ਊੜਾ ਐੜਾ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
(A) ਦਾਰੀਆਂ ਤੇ ਦੂਰੀਆਂ ਦੀ ਵਿੱਥ
ਪੰਜਾਬੀ ਸਮਾਜ ਦਾ ਅੰਦਰੂਨੀ ਹੀਜ ਪਿਆਜ ਦੇਖਣ ਅਤੇ ਸੂਰਤੇਹਾਲ ਜਾਣਨ ਲਈ ਇਸ ਦਾ ਵਿਸ਼ਲੇਸ਼ਣ ਕਰਨਾ ਜਰੂਰੀ ਹੈ। ਇਹ ਵਿਸ਼ਲੇਸ਼ਣ ਪੰਜਾਬੀਆਂ ਦੇ ਇਸ਼ਟ ਅਤੇ ਆਸਥਾ ਦੇ ਨੁਕਤੇ ਤੋਂ ਵੀ ਜਰੂਰੀ ਹੈ ਤੇ ਆਰਥਕ ਨੁਕਤੇ ਤੋਂ ਵੀ।
ਪੰਜਾਬ ਵਿਚ ਕਹਿਣ ਨੂੰ ਭਾਵੇਂ ਸਿੱਖ ਵਸਦੇ ਹਨ, ਹਿੰਦੂ ਵੀ ਤੇ ਮੁਸਲਮਾਨ ਵੀ। ਪੰਜਾਬ ਦੇ ਕਿਸੇ ਵੀ ਧਾਰਮਿਕ ਅਸਥਾਨ ‘ਤੇ ਚਲੇ ਜਾਈਏ ਤਾਂ ਉਥੇ ਸਾਨੂੰ ਸਾਡੀ ਧਾਰਮਿਕਤਾ ਦੀ ਥਾਂ ਸਾਡੀ ਸਮਾਜਕਤਾ ਦੇ ਦੀਦਾਰ ਵਧੇਰੇ ਹੋ ਸਕਦੇ ਹਨ।

ਗੁਰਦੁਆਰਿਆਂ ਵਿਚ ਸਿੱਖਾਂ ਤੇ ਹਿੰਦੂਆਂ ਤੋਂ ਇਲਾਵਾ ਟਾਵੇਂ ਟਾਵੇਂ ਮੁਸਲਮਾਨ ਵੀ ਦੇਖੇ ਜਾ ਸਕਦੇ ਹਨ। ਮੰਦਿਰਾਂ ਵਿਚ ਹਿੰਦੂਆਂ ਤੋਂ ਇਲਾਵਾ ਵਿਰਲੇ ਵਿਰਲੇ ਸਿੱਖ ਦਿੱਖ ਜਾਂਦੇ ਹਨ, ਪਰ ਮੁਸਲਮਾਨ ਬਿਲਕੁਲ ਨਹੀਂ ਨਜ਼ਰ ਆਉਂਦੇ। ਮਸਜਿਦ ਵਿਚ ਕੇਵਲ ਮੁਸਲਮਾਨ ਜਾਂਦੇ ਹਨ, ਕੋਈ ਹਿੰਦੂ ਤੇ ਕੋਈ ਸਿੱਖ ਕਿਸੇ ਵੀ ਸੂਰਤ ਵਿਚ ਨਹੀਂ ਜਾਂਦੇ।
ਦਿਲਚਸਪ ਗੱਲ ਇਹ ਹੈ ਕਿ ਮੁਸਲਿਮ ਪੀਰਾਂ ਫਕੀਰਾਂ ਦੇ ਮਜ਼ਾਰਾਂ ‘ਤੇ ਪੰਜਾਬੀ ਮੁਸਲਮਾਨ ਬਿਲਕੁਲ ਨਹੀਂ ਜਾਂਦੇ, ਉਥੇ ਸਿਰਫ ਸਿੱਖ ਅਤੇ ਹਿੰਦੂ ਹੀ ਜਾਂਦੇ ਹਨ। ਪੰਜਾਬ ਵਿਚ ਆਸਥਾ ਦੀ ਸਾਂਝੀਵਾਲਤਾ ਕੇਵਲ ਗੁਰਦੁਆਰਿਆਂ ਤੇ ਮਜ਼ਾਰਾਂ ਵਿਚ ਹੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਮੜ੍ਹੀਆਂ, ਮਟੀਆਂ, ਸਤੀਆਂ, ਸਮਾਧਾਂ ਤੇ ਜਠੇਰਿਆਂ ‘ਤੇ ਵੀ ਸਮਾਜਕ ਸਾਂਝੀਵਾਲਤਾ ਦੇਖੀ ਜਾ ਸਕਦੀ ਹੈ।
ਰਾਜਸੀ ਤੌਰ ‘ਤੇ ਸਿੱਖ ਸਮਝਦੇ ਹਨ ਕਿ ਪੰਜਾਬ ਸਿਰਫ ਉਨ੍ਹਾਂ ਦਾ ਹੀ ਹੈ। ਅੱਧੇ ਕੁ ਪੰਜਾਬੀ ਹਿੰਦੂ ਚੁੱਪ-ਚੁਪੀਤੇ ਅਕਾਲੀਆਂ ਥੱਲੇ ਲੱਗ ਕੇ ਆਪਣਾ ਰਾਜਸੀ ਆਧਾਰ ਹੌਲੀ ਹੌਲੀ ਮਜਬੂਤ ਕਰ ਰਹੇ ਹਨ ਤੇ ਕੁਝ ਕਾਂਗਰਸ ਨਾਲ ਰਲ ਕੇ ਮਾੜਾ ਮੋਟਾ ਫਾਇਦਾ ਲੈ ਰਹੇ ਹਨ। ਤੀਜੀ ਧਿਰ ਦਲਿਤ ਹਨ, ਜੋ ਸਿਰਫ ਨੀਲੇ, ਪੀਲੇ ਕਾਰਡਾਂ ਤੇ ਦਾਲ ਫੁਲਕੇ ਦੀ ਸਕੀਮ ਵੱਲ ਝਾਕਦੇ ਰਹਿੰਦੇ ਹਨ।
ਪੰਜਾਬ ਨੂੰ ਇੱਕ ਹੋਰ ਢੰਗ ਨਾਲ ਵੀ ਦੇਖਿਆ ਜਾ ਸਕਦਾ ਹੈ, ਉਹ ਹੈ ਦਾਰੀਆਂ ਤੇ ਦੂਰੀਆਂ ਦੀ ਦ੍ਰਿਸ਼ਟੀ ਤੋਂ। ਦਾਰੀਆਂ ਦਾ ਭਾਵ ਹੈ, ਉਹ ਲੋਕ ਜੋ ਕਿਸੇ ਨਾ ਕਿਸੇ ਤਰੀਕੇ ਦੀਆਂ ਸਰਦਾਰੀਆਂ ਮਾਣਦੇ ਹਨ। ਜਿਵੇਂ ਜਿਮੀਂਦਾਰ, ਕਾਰਖਾਨੇਦਾਰ ਤੇ ਦੁਕਾਨਦਾਰ। ਦਾਰ ਫਾਰਸੀ ਦਾ ਪਿਛੇਤਰ ਹੈ ਤੇ ਜਿਸ ਸ਼ੈਅ ਦੇ ਪਿੱਛੇ ਲਾ ਦਿੱਤਾ ਜਾਵੇ, ਉਸ ਸ਼ਬਦ ਦਾ ਅਰਥ ਹੋ ਜਾਂਦਾ, ਉਹ ਸ਼ੈਅ ਰੱਖਣ ਵਾਲਾ ਜਾਂ ਉਸ ਸ਼ੈਅ ਦਾ ਮਾਲਕ। ਇਸ ਤਰ੍ਹਾਂ ਜਿਮੀਂਦਾਰ ਦਾ ਅਰਥ ਖੇਤੀ ਕਰਨ ਵਾਲਾ ਨਹੀਂ, ਸਗੋਂ ਜਮੀਨ ਦਾ ਮਾਲਕ ਹੈ। ਇਸੇ ਤਰ੍ਹਾਂ ਕਾਰਖਾਨੇਦਾਰ ਦਾ ਅਰਥ ਕਾਰਖਾਨੇ ਵਿਚ ਕੰਮ ਕਰਨ ਵਾਲਾ ਨਹੀਂ, ਸਗੋਂ ਕਾਰਖਾਨੇ ਦਾ ਮਾਲਕ ਹੈ। ਦੁਕਾਨਦਾਰ ਦਾ ਅਰਥ ਵੀ ਦੁਕਾਨ ਵਿਚ ਕੰਮ ਕਰਨ ਵਾਲਾ ਨਹੀਂ, ਸਗੋਂ ਦੁਕਾਨ ਦਾ ਮਾਲਕ ਹੈ।
ਫਾਰਸੀ ਦਾ ਸ਼ਬਦ ਹੈ ਮਜ਼ਦ, ਜਿਸ ਦਾ ਅਰਥ ਹੈ, ਮਿਹਨਤਾਨਾ। ਮਜ਼ਦ ਤੋਂ ਮਜ਼ਦਵਰ ਬਣਿਆ ਹੈ, ਜਿਸ ਦਾ ਅਰਥ ਹੈ, ਮਿਹਨਤਾਨਾ ਪ੍ਰਾਪਤ ਕਰਨ ਵਾਲਾ; ਅਰਥਾਤ ਉਹ ਜੋ ਕਿਸੇ ਇਵਜ਼ ਵਿਚ ਜਾਂ ਭਾੜੇ ‘ਤੇ ਕੰਮ ਕਰਦਾ ਹੈ। ਫਾਰਸੀ ਦਾ ਅੱਖਰ ਵਾਓ ਗੁਰਮੁਖੀ ਵਿਚ ਕਿਤੇ ਵਾਵਾ, ਕਿਤੇ ਹੌੜਾ ਤੇ ਕਿਤੇ ਦੁਲੈਂਕੜ ਹੋ ਜਾਂਦਾ ਹੈ। ਇੱਥੇ ਫਾਰਸੀ ਦੇ ਮਜ਼ਦਵਰ ਦਾ ਵਾਓ ਦੁਲੈਂਕੜ ਵਿਚ ਬਦਲ ਗਿਆ ਹੈ ਤੇ ਮਜ਼ਦਵਰ ਮਜ਼ਦੂਰ ਹੋ ਗਿਆ ਹੈ। ਮਜ਼ਦੂਰ ਦੀਆਂ ਮਜਬੂਰੀਆਂ ਦੀ ਨਿਸ਼ਾਨਦੇਹੀ ਦਾਰੀਆਂ ਤੋਂ ਉਸ ਦੀ ਵਿੱਥ ਜਾਂ ਦੂਰੀਆਂ (ਮਜ਼ਦੂਰੀਆਂ) ਤੋਂ ਕੀਤੀ ਜਾ ਸਕਦੀ ਹੈ।
ਪੰਜਾਬ ਵਿਚ ਮਜ਼ਦੂਰ ਉਹ ਹੈ, ਜੋ ਨਾ ਜਮੀਨ ਦਾ ਮਾਲਕ ਹੈ, ਨਾ ਕਾਰਖਾਨੇ ਦਾ ਤੇ ਨਾ ਦੁਕਾਨ ਦਾ ਮਾਲਕ ਹੈ। ਉਹ ਸਿਰਫ ਮਿਹਨਤ ਮੁਸ਼ੱਕਤ ਕਰਦਾ ਹੈ ਤੇ ਉਸ ਦੇ ਬਦਲੇ ਮਿਲਣ ਵਾਲੀ ਸ਼ੈਅ ਨਾਲ ਘਰ ਦਾ ਗੁਜ਼ਾਰਾ ਤੋਰਦਾ ਹੈ। ਅੱਜ ਕਲ ਮਜ਼ਦੂਰ ਨੂੰ ਮਿਹਨਤ ਬਦਲੇ ਪੈਸੇ ਮਿਲਦੇ ਹਨ, ਪੁਰਾਣੇ ਸਮਿਆਂ ਵਿਚ ਦਾਣਾ ਫੱਕਾ, ਮਿੱਠਾ ਜਾਂ ਸਿਰਫ ਦਾਲ ਫੁਲਕੇ ਨਾਲ ਸਾਰ ਦਿੱਤਾ ਜਾਂਦਾ ਸੀ। ਆਟੇ ਦਾਲ ਦੀ ਸਕੀਮ ਵੀ ਮਜ਼ਦੂਰ ਨੂੰ ਉਹੀ ਪੁਰਾਣਾ ਦਾਲ ਫੁਲਕਾ ਚੇਤੇ ਕਰਾਉਣ ਵਾਲੀ ਹੈ, ਤਾਂ ਜੋ ਉਸ ਨੂੰ ਆਪਣੀ ਪੁਰਾਣੀ ਔਕਾਤ ਚੇਤੇ ਰਹੇ।
ਮੈਨੂੰ ਨਹੀਂ ਪਤਾ ਕਿ ਜਿਮੀਂਦਾਰ ਦੀ ਮਹੀਨੇ ਦੀ ਆਮਦਨ ਕਿੰਨੀ ਹੈ, ਕਾਰਖਾਨੇਦਾਰ ਦੀ ਕਿੰਨੀ ਹੈ ਤੇ ਦੁਕਾਨਦਾਰ ਦੀ ਕਿੰਨੀ? ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਜੇ ਕਿਸੇ ਦਾਰ ਅਰਥਾਤ ਮਾਲਕ ਨੂੰ ਮਹੀਨੇ ਦਾ ਲੱਖ ਰੁਪਿਆ ਬਚਦਾ ਹੋਵੇ ਤਾਂ ਮਜਦੂਰ ਨੂੰ ਸਿਰਫ ਪੰਜ-ਛੇ ਹਜ਼ਾਰ ਰੁਪਿਆ ਮਸਾਂ ਮਿਲਦਾ ਹੈ। ਜਿਮੀਂਦਾਰ, ਕਾਰਖਾਨੇਦਾਰ ਅਤੇ ਦੁਕਾਨਦਾਰ ਦੇ ਅਧੀਨ ਕੰਮ ਕਰਨ ਵਾਲੇ ਮਜਦੂਰ ਦੀ ਹਾਲਤ ਵੀ ਲਗਭਗ ਉਹੀ ਹੈ।
ਕਿਸੇ ਵੀ ਰਾਜਸੀ ਪਾਰਟੀ ਕੋਲ ਮਜ਼ਦੂਰ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਹੀਂ ਹੈ। ਕਿਸੇ ਨੂੰ ਜਿਮੀਂਦਾਰਾਂ ਦਾ ਫਿਕਰ ਹੈ, ਕਿਸੇ ਨੂੰ ਕਾਰਖਾਨੇਦਾਰਾਂ ਦਾ ਤੇ ਕਿਸੇ ਨੂੰ ਦੁਕਾਨਦਾਰਾਂ ਦਾ। ਵਿਚਾਰੇ ਮਜ਼ਦੂਰ ਦਰ ਦਰ ਭਟਕਣ ਜੋਗੇ ਹਨ, ਜਿਨ੍ਹਾਂ ਦਾ ਕੋਈ ਨਹੀਂ ਹੈ।
ਸਿਰਲੇਖ ਵਿਚ ਆਇਆ ਸ਼ਬਦ ਦਾਰੀਆਂ ਜਿਮੀਂਦਾਰਾਂ, ਕਾਰਖਾਨੇਦਾਰਾਂ ਤੇ ਦੁਕਾਨਦਾਰਾਂ ਦੇ ਐਸ਼ੋਅਰਾਮ ਤੇ ਸੁੱਖ ਸਹੂਲਤਾਂ ਦਾ ਸੰਕੇਤਕ ਹੈ ਅਤੇ ਇਸ ਦੇ ਨਾਲ ਆਇਆ ਦੂਜਾ ਸ਼ਬਦ ਦੂਰੀਆਂ ਮਜ਼ਦੂਰਾਂ ਦੀਆਂ ਮਜਬੂਰੀਆਂ ਤੇ ਦੁੱਖ ਤਕਲੀਫਾਂ ਵੱਲ ਸੰਕੇਤ ਕਰਦਾ ਹੈ।
ਇਸ ਲਿਖਤ ਦਾ ਮਨਸ਼ਾ ਹੈ ਕਿ ਦਾਰੀਆਂ ਤੇ ਦੂਰੀਆਂ ਦੀ ਵਿੱਥ ਅਣਮਨੁੱਖੀ ਹੈ; ਇਸ ਵਿੱਥ ਨੂੰ ਹਟਾਉਣ ਜਾਂ ਘਟਾਉਣ ਦਾ ਯਤਨ ਕਰਨਾ ਜਾਂ ਇਸ ਬਾਬਤ ਸੋਚਣਾ ਹੀ ਸਹੀ ਅਰਥਾਂ ਵਿਚ ਮਾਨਵਤਾ ਹੈ। ਇਸ ਵੱਲ ਧਿਆਨ ਦਿੱਤੇ ਬਗੈਰ ਨਾ ਅਸੀਂ ਮਾਨਵ ਕਹਾ ਸਕਦੇ ਹਾਂ ਤੇ ਨਾ ਮਾਨਵਤਾ ਪ੍ਰੇਮੀ।
ਕਿਸੇ ਨੇ ਸਵਾਲ ਕੀਤਾ ਕਿ ਜੇ ਦਾਰੀਆਂ ਵਾਲੇ ਆਪਣਾ ਪੈਸਾ ਨਾ ਲਾਉਣ ਤਾਂ ਮਜ਼ਦੂਰ ਕਿੱਥੋਂ ਕਮਾਈ ਕਰੇਗਾ?
ਇਹ ਸਵਾਲ ਬਿਲਕੁਲ ਵਾਜਬ ਹੈ, ਪਰ ਇਹ ਵੀ ਸੋਚਣਾ ਬਣਦਾ ਹੈ ਕਿ ਜੇ ਜਿਮੀਂਦਾਰ ਦੇ ਖੇਤ ਵਿਚ ਕੋਈ ਮਜ਼ਦੂਰ ਕੰਮ ਨਾ ਕਰੇ ਤਾਂ ਖੇਤ ਆਪਣੇ ਆਪ ਜਿਮੀਂਦਾਰ ਦਾ ਢਿੱਡ ਨਹੀਂ ਭਰ ਸਕਦਾ। ਜੇ ਕਾਰਖਾਨੇ ‘ਚ ਮਜ਼ਦੂਰ ਕੰਮ ਨਾ ਕਰਨ ਤਾਂ ਕਾਰਖਾਨੇਦਾਰ ਨੂੰ ਕਾਰਖਾਨਾ ਹੀ ਖਾ ਜਾਵੇਗਾ। ਇਸੇ ਤਰ੍ਹਾਂ ਜੇ ਕਿਸੇ ਦੁਕਾਨ ਅੰਦਰ ਮਜ਼ਦੂਰ ਕੰਮ ਨਾ ਕਰਨ ਤਾਂ ਦੁਕਾਨ ਬੰਦ ਰਹੇਗੀ ਤੇ ਦੁਕਾਨਦਾਰ ਉਜੜ ਜਾਵੇਗਾ।
ਸਿਰਫ ਗੱਲੇ ‘ਤੇ ਬਹਿਣ ਨਾਲ ਦੁਕਾਨਾਂ ਨਹੀਂ ਚਲਦੀਆਂ। ਮਜ਼ਦੂਰ ਦੀ ਮਿਹਨਤ ਮੁਸ਼ੱਕਤ ਬਿਨਾ ਜ਼ਿੰਦਗੀ ਦੀ ਗਤੀ ਸੰਭਵ ਨਹੀਂ ਹੈ।
ਸਾਡੇ ਸਮਾਜ ਵਿਚ ਰੁਪਏ ਲਾਉਣ ਵਾਲੇ ਤੇ ਰੱਜ ਰੱਜ ਖਾਣ ਵਾਲੇ ਵਿਹਲੜ ਹਨ ਤੇ ਕੰਮ ਕਰਨ ਵਾਲੇ ਅੱਤ ਦੀ ਗਰੀਬੀ, ਬੇਵਸੀ ਤੇ ਲਾਚਾਰੀ ਵਿਚ ਮਸਾਂ ਹੀ ਗ੍ਰਹਿਸਥੀ ਦੀ ਗੱਡੀ ਤੋਰਦੇ ਹਨ।
ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦਾ ਉਦੇਸ਼ ਮਿੱਥਿਆ ਸੀ ਤੇ ਮਹਾਤਮਾ ਗਾਂਧੀ ਨੇ ਸਾਨੂੰ ਸਰਵੋਦਯ ਦਾ ਨਾਅਰਾ ਦਿੱਤਾ ਸੀ। ਬੇਸ਼ੱਕ ਦੋਹਾਂ ਦਾ ਅਰਥ ਇੱਕੋ ਹੈ, ਪਰ ਸਾਡਾ ਸਮਾਜ ਸਰਬੱਤ ਦੇ ਭਲੇ ਅਤੇ ਸਰਵੋਦਯ ਤੋਂ ਕੋਹਾਂ ਦੂਰ ਹੈ।
(ਅ) ਅਤੇ ਉਦਾਸੀ ਦਾ ਮਹਾਂ ਆਲਮ
ਉਨ੍ਹੀਵੀਂ ਸਦੀ ਵਿਚ ਜਰਮਨ ਚਿੰਤਕ ਕਾਰਲ ਮਾਰਕਸ ਨੂੰ ਲੱਗਾ ਕਿ ਮਜ਼ਦੂਰ ਨੂੰ ਇੰਨਾ ਮਜਬੂਰ ਕਰ ਦਿੱਤਾ ਜਾਵੇਗਾ ਕਿ ਆਖਰ ਉਠ ਖੜ੍ਹਾ ਹੋਵੇਗਾ, ਹੰਭਲਾ ਮਾਰੇਗਾ, ਹੱਲਾ ਬੋਲੇਗਾ ਤੇ ਨਿਜ਼ਾਮ ਬਦਲ ਦੇਵੇਗਾ। ਇਸ ਤੋਂ ਪਹਿਲਾਂ ਕਿ ਮਜ਼ਦੂਰ ਅਜਿਹਾ ਕਰਦਾ, ਉਸ ਦਾ ਮੱਕੂ ਠੱਪ ਦਿੱਤਾ ਗਿਆ, ਜਿਸ ਦਾ ਉਸ ਨੂੰ ਪਤਾ ਵੀ ਨਾ ਲੱਗਾ।
ਫਿਰ ਇਕ ਹੋਰ ਜਰਮਨ ਚਿੰਤਕ ਹਰਬਰਟ ਮਾਰਕੂਜ਼ੇ ਨੇ ਵੀਹਵੀਂ ਸਦੀ ਵਿਚ ਆਪਣੀ ਪੁਸਤਕ ‘ਵੰਨ ਡਾਇਮੈਨਸ਼ਨਲ ਮੈਨ’ ਰਾਹੀਂ ਦੱਸਿਆ ਕਿ ਹੁਣ ਮਜ਼ਦੂਰ ਕੁਝ ਨਹੀਂ ਕਰ ਸਕੇਗਾ ਕਿਉਂਕਿ ਉਸ ਨੂੰ ਸਟੂਪੀਫਾਇ ਅਰਥਾਤ ਮੂਰਖ ਬਣਾ ਦਿੱਤਾ ਗਿਆ ਹੈ। ਉਸ ਨੇ ਸਰਪਲੱਸ ਵੈਲਿਊ ਦੇ ਨਾਲ ਸਰਪਲੱਸ ਰਿਪਰੈਸ਼ਨ ਨੂੰ ਜੋੜ ਕੇ ਦੱਸਿਆ ਕਿ ਦਾਰੀਆਂ ਵਾਲਿਆਂ ਦੀ ਇਸ ਚਾਲ ਅਤੇ ਸਾਜਿਸ਼ ਨੂੰ ਸਮਝਣਾ ਮਜ਼ਦੂਰ ਦੇ ਵੱਸ ਵਿਚ ਹੀ ਨਹੀਂ ਰਿਹਾ, ਜਿਸ ਕਰਕੇ ਉਸ ਤੋਂ ਹੁਣ ਕਿਸੇ ਇਨਕਲਾਬ ਦੀ ਕੋਈ ਉਮੀਦ ਨਹੀਂ ਰਹੀ।
ਮਜਦੂਰ ਹੁਣ ਕਿਰਤੀ ਨਹੀਂ ਰਿਹਾ, ਸਗੋਂ ਉਪਰਾਮਤਾ ਦੀ ਸ਼ਿਕਾਰ ਮਹਿਜ ਕੰਮ-ਕਾਜੀ ਮਸ਼ੀਨ ਬਣ ਗਿਆ ਹੈ, ਜਿਸ ਦੇ ਅਹਿਸਾਸ ਮਰ ਮੁੱਕ ਗਏ ਹਨ, ਜਿਸ ਨੇ ਹੋਣੀ ਨੂੰ ਆਪਣੀ ਤਕਦੀਰ ਮੰਨ ਲਿਆ ਹੈ, ਜੋ ਸਿਰਫ ਦੇਹ ਤੋਂ ਵੀ ਘੱਟ ਰਹਿ ਗਿਆ ਹੈ।
ਮਾਰਕੂਜ਼ੇ ਨੇ ਨਵੀਂ ਆਸ ਬੰਨਾਈ ਕਿ ਦਾਰੀਆਂ ਵਾਲਿਆਂ ਦੀ ਚਾਲ ਅਤੇ ਸਾਜਿਸ਼ ਨੂੰ ਹੁਣ ਵਿਦਿਆਰਥੀ ਬੇਨਕਾਬ ਕਰੇਗਾ ਤੇ ਨਿਜਾਮ ਬਦਲ ਦੇਵੇਗਾ। ਮਾਰਕੂਜ਼ੇ ਨੂੰ ਫਾਦਰ ਆਫ ਨਿਊ ਲੈਫਟ ਕਿਹਾ ਅਤੇ ਸਮਝਿਆ ਗਿਆ। ਉਸ ਨੇ ਉਮੀਦ ਰੱਖੀ ਕਿ ਹੁਣ ਵਿਦਿਆਰਥੀ ਨਿਜ਼ਾਮ ਵਿਚ ਤਬਦੀਲੀ ਲਿਆਉਣਗੇ। ਉਸ ਨੂੰ ਉਸ ਦੇ ਸਮੇਂ ਦੀਆਂ ਵੱਖ ਵੱਖ ਵਿਦਿਆਰਥੀ ਲਹਿਰਾਂ ਦੇ ਉਭਾਰ ਦਾ ਪ੍ਰੇਰਨਾ ਸਰੋਤ ਵੀ ਸਮਝਿਆ ਗਿਆ।
ਪਰ ਦਾਰੀਆਂ ਵਾਲਿਆਂ ਨੇ ਮਜ਼ਦੂਰ ਤੋਂ ਬਾਅਦ ਵਿਦਿਆਰਥੀ ਨੂੰ ਮੂਰਖ ਬਣਾਉਣ ਦੇ ਢੰਗ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚ ਵਿਦਿਆਰਥੀ ਨੂੰ ਗਿਆਨ ਭਰਪੂਰ ਚਿੰਤਨ ਦੀ ਥਾਂ ਜਾਣਕਾਰੀਆਂ ਵੱਲ ਰੁਚਿਤ ਕਰਨਾ ਅਤੇ ਉਸ ਨੂੰ ਜਾਣਕਾਰੀਆਂ ਦੇ ਹੜ੍ਹ ਵਿਚ ਰੋੜ੍ਹ ਦੇਣਾ ਸ਼ਾਮਲ ਹੈ। ਜਾਣਕਾਰੀਆਂ ਦੇ ਹੜ੍ਹ ਨੂੰ ਨਿੱਕੀ ਜਿਹੀ ਡੱਬੀ ‘ਚ ਕੈਦ ਕਰਕੇ ਵਿਦਿਆਰਥੀ ਨੂੰ ਉਸ ਵਿਚ ਹੁਬੜ ਦੇਣ ਦਾ ਬੜਾ ਹੀ ਕਾਰਗਰ ਤਰੀਕਾ ਹੈ, ਵਿਦਿਆਰਥੀ ਨੂੰ ਮਹਾਂ ਤਬਦੀਲੀ ਤੋਂ ਰੋਕ ਦੇਣ ਦਾ। ਟੂ ਜੀ, ਥ੍ਰੀ ਜੀ, ਫੋਰ ਜੀ, ਫਾਈਵ ਜੀ ਤੇ ਹੋਰ ਪਤਾ ਨਹੀਂ ਕਿੰਨੇ ਜੀ, ਫ੍ਰੀ ਇੰਟਰਨੈਟ ਤੇ ਮੋਬਾਇਲ ਨੇ ਵਿਦਿਆਰਥੀ ਦੀ ਕਰਤਾਰੀ ਤਾਕਤ ਨੂੰ ਨਸ਼ਟ ਕਰ ਦਿੱਤਾ ਹੈ। ਹੁਣ ਵਿਦਿਆਰਥੀ ਵੀ ਵਿਦਿਆਰਥੀ ਵਿਰੋਧੀ ਹੋ ਗਿਆ ਹੈ।
ਸਕੂਲਾਂ, ਕਾਲਜਾਂ ਵਿਚੋਂ ਭਾਸ਼ਾ, ਫਲਸਫਾ, ਸਮਾਜ ਅਤੇ ਰਾਜਨੀਤੀ ਸ਼ਾਸਤਰ ਜਿਹੇ ਵਿਸ਼ਿਆਂ ਨੂੰ ਵਿਸਾਰ ਕੇ ਵਪਾਰੀ ਨੁਕਤੇ ਵਾਲੀ ਪੜ੍ਹਾਈ ਨੂੰ ਉਤਸ਼ਾਹਤ ਕਰਨ ਦਾ ਰੁਝਾਨ ਵਿਦਿਆਰਥੀ ਦੀ ਕਰਤਾਰੀ ਸਮਰੱਥਾ ਨੂੰ ਖੇਹ ਖਰਾਬ ਕਰਨ ਦੇ ਤੁੱਲ ਹੈ। ਇਸੇ ਕਰਕੇ ਸਾਡੇ ਸਮਾਜ ਵਿਚ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਹੁਣ ਆਰਥਕ ਅਤੇ ਅਹੁਦੇ ਪੱਖੋਂ ਖੁਸ਼ਹਾਲ ਨੌਜਵਾਨਾਂ ਨੂੰ ਆਪਣੀ ਸਮਾਜਕਤਾ ਦਾ ਅਹਿਸਾਸ ਨਾਂਹ ਦੇ ਬਰਾਬਰ ਹੁੰਦਾ ਹੈ। ਇਸੇ ਕਰਕੇ ਸਾਡੇ ਸਮਾਜ ਵਿਚ ਕਾਮਯਾਬ ਬੰਦੇ ਦੀ ਪਛਾਣ ਵੱਡੀ ਕੋਠੀ ਅਤੇ ਕਾਰ ਤੱਕ ਸਿਮਟੀ ਹੋਈ ਹੈ।
‘ਸੌ ਸਾਖੀ’ ਦੱਸਦੀ ਹੈ ਕਿ ਦਸਮੇਸ਼ ਪਿਤਾ ਨੂੰ ਆਪਣੇ ਵਿਦਿਆਰਥੀਆਂ ਤੋਂ ਵਧੇਰੇ ਉਮੀਦ ਸੀ, ਜੋ ਉਨ੍ਹਾਂ ਆਖਿਆ: ਦੇਸ ਛੋਡ ਜਬ ਜਾਇ ਫਿਰੰਗੀ ਤਬ ਗਾਜੇਂਗੇ ਮੋਰੇ ਭੁਜੰਗੀ। ਦਾਰੀਆਂ ਵਾਲਿਆਂ ਨੇ ਦਸਮੇਸ਼ ਪਿਤਾ ਦੀ ਉਮੀਦ ਅੱਗੇ ਪ੍ਰਸ਼ਨ-ਚਿੰਨ੍ਹ ਲਾ ਦਿੱਤਾ ਹੈ। ਹੁਣ ਭੁਜੰਗੀ ਗੱਜਦੇ ਨਹੀਂ ਸਗੋਂ ਹੱਥਾਂ ‘ਚ ਮੋਬਾਇਲ ਲਈ ਕੰਧਾਂ ‘ਚ ਵੱਜਦੇ ਹਨ।
ਸਰਬੱਤ ਦੇ ਭਲੇ ਦੀ ਉਮੀਦ ਸਰਵੋਦਯ ਨੂੰ ਕਤਲ ਕਰਨ ਵਾਲੀ ਗੋਲੀ ਦੀ ਦਬੈਲ ਬਣ ਗਈ ਹੈ। ਹੁਣ ਦੂਰੀਆਂ ਨੂੰ ਦੁਰ ਦੁਰ ਕਰਨ ਵਾਲੀਆਂ ਦਾਰੀਆਂ ਦੇ ਮਹਾਂ ਜਾਲ ਨਾਲ ਕੌਣ ਨਿਪਟੂਗਾ? ਇਹ ਸੋਚ ਕੇ ਮਨ ਉਦਾਸੀ ਦੇ ਮਹਾਂ ਆਲਮ ਵਿਚ ਘਿਰ ਜਾਂਦਾ ਹੈ: ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ।
ਹਾਂ, ਇੱਕ ਸੂਰਤ ਨਜ਼ਰ ਆ ਰਹੀ ਹੈ। ਦਾਰੀਆਂ ਭੋਗਣ ਵਾਲਿਆਂ ਨੂੰ ਲੱਗਦਾ ਹੈ ਕਿ ਮੁਥਾਜ, ਲਾਚਾਰ ਤੇ ਗੁਲਾਮ ਬੰਦਾ ਕਦੀ ਨਾ ਕਦੀ ਵਿਦਰੋਹ ਕਰ ਹੀ ਸਕਦਾ ਹੈ। ਸ਼ਾਇਦ ਇਸੇ ਫਿਕਰ ਵਿਚੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਈਜਾਦ ਹੋ ਰਹੀ ਹੈ ਅਤੇ ਜਿਸ ਦਾ ਪ੍ਰਯੋਗ ਤੇ ਉਪਯੋਗ ਕਰਨ ਹਿਤ ਆਧੁਨਿਕ ਬੰਦਾ ਪੱਬਾਂ ਭਾਰ ਹੋਇਆ ਪਿਆ ਹੈ। ਉਸ ਨੂੰ ਲੱਗਦਾ ਹੈ ਕਿ ਬੰਦੇ ਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ ਹੈ; ਸਾਰੇ ਕੰਮ ਮਸ਼ੀਨ ਕਰੇਗੀ। ਇੱਥੋਂ ਤੱਕ ਕਿ ਮਸ਼ੀਨ ਨੂੰ ਹੁਣ ਇਹ ਦੱਸਣ ਦੀ ਵੀ ਲੋੜ ਨਹੀਂ ਰਹੇਗੀ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਅਸੀਂ ਸੋਚਦੇ ਹਾਂ ਕਿ ਹੁਣ ਮਸ਼ੀਨ ਖੁਦ ਸੋਚੇਗੀ।
ਪਰ, ਸਾਡੇ ਸਮਿਆਂ ਦੇ ਵੱਡੇ ਵਿਗਿਆਨੀ ਸਟੀਫਨ ਹੌਕਿੰਗ ਨੇ ਚਿਤਾਵਨੀ ਦਿੱਤੀ ਸੀ ਕਿ ਖੁਦ ਸੋਚਣ ਵਾਲੀ ਮਸ਼ੀਨ ਖੁਦ ਸੋਚੇਗੀ; ਉਸ ਨੇ ਕੀ ਸੋਚਣਾ ਹੈ, ਇਹ ਸਿਰਫ ਉਸੇ ਨੂੰ ਪਤਾ ਹੋਵੇਗਾ। ਉਸ ਨੂੰ ਪ੍ਰਵਾਹ ਨਹੀਂ ਹੋਵੇਗੀ ਕਿ ਬੰਦਾ ਉਸ ਬਾਰੇ ਕੀ ਸੋਚਦਾ ਹੈ? ਅਜਿਹੀ ਈਜਾਦ ਮਨੁੱਖਤਾ ਨੂੰ ਭਸਮ ਕਰ ਸਕਦੀ ਹੈ, ਜਿਸ ਨਾਲ ਸਭ ਕਾਸੇ ਦਾ ਭੋਗ ਪੈ ਜਾਵੇਗਾ। ਨਾ ਰਹੇਗਾ ਬਾਂਸ ਤੇ ਨਾ ਰਹੇਗੀ ਬਾਂਸਰੀ। ਕਾਇਨਾਤ ਦਾ ਅੰਤ ਇਸ ਦੇ ਕੁਦਰਤੀ ਅੰਤ ਤੋਂ ਪਹਿਲਾਂ ਵੀ ਹੋ ਸਕਦਾ ਹੈ। ਇਹ ਵੀ ਨਹੀਂ ਕਹਿ ਸਕਦੇ ਕਿ ਬੰਦਾ ਹੱਥ ਮਲਦਾ ਰਹਿ ਜਾਵੇਗਾ। ਕੋਈ ਹੱਥ ਮਲਣ ਲਈ ਬਚੇਗਾ ਹੀ ਨਹੀਂ, “ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ॥”