ਬਠਿੰਡਾ: ਬਠਿੰਡਾ ਸੰਸਦੀ ਹਲਕੇ ਦੀ ਚੋਣ ਐਤਕੀਂ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਲਈ ਵੱਧ ਵਕਾਰੀ ਜਾਪਦੀ ਹੈ। ਜਦੋਂ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਤੇ ਦੂਜੀ ਵਾਰ ਚੋਣ ਲੜੀ ਸੀ ਤਾਂ ਉਦੋਂ ਕਮਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਹੁੰਦੀ ਸੀ। ਐਤਕੀਂ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੀ ਕਮਾਨ ਸ੍ਰੀ ਮਜੀਠੀਆ ਕੋਲ ਰਹੀ ਹੈ।
ਉਨ੍ਹਾਂ ਨੇ ਅੰਮ੍ਰਿਤਸਰ ਹਲਕੇ ਤੋਂ ਵੱਧ ਸਮਾਂ ਬਠਿੰਡਾ ਹਲਕੇ ਨੂੰ ਦਿੱਤਾ। ਵੱਡੇ ਬਾਦਲ ਇਸ ਵਾਰ ਚੋਣ ਪ੍ਰਚਾਰ ਦੇ ਮੋਹਰੀ ਸੀਨ ਤੋਂ ਕਿਨਾਰੇ ‘ਤੇ ਨਜ਼ਰ ਆਏ, ਜੋ ਪਹਿਲਾਂ ਦਿਨ-ਰਾਤ ਚੋਣ ਪ੍ਰਚਾਰ ‘ਚ ਜੁਟਦੇ ਰਹੇ ਹਨ। ਫਸੇ ਗੱਡੇ ਕਿਵੇਂ ਕੱਢਣੇ ਨੇ, ਵੱਡੇ ਬਾਦਲ ਤੋਂ ਵੱਧ ਕੋਈ ਨਹੀਂ ਜਾਣਦਾ। ਬਠਿੰਡਾ ਹਲਕੇ ‘ਚ ਨਵੇਂ ਚਰਚੇ ਛਿੜੇ ਹਨ ਕਿ ਵੱਡੇ ਬਾਦਲ ਪਹਿਲਾਂ ਵਾਂਗ ਬਠਿੰਡਾ ਚੋਣ ਵਿਚ ਪੱਬਾਂ ਭਾਰ ਕਿਉਂ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਬਠਿੰਡਾ ਆਏ ਸਨ ਤੇ ਉਸ ਦਿਨ ਉਹ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਵੀ ਮਿਲੇ ਸਨ। ਉਸ ਮਗਰੋਂ ਵੱਡੇ ਬਾਦਲ ਬਠਿੰਡਾ ਤੇ ਮਾਨਸਾ ਸ਼ਹਿਰ ਵਿਚ ਕਿਤੇ ਵੀ ਨਜ਼ਰ ਨਹੀਂ ਆਏ। ਹਾਲਾਂਕਿ ਇਨ੍ਹਾਂ ਸ਼ਹਿਰਾਂ ਦੇ ਹਿੰਦੂ ਭਾਈਚਾਰੇ ‘ਚ ਵੱਡੇ ਬਾਦਲ ਦੀ ਗੱਲ ਸੁਣੀ ਜਾਂਦੀ ਹੈ। ਜਦੋਂ ਵਿਹਲ ਮਿਲੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਸਿਆਂ ਨੂੰ ਹੀ ਸੰਬੋਧਨ ਕੀਤਾ।
ਵੱਡੇ ਬਾਦਲ ਤੇ ਸੁਖਬੀਰ ਬਾਦਲ ਤੋਂ ਵੱਧ ਸਮਾਂ ਮਜੀਠੀਆ ਨੇ ਬਠਿੰਡਾ ਹਲਕੇ ਵਿਚ ਦਿੱਤਾ। ਭਾਵੇਂ ਵੱਡੇ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਅਗੇਤੀ ਮੁਹਿੰਮ ਵਿੱਢੀ ਸੀ ਪਰ ਪੁਰਾਣੀ ਭੂਮਿਕਾ ਵਿਚ ਐਤਕੀਂ ਉਹ ਨਜ਼ਰ ਨਹੀਂ ਆਏ। ਪਿੰਡਾਂ ਵਿਚ ਵੀ ਆਖਰੀ ਪੜਾਅ ‘ਤੇ ਕੁਝ ਦਿਨ ਚੋਣ ਜਲਸੇ ਕੀਤੇ। ਵੱਡੀ ਚਰਚਾ ਇਹ ਵੀ ਹੈ ਕਿ ਵੱਡੇ ਬਾਦਲ ਤੇ ਸ੍ਰੀ ਮਜੀਠੀਆ ਕਿਤੇ ਵੀ ਸਿਆਸੀ ਸਟੇਜ ਉਤੇ ਇਕੱਠੇ ਨਜ਼ਰ ਨਹੀਂ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੀ ਮਜੀਠੀਆ ਕਿਤੇ ਅੱਗੇ ਨਹੀਂ ਦਿਖਾਈ ਦਿੱਤੇ। ਹੁਣ ਜਦੋਂ ਮਜੀਠੀਆ ਦੇ ਹੱਥ ਕਮਾਨ ਰਹੀ ਹੈ, ਤਾਂ ਚੋਣ ਨਤੀਜੇ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਣਾ ਸੁਭਾਵਿਕ ਹੈ।
ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ। ਉਸ ਨੇ ਵੋਟਰਾਂ ਨਾਲ ਸੰਪਰਕ ਬਣਾਉਣ ਦੀ ਜ਼ਿਆਦਾ ਕੋਸ਼ਿਸ਼ ਕੀਤੀ। ਇਹ ਗੱਲ ਸਮਝੋਂ ਬਾਹਰ ਹੈ ਕਿ ਦਿਨ-ਰਾਤ ਪ੍ਰਚਾਰ ‘ਚ ਜੁਟਣ ਮਗਰੋਂ ਵੋਟਾਂ ਵਾਲੇ ਦਿਨ ਹਰਸਿਮਰਤ ਕੌਰ ਬਾਦਲ ਪੂਰਾ ਦਿਨ ਕਿਸੇ ਵੀ ਪੋਲਿੰਗ ਬੂਥ ‘ਤੇ ਗੇੜਾ ਮਾਰਨ ਨਹੀਂ ਆਏ। ਤਲਵੰਡੀ ਸਾਬੋ ਤੇ ਬੁਢਲਾਡਾ ਵਿਚ ਹਿੰਸਕ ਘਟਨਾਵਾਂ ਵੀ ਵਾਪਰੀਆਂ, ਉਹ ਉਥੇ ਵੀ ਨਹੀਂ ਪੁੱਜੇ। ਜਦੋਂ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਉਹ ਗੁਰੂਸਰ ਸੈਣੇਵਾਲਾ ਦੇ ਜਖਮੀ ਹੋਏ ਅਕਾਲੀ ਵਰਕਰ ਦਾ ਹਾਲ-ਚਾਲ ਪੁੱਛਣ ਬਠਿੰਡਾ ਹਸਪਤਾਲ ‘ਚ ਪੁੱਜੇ ਸਨ। ਵੋਟਾਂ ਵਾਲਾ ਦਿਨ ਹਰਸਿਮਰਤ ਕੌਰ ਬਾਦਲ ਨੇ ਘਰ ਹੀ ਬਿਤਾਇਆ ਜਦੋਂਕਿ ਬਾਕੀ ਉਮੀਦਵਾਰਾਂ ਨੇ ਪੋਲਿੰਗ ਬੂਥਾਂ ‘ਤੇ ਗੇੜਾ ਰੱਖਿਆ। ਸੁਖਬੀਰ ਸਿੰਘ ਬਾਦਲ ਵੀ ਪੋਲਿੰਗ ਵਾਲੇ ਦਿਨ ਪਿੰਡ ਬਾਦਲ ਵਿਚ ਹੀ ਰਹੇ। ਬਾਦਲ ਪਰਿਵਾਰ ਨੇ ਪਿੰਡ ਬਾਦਲ ਵਿਚ ਵੋਟਾਂ ਪਾਈਆਂ ਤੇ ਉਸ ਮਗਰੋਂ ਉਨ੍ਹਾਂ ਨੇ ਕਿਸੇ ਵੀ ਬੂਥ ‘ਤੇ ਜਾਇਜ਼ਾ ਨਹੀਂ ਲਿਆ। ਅਸੈਂਬਲੀ ਹਲਕਿਆਂ ਦੇ ਅਕਾਲੀ ਆਗੂ ਵੀ ਇਸ ਗੱਲੋਂ ਕਾਫੀ ਹੈਰਾਨ ਹਨ।
______________________________
ਡੇਰਾ ਸਿਰਸਾ ਵੱਲੋਂ ਸਿਆਸੀ ਧਿਰਾਂ ਨੂੰ ਇਕੋ ਲਿਹਾਜ਼ ਨਾਲ ਗੱਫਾ
ਬਠਿੰਡਾ: ਡੇਰਾ ਸਿਰਸਾ ਨੇ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਿਆ ਹੈ ਅਤੇ ਪ੍ਰਮੁੱਖ ਸਿਆਸੀ ਧਿਰਾਂ ਨੂੰ ਇਕੋ ਲਿਹਾਜ਼ ਨਾਲ ਗੱਫਾ ਦਿੱਤਾ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਜੋ ਗੁਪਤ ਸੁਨੇਹੇ ਲਾਏ ਹਨ, ਉਨ੍ਹਾਂ ਅਨੁਸਾਰ ਡੇਰਾ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਿਆਸੀ ਮਦਦ ਕੀਤੀ ਹੈ। ਕਿਸੇ ਸੰਸਦੀ ਹਲਕੇ ਵਿਚ ਪੈਰੋਕਾਰਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਅਤੇ ਕਿਸੇ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲ ਝੁਕਾਅ ਦਿਸਿਆ।
ਡੇਰਾ ਸਿਰਸਾ ਨੇ ਸਿਆਸੀ ਧਿਰ ਬਣਨ ਤੋਂ ਗੁਰੇਜ਼ ਕੀਤਾ ਹੈ। ਕੇਂਦਰ ਵਿਚ ਨਵੀਂ ਸਰਕਾਰ ਕਿਸ ਦੀ ਬਣੇਗੀ, ਉਸ ਦਾ ਭੇਤ ਨਾ ਹੋਣ ਕਰਕੇ ਡੇਰਾ ਸਿਰਸਾ ਨੇ ਪੰਜਾਬ ਵਿਚ ਦੋਹਾਂ ਪ੍ਰਮੁੱਖ ਧਿਰਾਂ ਦੀ ਬਾਂਹ ਫੜੀ ਹੈ। ਅਹਿਮ ਸੂਤਰਾਂ ਅਨੁਸਾਰ ਬਠਿੰਡਾ ਸੰਸਦੀ ਹਲਕੇ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਵੰਡ ਕੇ ਵੋਟਾਂ ਪਾਈਆਂ ਹਨ। ਸੂਤਰ ਦੱਸਦੇ ਹਨ ਕਿ ਮਾਨਸਾ ਜ਼ਿਲ੍ਹੇ ਵਿਚ ਡੇਰਾ ਪੈਰੋਕਾਰਾਂ ਨੇ ਆਪਣਾ ਝੁਕਾਅ ਅਕਾਲੀ ਦਲ ਵੱਲ ਦਿਖਾਇਆ, ਜਦੋਂ ਕਿ ਬਠਿੰਡਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦਾ ਬਟਨ ਦੱਬਣ ਦੀ ਕਨਸੋਅ ਹੈ। ਪੈਰੋਕਾਰਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਸਿਆਸੀ ਵਿੰਗ ਦੇ ਆਗੂ ਇਸ ਮਾਮਲੇ ‘ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਬਠਿੰਡਾ ਸੰਸਦੀ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਡੇਰਾ ਪੈਰੋਕਾਰਾਂ ਨੇ ਚਾਰ ਹਲਕਿਆਂ ‘ਤੇ ਕਾਂਗਰਸ ਅਤੇ ਪੰਜ ਹਲਕਿਆਂ ਵਿਚ ਅਕਾਲੀ ਦਲ ਵੱਲ ਰੁਝਾਨ ਦਿਖਾਇਆ ਹੈ।
ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਡੇਰਾ ਦੇ ਸਿਆਸੀ ਵਿੰਗ ਨੇ ਫੈਸਲਾ ਜਨਤਕ ਕਰਨ ਤੋਂ ਪਾਸਾ ਵੱਟਿਆ ਹੈ। ਡੇਰਾ ਸਿਰਸਾ ਪਹਿਲਾਂ ਹੀ ਸਿਆਸੀ ਫੈਸਲਿਆਂ ਨੂੰ ਨਸ਼ਰ ਕਰਕੇ ਨੁਕਸਾਨ ਝੱਲ ਚੁੱਕਾ ਹੈ ਤੇ ਇਸੇ ਸੋਚ ਤਹਿਤ ਹੁਣ ਸਿਆਸੀ ਵਿੰਗ ਨੇ ਕਿਸੇ ਵੀ ਸਿਆਸੀ ਧਿਰ ਨੂੰ ਨਾਰਾਜ਼ ਕਰਨ ਦੀ ਭੁੱਲ ਨਹੀਂ ਕੀਤੀ। ਬਠਿੰਡਾ ਸੰਸਦੀ ਹਲਕੇ ਤੋਂ ਇਲਾਵਾ ਮਾਲਵਾ ਖਿੱਤੇ ਦੀਆਂ ਬਾਕੀ ਚਾਰ ਸੰਸਦੀ ਸੀਟਾਂ ਵੱਲ ਦੇਖੀਏ ਤਾਂ ਡੇਰਾ ਸਿਰਸਾ ਨੇ ਦੋ ਸੀਟਾਂ ‘ਤੇ ਅਕਾਲੀ ਦਲ ਨੂੰ ਹੁਲਾਰਾ ਦਿੱਤਾ ਹੈ ਜਦੋਂ ਕਿ ਦੋ ਸੰਸਦੀ ਸੀਟਾਂ ‘ਤੇ ਕਾਂਗਰਸ ਦਾ ਪੱਖ ਪੂਰਿਆ ਹੈ।