ਹਾਰ ਦੇ ਡਰੋਂ ਆਪਣੀਆਂ ਸੀਟਾਂ ਤੱਕ ਹੀ ਸੀਮਤ ਰਹੇ ਪਾਰਟੀ ਪ੍ਰਧਾਨ

ਚੰਡੀਗੜ੍ਹ: ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਡਾਵਾਂਡੋਲ ਸਥਿਤੀ ਨੂੰ ਪੈਰਾਂ ਸਿਰ ਕਰਨ ਲਈ ਆਪਣੇ ਪਾਰਟੀ ਪ੍ਰਧਾਨਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ। ਇਨ੍ਹਾਂ ਪ੍ਰਧਾਨਾਂ ਦੀਆਂ ਚੋਣ ਗਤੀਵਿਧੀਆਂ ਸਿਰਫ ਆਪਣੀਆਂ ਸੀਟਾਂ ਤੱਕ ਮਹਿਦੂਦ ਹੋ ਕੇ ਰਹਿ ਗਈਆਂ ਜਿਸ ਕਰਕੇ ਪਾਰਟੀਆਂ ਦਾ ਨਾ ਸਿਰਫ ਸੰਗਠਨਾਤਮਕ ਢਾਂਚਾ ਪ੍ਰਭਾਵਿਤ ਹੋਇਆ ਹੈ ਸਗੋਂ ਹੋਰਨਾਂ ਉਮੀਦਵਾਰਾਂ ਨੂੰ ਪਾਰਟੀ ਪ੍ਰਧਾਨਾਂ ਦੀ ਗੈਰਹਾਜ਼ਰੀ ਕਾਰਨ ਚੋਣ ਮੁਹਿੰਮ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਹੇ ਭਾਰੀ ਵਿਰੋਧ ਕਰਕੇ ਪਾਰਟੀ ਦੀ ਸਾਖ ਬਚਾਉਣ ਲਈ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜੀ। ਸੁਖਬੀਰ ਨਾ ਸਿਰਫ ਪਾਰਟੀ ਦੇ ਸਟਾਰ ਪ੍ਰਚਾਰਕ ਹਨ ਸਗੋਂ ਸਭ ਤੋਂ ਪ੍ਰਭਾਵਸ਼ਾਲੀ ਆਗੂ ਵੀ ਹਨ। ਪਰ ਖੁਦ ਅਤੇ ਪਤਨੀ ਹਰਸਿਮਰਤ ਬਾਦਲ ਦੇ ਬਠਿੰਡਾ ਤੋਂ ਚੋਣ ਲੜਨ ਕਰਕੇ ਸੁਖਬੀਰ ਨੂੰ ਇਨ੍ਹਾਂ ਦੋਵਾਂ ਸੀਟਾਂ ਤੱਕ ਸੀਮਤ ਹੋਣਾ ਪਿਆ। ਕਈ ਹਲਕਿਆਂ ‘ਚ ਤਾਂ ਪਾਰਟੀ ਪ੍ਰਧਾਨ ਨੇ ਇਕ ਵੀ ਚੋਣ ਰੈਲੀ ਨਹੀਂ ਕੀਤੀ। ਵੱਡੇ ਬਾਦਲ ਦੀਆਂ ਕਾਫੀ ਸਮੇਂ ਤੋਂ ਘਟੀਆਂ ਸਰਗਰਮੀਆਂ ਕਾਰਨ ਬਾਕੀ ਉਮੀਦਵਾਰ ਸੁਖਬੀਰ ਦੀ ਘਾਟ ਨੂੰ ਹੋਰ ਵੀ ਜ਼ਿਆਦਾ ਮਹਿਸੂਸ ਕਰ ਰਹੇ ਹਨ।
ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸਥਿਤੀ ਵੀ ਅਜਿਹੀ ਹੀ ਰਹੀ। ਗੁਰਦਾਸਪੁਰ ਤੋਂ ਚੋਣ ਲੜ ਰਹੇ ਜਾਖੜ ਦੇ ਬਰਾਬਰ ਭਾਜਪਾ ਵੱਲੋਂ ਸੰਨੀ ਦਿਓਲ ਵਰਗਾ ਮਜ਼ਬੂਤ ਉਮੀਦਵਾਰ ਉਤਾਰਨ ਕਰ ਕੇ ਉਨ੍ਹਾਂ ਨੂੰ ਉਥੇ ਹੀ ਪੂਰਾ ਜ਼ੋਰ ਲਗਾਉਣਾ ਪਿਆ। ਬਾਕੀ ਹੋਰ ਸੀਟਾਂ ‘ਤੇ ਪ੍ਰਚਾਰ ਕਰਨ ਲਈ ਜਾਖੜ ਸਮਾਂ ਨਹੀਂ ਕੱਢ ਸਕੇ ਅਤੇ ਆਪਣੇ ਜੱਦੀ ਹਲਕੇ ਫਿਰੋਜ਼ਪੁਰ ਲਈ ਸਮਾਂ ਕੱਢਣਾ ਵੀ ਔਖਾ ਹੋ ਗਿਆ।
ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਮਾਨ ਵੀ ਸੰਗਰੂਰ ਤੋਂ ਮੁੜ ਚੋਣ ਮੈਦਾਨ ਵਿਚ ਉਤਰੇ। ਵਿਰੋਧੀ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਫਸਵੀਂ ਟੱਕਰ ਦੇ ਬਾਵਜੂਦ ਉਹ ਮਾਲਵੇ ਦੀਆਂ ਇਕ ਦੋ ਸੀਟਾਂ ‘ਤੇ ਹੀ ਜਾ ਸਕੇ ਹਨ। ਮਾਝੇ ਅਤੇ ਦੋਆਬੇ ਤੋਂ ਭਗਵੰਤ ਨੇ ਪੂਰੀ ਤਰ੍ਹਾਂ ਕਿਨਾਰਾ ਹੀ ਕੀਤਾ। ‘ਆਪ’ ਦੇ ਬਾਗੀ ਤੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਬਾਦਲਾਂ ਦੇ ਗੜ੍ਹ ਬਠਿੰਡਾ ਤੋਂ ਚੋਣ ਲੜਨ ਕਰਕੇ ਹੋਰ ਸੀਟਾਂ ਲਈ ਘੱਟ ਸਮਾਂ ਕੱਢ ਸਕੇ। ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਲੁਧਿਆਣਾ ਤੋਂ ਚੋਣ ਲੜਨ ਕਰਕੇ ਆਪਣੀ ਸੀਟ ਤੱਕ ਸੀਮਤ ਰਹਿ। ਸ਼੍ਰੋਮਣੀ ਅਕਾਲੀ ਦਲ (ਅ) ਨੇ ਭਾਵੇਂ ਦੋ ਸੀਟਾਂ ਬਠਿੰਡਾ ਅਤੇ ਸੰਗਰੂਰ ‘ਤੇ ਚੋਣ ਲੜੀ, ਪਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਿਰਫ ਸੰਗਰੂਰ ਤੱਕ ਹੀ ਸੀਮਤ ਰਹੇ।