ਗੁਫਾਵਾਂ ਵਿਚ ਚਿੰਤਨ?

ਜਸਵੰਤ ਜੀਰਖ
ਧਰਮਾਂ ਦੇ ਨਾਂ ‘ਤੇ ਪ੍ਰਚਾਰਿਆ ਜਾਂਦਾ ਝੂਠ, ਰਾਜ ਕਰਦੀ ਲੁਟੇਰੀ ਜਮਾਤ ਅਤੇ ਧਰਮਾਂ ਦੇ ਨਾਂ ‘ਤੇ ਚਲਾਏ ਜਾਂਦੇ ਵਪਾਰ ਦੇ ਐਨ ਫਿੱਟ ਬੈਠਦਾ ਹੈ। ਇਸੇ ਕਰਕੇ ਜਦੋਂ ਕਿਸੇ ਧਾਰਮਿਕ ਮੰਨਤ ਨੂੰ ਵਿਗਿਆਨਿਕ ਤੌਰ ‘ਤੇ ਰੱਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮੀ ਅਖਵਾਉਣ ਵਾਲੇ ਆਪਣੇ ਧਰਮ ਦੀ ਤੌਹੀਨ ਆਖ ਕੇ ਰੌਲਾ ਪਾਉਂਦੇ ਹਨ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਪਾ ਦਿੰਦੇ ਹਨ। ਰਾਜ ਕਰਦੀ ਸ਼੍ਰੇਣੀ ਨੇ ਪਹਿਲਾਂ ਹੀ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਕਾਨੂੰਨ ਬਣਾਏ ਹੋਏ ਹਨ, ਜਿਨ੍ਹਾਂ ਨੂੰ ਧਰਮ ਦੀਆਂ ਝੂਠੀਆਂ ਮਾਨਤਾਵਾਂ ਦਾ ਖੰਡਨ ਕਰਨ ਵਾਲ਼ਿਆਂ ਖ਼ਿਲਾਫ਼ ਵਰਤ ਕੇ ਧਰਮਾਂ ਵਲੋਂ ਫੈਲਾਏ ਜਾਂਦੇ ਅੰਧਵਿਸ਼ਵਾਸ ਬਰਕਰਾਰ ਰੱਖੇ ਜਾਂਦੇ ਹਨ।

ਹੁਣ ਇਕ ਕਦਮ ਹੋਰ ਅੱਗੇ ਜਾਂਦਿਆਂ ਨਰਿੰਦਰ ਮੋਦੀ ਆਪਣੀ ਆਸਥਾ ਦੇ ਨਾਂ ਹੇਠ ਮੰਦਰਾਂ ਦੀ ਪੂਜਾ ਦੁਆਰਾ ਅਤੇ ਵਿਸ਼ੇਸ਼ ਸਹੂਲਤਾਂ ਨੂੰ ਮੁੱਖ ਰੱਖ ਕੇ ਬਣਾਈਆਂ ਗੁਫਾਵਾਂ ਵਿਚ ਬੈਠ ਕੇ, ਅੰਤਰ ਧਿਆਨ ਹੋ ਕੇ ਭਗਤੀ ਕਰ ਚੁੱਕੇ ਹਨ। ਉਹ ਅਜਿਹਾ ਕਰਕੇ ਦੁਬਾਰਾ ਸੱਤਾ ਵਿਚ ਆਣ ਦੇ ਸੁਪਨੇ ਸਾਕਾਰ ਹੋਣ ਦੀ ਆਸ ਰੱਖਦੇ ਹਨ। ਇਸ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੂੰ ਮੁਲਕ ਵਾਸੀਆਂ ਉਤੇ ਵਿਸ਼ਵਾਸ ਨਹੀਂ ਸਗੋਂ ਪੱਥਰ ਦੀਆਂ ਮੂਰਤੀਆਂ ਅਤੇ ਗੁਫਾਵਾਂ ਉਪਰ ਵੱਧ ਵਿਸ਼ਵਾਸ ਹੈ ਜੋ ਕਿਰਤੀ ਲੋਕਾਂ ਨੇ ਹੀ ਬਣਾਈਆਂ ਹਨ।
ਦੂਜੇ ਪਾਸੇ ਜੇ ਵਿਗਿਆਨਿਕ ਨਜ਼ਰੀਏ ਤੋਂ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੇ ਸਮੁੱਚਾ ਵਿਕਾਸ ਗੁਫਾਵਾਂ ਵਿਚੋਂ ਬਾਹਰ ਆ ਕੇ ਹੀ ਕੀਤਾ ਹੈ। ਜੇ ਸਾਡੇ ਪੁਰਖੇ ਇਨ੍ਹਾਂ ਗੁਫਾਵਾਂ ਅੰਦਰ ਹੀ ਬੈਠੇ ਰਹਿੰਦੇ ਤਾਂ ਅੱਜ ਤੱਕ ਦਾ ਮਨੁੱਖੀ ਵਿਕਾਸ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ ਪਰ ਪ੍ਰਧਾਨ ਮੰਤਰੀ ਜੀ ਉਲਟਾ ਮਨੁੱਖੀ ਵਿਕਾਸ ਦਾ ਖੇਤਰ ਛੱਡ ਕੇ, ਪਿੱਛੇ ਵੱਲ ਪਰਤ ਕੇ ਪਤਾ ਨਹੀਂ ਕਿਹੜੇ ਵਿਕਾਸ ਦਾ ਫ਼ਾਰਮੂਲਾ ਲੱਭ ਕੇ ਲਿਆਉਣ ਵਾਲੇ ਹਨ?
ਜੇ ਇਸ ਤਰ੍ਹਾਂ ਦੀਆਂ ਆਸਥਾਵਾਂ ਨੂੰ ਵੋਟਾਂ ਹਥਿਆਉਣ ਲਈ ਵਰਤਣ ਨਾਲ ਮਸਲੇ ਹੱਲ ਹੋ ਜਾਂਦੇ ਹਨ ਤਾਂ ਚੋਣਾਂ ਉਪਰ ਕਰੋੜਾਂ ਖ਼ਰਚ ਕੇ, ਨਸ਼ੇ ਵੰਡ ਕੇ ਲੋਕਾਂ ਦੇ ਮਿੰਨਤਾਂ ਤਰਲੇ ਕਰਨ ਦੀ ਕੀ ਲੋੜ ਹੈ? ਜੇ ਗੁਫਾਵਾਂ ਵਿਚ ਬੈਠ ਕੇ ਅੰਤਰ ਧਿਆਨ ਹੋਣ ਨਾਲ ਕੋਈ ਪ੍ਰਾਪਤੀ ਹੋ ਸਕਦੀ ਹੈ ਤਾਂ ਵਿਗਿਆਨ ਦੀਆਂ ਪ੍ਰਾਪਤੀਆਂ ਨਾਲ ਹਾਸਲ ਹੋਈਆਂ ਸੁੱਖ ਸਹੂਲਤਾਂ ਨੂੰ ਉਨ੍ਹਾਂ ਗੁਫਾਵਾਂ ਵਿਚ ਕਿਉਂ ਵਰਤਿਆ ਜਾਂਦਾ ਹੈ? ਮੀਡੀਆ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਅਜੇ ਇਕ ਗੁਫਾ ਦਾ ਨਿਰਮਾਣ ਹੋਇਆ ਹੈ, ਇਸ ਤਰ੍ਹਾਂ ਦੀਆਂ ਕੁੱਲ ਪੰਜ ਗੁਫਾਵਾਂ ਦਾ ਨਿਰਮਾਣ ਕੀਤਾ ਜਾਣਾ ਹੈ ਜੋ ਆਧੁਨਿਕ ਸੁੱਖ ਸਹੂਲਤਾਂ ਨਾਲ ਲੈਸ ਹੋਣਗੀਆਂ। ਕੀ ਇਸੇ ਨੂੰ ਨਵੇਂ ਭਾਰਤ ਦੇ ਨਿਰਮਾਣ ਦਾ ਨਾਮ ਦਿੱਤਾ ਜਾ ਰਿਹਾ ਹੈ?
ਇਸ ਦੌੜ ਵਿਚ ਪ੍ਰਧਾਨ ਮੰਤਰੀ ਦੇ ਜੋਟੀਦਾਰ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਵੀ ਪਿੱਛੇ ਨਹੀਂ ਰਹੇ, ਉਨ੍ਹਾਂ ਨੇ ਵੀ ਵੱਖ-ਵੱਖ ਮੰਦਰਾਂ ਵਿਚੋਂ ਅਸ਼ੀਰਵਾਦ ਲੈਣ ਦੀ ਆਸਥਾ ਨੂੰ ਬਰਕਰਾਰ ਰੱਖਣ ਦੇ ਬਹਾਨੇ ਲੋਕਾਂ ਦੀਆਂ ਨਜ਼ਰਾਂ ਵਿਚ ਬੜੇ ਦਿਆਨਤਦਾਰ ਹੋਣ ਵਾਲਾ ਪੈਂਤੜਾ ਵਰਤਣ ਲਈ ਕੋਈ ਕਸਰ ਨਹੀਂ ਛੱਡੀ। ਲੋਕਾਂ ਲਈ ਸਵਾਲ ਇਹ ਹੈ: ਕੀ ਇਸ ਤਰ੍ਹਾਂ ਕਰਨ ਨਾਲ ਕਿਸੇ ਦੀਆਂ ਇੱਛਾਵਾਂ ਦੀ ਪੂਰਤੀ ਹੋ ਸਕਦੀ ਹੈ? ਜੇ ਸਿਆਸਤਦਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਪੱਖੋਂ ਨਾਕਾਮ ਰਹਿਣ ਬਾਅਦ, ਆਪੋ-ਆਪਣੀ ਜਿੱਤ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਧਰਮਾਂ ਨੂੰ ਵਰਤ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਵਰਤਦੇ ਰਹਿਣਗੇ ਅਤੇ ਲੋਕ ਇਸੇ ਤਰ੍ਹਾਂ ਦੇਖਦੇ ਸੁਣਦੇ ਰਹਿਣਗੇ ਤਾਂ ਇਹ ਮੁਲਕ ਦੀ ਤਰੱਕੀ ਲਈ ਘਾਤਕ ਸਿੱਧ ਹੋਵੇਗਾ।
ਇਸ ਤਰ੍ਹਾਂ ਦੇ ਜੋ ਵਰਤਾਰੇ ਦੇਖਣ ਨੂੰ ਮਿਲ ਰਹੇ ਹਨ, ਇਨ੍ਹਾਂ ਨਾਲ ਲੋਕਾਂ ਦੀ ਇਕ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਇਕ ਪਾਸੇ ਮੁਲਕ ਦੇ ਬਹੁਗਿਣਤੀ ਲੋਕ ਦੋ ਡੰਗ ਦੀ ਰੋਟੀ ਤੋਂ ਵੀ ਸੱਖਣੇ ਹਨ, ਦੂਜੇ ਪਾਸੇ ਕਰੋੜਾਂ ਰੁਪਿਆ ਸਾਧਨਾ ਅਤੇ ਚਿੰਤਨ ਕਰਨ ਦੇ ਨਾਂ ਉਤੇ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਕੈਮਰੇ ਅਤੇ ਹੋਰ ਸਰਕਾਰੀ ਅਮਲੇ-ਫੈਲੇ ਨੂੰ ਨਾਲ ਲੈ ਕੇ ਜਾਣਾ, ਹਰ ਪਲ ਨੂੰ ਮੀਡੀਆ ਵਿਚ ਦਿਖਾਉਣ ਦੇ ਪ੍ਰਬੰਧ ਕਰਕੇ ਅਜਿਹੇ ਸਿਆਸਤਦਾਨ ਲੋਕਾਂ ਦੀ ਕਿਹੜੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਨ? ਕੀ ਪ੍ਰਧਾਨ ਮੰਤਰੀ ਜੀ ਦੱਸ ਸਕਦੇ ਹਨ ਕਿ ਉਨ੍ਹਾਂ ਦੀ ਇਸ ਸਾਧਨਾ ਨਾਲ ਮੁਲਕ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਰਗੀ ਬਿਮਾਰੀ ਅਤੇ ਅਜਿਹੀਆਂ ਅਨੇਕਾਂ ਹੋਰ ਬਿਮਾਰੀਆਂ ਤੋਂ ਮੁਕਤ ਹੋ ਜਾਵੇਗਾ?
ਲੋਕਾਂ ਦੀ ਧਾਰਮਿਕ ਆਸਥਾ ਨੂੰ ਵੋਟਾਂ ‘ਚ ਤਬਦੀਲ ਕਰਨ ਲਈ ਇਸ ਨੂੰ ਇਕ ਹੋਰ ਪੈਂਤੜਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਲੋੜ ਹੈ, ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਗਿਆਨਿਕ ਨਜ਼ਰੀਏ ਰਾਹੀਂ ਘੋਖ ਕਰਨ ਦੀ ਅਤੇ ਉਨ੍ਹਾਂ ਦੇ ਸਹੀ ਹੱਲ ਪੇਸ਼ ਕਰਨ ਦੀ। ਕੋਈ ਵੀ ਗ਼ੈਰ ਵਿਗਿਆਨਿਕ ਅਤੇ ਅੰਧਵਿਸ਼ਵਾਸੀ ਮਾਨਤਾ ਰਾਹੀਂ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਸਿਰਫ ਰਾਜ ਕਰਦੀ ਸ਼੍ਰੇਣੀ ਹੀ ਅਜਿਹੇ ਵਰਤਾਰਿਆਂ ਨੂੰ ਆਪਣੇ ਰਾਜ ਦੀ ਸਲਾਮਤੀ ਲਈ ਵਰਤਦੀ ਰਹੇਗੀ। ਲੋਕਾਂ ਨੂੰ ਇਹ ਸਭ ਕੁੱਝ ਸਮਝਣ ਦੀ ਲੋੜ ਹੈ।