਵੀ ਲੋਕਾਂ ਦਾ ਪਿਘਲਣਾ ਕੁਦਰਤੀ ਏ।
ਜਿਨ੍ਹਾਂ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ‘ਚੋਂ ਇੱਕ ਏ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ। ਉਸ ਨਾਲ ਮੇਲ ਕਦੇ ਨਹੀਂ ਹੋਇਆ, ਬਸ ਗੀਤਾਂ ਜ਼ਰੀਏ ਇੰਜ ਜਾਪਿਐ ਜਿਵੇਂ ਉਸ ਨਾਲ ਪਰਿਵਾਰਕ ਸਾਂਝ ਹੋਵੇ। ਭੋਲ਼ੇ ਚਿਹਰੇ, ਸਾਦੀਆਂ ਗੱਲਾਂ, ਮੂੰਹ ਫੱਟ ਬੋਲਾਂ ਵਾਲੀ ਰੇਸ਼ਮਾ ਕਦਰਦਾਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਜਾਪਦੀ ਏ। ਉਸ ਦੀ ਉਦਾਸੀ ਵਾਲੀਆਂ ਮੁਲਾਕਾਤਾਂ ਵੱਖ-ਵੱਖ ਟੀæਵੀæ ਚੈਨਲਾਂ ਤੋਂ ਕਈ ਵਾਰ ਦੇਖੀਆਂ ਨੇ, ਜਿਨ੍ਹਾਂ ‘ਚ ਉਹ ਆਪਣਾ ਦਰਦ ਬਿਆਨ ਕਰਦੀ ਰਹੀ ਏ, ਪਰ ਅੱਜ ਉਸ ਦੀ ਹਾਲਤ ਏਨੀ ਨਾਜ਼ੁਕ ਏ ਕਿ ਕਿਸੇ ਵੀ ਵੇਲ਼ੇ ਕੋਈ ਮਾੜੀ ਖ਼ਬਰ ਆ ਸਕਦੀ ਏ। ਫ਼ਨ ਤੇ ਦੀਨ ਦੁਨੀਆਂ ਦੇ ਝਮੇਲਿਆਂ ਨੂੰ ਭੁੱਲ ਕੈਂਸਰ ਨਾਲ ਜੂਝਦੀ ਉਹ ਲਾਹੌਰ ਦੇ ਇੱਕ ਹਸਪਤਾਲ ‘ਚ ਇਲਾਜ ਅਧੀਨ ਏ। ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਅਖ਼ਬਾਰ ਉਸ ਦੀ ਹਾਲ ਬਿਆਨੀ ਕਰ ਰਹੇ ਨੇ, ਸ਼ੌਕਤ ਅਲੀ ਸਮੇਤ ਪਾਕਿਸਤਾਨ ਦੇ ਕਈ ਮਸ਼ਹੂਰ ਗਾਇਕ ਉਸ ਦਾ ਹਾਲ-ਚਾਲ ਪੁੱਛਣ ਹਸਪਤਾਲ ਗਏ, ਜਿਨ੍ਹਾਂ ਦੀਆਂ ਖ਼ਬਰਾਂ ਵੀ ਬਣੀਆਂ ਤੇ ਸਭ ਦੀਆਂ ਨਮ ਅੱਖਾਂ ਇਹ ਦੱਸਣ ਲਈ ਕਾਫੀ ਸਨ ਕਿ ਕੁਦਰਤ ਅਜਿਹਾ ਕਹਿਰ ਵੈਰੀ-ਦੁਸ਼ਮਣ ‘ਤੇ ਵੀ ਨਾ ਵਰਸਾਏ।
ਪੜ੍ਹਨਾ-ਲਿਖਣਾ ਰੇਸ਼ਮਾ ਦੇ ਹਿੱਸੇ ਨਾ ਆਇਆ, ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ, ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇਕ ਚੈਨਲ ‘ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘ਪਹਿਲੀ ਵਾਰ ਜਦੋਂ ਇਕ ਅਖ਼ਬਾਰ ‘ਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈæææਪਰ ਫੇਰ ਹੌਲੀ-ਹੌਲੀ ਰੇਡੀਓ ‘ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ‘ਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏæææਲੋਕ ਰੇਸ਼ਮਾææਰੇਸ਼ਮਾ ਕਹਿ ਵਡਿਆਉਣ ਲੱਗ ਗਏ।’
ਕੁਝ ਸਾਲ ਪਹਿਲਾਂ ਉਸ ਨੂੰ ਡਾਕਟਰਾਂ ਦੱਸਿਆ ਕਿ ਤੁਹਾਨੂੰ ਕੈਂਸਰ ਏ ਤੇ ਉਦੋਂ ਤੋਂ ਗਾਉਣਾ ਲਾਂਭੇ ਹੋ ਗਿਆ। ਇਲਾਜ ਚੱਲਣ ਲੱਗਾ ਤੇ ਕੈਂਸਰ ਦੇ ਮਰੀਜ਼ ਦਾ ਹਾਲ ਕੀਮੋਥਰੈਪੀਆਂ ਤੇ ਹੋਰ ਪ੍ਰਣਾਲੀਆਂ ਵਿਚੋਂ ਗੁਜ਼ਰਦਿਆਂ ਕੇਹਾ ਹੋ ਜਾਂਦੈ, ਸਭ ਜਾਣਦੇ ਹੀ ਨੇ। ਦੁੱਖ ਹੈ ਕਿ ਕੈਂਸਰ ਦਾ ਇਹ ਚੰਦਰਾ ਰੋਗ ਕੀਮਤੀ ਜਾਨਾਂ ਖਾ ਰਿਹੈ। ਕਿੰਨੇ ਹੀ ਆਮ ਤੇ ਖਾਸ ਲੋਕ ਇਸ ਦੀ ਭੇਟ ਚੜ੍ਹ ਚੁੱਕੇ ਨੇ। ਕੁਝ ਸਮਾਂ ਪਹਿਲਾਂ ਗਾਇਕਾ ਪਰਮਿੰਦਰ ਸੰਧੂ ਤੇ ਫੇਰ ਉਘੇ ਗਾਇਕ ਕਰਨੈਲ ਗਿੱਲ ਦੀ ਅਖੀਰ ਦਾ ਕਾਰਨ ਵੀ ਇਹ ਬਿਮਾਰੀ ਹੀ ਬਣੀ।
ਪਾਕਿਸਤਾਨੀ ਸਰਕਾਰ ਨੇ ਰੇਸ਼ਮਾ ਦਾ ਇਲਾਜ ਆਪਣੇ ਪੱਧਰ ‘ਤੇ ਕਰਾਉਣ ਦੀ ਗੱਲ ਕਹੀ ਏ ਤੇ ਉਸ ਨੂੰ ਦਸ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਚਨ ਵੀ ਕੀਤਾ ਏ। ਸਭ ਦੀਆਂ ਦੁਆਵਾਂ ਉਸ ਦੇ ਨਾਲ ਹਨ, ਪਰ ਰੋਗ ਦੇ ਇਸ ਪੜਾਅ ‘ਤੇ ਦੁਆਵਾਂ ਤੇ ਦਵਾਵਾਂ ਬਹੁਤਾ ਅਸਰ ਨਹੀਂ ਕਰਦੀਆਂ। ਇਹ ਸਭ ਲਿਖਦਿਆਂ ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾਦਮ ਮਸਤ ਕਲੰਦਰ’ ਗੀਤ ਚੇਤੇ ‘ਚ ਆ ਰਹੇ ਨੇ।
ਰੇਸ਼ਮਾ ਬਿਮਾਰੀ ਨਾਲ ਲੜ ਰਹੀ ਏ ਤੇ ਉਸ ਦੇ ਹਾਲਾਤ ਬਾਰੇ ਗਾਹੇ-ਬਗਾਹੇ ਖ਼ਬਰਾਂ ਛਪ ਰਹੀਆਂ ਨੇ, ਪਰ ਜਲੰਧਰ ਵਿਚ ਪਿਛਲੇ ਦਿਨੀਂ ਆਪਣੇ ਵੇਲੇ ਦੇ ਮਹਾਨ ਗਾਇਕ 96 ਸਾਲਾ ਮਿਲਖੀ ਰਾਮ ਮਿਲਖੀ ਦੇ ਅਚਾਨਕ ਪਏ ਵਿਛੋੜੇ ਨੇ ਝੰਬ ਸੁੱਟਿਐ। ਕੁਝ ਦਿਨ ਪਹਿਲਾਂ ਹੀ ਮੈਂ ਉਨ੍ਹਾਂ ਨੂੰ ਮਿਲ ਕੇ ਆਇਆ ਸਾਂ। ਬੜੀ ਮੁਸ਼ਕਲ ਨਾਲ ਉਨ੍ਹਾਂ ਦਾ ਘਰ ਲੱਭਿਆ ਸੀ ਤੇ ਗੱਲੀਂਬਾਤੀਂ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬੇ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਸੀ। ਪਤਲਾ-ਪਤੰਗ ਸਰੀਰ, ਹਰ ਗੱਲ ‘ਤੇ ‘ਰੱਬ-ਰੱਬ’ ਕਹਿਣ ਵਾਲੇ ਮਿਲਖੀ ਰਾਮ ਅਛੋਪਲੇ ਜਹੇ ਇੰਜ ਤੁਰ ਜਾਣਗੇ, ਇਸ ਦਾ ਯਕੀਨ ਉਨ੍ਹਾਂ ਦੇ ਘਰੋਂ ਮਿਲੀ ਖ਼ਬਰ ਤੋਂ ਬਾਅਦ ਵੀ ਨਹੀਂ ਹੋ ਰਿਹਾ।
ਉਨ੍ਹਾਂ ਵਾਰ-ਵਾਰ ਇਹ ਗੱਲ ਕਹੀ ਸੀ, ‘ਸਾਰੀ ਉਮਰ ਚੰਗਾ ਗਾਇਆ ਮੈਂæææਕਦੇ ਕਿਸੇ ਦਾ ਮਾੜਾ ਨਹੀਂ ਕੀਤਾæææਵਿਆਹਾਂ ‘ਚ ਸਿਹਰੇ ਪੜ੍ਹ ਕੇ, ਗਾਇਕਾਵਾਂ ਨਾਲ ਗਾ-ਗਾ, ਸਮਾਗਮਾਂ ‘ਚ ਪੇਸ਼ਕਾਰੀਆਂ ਦੇ-ਦੇ ਪਰਿਵਾਰ ਪਾਲਿਆ। ਪਰ ਕਦੇ ਇਖਲਾਕ ਤੋਂ ਡਿੱਗੀ ਗੱਲ ਨਹੀਂ ਕੀਤੀ। ਹੁਣ ਪੁੱਤ ਗਾਉਂਦੇ ਨੇ, ਸਭ ਦਾ ਸੋਹਣਾ ਕੰਮ ਏ। ਸਰੀਰ ਪੂਰਾ ਰਿਸ਼ਟ-ਪੁਸ਼ਟ ਏ, ਕੋਈ ਚਿੰਤਾ ਨਹੀਂæææਇਕ ਮੁੰਡਾ ਸੰਗੀਤ ਦਾ ਪ੍ਰੋਫ਼ੈਸਰ ਸੀ ਦਿੱਲੀ, ਉਹ ਵਿਚਾਰਾ ਚਲਾਣਾ ਕਰ ਗਿਆ ਸੀ, ਬੜਾ ਦੁੱਖ ਰਹਿੰਦੈ ਏਸ ਦਾ ਮੈਨੂੰæææ’ ਤੇ ਕੁਝ ਦਿਨਾਂ ਮਗਰੋਂ ਉਹ ਖੁਦ ਚੱਲ ਵਸੇ।
96 ਸਾਲ ਦੀ ਉਮਰ ਥੋੜ੍ਹੀ ਨਹੀਂ ਹੁੰਦੀ, ਪਰ ਅਚਾਨਕ ‘ਹੈ’ ਤੋਂ ‘ਸੀ’ ਹੋ ਜਾਣਾ ਝੰਜੋੜ ਛੱਡਦੈ। ਉਨ੍ਹਾਂ ਦੇ ਪੁੱਤ ਦੇ ਦੱਸਣ ਮੁਤਾਬਕ, ‘ਰਾਤ ਨੂੰ ਡੈਡੀ ਦੇ ਪੇਟ ‘ਚ ਥੋੜ੍ਹਾ ਦਰਦ ਹੋਇਆ, ਅਸੀਂ ਹਸਪਤਾਲ ਲੈ ਗਏ, ਉਨ੍ਹਾਂ ਗੁਲੂਕੋਜ਼ ਚੜ੍ਹਾਇਆæææਸ਼ਾਇਦ ਉਹ ਮਾਫ਼ਕ ਨਾ ਆਇਆ ਤੇ ਉਹ ਚੜ੍ਹਾਈ ਕਰ ਗਏ।’
ਮਿਲਖੀ ਵਰਗੇ ਕਲਾਕਾਰ, ਜਿਨ੍ਹਾਂ ਨੂੰ ਇਸ ਗੱਲ ਦਾ ਥੋੜ੍ਹਾ ਮਲਾਲ ਰਹਿੰਦੈ ਕਿ ਉਮਰ ਦੇ ਇਸ ਪੜਾਅ ‘ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਤੇ ਬਚੀ ਜ਼ਿੰਦਗੀ ਗੁੰਮਨਾਮੀ ਵਿਚ ਹੀ ਗੁਜ਼ਰ ਜਾਂਦੀ ਏ, ਬਾਬਤ ਬਹੁਤ ਕੁਝ ਜ਼ਿਹਨ ‘ਚ ਆਉਣ ਲੱਗਦੈ। ਕਾਸ਼, ਅਸੀਂ ਕਲਾ ਦੇ ਸੱਚੇ ਦਿਲੋਂ ਕਦਰਦਾਨ ਬਣ ਜਾਈਏ, ਜਿਹੜੇ ਲੋਕ ਸਾਡਾ ਮਨੋਰੰਜਨ ਕਰਦੇ ਰਹੇ ਨੇ, ਆਖਰੀ ਵੇਲੇ ਉਨ੍ਹਾਂ ਦੀ ਸਾਰ ਲਈਏ।
ਕਲਾਕਾਰ, ਜਿਨ੍ਹਾਂ ਦੀ ਮਖਮਲੀ ਅਵਾਜ਼ ਕਦੇ ਚੇਤੇ ਦੀ ਚੰਗੇਰ ‘ਚੋਂ ਉਤਰ ਨਹੀਂ ਸਕਦੀ, ਉਨ੍ਹਾਂ ਦੀ ਗੁੰਮਨਾਮੀ ਰੁਆ ਛੱਡਦੀ ਏ। ਉਸ ਨਾਲੋਂ ਵੀ ਵੱਡਾ ਦੁੱਖ ਇਸ ਦਾ ਏ ਕਿ ਨਵੇਂ ਕਲਾਕਾਰਾਂ ‘ਚੋਂ ਬਹੁਤਿਆਂ ਦਾ ਸਵੱਛਤਾ ਨਾਲ ਕੋਈ ਸਬੰਧ ਨਹੀਂ।

Be the first to comment

Leave a Reply

Your email address will not be published.