ਬਾਵਜੂਦ ਵੀ

ਬਲਜੀਤ ਬਾਸੀ
ਕਈ ਬੰਦੇ ਸੜਕ ‘ਤੇ ਵਾਹਨ ਚਲਾਉਂਦਿਆਂ ਲਗਾਤਾਰ ਹਾਰਨ ‘ਤੇ ਹਾਰਨ ਵਜਾਈ ਜਾਂਦੇ ਹਨ। ਮਾਨੋ ਸੜਕ ‘ਤੇ ਉਹੀ ਹਨ ਤੇ ਜਿਸ ਦਾ ਉਹ ਖੂਬ ਢੰਡੋਰਾ ਪਿੱਟਣਾ ਚਾਹੁੰਦੇ ਹਨ। ਕਾਰਨ ਪੁੱਛਣ ‘ਤੇ ਦੱਸਣਗੇ ਕਿ ਇਸ ਤਰ੍ਹਾਂ ‘ਤਾਨ ਆਉਂਦਾ ਹੈ।’ ਕੰਮ-ਕਾਰ ਵਿਚ ਰੁਝੇ ਸਭ ਲੋਕ ਘੱਟ-ਵਧ ਇਸ ਤਰ੍ਹਾਂ ਦੇ ਤਾਨ ਦਾ ਵਿਖਾਵਾ ਕਰਦੇ ਹਨ। ਨਾਈ ਗਾਹਕ ਦੇ ਵਾਲ ਕੱਟਦਾ ਕਈ ਵਾਰੀ ਕੈਂਚੀ ਸਿਰ ਦੇ ਉਪਰ ਚੁੱਕ ਕੇ ਹਵਾ ਵਿਚ ਹੀ ਚਲਾਉਂਦਾ ਹੈ, ਰੋਟੀਆਂ ਪਕਾਉਣ ਵਾਲੇ ਰੋਟੀਆਂ ਥੱਪ ਕੇ ਤਾੜੀਆਂ ਮਾਰਨ ਲਗਦੇ ਹਨ। ਜ਼ਿੰਦਗੀ ਦੀ ਤੋਰ ਰਵਾਂ ਰੱਖਣ ਲਈ ਇਹ ਤਾਨ ਜ਼ਰੂਰੀ ਹੈ।

ਮੂੰਹ ‘ਚੋਂ ਉਗਲਦੇ ਸ਼ਬਦਾਂ ਦੀ ਚੋਣ ਵਿਚ ਵੀ ਇਸ ਤਾਨ ਦੇ ਖੂਬ ਦਰਸ਼ਨ ਹੁੰਦੇ ਹਨ। ਇਸ ਵਰਤਾਰੇ ਦਾ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁਕੇ ਹਾਂ। ਰੋਟੀ-ਰੂਟੀ, ਪਾਣੀ-ਧਾਣੀ, ਖਤ-ਪੱਤਰ, ਦੂਰ-ਦੂਰ, ਥੋੜਾ-ਬਹੁਤ ਆਦਿ ਸ਼ਬਦ-ਜੁੱਟਾਂ ਵਿਚ ਦੁਹਰਾਏ ਜਾਂਦੇ ਸਾਰਥਕ ਨਿਰਾਰਥਕ ਸ਼ਬਦ ਇਕ ਤਰ੍ਹਾਂ ਇਸ ਤਾਨ ਦੇ ਹੀ ਸੰਕੇਤਕ ਹਨ। ਅਜਿਹੇ ਸ਼ਬਦ-ਜੁੱਟਾਂ ਨੂੰ ਦੁਰੁਕਤੀ ਕਿਹਾ ਜਾਂਦਾ ਹੈ, ਪਰ ਇਹ ਐਵੇਂ ਨਹੀਂ ਬੋਲੇ ਜਾਂਦੇ। ਇਹ ਸਾਡੇ ਬਿਆਨਾਂ ਨੂੰ ਕਈ ਤਰ੍ਹਾਂ ਦੇ ਬਲ ਦਿੰਦੇ ਜਾਂ ਵਾਧਾ ਘਾਟਾ ਕਰਦੇ ਹਨ। ‘ਪਾਣੀ ਪੀ ਲਵੋ’ ਅਤੇ ‘ਪਾਣੀ-ਧਾਣੀ ਪੀ ਲਵੋ’ ਵਿਚ ਫਰਕ ਹੈ। ਅਰਥਾਤ ਪਹਿਲੇ ਬੋਲ ਵਿਚ ਸਿਰਫ ਪਾਣੀ ਦੀ ਪੇਸ਼ਕਸ਼ ਹੈ, ਜਦ ਕਿ ਦੂਜੇ ਵਿਚ ਪਾਣੀ ਜਾਂ ਕੁਝ ਹੋਰ ਵੀ।
ਕਈ ਦੁਰੁਕਤੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਮ ਬੰਦੇ ਨੂੰ ਗਿਆਨ ਨਹੀਂ ਹੁੰਦਾ। ਉਂਜ ਭਾਸ਼ਾ ਵਰਤੋਂ ਵਾਲਾ ਮਾਧਿਅਮ ਹੈ, ਇਹ ਇਕ ਆਦਤ ਹੈ, ਇਸ ਵਿਚ ਅਕਸਰ ਸ਼ਬਦ ਚੋਣ ਦੇ ਪ੍ਰਸੰਗ ਵਿਚ ਸਹੀ ਗਲਤ ਦਾ ਨਿਰਣਾ ਕਰਨਾ ਨਿਰਮੂਲ ਹੈ। ਇਕ ਅਜਿਹੀ ਮਿਸਾਲ ਹੈ, ‘ਬਾਵਜੂਦ ਵੀ’ ਦੁਰੁਕਤੀ ਦੀ ਵਿਆਪਕ ਵਰਤੋਂ। ਮੈਂ ਅਨੇਕਾਂ ਵਿਦਵਾਨਾਂ ਦੇ ਮੂੰਹੋਂ ਜਾਂ ਲਿਖਤ ਵਿਚੋਂ ਇਹ ਦੁਰੁਕਤੀ ਲੱਭੀ ਹੈ। ਕਈ ਸ਼ਿਕਾਇਤ ਕਰਦੇ ਹਨ ਕਿ ‘ਬਾਵਜੂਦ’ ਅਤੇ ‘ਵੀ’ ਦੋਹਾਂ ਸ਼ਬਦਾਂ ਦਾ ਇਕੋ ਅਰਥ ਹੈ, ਫਿਰ ਦੋਹਾਂ ਨੂੰ ਇਕੱਠੇ ਜੋੜ ਕੇ ਬੋਲਣ ਦਾ ਕੀ ਲਾਭ ਹੋਇਆ? ਅਸੀਂ ਇਕ ਮਿਸਾਲ ਲੈਂਦੇ ਹਾਂ: ‘ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ’ ਨੂੰ ਜੇ ‘ਕਮਜ਼ੋਰ ਹੋਣ ਦੇ ਬਾਵਜੂਦ ਮੈਂ ਤਕੜੀ ਹਾਂ’ ਕਿਹਾ ਜਾਵੇ ਤਾਂ ਕੀ ਭਲਾ ਬੋਲਣਹਾਰੇ ਦੀ ਤਕੜਾਈ ਘਟ ਜਾਹਰ ਹੋਵੇਗੀ?
ਖੈਰ ‘ਬਾਵਜੂਦ ਵੀ’ ਦੁਰੁਕਤੀ ਦੇ ਕੁਝ ਕੱਟੜ ਵਿਰੋਧੀ ਵੀ ਮੈਂ ਦੇਖੇ ਸੁਣੇ ਹਨ। ਇਨ੍ਹਾਂ ਵਿਚੋਂ ਇਕ ਵਿਦਵਾਨ ਹੈ, ਪੰਜਾਬੀ ਦਾ ਬੇਹੱਦ ਸਤਿਕਾਰਿਆ ਤੇ ਬਹੁਤ ਪੜ੍ਹਿਆ ਜਾਂਦਾ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ। ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਪੰਜਾਬੀ ਅਖਬਾਰ ‘ਦੇਸ਼ ਸੇਵਕ’ ਚਾਲੂ ਕੀਤਾ ਗਿਆ ਸੀ। ਸੰਧੂ ਸਾਹਿਬ ਨੂੰ ਇਸ ਅਖਬਾਰ ਦੇ ਪਹਿਲੇ ਮੁੱਖ ਸੰਪਾਦਕ ਵਜੋਂ ਚੁਣਿਆ ਗਿਆ। ਉਨ੍ਹਾਂ ਅਖਬਾਰ ਦੇ ਉਦਘਾਟਨੀ ਭਾਸ਼ਣ ਵਿਚ ਘਟੋ ਘਟ ਅੱਧਾ ਸਮਾਂ ਇਸ ਗੱਲ ‘ਤੇ ਲਾਇਆ ਕਿ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ‘ਬਾਵਜੂਦ ਵੀ’ ਬੋਲਣ-ਲਿਖਣ ਦੀ ਵਬਾ ਏਨੀ ਫੈਲ ਚੁਕੀ ਹੈ ਕਿ ਉਹ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਮੁੱਖ ਸੰਪਾਦਕ ਵਜੋਂ ਉਹ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਗੇ ਕਿ ਇਸ ਅਖਬਾਰ ਵਿਚ ਜਾਣੇ-ਅਣਜਾਣੇ ‘ਬਾਵਜੂਦ ਵੀ’ ਉਕਤੀ ਤਾਂ ਨਹੀਂ ਵਾੜੀ ਜਾ ਰਹੀ। ਭਾਵੇਂ ਇਸ ਅਖਬਾਰ ਦੇ ਨਿਗਰਾਨ ਹਰਕਿਸ਼ਨ ਸਿੰਘ ਸੁਰਜੀਤ ਦੇ ਕਿਸੇ ਲੇਖ ਵਿਚ ਹੀ ਇਹ ਬੀਮਾਰੀ ਕਿਉਂ ਨਾ ਦਿਖਾਈ ਦੇਵੇ, ਉਹ ਇਸ ਨੂੰ ਮੱਖੀ ਵਿਚੋਂ ਵਾਲ ਵਾਂਗ ਕੱਢ ਦੇਣਗੇ। ਉਨ੍ਹਾਂ ਦੀ ਦਲੀਲ ਸੀ ਕਿ ‘ਬਾਵਜੂਦ’ ਅਤੇ ‘ਵੀ’ ਸ਼ਬਦਾਂ ਦੇ ਅਰਥ ਇਕੋ ਹਨ। ਦਰੀਆਂ ‘ਤੇ ਬੈਠੇ ਸਹਿ-ਸੰਪਾਦਕ, ਹੋਰ ਸਰੋਤੇ ਅਤੇ ਖੁਦ ਹਰਕਿਸ਼ਨ ਸਿੰਘ ਸੁਰਜੀਤ ਬੁੱਲ੍ਹਾਂ ਤੇ ਉਂਗਲ ਧਰ ਕੇ ਬਿਟ ਬਿਟ ਝਾਕ ਰਹੇ ਸਨ।
ਜਿਵੇਂ ਪਹਿਲਾਂ ਅਸੀਂ ਇਕ ਮਿਸਾਲ ਦੇਖ ਚੁਕੇ ਹਾਂ, ਸੰਧੂ ਸਾਹਿਬ ਦੇ ਇਸ ਕਥਨ ਵਿਚ ਸੱਚਾਈ ਮਾਲੂਮ ਹੁੰਦੀ ਹੈ। ‘ਬਾਵਜੂਦ ਵੀ’ ਨੂੰ ਠੇਠ ਪੰਜਾਬੀ ਵਿਚ ਕਹਿਣਾ ਹੋਵੇ ਤਾਂ ‘ਹੁੰਦਿਆਂ-ਸੁੰਦਿਆਂ’ ਦੁਰੁਕਤੀ ਸਾਹਮਣੇ ਆਉਂਦੀ ਹੈ: ‘ਕਮਜ਼ੋਰ ਹੋਣ ਦੇ ਹੁੰਦਿਆਂ-ਸੁੰਦਿਆਂ ਮੈਂ ਤਕੜੀ ਹਾਂ।’ ਧਿਆਨ ਧਰੋ, ਇਥੇ ਵੀ ਦੁਰੁਕਤੀ ਹੈ, ‘ਹੁੰਦਿਆਂ’ ਤਾਂ ਹੋਇਆ ‘ਸੁੰਦਿਆਂ’ ਦਾ ਕੀ ਮਤਲਬ? ਜੇ ‘ਹੁੰਦਿਆਂ-ਸੁੰਦਿਆਂ ਵੀ’ ਕਹਿ ਦਿੱਤਾ ਜਾਵੇ ਤਾਂ ਫਿਰ ਚਾਰ ਦੇ ਵੀ ਅੱਠ ਚੰਦ ਲਗਦੇ ਹਨ। ਇਹ ਤਾਨ ਹੈ, ਤਾਨ ਵਿਚ ਕੌਲਾਂ ‘ਤੇ ਜ਼ੋਰ ਹੈ, ਇਨ੍ਹਾਂ ਵਿਚ ਵਾਧਾ ਹੈ ਤੇ ਕਈ ਵਾਰੀ ਦੋਹਾਂ ਤੋਂ ਉਲਟ ਗੱਲ ਵੀ। ਚਲੋ ਇਸ ਦੁਰੁਕਤੀ ਦੇ ਬਖੀਏ ਉਧੇੜੀਏ।
‘ਬਾਵਜੂਦ’ (ਬਾ+ਵਜੂਦ) ਸ਼ਬਦ ਫਾਰਸੀ ਅਰਬੀ ਦਾ ਮਿਲਗੋਭਾ ਹੈ ਤੇ ‘ਵੀ’ ਸੰਸਕ੍ਰਿਤ ਵਲੋਂ ਹੈ। ਬਾਵਜੂਦ ਦਾ ‘ਬਾ’ ਫਾਰਸੀ ਅਗੇਤਰ ਹੈ, ਜਿਸ ਦਾ ਅਰਥ ਸਮੇਤ, ਸਹਿਤ, ਨਾਲ ਆਦਿ ਹੁੰਦਾ ਹੈ। ਹੋਰ ਸ਼ਬਦ ਲਈਏ: ਬਾਖਬਰ, ਬਾਕਾਇਦਾ, ਬਾਵਾਸਤਾ, ਬਾਮੁਲਾਹਜ਼ਾ ਆਦਿ। ਵਜੂਦ ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ-ਹੋਂਦ, ਹਸਤੀ, ਵਿਦਮਾਨਤਾ। ਸੋ, ਬਾਵਜੂਦ ਸ਼ਬਦ ਦਾ ਮਤਲਬ ਹੋਇਆ-ਹੋਂਦ ਵਾਲਾ, ਅਸਤਿਤਵਮਈ, ਯਥਾਰਥਕ। ਬਾਵਜੂਦ ਕ੍ਰਿਆ ਵਿਸ਼ੇਸ਼ਣ ਜਾਂ ਯੋਜਕ ਵਜੋਂ ਵਰਤਿਆ ਜਾਂਦਾ ਹੈ, ਸੋ ‘ਕਮਜ਼ੋਰ ਹੋਣ ਦੇ ਬਾਵਜੂਦ ਵੀ’ ਦਾ ਸਮੁੱਚਾ ਅਰਥ ਹੋਇਆ, ਕਮਜ਼ੋਰੀ ਦੇ ਹੁੰਦਿਆਂ (ਸੁੰਦਿਆਂ) ਵੀ। ਧਿਆਨ ਰੱਖਿਆ ਜਾਵੇ ਕਿ ਹਰ ਵਾਕ ਬਣਤਰ ਵਿਚ ਦੁਰੁਕਤੀ ਨਹੀਂ ਵਰਤੀ ਜਾ ਸਕਦੀ ਜਿਵੇਂਂ ‘ਬਾਵਜੂਦ ਏਨਾ ਜ਼ੋਰ ਲਾਉਣ ਦੇ, ਉਹ ਚੋਣ ਜਿੱਤ ਨਹੀਂ ਸਕਿਆ’ ਜਿਹੇ ਵਾਕ ਵਿਚ ‘ਬਾਵਜੂਦ ਵੀ’ ਨਹੀਂ ਚੱਲਦਾ, ਜੇ ਕੋਈ ਅਜਿਹਾ ਚਲਾ ਵੀ ਦੇਵੇ ਤਾਂ ਭਲਾ ਕਿਹੜਾ ਮੂੰਹ ਫੜ ਲੈਣਾ ਹੈ!
ਵਜੂਦ ਸ਼ਬਦ ਪੰਜਾਬੀ ਭਾਸ਼ਾ ਵਿਚ ਖੂਬ ਚਲਦਾ ਹੈ, “ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਰਿਹਾ।” ਫਰਿਆਦ ਆਜ਼ਰ ਦਾ ਇਕ ਸ਼ਿਅਰ ਹੈ,
ਅਦਾ ਹੂਆ ਨਾ ਕਰਜ਼ ਔਰ ਵਜੂਦ ਖਤਮ ਹੋ ਗਯਾ।
ਮੈਂ ਜ਼ਿੰਦਗੀ ਕਾ ਦੇਤੇ ਦੇਤੇ ਸੂਦ ਖਤਮ ਹੋ ਗਯਾ।
ਸੂਫੀ ਕਾਵਿ ਵਿਚ ਇਸ ਦੀ ਖਾਸੀ ਵਰਤੋਂ ਹੋਈ ਹੈ, ਕਿਉਂਕਿ ਇਹ ਇਕ ਤਰ੍ਹਾਂ ਸੂਫੀ ਦਰਸ਼ਨ ਦਾ ਪਦ ਬਣ ਗਿਆ ਹੈ, ਇਹ ਫਨਾਅ ਦੀ ਅੰਤਿਮ ਅਵਸਥਾ ਹੈ, ਸਭ ਕੁਝ ਫਨਾਅ ਹੋ ਗਿਆ, ਆਪੇ ਨੂੰ ਖੁਦਾ ਵਿਚ ਹੀ ਪਾ ਲਿਆ। ਬੁੱਲ੍ਹੇ ਸ਼ਾਹ ਫੁਰਮਾਉਂਦੇ ਹਨ,
ਇਕ ਜੰਗਲ ਬਹਿਰੀਂ ਜਾਂਦੇ ਨੀ
ਇਕ ਦਾਣਾ ਰੋਜ਼ ਲੈ ਖਾਂਦੇ ਨੀ।
ਬੇ ਸਮਝ ਵਜੂਦ ਥਕਾਂਦੇ ਨੀ
ਘਰ ਹੋਵਣ ਹੋ ਕੇ ਮਾਂਦੇ ਨੀ।
ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ
ਇਕ ਨੁਕਤੇ ਵਿਚ ਗੱਲ ਮੁੱਕਦੀ ਏ।
ਇਸਲਾਮ ਵਿਚ ਵਜੂਦ ਦਾ ਮਤਲਬ ਹੈ, ਖੁਦਾ ਵਿਚ ਹੀ ਆਪਣੀ ਹਸਤੀ ਪਾਉਣਾ; ਪਰ ਮਾਦਾਈ ਕਾਇਨਾਤ ਵਿਚ ਵਜੂਦ ਦਾ ਅਰਥ ਸਰੀਰਕ ਜਾਂ ਪਦਾਰਥਕ ਹੋਂਦ ਹੈ, ਇਥੋਂ ਤੱਕ ਕਿ ਸਰੀਰ ਵੀ ਹੋ ਜਾਂਦਾ ਹੈ,
ਮਜ਼ਹਬ ਸ਼ਰਹ ਦੇ ਝਲੀ ਅਨਸੂਰ ਸੂਲੀ
ਸ਼ਾਹ ਸ਼ਮਸ ਨੇ ਚੰਮ ਲਹਾਇਆ ਏ।
ਹੱਥੀਂ ਲਾਹ ਕੇ ਚੰਮ ਵਜੂਦ ਉਤੋਂ
ਧੌਂਸਾ ਅਜ਼ਲ ਦਾ ਆਪ ਤੂੰ ਮੜ੍ਹਨ ਲੱਗੇਂ। (ਵਾਰਸ ਸ਼ਾਹ)
ਅੱਗੇ ਇਸ ਦਾ ਅਰਥ ਜ਼ਿੰਦਗੀ, ਤੱਤ, ਸਾਰ, ਵਿਅਕਤੀ, ਇਥੋਂ ਤੱਕ ਕਿ ਮਰਦ ਦੀ ਇੰਦਰੀ (ਮਰਦਾਨਾ ਹੋਂਦ ਦੀ ਨਿਸ਼ਾਨੀ) ਵੀ ਹੈ। ਵਜੂਦ ਦਾ ਅਰਬੀ ਧਾਤੂ ‘ਵ ਜ ਦ’ ਹੈ ਜਿਸ ਦਾ ਅਰਥ ਹੈ-ਪਾਇਆ ਜਾਣਾ, ਹੋਣਾ, ਵਰਤਮਾਨ ਹੋਣਾ। ਅਰਬੀ ਸ਼ਬਦ ਘਾੜਤ ਅਨੁਸਾਰ ਇਸ ਤੋਂ ਕਈ ਸ਼ਬਦ ਬਣੇ ਹਨ, ਜਿਨ੍ਹਾਂ ਵਿਚੋਂ ਕਈ ਫਾਰਸੀ ਤੇ ਉਰਦੂ ਰਾਹੀਂ ਪੰਜਾਬੀ ਵਿਚ ਆ ਬਿਰਾਜੇ ਹਨ। ਸੂਫੀ ਰੀਤ ਵਿਚ ਵਜਦ ਦਾ ਅਰਥ ਹੈ-ਅਨੰਦ, ਸਰੂਰ, ਮਸਤੀ। ਸੂਫੀ ਵਜਦ ਦੀ ਅਵਸਥਾ ਵਿਚ ਆ ਕੇ ਹਾਲ ਪਾਉਂਦੇ ਹਨ, ਮਾਨੋਂ ਆਪਣਾ ਵਜੂਦ, ਆਪਣੀ ਹਸਤੀ ਗਵਾ ਦਿੰਦੇ ਹਨ। ਅਰਬੀ ਵਜਦ ਦਾ ਮਤਲਬ ਹੈ-ਗੁੱਸੇ ਵਿਚ ਆਉਣਾ, ਉਤੇਜਿਤ ਹੋਣਾ, ਪਿਆਰ ਵਿਚ ਲੀਨ ਹੋਣਾ। ਭਾਵ ਕਿਸੇ ਤਰ੍ਹਾਂ ਦੇ ਭਾਵਾਂ ਦੇ ਵਹਿਣ ਵਿਚ ਵਹਿਣਾ। ਇਸ ਦੀ ਵਿਆਖਿਆ ਮੇਰੀ ਸਮਝ ਤੋਂ ਬਾਹਰੀ ਹੈ। ਸ਼ਾਇਦ ਆਪਾ ਮਾਰ ਕੇ ਲੱਭਣ ਵਾਲੀ ਗੱਲ ਹੈ।
‘ਵ ਜ ਦ’ ਧਾਤੂ ਤੋਂ ਬਣਿਆ ਸਭ ਤੋਂ ਵਧ ਪ੍ਰਚਲਿਤ ਸ਼ਬਦ ਹੈ, ਮੌਜੂਦ ਜਿਸ ਦਾ ਅਰਥ ਹਾਜ਼ਰ, ਵਰਤਮਾਨ, ਹੋਂਦਵਾਨ, ਸੁਜੀਵ ਆਦਿ ਹੈ। ਇਹ ਵਜਦ ਦਾ ਭੂਤ ਕਾਰਦੰਤਕ ਹੈ ਤੇ ਮਤਲਬ ਬਣਦਾ ਹੈ, ਜੋ ਲਭਿਆ ਗਿਆ, ਪਾਇਆ ਗਿਆ, ਨਿਰੂਪਿਆ ਗਿਆ; ਇਸ ਲਈ ਹਾਜ਼ਰ, ਵਰਤਮਾਨ, ਜਿਸ ਦੀ ਹੋਂਦ ਹੈ, ਉਪਲਭਧ, ਸੁਜੀਵ ਆਦਿ ਬਣਦੇ ਹਨ। ਮੌਜੂਦ ਤੋਂ ਹੀ ਮੌਜੂਦਾ ਸ਼ਬਦ ਬਣਦਾ ਹੈ, ਜਿਸ ਨੂੰ ਅਸੀਂ ਪੰਜਾਬੀ ਵਿਚ ਵਰਤਮਾਨ ਵਜੋਂ ਸਮਝਦੇ ਹਾਂ। ਜਿਵੇਂ ਮੌਜੂਦਾ ਹਾਲਾਤ। ਇਸ ਤੋਂ ਉਲਟ ਹੈ, ਗੈਰ-ਮੌਜੂਦ ਅਤੇ ਗੈਰ-ਮੌਜੂਦਾ। ਇਸ ਤੋਂ ਬਣਿਆ ਭਾਵਵਾਚਕ ਨਾਂਵ ਹੈ, ਮੌਜੂਦਗੀ।
ਵਜਦ ਧਾਤੂ ਤੋਂ ਬਣਿਆ ਇਕ ਹੋਰ ਸ਼ਬਦ ਹੈ, ਈਜਾਦ ਜਿਸ ਦਾ ਭਾਵ ਹੈ-ਲਭਿਆ, ਪੈਦਾ ਕੀਤਾ, ਖੋਜਿਆ, ਸਾਹਮਣੇ ਲਿਆਂਦਾ। ਇਹ ਸ਼ਬਦ ਆਮ ਤੌਰ ‘ਤੇ ‘ਈਜਾਦ ਕਰਨਾ’, ‘ਈਜਾਦ ਹੋਣਾ’ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਖੋਜ, ਲੱਭਤ, ਪੈਦਾਇਸ਼ ਦੇ ਅਰਥਾਂ ਵਿਚ ਨਾਂਵ ਵਜੋਂ ਵੀ ਵਰਤਿਆ ਜਾਂਦਾ ਹੈ। ਮੁਜੀਦ ਹੁੰਦਾ ਹੈ-ਖੋਜੀ, ਕਾਢੂ, ਪੈਦਾ ਕਰਨ ਵਾਲਾ। ‘ਬਾਵਜੂਦ ਵੀ’ ਦੁਰੁਕਤੀ ਵਿਚਲੇ ਦੂਜੇ ਸ਼ਬਦ ‘ਵੀ’ ਦੀ ਵਿਆਖਿਆ ਫਿਰ ਕਦੇ ਕਰਾਂਗੇ।