ਸ਼ਿਕਵੇ ਦੀ ਸਰਗਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਆਸ ਦਾ ਵਿਖਿਆਨ ਕੀਤਾ ਸੀ ਕਿ ਆਸ ਬਿਨਾ ਜ਼ਿੰਦਗੀ ਨਿਭ ਨਹੀਂ ਸਕਦੀ। ਕਿਆਸ ਕਰੋ, ਬ੍ਰਿਹਣ ਨੂੰ ਮਾਹੀ ਦੀ ਉਡੀਕ ਦੀ! ਇਹ ਵੱਖਰੀ ਗੱਲ ਹੈ ਕਿ ਅੱਜ ਕੱਲ ਲੋਕਾਂ ਨੂੰ ਧੀਰਜ ਨਾਲ ਉਡੀਕਣਾ ਗਵਾਰਾ ਨਹੀਂ। ਉਹ ਤੱਤਫੱਟ ਨਤੀਜਿਆਂ ਦੀ ਆਸ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਉਡੀਕਹੀਣ ਹੋ ਜਾਂਦੇ, ਜੋ ਅਜਿਹੇ ਲੋਕਾਂ ਲਈ ਅਰਥਹੀਣਤਾ ਬਣ ਜਾਂਦੇ। ਸ਼ਿਕਵਾ, ਉਲਾਂਭਾ, ਨਿਹੋਰਾ, ਗਿਲਾ ਆਦਿ ਇਕ ਹੀ ਸੋਚ ਦਾ ਪ੍ਰਗਟਾਅ, ਪਰ ਇਹ ਇਨਸਾਨੀ ਜ਼ਿੰਦਗੀ ਦਾ ਹਿੱਸਾ ਹਨ।

ਇਸ ਦੇ ਸਮਾਨੰਤਰ ਅਰਥਾਂ ‘ਚੋਂ ਉਸਾਰੂ ਪ੍ਰਗਟਾਅ। ਇਸ ਲੇਖ ਵਿਚ ਡਾ. ਭੰਡਾਲ ਦੱਸਦੇ ਹਨ, “ਕਰਤਾਰੀ ਤੇ ਕਰਾਮਾਤੀ ਕੁਦਰਤ ਜਦ ਕਹਿਰਵਾਨ ਅਤੇ ਕਰੋਧਿਤ ਹੋ ਕੇ ਕਾਲ ਬਣਦੀ ਤਾਂ ਮਨੁੱਖੀ ਰਸਾਤਲ ਨੂੰ ਨਵੀਆਂ ਨਿਵਾਣਾਂ ਅਤੇ ਹਨੇਰ ਕੰਦਕਾਂ ਦੀ ਸੂਹ ਮਿਲਦੀ। ਕੁਦਰਤ ਨਾਲ ਸ਼ਿਕਵਾ ਕਰਨ ਤੋਂ ਪਹਿਲਾਂ ਕੁਦਰਤ ਦੇ ਉਲਾਂਭੇ ਵਿਚੋਂ ਕੁਝ ਸਾਰਥਕ ਕਰਨ ਤੇ ਕਰਵਾਉਣ ਦੀ ਆਦਤ ਪਾ ਲਈਏ ਤਾਂ ਉਲਾਂਭਿਆਂ ਦੀ ਨੌਬਤ ਹੀ ਨਹੀਂ ਆਉਣੀ।” ਉਨ੍ਹਾਂ ਦੀ ਇਹ ਗੱਲ ਬਿਲਕੁਲ ਸਹੀ ਹੈ, “ਕੁਝ ਲੋਕ ਸ਼ਿਕਵੇ ਕਰਦਿਆਂ ਹੀ ਜ਼ਿੰਦਗੀ ਗੁਜਾਰ ਦਿੰਦੇ। ਉਨ੍ਹਾਂ ਦੇ ਪੱਲੇ ‘ਚ ਸ਼ਿਕਵਿਆਂ ਦਾ ਕੱਚਰਾ, ਪਰ ਜੋ ਹਿੰਮਤ, ਹੱਲਾਸ਼ੇਰੀ, ਹੱਠ ਅਤੇ ਹੌਂਸਲੇ ਨੂੰ ਯਾਰ ਬਣਾਉਂਦੇ ਉਨ੍ਹਾਂ ਦਾ ਨਸੀਬ ਬਣਦੀ ਜੀਵਨ-ਸੁਗੰਧੀ ਤੇ ਸੁਪਨ-ਸੁੰਦਰਤਾ।” ਉਨ੍ਹਾਂ ਦਾ ਇਹ ਕਥਨ ਬਿਲਕਲ ਸਹੀ ਹੈ ਕਿ ਸ਼ਿਕਵਾ ਕਦੇ ਵੀ ਨਾ ਹਿੰਮਤ ਵਾਲੇ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਉਲਾਂਭੇ ਸੁਣਨ ਦੀ ਆਦਤ। ਉਹ ਕੁਝ ਕਰਨ ਲਈ ਰੁਚਿਤ ਅਤੇ ਇਸ ਵਿਚੋਂ ਹੀ ਉਨ੍ਹਾਂ ਦੀ ਸ਼ਖਸੀਅਤ ਦਾ ਵਡੱਪਣ ਜੱਗ ਜਾਹਰ ਹੁੰਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸ਼ਿਕਵਾ, ਆਸ ਦੀ ਬੇਆਸ, ਉਮੀਦ ਦੀ ਬੇ-ਉਮੀਦੀ ਅਤੇ ਪੂਰਨਤਾ ਦੀ ਅਪੂਰਨਤਾ ਵਿਚੋਂ ਪੈਦਾ ਹੋਈ ਮਾਨਸਿਕ ਵੇਦਨਾ।
ਸ਼ਿਕਵਾ, ਆਪਣੇ-ਆਪ ਤੋਂ ਗਿਲਾਨੀ, ਆਪਣੀਆਂ ਕੁਤਾਹੀਆਂ ਦਾ ਓਹਲਾ ਅਤੇ ਆਪਣੀ ਅਸਮਰੱਥਾ ਦਾ ਝਉਲਾ।
ਸ਼ਿਕਵਾ, ਆਪਣੀ ਕਮੀਨਗੀ ਨੂੰ ਛੁਪਾਉਣ ਦੀ ਚਾਹਤ, ਕਿਸੇ ਖਤਰੇ ਤੋਂ ਅੱਖਾਂ ਮੀਟੀ ਜਾਣ ਦੀ ਚਾਹਤ ਅਤੇ ਬੇਰੁਖੀ, ਬੇਧਿਆਨੀ ਅਤੇ ਬੇਲਾਗਤਾ ਵਿਚੋਂ ਪੈਦਾ ਹੋਈ ਸਰਸਰਾਹਟ।
ਸ਼ਿਕਵਾ, ਕਦੇ ਆਪਣੇ ਆਪ ਤੋਂ, ਕਦੇ ਆਪਣਿਆਂ ਤੋਂ, ਕਦੇ ਬੇਗਾਨਿਆਂ ਤੋਂ ਕਦੇ ਕਿਸਮਤ ਤੋਂ, ਕਦੇ ਕੁਦਰਤ ਤੋਂ, ਕਦੇ ਰੱਬ ਨੂੰ ਅਤੇ ਕਦੇ ਖੁੰਝ ਚੁਕੇ ਸਬੱਬ ਤੋਂ।
ਸ਼ਿਕਵਾ, ਬਹੁਤ ਕੁਝ ਕਿਹਾ ਅਤੇ ਅਣਕਿਹਾ ਮਨੁੱਖੀ ਸੋਚ ਵਿਚੋਂ ਉਗਲਦਾ, ਵਿਅਕਤੀ ਵਿਚੋਂ ਉਸ ਦੇ ਅੰਤਰੀਵ ਨੂੰ ਬਾਹਰ ਖਿਲਾਰਦਾ ਅਤੇ ਬੰਦੇ ਵਿਚੋਂ ਬੰਦਗੀ ਅਤੇ ਬੰਦਾਈ ਨੂੰ ਨਿਕਾਲਦਾ।
ਸ਼ਿਕਵਾ, ਬੇਵਾ ਹੋ ਚੁਕੀ ਚਾਅ-ਚਾਹਨਾ ਦਾ ਮੁਰਝਾ ਜਾਣਾ, ਭਾਵਾਂ ਦੀ ਪਗਡੰਡੀ ਦਾ ਧੁੱਧਲ ‘ਚ ਗਵਾਚ ਜਾਣਾ ਅਤੇ ਬੇਮਾਅਨੇ ਹੀ ਰੋਸ਼ਨ ਰਾਹਾਂ ਨੂੰ ਕੋਸਣਾ।
ਸ਼ਿਕਵਾ, ਕਈ ਵਾਰ ਸਿਰਫ ਬਾਹਰੀ ਹੁੰਦਾ, ਜੋ ਦਿਖਾਵੇ ਲਈ, ਭਰਮ ਪੈਦਾ ਕਰਨ ਅਤੇ ਖੁਦ ਨੂੰ ਕੋਰੀ ਕਲਪਨਾ ਵਿਚ ਉਲਝਾਈ ਰੱਖਣ ਦਾ ਨਾਮ, ਪਰ ਜਦ ਸ਼ਿਕਵਾ ਮਨੁੱਖ ਦੇ ਅੰਤਰੀਵ ਵਿਚੋਂ ਨਿਕਲਦਾ ਤਾਂ ਇਸ ਦੇ ਅਸੀਮ ਅਰਥਾਂ ਵਿਚ ਵਕਤ ਤੇ ਵਕਤ ਦੀਆਂ ਤੰਦਾਂ ਨੂੰ ਸੁੱਲਝਣ, ਸੰਵਰਨ ਅਤੇ ਸ਼ਿੰਗਾਰਨ ਦਾ ਵੱਲ, ਮਨ-ਬੀਹੀ ਦੀ ਦਸਤਕ ਬਣਦਾ।
ਸ਼ਿਕਵੇ, ਸਾਡੇ ਆਲੇ-ਦੁਆਲੇ ਫੈਲੇ। ਮਨੁੱਖੀ ਸੋਚ ਨੂੰ ਕੁਰੇਦਦੇ। ਇਸ ਨੂੰ ਪ੍ਰਸ਼ਨ ਕਰਦੇ ਅਤੇ ਸਾਰਥਕ ਉਤਰ ਦੀ ਆਸ ਵਿਚ ਕਈ ਵਾਰ ਇਹ ਸਾਹਾਂ ਲਈ ਉਲਾਂਭਾ ਵੀ ਬਣ ਜਾਂਦੇ। ਇਸ ਵਿਚੋਂ ਹੀ ਖੁਦਕੁਸ਼ੀਆਂ ਦੀ ਰੁੱਤ, ਕਿਸੇ ਦਰ-ਦਰਵਾਜੇ ਨੂੰ ਖੜਕਾਉਂਦੀ ਅਤੇ ਸ਼ਿਕਵੇ ਦੀ ਝੋਲੀ ‘ਚ ਮਰਨ-ਮਿੱਟੀ ਪਾਉਂਦੀ।
ਸ਼ਿਕਵੇ ਨੂੰ ਸਮਝਣ, ਇਸ ਨੂੰ ਦੇਣ ਅਤੇ ਲੈਣ ਦੀ ਸੋਝੀ ਆ ਜਾਵੇ ਤਾਂ ਮਨੁੱਖ, ਮਨੁੱਖ ਬਣਨ ਦਾ ਫਰਜ਼ ਅਦਾ ਕਰਦਾ, ਸੁੱਚੇ ਸੁਪਨੇ ਦੀ ਚਿਰੰਜੀਵਤਾ ਲਈ ਖੁਦ ਸੂਲੀ ‘ਤੇ ਚੜ੍ਹਦਾ ਅਤੇ ਸੁਪਨੇ ਦੇ ਨੈਣੀਂ ਪੂਰਨਤਾ ਦਾ ਸੂਰਜ ਧਰਦਾ।
ਸ਼ਿਕਵਾ, ਉਹ ਬੱਚਾ ਕਿਸ ਨੂੰ ਦੇਵੇ ਜਿਸ ਦੇ ਹਿੱਸੇ ਦਾ ਸੂਰਜ ਗਹਿਣੇ ਪੈ ਜਾਵੇ, ਜਿਸ ਦੇ ਤਨ ਦੇ ਲੰਗਾਰਾਂ ਨੂੰ ਗੁਰਬਤ ਖਾ ਜਾਵੇ, ਪੇਟ ਦਾ ਰੱਜ ਉਧਲ ਜਾਵੇ ਅਤੇ ਆਪਣੀ ਦਿੱਖ ਨੂੰ ਸਮਾਜ ਦਾ ਕੁਹਝ ਬਣਾਵੇ ਪਰ ਜੱਗ ਚੰਦਰਾ, ਉਸ ਦੀ ਲੇਰ ਦਾ ਹੁੰਗਾਰਾ ਭਰਨ ਤੋਂ ਕੰਨੀਂ ਕਤਰਾਵੇ।
ਸ਼ਿਕਵਾ, ਉਹ ਖੇਤ ਕਿਸ ਨੂੰ ਸੁਣਾਵੇ ਜਿਸ ਦਾ ਸਿਰਜਣਹਾਰਾ ਲਹਿਰਾਉਂਦੀਆਂ ਫਸਲਾਂ ਵਿਚੋਂ ਵੀ ਸੱਖਣੇ ਭੜੋਲਿਆਂ ਦਾ ਦਰਦ ਹੰਢਾਵੇ, ਪੈਰਾਂ ਦੀਆਂ ਬਿਆਈਆਂ ਦੇ ਕੋਈ ਵੀ ਮੌਜਾ ਮੇਚ ਨਾ ਆਵੇ, ਖਾਲ ਵਿਚ ਵਗਦੇ ਪਾਣੀਆਂ ਵਿਚ ਲਹੂ ਰੰਗੇ ਹਾਦਸਿਆਂ ਦਾ ਮਾਤਮ ਮਨਾਵੇ, ਰੁੰਡ-ਮਰੁੰਡ ਰੁੱਖ ਦੇ ਗਲ ਲੱਗ ਦੁੱਖੜੇ ਸੁਣਾਵੇ, ਫਿਰ ਟਾਹਣ ‘ਤੇ ਪਰਨਾ ਲਟਕਾਵੇ, ਗਲ ਵਿਚ ਪਾਵੇ ਅਤੇ ਬਿਰਖ ਸੰਗ ਸੁੱਕਾ ਬਿਰਖ ਹੋ ਜਾਵੇ। ਹੇਠਾਂ ਬੱਝੀ ਬਲਦਾਂ ਦੀ ਜੋੜੀ ਆਪਣੇ ਮਾਲਕ ਦੇ ਪੈਰਾਂ ਨੂੰ ਚੁੰਮ-ਚੱਟ ਕੇ ਉਸ ਨੂੰ ਜਗਾਉਣਾ ਚਾਹੇ, ਧੀਰਜ ਬੰਨਾਵੇ ਕਿ ਅਸੀਂ ਤੇਰਾ ਦਰਦ ਵੰਡਾਵਾਂਗੇ, ਤੇਰੇ ਨਾਲ ਰਲ ਕੇ ਮਿਹਨਤ ਨਾਲ ਹਟਕੋਰੇ ਭਰਦੇ ਆਸ-ਚਿਰਾਗ ਨੂੰ ਜਗਾਵਾਂਗੇ। ਤੂੰ ਹੌਸਲਾ ਨਾ ਹਾਰ। ਪਰ ਮੌਤ ਹੱਥੋਂ ਹਾਰ ਚੁੱਕੇ ਕਿਰਤੀ ਦਾ ਦੁੱਖੜਾ ਕਿਹੜੀ ਪੌਣ ਦੇ ਮੇਚ ਆਵੇ ਕਿ ਉਚੇ ਦਰਵਾਜਿਆਂ ਨੂੰ ਰੁਦਨ ‘ਚ ਰੋਂਦੀ ਹਵਾ ਦੀ ਸਿਸਕਣੀ ਸੁਣ ਜਾਵੇ ਅਤੇ ਉਹ ਮਾਤਮ ਦੀ ਰੁੱਤ ਨੂੰ ਬਹਾਰਾਂ ਦੀ ਰੁੱਤ ਦਾ ਨਗਮਾ ਬਣਾਵੇ। ਕੌਣ ਇਸ ਸ਼ਿਕਵੇ ਦੀ ਹਾਥ ਪਾਵੇ ਅਤੇ ਖੇਤਾਂ ਨੂੰ ਫਿਰ ਤੋਂ ਜਿਉਣ ਅਤੇ ਜੀਵਾਉਣ ਦਾ ਵਰ ਦੇ ਜਾਵੇ। ਹੁਣ ਤਾਂ ਖੇਤਾਂ, ਖਲਿਆਣਾਂ ਅਤੇ ਖਾਲਾਂ ਵਿਚ ਉਲਾਂਭਿਆਂ ਦੀ ਚੀਸ ਪਲਮਦੀ ਅਤੇ ਇਸ ਚੀਸ ਨੂੰ ਮਿਟਾਉਣ ਲਈ ਮਰ੍ਹਮ ਲਾਉਣ ਵਾਲਾ ਬਾਰੀਂ ਕੋਹੀਂ ਵੀ ਨਜ਼ਰ ਨਹੀਂ ਆਉਂਦਾ।
ਦੱਸੋ ਖਾਂ! ਦਰਿਆ ਆਪਣਾ ਸ਼ਿਕਵਾ ਕਿਹੜੇ ਪਾਣੀਆਂ ਦੇ ਨਾਮ ਲਾਵੇ ਜਿਨ੍ਹਾਂ ਨੂੰ ਕੁਝ ਤਾਂ ਬਰੇਤੇ ਜੀਰ ਗਏ ਅਤੇ ਕੁਝ ਨੂੰ ਜ਼ਹਿਰ ਬਣਨ ਦਾ ਸਰਾਪ ਮਿਲ ਗਿਆ। ਵਗਦੇ ਪਾਣੀਆਂ ਦੀ ਨਿਰਮਲਤਾ, ਸ਼ਫਾਫਤ ਅਤੇ ਰਫਤਾਰ, ਆਪਣਾ ਮਰਸੀਆ ਪੜ੍ਹਨ ਲਈ ਕਾਹਲੀ ਪੈ ਜਾਵੇ ਤਾਂ ਸ਼ਿਕਵਿਆਂ ਦੀ ਰੁੱਤ ਵੀ ਔਂਤਰ ਜਾਂਦੀ। ਪਾਣੀਆਂ ਨੂੰ ਮਣਸੀ ਜਾਂਦੀ ਮੌਤ। ਇਸ ਸਦਮੇ ਵਿਚੋਂ ਉਭਰਨ ਲਈ ਲੱਗ ਜਾਣੀਆਂ ਨੇ ਕਈ ਮੁਦਤਾਂ, ਕਿਉਂਕਿ ਜਦ ਪਾਣੀਆਂ ਨੂੰ ਨਿਖਸਮੇ, ਨਿਤਾਣੇ ਅਤੇ ਨਿਆਸਰੇ ਹੋਣ ਦਾ ਲਕਬ ਮਿਲ ਜਾਵੇ ਤਾਂ ਇਨ੍ਹਾਂ ਦੀ ਅਉਧ ਨੂੰ ਮਿਟਣ ‘ਚ ਦੇਰ ਨਹੀਂ ਲੱਗਦੀ। ਜੇ ਇਹ ਸ਼ਿਕਵਾ ਕੋਈ ਸੁਣਦਾ ਜਾਂ ਪੜ੍ਹਦਾ ਹੋਵੇ ਤਾਂ ਪਾਣੀ ਦੀ ਫਰਿਆਦ ਸੁਣੋ। ਧਰਤ-ਪਿੰਡੇ ‘ਤੇ ਉਤਾਰੇ ਜਾਣ ਵਾਲੇ ਮਾਰੂਥਲ ਦੀ ਇਬਾਰਤ ਨੂੰ ਅੰਤਰੀਵ ‘ਚ ਚਿਤਾਰੋ। ਪਾਣੀਆਂ ਦੀ ਨਿਰਮਲਤਾ ਅਤੇ ਬਹੁਲਤਾ ਦੀ ਪੁਕਾਰ ਨੂੰ ਬਿਰਖਾਂ, ਪਰਿੰਦਿਆਂ ਅਤੇ ਖੇਤਾਂ ਦੀ ਪੁਕਾਰ ਬਣਾਓ। ਪਾਣੀ ਉਜੜ ਗਏ ਤਾਂ ਇਸ ਦੇ ਆਸਰੇ ਵੱਸਣ ਵਾਲੀਆਂ ਬਸਤੀਆਂ ਨੇ ਵੀ ਉਜੜ-ਥੇਹ ਬਣ ਜਾਣਾ।
ਸ਼ਿਕਵਾ, ਕੁਦਰਤ ਨਾਲ ਕਾਹਦਾ ਕਰੀਏ ਜੋ ਕਾਹਿਰਵਾਨ ਹੋਈ ਮਨੁੱਖੀ ਸਲਾਮਤੀ ਨੂੰ ਮਲੀਆ-ਮੇਟ ਕਰਨ ਲਈ ਕਾਹਲੀ। ਪਰ ਕੁਦਰਤ ਦਾ ਉਲਾਂਭਾ ਤਾਂ ਮਨੁੱਖ ਸੁਣਨ ਲਈ ਫਿਕਰਮੰਦ ਹੀ ਨਹੀਂ, ਜਿਸ ਦੀ ਅਵੱਗਿਆ ਵਿਚੋਂ ਹੀ ਮਨੁੱਖੀ ਵਿਨਾਸ਼ ਦਾ ਪੜੁੱਲ ਬੱਝਾ ਏ। ਕਰਤਾਰੀ ਤੇ ਕਰਾਮਾਤੀ ਕੁਦਰਤ ਜਦ ਕਹਿਰਵਾਨ ਅਤੇ ਕਰੋਧਿਤ ਹੋ ਕੇ ਕਾਲ ਬਣਦੀ ਤਾਂ ਮਨੁੱਖੀ ਰਸਾਤਲ ਨੂੰ ਨਵੀਆਂ ਨਿਵਾਣਾਂ ਅਤੇ ਹਨੇਰ ਕੰਦਕਾਂ ਦੀ ਸੂਹ ਮਿਲਦੀ। ਕੁਦਰਤ ਨਾਲ ਸ਼ਿਕਵਾ ਕਰਨ ਤੋਂ ਪਹਿਲਾਂ ਕੁਦਰਤ ਦੇ ਉਲਾਂਭੇ ਵਿਚੋਂ ਕੁਝ ਸਾਰਥਕ ਕਰਨ ਤੇ ਕਰਵਾਉਣ ਦੀ ਆਦਤ ਪਾ ਲਈਏ ਤਾਂ ਉਲਾਂਭਿਆਂ ਦੀ ਨੌਬਤ ਹੀ ਨਹੀਂ ਆਉਣੀ।
ਸ਼ਿਕਵਾ ਆਪਣਿਆਂ ਨਾਲ ਹੁੰਦਾ, ਜੋ ਬੇਵਫਾਈ ਦਾ ਵਰਗੀਕਰਣ ਕਰਦੇ, ਆਪਣੇ ਬਣ ਕੇ ਬੇਗਾਨਗੀ ਦਾ ਨਾਮ ਹੁੰਦੇ, ਜਿਨ੍ਹਾਂ ਦੇ ਮਖੌਟੇ ਵਿਚੋਂ ਨਿੱਜ ਝਲਕਦਾ, ਜੋ ਕਿਸੇ ਵੀ ਰਾਹ ‘ਤੇ ਠਿੱਬੀ ਲਾਉਣ ਲਈ ਕਾਹਲੇ ਅਤੇ ਤੁਹਾਨੂੰ ਪੌੜੀ ਬਣਾ ਕੇ, ਖੁਦ ਮੰਜਿਲਾਂ ‘ਤੇ ਪਹੁੰਚਣ ਲਈ ਉਤਾਵਲੇ।
ਸ਼ਿਕਵਾ ਤਾਂ ਉਸ ਸੋਚ ਨਾਲ ਕਰਨ ਨੂੰ ਜੀਅ ਕਰਦਾ ਜੋ ਆਪਣੇ ਅੰਦਰ ਤੋਂ ਬੇਮੁੱਖ ਹੋ, ਬਾਹਰੀਪਣ ਵਿਚੋਂ ਹੀ ਆਪਣਾ ਵਿਸਥਾਰ ਕਰਨਾ ਲੋਚਦੀ। ਅੰਦਰਲੇ ਕੂੜ-ਕਪਟ, ਫਰੇਬ ਅਤੇ ਕਮੀਨਗੀ ਨੂੰ ਬਾਹਰੀ ਓਹਲੇ ਵਿਚ ਲਪੇਟ ਕੇ, ਝੂਠ ਵਿਚੋਂ ਮੁਨਾਫਾਖੋਰੀ ਦਾ ਕਿੱਤਾ ਬਣਾ ਬੈਠੀ।
ਸ਼ਿਕਵਾ ਤਾਂ ਉਸ ਕਰਮ-ਚਾਹਤ ਨਾਲ ਵੀ ਏ, ਜਿਸ ਦੀ ਕਰਮ-ਚੇਤਨਾ ਵਿਚ ਲਾਲਸ, ਧੋਖਾ ਅਤੇ ਕਪਟ ਦੀ ਧਾਰਨਾ ਪ੍ਰਗਟਦੀ। ਉਹ ਨਿੱਜੀ ਸਲਤਨਤਾਂ ਦੀ ਉਸਾਰੀ ਵਿਚ ਗਰੀਬਾਂ ਤੇ ਕਿਰਤੀਆਂ ਦੀ ਮਿੱਝ ਨੂੰ ਗਾਰਾ ਬਣਾ, ਲਿੱਲਕੜੀਆਂ ਤੇ ਲੇਰਾਂ ਦਾ ਪਲੱਸਤਰ ਕਰ, ਦੁਮੇਲੜੇਪਣ ਦਾ ਪ੍ਰਗਟਾਵਾ ਕਰਦਾ।
ਸ਼ਿਕਵਾ ਕਿਸ ਨਾਲ ਕਰੇ ਜਦ ਕਿਰਤੀ ਨਿਲਾਮ ਹੋਵੇ, ਕਿਰਤ ਦੀ ਬੇਰੁਹਮਤੀ ਹੋਵੇ, ਕਿਰਤ-ਸਾਧਨਾ ਨੂੰ ਕੋਹਜ ਖਰੀਦ ਲਵੇ ਅਤੇ ਕਿਰਤੀ ਦੇ ਨੈਣਾਂ ਵਿਚ ਆਈ ਸੈਲਾਬ ਨੂੰ ਖੁਦ ਖੁਰਨ ਸਿਲਾ ਮਿਲੇ।
ਸ਼ਿਕਵਾ, ਕੋਈ ਕਿਸ ਨਾਲ ਕਰੇ ਜਦ ਮਾਂ-ਪਿਓ ਬਾਹਰਾ ਬੱਚਾ ਸੱਚੀ-ਸੁੱਚੀ ਕਿਰਤ ਸਾਧਨਾ ਨਾਲ ਸਫਲਤਾ ਦੀ ਨਵੀਂ ਬੁਲੰਦੀ ਲਈ ਪਸੀਨਾ ਵਹਾਉਂਦਾ, ਜੀਵਨੀ ਸਾਰਥਿਕਤਾ ਨੂੰ ਜਿਉਂਦਾ, ਪਲ ਵਿਚ ਹੀ ਮੁਥਾਜ ਹੋ ਜਾਵੇ। ਜੀਵਨ-ਮਿਨਾਰ ਡਿੱਕੋ ਡੋਲੇ ਖਾਵੇ। ਇਹ ਕੇਹੀ ਬੇਇਨਸਾਫੀ ਅਤੇ ਅਕ੍ਰਿਤਘਣਤਾ ਏ ਕੁਦਰਤ ਦੀ ਕਿ ਇਮਾਨਦਾਰ ਅਤੇ ਕਿਰਤੀਆਂ ਨੂੰ ਆਪਣਾ ਜੀਵਨ ਜਿਉਣ, ਆਪਣੇ ਨਾਲ ਸੰਵਾਦ ਰਚਾਉਣ, ਅੰਤਰੀਵ ਰਿਝਾਉਣ ਤੇ ਮਨ-ਬੀਹੀ ਵਿਚ ਖੁਸ਼ੀਆਂ ਦੇ ਮੇਲੇ ਲਾਉਣ ਅਤੇ ਬਰਕਤਾਂ ਨੂੰ ਵੰਡਣ-ਵੰਡਾਉਣ ਦਾ ਮੌਕਾ ਹੀ ਮਨਫੀ ਹੋ ਜਾਵੇ।
ਸ਼ਿਕਵਾ ਤਾਂ ਬੇ-ਕਿਰਕ ਸਮਾਜ ਨਾਲ ਏ, ਜਿਸ ਦੀਆਂ ਕੁਤਾਹੀਆਂ ਵਿਚੋਂ ਕੁਕਰਮਾਂ ਅਤੇ ਕੁਰਹਿਤਾਂ ਉਪਜਦੀਆਂ। ਫੁੱਲਾਂ ਨੂੰ ਕਾਲੇ ਪਾਣੀ ਦੀ ਸਜ਼ਾ। ਬਾਬੇ-ਬਿਰਖਾਂ ਵਰਗੇ ਲੋਕ ਬੇਰੁੱਤੇ ਖੜਸੁੱਕ। ਅਰਦਾਸਾਂ ਵਰਗੀਆਂ ਮਾਂਵਾਂ ਦਰਾਂ ‘ਤੇ ਤੀਲਾ-ਤੀਲਾ ਹੋਈ ਉਮੀਦ। ਆਪਣਿਆਂ ਨੂੰ ਉਡੀਕਦੇ ਘਰਾਂ ਨੂੰ ਸੱਖਣੇਪਣ ਦਾ ਸਰਾਪ। ਮਾਪਿਆਂ ਦੀਆਂ ਅਸਥੀਆਂ ਕਿਸ ਨਾਲ ਸ਼ਿਕਵਾ ਕਰਨ ਜਦ ਇਨ੍ਹਾਂ ਨੂੰ ਜਲਪ੍ਰਵਾਹ ਕਰਨ ਲਈ ਹੁੰਦੀ ਏ ਵੰਡ-ਵੰਡਾਈ। ਮਾਪਿਆਂ ਨੂੰ ਦਿਨਾਂ-ਮਹੀਨਿਆਂ ਵਿਚ ਤਕਸੀਮ ਕੀਤਾ ਜਾਂਦਾ। ਮਾਂ-ਪਿਓ ਤਕਸੀਮ ਹੋ ਕੇ, ਪਲ ਪਲ ਤਕਸੀਮ ਹੁੰਦੇ। ਤੇ ਆਖਰ ਆਪਣੇ ਸਾਹਾਂ ਨੂੰ ਪੌਣਾਂ ਦੇ ਨਾਂਵੇਂ ਤਕਸੀਮ ਕਰ ਜਾਂਦੇ। ਤਕਸੀਮ ਹੋਏ ਸਾਹ ਕਿਸ ਨਾਲ ਸ਼ਿਕਵਾ ਕਰਨ, ਕਿਸ ਨੂੰ ਨਿਹੋਰਾ ਦੇਣ ਅਤੇ ਕਿਉਂ ਪੌਣ-ਚੀਸ ਨੂੰ ਤਕਸੀਮ ਕਰਨ ਕਿਉਂਕਿ ਪਾਣੀ, ਪੌਣ ਅਤੇ ਪਿਓ-ਮਾਂ ਕਦੇ ਵੀ ਤਕਸੀਮ ਨਹੀਂ ਹੁੰਦੇ।
ਇਕ ਸ਼ਿਕਵਾ ਉਸ ਮਿੱਤਰ ਨਾਲ ਏ, ਜੋ ਕਦੇ ਵੀ ਖਤ ਦਾ ਹੁੰਗਾਰਾ ਨਹੀਂ ਭਰਦਾ, ਜੋ ਬੇਵਾਕ ਇਬਾਰਤ ਰਾਹੀਂ ਚੁੱਪ ਦੀ ਚਿੱਠੀ ਭੇਜਦਾ, ਜਿਸ ਦੀ ਅਬੋਲਤਾ ਵਿਚੋਂ ਬੇਰੁਖੀ ਅਤੇ ਬੇਗਾਨਗੀ ਝਲਕਦੀ। ਜਿਸ ਦੀ ਬੇਪਨਾਹ ਮੁਹੱਬਤ ਵਿਚੋਂ ਜ਼ਿੰਦਗੀ ਨੂੰ ਨਵੀਂ ਦਿਸ਼ਾ ਤੇ ਦੇਣ ਮਿਲੀ ਸੀ, ਜਦ ਉਹ ਹੀ ਖਾਮੋਸ਼ ਹੋ ਜਾਵੇ ਤਾਂ ਸਿਰਫ ਇਕ ਮੂਕ ਖਾਮੋਸ਼ੀ ਹੋਠਾਂ ‘ਤੇ ਤਰਦੀ, ਜੋ ਕਾਵਿ-ਰੂਪ ਵਿਚ ਵਕਤ ਨੂੰ ਮੁਖਾਤਬ ਹੁੰਦੀ,
ਮੈਂ ਜਦ ਉਦਾਸ ਹੋਵਾਂ
ਤਾਂ ਆਪਣੀ ਬੇਟੀ ਨੂੰ ਫੋਨ ਕਰਦਾਂ
ਉਸ ਦੀ ਨਿੱਕੀ ਨਿੱਕੀ ਬਾਤਚੀਤ
ਮੇਰੀ ਉਦਾਸੀ ਨੂੰ ਚੂਸ ਲੈਂਦੀ
ਜਦ ਬਹੁਤਾ ਉਦਾਸ ਹੋਵਾਂ ਤਾਂ
ਮੈਂ ਹਰਫਾਂ ਦੀ ਪਨਾਹ ਵਿਚ ਜਾਂਦਾ
ਤੇ ਮੇਰੀ ਉਦਾਸੀ ਵਰਕਿਆਂ ‘ਤੇ ਫੈਲ
ਮੈਨੂੰ ਸੁਰਖਰੂ ਕਰਦੀ
ਜਦ ਹੋਰ ਉਦਾਸ ਹੋਵਾਂ
ਤਾਂ ਮੈਂ ਆਪਣੇ ਅੰਤਰੀਵ ‘ਚ ਉਤਰਦਾਂ
ਖੁਦ ਹੀ ਪ੍ਰਸ਼ਨ ਤੇ ਉਤਰ ‘ਚ ਉਲਝਦਾ
ਅਤੇ ਮੇਰੀ ਉਦਾਸੀ
ਪ੍ਰਸ਼ਨ-ਉਤਰਾਂ ਦੇ ਝਮੇਲੇ ‘ਚ ਗਵਾਚ ਜਾਂਦੀ
ਜਦ ਮੈਂ ਬਹੁਤ ਜ਼ਿਆਦਾ ਉਦਾਸ ਹੋਵਾਂ
ਤਾਂ ਮੈਂ ਚੁੱਪ ਕਰ ਜਾਂਦਾ
ਅਤੇ ਅੱਜ ਕੱਲ
ਅਕਸਰ ਮੈਂ ਚੁੱਪ ਹੀ ਰਹਿੰਦਾ ਹਾਂ।
ਸ਼ਿਕਵਾ, ਉਦਾਸੀਨਤਾ ਨਾਲ ਕੀ ਕਰੋਗੇ, ਜੋ ਚੌਗਿਰਦੇ ਨੇ ਤੁਹਾਡੀ ਜ਼ਹਿਨੀਅਤ ਦਾ ਅੰਗ ਬਣਾ ਦਿਤੀ ਹੋਵੇ। ਇਸ ਉਦਾਸੀ ਦਾ ਕਾਹਦਾ ਹਰਖ, ਕਰਨੀ ਪੈਣੀ ਖੁਦ ਦੀ ਪਰਖ, ਖੁਦ ਦੀ ਹੋਵੇ ਜਦ ਵੀ ਨਿਰਖ ਤਾਂ ਪੈਦਾ ਹੋਣੀ ਅਜਿਹੀ ਚਿੱਤ-ਚੇਤਨਾ ਕਿ ਜਿਸ ਨੇ ਉਦਾਸੀ ਨੂੰ ਉਦਮ ਵਿਚ ਤਬਦੀਲ ਕਰ, ਨਵੀਆਂ ਪਗਡੰਡੀਆਂ ਅਤੇ ਪਹਿਆਂ ਨੂੰ ਪ੍ਰਵਾਨਗੀ ਤੇ ਪਹਿਲ-ਕਦਮੀ ਦਾ ਆਧਾਰ ਬਣਾਉਣਾ।
ਸ਼ਿਕਵਾ ਤਾਂ ਵਕਤ ਦੇ ਉਸ ਪਹਿਰ ਨਾਲ ਕਰੀਏ, ਜਿਸ ਨੇ ਸਕਾਰਥਤਾ ਅਜਾਈਂ ਹੀ ਗਵਾਈ, ਆਪਣੇ ਹੱਥੀਂ ਆਪਣੀ ਹੀ ਅਰਥੀ ਸਜਾਈ, ਮੋਢੇ ‘ਤੇ ਚਾਈ ਚਤੁਰਾਈ ਅਤੇ ਕਰਵਾਈ ਜੱਗ-ਹਸਾਈ, ਆਪਣੀ ਵੁੱਕਤ ਘਟਾਈ ਅਤੇ ਆਪਣੇ ਰਾਹਾਂ ‘ਚ ਪੁੱਟੀ ਖਾਈ। ਜਦ ਲਾਹਨਤਾਂ ਨੇ ਸੁੱਤੀ ਹੋਈ ਗੈਰਤ ਜਗਾਈ, ਸੋਚ-ਸੰਵੇਦਨਾ ਨੂੰ ਜਾਗ ਲਾਈ ਅਤੇ ਨਵੀਆਂ ਤਰਜ਼ੀਹਾਂ ਤੇ ਤਦਬੀਰਾਂ ਦੀ ਹਾਥ ਪਾਈ। ਕਿਸਮਤ-ਰੇਖਾਵਾਂ ਨੂੰ ਮਸਤਕ ‘ਤੇ ਸਿਰਜਣ ਤੇ ਕਲਾ-ਨਕਾਸ਼ੀ ਕਰਨ ਦੀ ਸਮਝ ਆਈ ਤਾਂ ਮੰਜ਼ਲ-ਸਿਖਰ ਨੂੰ ਗਲਵਕੜੀ ਪਾਈ।
ਸ਼ਿਕਵਾ ਕਰਨਾ, ਹਾਰ ਕੇ ਬੈਠਣਾ ਨਹੀਂ, ਨਿੰਮੋਝੂਣਤਾ ਵਿਚੋਂ ਸ਼ਖਸੀਅਤ ਵਿਚ ਧੁੰਧਲਕਾ ਪੈਦਾ ਕਰਨਾ ਨਹੀਂ, ਨਮੋਸ਼ੀ ਨੂੰ ਮਨ ‘ਚ ਉਪਜਾਉਣਾ ਨਹੀਂ ਅਤੇ ਨਾ ਹੀ ਬੇ-ਆਸਰੇ, ਅਪੰਗ ਜਾਂ ਅਰਥਹੀਣ ਹੋ ਕੇ, ਖੈਰਾਤ ਲਈ ਹੱਥ ਅੱਡਣਾ ਹੁੰਦਾ। ਇਸ ਨੂੰ ਨਵੀਂ ਤਰਕੀਬ ਨਾਲ ਜ਼ਿਹਨ ‘ਚ ਵਸਾਓ, ਅਣਖ ਦਾ ਸਵਾਲ ਬਣਾਓ ਅਤੇ ਕੁਝ ਕਰਕੇ ਦਿਖਾਓ। ਜਿਨ੍ਹਾਂ ਨਾਲ ਸ਼ਿਕਵਾ ਕਰਨ ਬਾਰੇ ਸੋਚ ਰਹੇ ਸੀ, ਉਹ ਰੰਗ-ਰੌਸ਼ਨੀ ਵਿਚ ਦਗਦੇ ਚਿਹਰਿਆਂ ਦੇ ਜਲਾਲ ਸਾਹਵੇਂ ਫਿੱਕੇ ਪੈ ਜਾਣਗੇ।
‘ਤੇਰੇ ਬਿਨਾ ਜ਼ਿੰਦਗੀ ਸੇ ਕੋਈ ਸ਼ਿਕਵਾ ਤੋ ਨਹੀਂ’ ਦੀ ਹੂਕ ਜਦ ਮਨ-ਵਿਹੜੇ ਵਿਚ ਗੂੰਜਦੀ ਤਾਂ ਮਨ ਵਿਚ ਸ਼ਿਕਵਿਆਂ ਦਾ ਸ਼ੋਰ ਹੁੰਦਾ, ਜਿਨ੍ਹਾਂ ਨੂੰ ਹੋਠਾਂ ਦੀ ਪਨਾਹ ਨਾ ਮਿਲਦੀ ਅਤੇ ਨਾ ਹੀ ਉਹ ਹਰਫਾਂ ਵਿਚ ਰਮ ਕੇ ਵਰਕਿਆਂ ‘ਤੇ ਫੈਲਣ ਦੀ ਤਮੰਨਾ ਪੂਰੀ ਕਰ ਸਕਦੇ। ਫਿਰ ਅਜਿਹੀ ਕੂਕ ਹੀ ਹਵਾਵਾਂ ਦੇ ਨਾਮ ਹੁੰਦੀ। ਪੀੜ-ਪੀੜ ਹੋਣਾ ਜਦ ਕਿਸੇ ਦੇ ਭਾਗੀਂ ਹੋਵੇ ਤਾਂ ਜ਼ਿੰਦਗੀ ਦਾ ਸਾਜ਼ ਸੋਗੀ ਧੁਨ ਪੈਦਾ ਕਰਦਾ।
ਸ਼ਿਕਵਾ ਕਦੇ ਵੀ ਨਾ ਹਿੰਮਤ ਵਾਲੇ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਉਲਾਂਭੇ ਸੁਣਨ ਦੀ ਆਦਤ। ਉਹ ਕੁਝ ਕਰਨ ਲਈ ਰੁਚਿਤ ਅਤੇ ਇਸ ਵਿਚੋਂ ਹੀ ਉਨ੍ਹਾਂ ਦੀ ਸ਼ਖਸੀਅਤ ਦਾ ਵਡੱਪਣ ਜੱਗ ਜਾਹਰ ਹੁੰਦਾ।
ਕੁਝ ਲੋਕ ਸ਼ਿਕਵੇ ਕਰਦਿਆਂ ਹੀ ਜ਼ਿੰਦਗੀ ਗੁਜਾਰ ਦਿੰਦੇ। ਉਨ੍ਹਾਂ ਦੇ ਪੱਲੇ ‘ਚ ਸ਼ਿਕਵਿਆਂ ਦਾ ਕੱਚਰਾ, ਪਰ ਜੋ ਹਿੰਮਤ, ਹੱਲਾਸ਼ੇਰੀ, ਹੱਠ ਅਤੇ ਹੌਂਸਲੇ ਨੂੰ ਯਾਰ ਬਣਾਉਂਦੇ ਉਨ੍ਹਾਂ ਦਾ ਨਸੀਬ ਬਣਦੀ ਜੀਵਨ-ਸੁਗੰਧੀ ਤੇ ਸੁਪਨ-ਸੁੰਦਰਤਾ। ਨਵੇਂ ਅੰਬਰਾਂ ਦੀ ਦੱਸ ਪੈਂਦੀ, ਤਾਰਿਆਂ ਦੀ ਸੂਹ ਮਿਲਦੀ ਅਤੇ ਚੰਦਰਮਾ ਨੂੰ ਧਰਤੀ ‘ਤੇ ਲਿਆਉਣ ਦਾ ਸਾਹਸ ਪੈਦਾ ਹੁੰਦਾ।
ਸ਼ਿਕਵਾ, ਉਲਾਂਭਾ, ਨਿਹੋਰਾ, ਗਿਲਾ ਆਦਿ ਇਕ ਹੀ ਸੋਚ ਦਾ ਪ੍ਰਗਟਾਅ। ਇਸ ਦੇ ਸਮਾਨੰਤਰ ਅਰਥਾਂ ‘ਚੋਂ ਉਸਾਰੂ ਪ੍ਰਗਟਾਅ। ਕੀਤੀ/ਹੋਈ ਕੋਤਾਹੀ, ਅਣਗਹਿਲੀ ਜਾਂ ਅਣਗੌਲੇਪਣ ਨੂੰ ਸੰਜ਼ੀਦਾ ਤੇ ਸਲੀਕੇ ਨਾਲ ਜ਼ਾਹਰ ਕਰਨ ਦੀ ਤਰਕੀਬ।
ਸ਼ਿਕਵੇ ਸ਼ਿਕਾਇਤਾਂ ਨਾਲ ਸਾਂਝਾਂ ਨਹੀਂ ਨਿਭਦੀਆਂ। ਇਨ੍ਹਾਂ ਤੋਂ ਉਪਰ ਉਠ ਕੇ ਹੀ ਸਾਝਾਂ, ਸਬੰਧਾਂ ਅਤੇ ਰਿਸ਼ਤਿਆਂ ਦੀਆਂ ਨੀਂਹਾਂ ਵਿਚ ਪਕਿਆਈ ਅਤੇ ਉਚਾਈ। ਕਦੇ ਸ਼ਿਕਵਾ ਕਰਨ ਵਾਲੇ ਨੂੰ ਵੀ ਕਹਿਣਾ ਕਿ ਤੂੰ ਸ਼ਿਕਵਾ ਕਰਕੇ ਚੰਗਾ ਕੀਤਾ। ਕਦੇ ਦਿਲ ਦੀ ਧੜਕਣ ਨੂੰ ਪੁੱਛ ਕੇ ਸਾਨੂੰ ਦੱਸੀਂ ਕਿ ਕਦੇ ਸਾਨੂੰ ਵੀ ਯਾਦ ਕੀਤਾ। ਸ਼ਿਕਵਾ-ਸ਼ਿਕਾਇਤ ਤੋਂ ਸੁਝਾਅ ਦਾ ਸਫਰ ਤਾਂ ਕਰ।
ਸ਼ਿਕਵਾ ਇਹ ਨਹੀਂ ਹੁੰਦਾ ਕਿ ਕੋਈ ਤੁਹਾਡਾ ਜ਼ਿਕਰ ਨਹੀਂ ਕਰਦਾ, ਫਿਕਰ ਨਹੀਂ ਕਰਦਾ। ਸਗੋਂ ਸ਼ਿਕਵਾ ਤਾਂ ਇਹ ਹੁੰਦਾ ਕਿ ਉਹ ਤੁਹਾਡੇ ਜ਼ਿਕਰ ਵਿਚੋਂ ਵੀ ਕਿਸੇ ਹੋਰ ਦੇ ਫਿਕਰ ਦਾ ਜ਼ਿਕਰ ਹੁੰਦਾ।
ਸ਼ਿਕਵਿਆਂ ਸੰਗ ਜਿਉਣ ਨਾਲੋਂ ਸ਼ੁਕਰ ਨੂੰ ਤਰਜ਼ੀਹ ਦੇਣਾ, ਜ਼ਿੰਦਗੀ ਦੀ ਸੁੱਚਮਤਾ ਅਤੇ ਉਚਮਤਾ ਨੂੰ ਹੋਰ ਬੁਲੰਦਗੀ ਮਿਲੇਗੀ।
ਜਦ ਆਪਣੇ ਹੀ ਬੇਗਾਨੇ ਹੋ ਜਾਂਦੇ ਤਾਂ ਸ਼ਿਕਵਾ ਕਰਨਾ ਬੇਅਰਥ। ਇਸ ‘ਚੋਂ ਉਭਰਨ ਲਈ ਸ਼ਿਕਵਿਆਂ ਨੂੰ ਖੁਦ ‘ਤੇ ਹਾਵੀ ਨਾ ਹੋਣ ਦੇਣ ਵਾਲੇ, ਸ਼ਿਕਵਿਆਂ ਨੂੰ ਹਰਾ, ਜ਼ਿੰਦਗੀ ਦੀ ਬਾਜ਼ੀ ਜਿੱਤਦੇ।
ਸ਼ਿਕਵਾ ਜਦ ਨਾਕਾਮ ਪ੍ਰੇਮੀ ਕਰੇ ਤਾਂ ਉਹ ਲੇਰ ਮਾਰਦਾ, ਸ਼ਿਕਵਾ ਇਹ ਨਹੀਂ ਕਿ ਤੂੰ ਮੇਰੇ ਤੋਂ ਦੂਰ ਏਂ। ਸ਼ਿਕਵਾ ਇਸ ਗੱਲ ਦਾ ਕਿ ਤੂੰ ਰਕੀਬ ਦੇ ਕਰੀਬ ਏਂ।
ਸ਼ਿਕਵਾ ਕਦੇ ਨਾ ਕਰ ਤੂੰ ਯਾਰਾ, ਕਰਕੇ ਕੁਝ ਦਿਖਲਾ। ਸਮੇਂ ਦੀ ਉਜੜੀ ਜੂਹ ਦੀ ਝੋਲੀ, ਸੱਗਵੇਂ ਸੁਪਨੇ ਪਾ। ਅੱਖ ਚਾਵਾਂ ਦੀ ਚੁੱਭੀ ਜਿਹੜੀ, ਹਿੰਮਤ ਸੁਰਮਚੂ ਪਾ। ਪੈਰਾਂ ਦੇ ਵਿਚ ਉਗੇ ਕੰਡੇ, ਰਾਹਾਂ ਵਿਚੋਂ ਹਟਾ। ਹੋਠੀਂ ਸਹਿਮੀ ਗਹਿਰੀ ਚੁੱਪ ਨੂੰ, ਬੋਲਾਂ ਸੰਗ ਗੁਣਗੁਣਾ। ‘ਵਾਵਾਂ ਦੀ ਸਿਸਕੀ ਪੱਲੇ, ਹਾਸੇ ਨਿਉਂਦਾ ਪਾ। ਤੇਰੀ ਧਰਤੀ ਤੇ ਤੇਰੇ ਸੁਪਨੇ, ਹੱਥੀਂ ਖੁਦ ਉਗਾ। ਕਾਹਤੋਂ ਕਿਸੇ ਦੀ ਆਸ ਤੈਂ ਰੱਖਣੀ, ਖੁਦ ਨੂੰ ਬਰਕਤ ਬਣਾ। ਰੋਂਦੀ ਦੁਨੀਆਂ ਸਦਾ ਰੁਆਵੇ, ਹੱਸਣ ਦੀ ਆਦਤ ਪਾ। ਤਾਂ ਹੀ ਆਸਾਂ ਦੀ ਵੀਣੀ, ਲਰਜਣਾ ਵੰਗ-ਰਾਗ ਦਾ ਚਾਅ।
ਸ਼ਿਕਵਾ ਕਰਨ ਵਾਲਿਆਂ ਲਈ, ਸ਼ਿਕਵਾ ਸੁਣਨ ਦੀ ਸੋਝੀ ਵੀ ਜਰੂਰੀ। ਸ਼ਿਕਵਾ ਕਰਨ ਤੇ ਸੁਣਨ ਵਿਚਲੇ ਅੰਤਰ ਦਾ ਚਿੰਤਨ ਜਦ ਮਨੁੱਖੀ ਸੂਝ ਬਣਦਾ ਤਾਂ ਸ਼ਿਕਵਾ ਕਰਨ ਅਤੇ ਸੁਣਨ ਵਾਲੇ ਲੋਕ ਹੋ ਜਾਂਦੇ ਅਭੇਦ। ਫਿਰ ਸ਼ਿਕਵੇ ਵਿਚੋਂ ਹੀ ਨਵੀਆਂ ਕਾਮਨਾਵਾਂ, ਕੀਰਤੀਆਂ ਅਤੇ ਕਰਨੀਆਂ ਦੀ ਕਾਮਨਾ ਹੀ ਪੈਦਾ ਹੁੰਦੀ।
ਅਜਿਹੀ ਕਾਮਨਾ ਜਰੂਰ ਕਰਨੀ। ਸ਼ਿਕਵਾ ਕਦੇ ਵੀ ਤੁਹਾਡੇ ਲਈ ਸ਼ਿਕਵਾ ਨਹੀਂ ਰਹੇਗਾ।