ਚੋਣ ਜ਼ਾਬਤਾ: ਡਰੱਗਜ਼ ਬਰਾਮਦਗੀ ‘ਚ ਪੰਜਾਬ ਦਾ ਚੌਥਾ ਨੰਬਰ

ਪਟਿਆਲਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਈ ਗਈ ਚੌਕਸੀ ਦੌਰਾਨ ਦੋ ਮਹੀਨਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਹੋਈ ਬਰਾਮਦਗੀ ‘ਚ ਪੰਜਾਬ ਦਾ ਚੌਥਾ ਨੰਬਰ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਪੱਖੋਂ ਪੰਜਾਬ ਦੂਜੇ ਨੰਬਰ ‘ਤੇ ਹੈ। 10 ਮਾਰਚ ਤੋਂ 14 ਮਈ ਤੱਕ ਪੰਜਾਬ ਭਰ ਵਿਚੋਂ 8051 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਿਨ੍ਹਾਂ ਦੀ ਕੀਮਤ ਤਕਰੀਬਨ 218 ਕਰੋੜ ਹੈ, ਜਿਸ ਵਿਚ ਹੈਰੋਇਨ, ਸਮੈਕ, ਅਫੀਮ, ਭੁੱਕੀ ਤੇ ਨਸ਼ੀਲੀਆਂ ਗੋਲੀਆਂ ਸ਼ਾਮਲ ਹਨ। ਇਸ ਵਿਚ ਕੌਮਾਂਤਰੀ ਸਰਹੱਦ ਤੋਂ ਹੋਈ ਬਰਾਮਦਗੀ ਵੀ ਸ਼ਾਮਲ ਹੈ। ਇਹ ਅੰਕੜਾ ਪੰਜਾਬ ਸਰਕਾਰ ਵੱੱਲੋਂ ਨਸ਼ੀਲੇ ਪਦਾਰਥਾਂ ਦੀ ‘ਸਪਲਾਈ ਲਾਈਨ ਤੋੜਨ’ ਦੇ ਦਾਅਵਿਆਂ ‘ਤੇ ਵੀ ਸਵਾਲੀਆ ਨਿਸ਼ਾਨ ਲਾਉਂਦਾ ਹੈ।

ਜ਼ਿਕਰਯੋਗ ਹੈ ਕਿ ਇਹ ਤੱਥ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ‘ਤੇ ਆਧਾਰਿਤ ਹਨ, ਜਿਸ ਮੁਤਾਬਕ ਦੇਸ਼ ਅੰਦਰ ਸਭ ਤੋਂ ਵੱਧ, 22,324 ਕਿਲੋ ਨਸ਼ੀਲੇ ਪਦਾਰਥ ਯੂਪੀ ਵਿਚੋਂ ਬਰਾਮਦ ਹੋਏ, ਜਿਨ੍ਹਾਂ ਦੀ ਕੀਮਤ 26.14 ਕਰੋੜ ਹੈ। ਦੂਜਾ ਸਥਾਨ ਮੱਧ ਪ੍ਰਦੇਸ਼ ਦਾ ਹੈ, ਜਿਥੋਂ 10.12 ਕਰੋੜ ਦੇ 16,532 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ। 15,386 ਕਿਲੋ (9.9 ਕਰੋੜ ਦੇ) ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਮਹਾਰਾਸ਼ਟਰ ਤੀਜੇ ਨੰਬਰ ‘ਤੇ ਆਉਂਦਾ ਹੈ। ਜਦਕਿ ਪੰਜਾਬ ਦਾ ਚੌਥਾ ਨੰਬਰ ਹੈ। ਇਥੋਂ 217.93 ਕਰੋੜ ਦੇ 8051 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜਦਕਿ ਗੁਜਰਾਤ ਵਿਚੋਂ ਸਭ ਤੋਂ ਵੱਧ 524.24 ਕਰੋੜ ਮੁੱਲ ਦੇ 56.99 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ। ਐਸ਼ਟੀ.ਐਫ਼ ਦੀ ਏ.ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਦਾ ਕਹਿਣਾ ਸੀ ਕਿ ਇਸ ਬਰਾਮਦਗੀ ਨਾਲ ਪੰਜਾਬ ਚੌਥੇ ਨੰਬਰ ‘ਤੇ ਹੈ, ਪਰ ਬਰਾਮਦਗੀ ਘਟਦੀ ਜਾ ਰਹੀ ਹੈ। ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਡਰੱਗਜ਼ ਭੇਜਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਤੇ ਸਰਹੱਦ/ਸਰਹੱਦੀ ਖੇਤਰ ਵਾਲੀ ਬਰਾਮਦਗੀ ਨਾਲ ਮਿਕਦਾਰ ਹੋਰ ਵਧ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਐਸ਼ਟੀ.ਐਫ਼ ਸਰਗਰਮੀ ਨਾਲ ਕੰਮ ਕਰ ਰਹੀ ਹੈ। ਤਸਕਰ ਜ਼ਮਾਨਤ ਕਰਵਾਉਣ ‘ਚ ਲਾਹਾ ਨਾ ਲੈ ਸਕਣ, ਜਿਸ ਕਰਕੇ ਚਲਾਨ ਪੇਸ਼ ਕਰਨ ਪ੍ਰਤੀ ਵੀ ਪੂਰੀ ਸੰਜੀਦਗੀ ਵਰਤੀ ਜਾ ਰਹੀ ਹੈ। 41 ਮਾਮਲਿਆਂ ‘ਚ 20 ਕਰੋੜ ਦੀ ਜਾਇਦਾਦ ਵੀ ਅਟੈਚ ਕਰਵਾਈ ਗਈ ਹੈ।
ਉਧਰ, ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਨਸ਼ਿਆਂ ਦਾ ਖਾਤਮਾ ਸਰਕਾਰ ਦਾ ਮੁੱਖ ਟੀਚਾ ਹੈ। ਜਿਸ ਤਹਿਤ ਤਸਕਰ ਜੇਲ੍ਹ ਡੱਕੇ ਹਨ ਤੇ ਅਨੇਕਾਂ ਨੌਜਵਾਨਾਂ ਦਾ ਮੁਫਤ ਇਲਾਜ ਕਰਵਾਇਆ ਹੈ। ਪੀ.ਡੀ.ਏ. ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੇ ਸਰਕਾਰ ਦੇ ਅੰਕੜੇ ਸਪਲਾਈ ਲਾਈਨ ਤੋੜਨ ਦੇ ਦਾਅਵਿਆਂ ਨੂੰ ਝੁਠਲਾਉਂਦੇ ਹਨ।
_____________________
ਜ਼ਾਬਤੇ ਦੀ ਉਲੰਘਣਾ ਦੀਆਂ 2060 ਸ਼ਿਕਾਇਤਾਂ
ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ ਦਫਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ 2060 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚੋਂ 1762 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ 298 ਸ਼ਿਕਾਇਤਾਂ ਵਿਚਾਰ ਅਧੀਨ ਹਨ। ਸੂਬੇ ਦੇ ਮੁੱਖ ਚੋਣ ਅਫਸਰ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਤੋਂ 181 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 164 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 17 ਸ਼ਿਕਾਇਤਾਂ ਵਿਚਾਰ ਅਧੀਨ ਹਨ। ਇਸੇ ਤਰ੍ਹਾਂ ਪੁਲਿਸ ਨਾਲ ਸਬੰਧਿਤ 325 ਸ਼ਿਕਾਇਤਾਂ ਪ੍ਰਾਪਤ ਹੋਇਆਂ ਹਨ ਜਦਕਿ ਪੁਲੀਸ ਵਿਰੁੱਧ 149 ਸ਼ਿਕਾਇਤਾਂ ਮਿਲੀਆਂ ਹਨ। ਇਸੇ ਤਰ੍ਹਾਂ ਕਰ ਤੇ ਆਬਕਾਰੀ ਵਿਭਾਗ ਨਾਲ ਸਬੰਧਿਤ 20 ਸ਼ਿਕਾਇਤਾਂ, ਪੇਂਡੂ ਅਤੇ ਪੰਚਾਇਤੀ ਵਿਕਾਸ ਵਿਭਾਗ ਨਾਲ ਸਬੰਧਿਤ 77, ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ 79 ਅਤੇ ਹੋਰ ਵਿਭਾਗਾਂ ਨਾਲ ਸਬੰਧਿਤ 1157 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।