ਪੰਜਾਬ ਕਿਵੇਂ ਬਚਿਆ…

ਇਕ ਦਿਲਚਸਪ ਫੌਜੀ ਕਿੱਸਾ
ਭਾਰਤ-ਪਾਕਿ ਜੰਗ ਅਤੇ ਜਨਰਲ ਹਰਬਖਸ਼ ਸਿੰਘ
ਬ੍ਰਿਗੇਡੀਅਰ (ਰਿਟਾ.) ਕੁਲਦੀਪ ਸਿੰਘ ਕਾਹਲੋਂ
ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ 1947-48 ਵਿਚ ਜਦੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਭਾਰਤ ਦੀਆਂ ਫੌਜਾਂ ਨੇ ਵਾਪਸ ਧੱਕ ਦਿੱਤਾ ਤਾਂ ਪਾਕਿਸਤਾਨ ਦੇ ਹਾਕਮਾਂ ਅੰਦਰ ਨਫਰਤ ਅਤੇ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ। ਮੌਕੇ ਦੀ ਤਲਾਸ਼ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਮਾਰਸ਼ਲ ਅਯੂਬ ਖਾਨ ਨੇ 1962 ਵਾਲੀ ਭਾਰਤ-ਚੀਨ ਦੀ ਲੜਾਈ ਵਿਚ ਹੋਈ ਭਾਰਤ ਦੀ ਹਾਰ ਦਾ ਫਾਇਦਾ ਲੈਂਦਿਆਂ ਭਾਰਤ ਨਾਲ ਜ਼ੋਰ ਅਜ਼ਮਾਈ ਕਰਨ ਦਾ ਮਨ ਬਣਾ ਲਿਆ। ਹਰ ਕਿਸਮ ਦੇ ਆਧੁਨਿਕ ਹਥਿਆਰ, ਤੋਪਾਂ, ਟੈਂਕ, ਹਵਾਈ ਜਹਾਜ, ਸਮੁੰਦਰੀ ਬੇੜੇ, ਗੋਲਾ ਬਾਰੂਦ ਆਦਿ ਅਮਰੀਕਾ ਅਤੇ ਸਹਿਯੋਗੀ ਮੁਲਕਾਂ ਤੋਂ ਹਾਸਲ ਕਰਕੇ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਪਾਕਿਸਤਾਨ ਤਿਆਰ-ਬਰ-ਤਿਆਰ ਹੋ ਗਿਆ।

1965 ਦੇ ਸ਼ੁਰੂ ਵਿਚ ਉਸ ਨੇ ‘ਰਣ ਆਫ ਕੱਛ’ (ਗੁਜਰਾਤ) ਵਿਚ ਆਪਣੀ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਫਿਰ ਮਈ 1965 ਵਿਚ ਕਾਰਗਿਲ ਅੰਦਰ ਟਰੇਲਰ ਦੇਖਣ ਉਪਰੰਤ ਅਗਸਤ 1965 ਵਿਚ ਜੰਮੂ ਕਸ਼ਮੀਰ ਅੰਦਰ ਘੁਸਪੈਠੀਏ ਭੇਜ ਕੇ ਜੰਗ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਸਤੰਬਰ 1965 ਵਿਚ ਲੜਾਈ ਦਾ ਬਿਗਲ ਵਜਾ ਦਿੱਤਾ।
1965 ਵਿਚ ਭਾਰਤੀ ਫੌਜ ਦੇ ਮੁਖੀ ਜਨਰਲ ਜੇ. ਐਨ. ਚੌਧਰੀ ਸਨ ਅਤੇ ਆਰਮੀ ਹੈਡਕੁਆਰਟਰ ਦਿੱਲੀ ਵਿਚ ਸੀ। ਉਸ ਸਮੇਂ ਸਮੁੱਚੀ ਫੌਜ ਨੂੰ ਕੁੱਲ ਚਾਰ ਵੱਡੇ ਭਾਗਾਂ ਵਿਚ ਵੰਡਿਆ ਹੋਇਆ ਸੀ। ਸਭ ਤੋਂ ਵੱਧ ਅਹਿਮ ‘ਪੱਛਮੀ ਕਮਾਂਡ’ ਮੰਨੀ ਜਾਂਦੀ ਸੀ, ਜਿਸ ਦਾ ਹੈਡਕੁਆਰਟਰ ਸ਼ਿਮਲੇ ਸੀ ਤੇ ਇਸ ਦੀ ਵਾਗਡੋਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਨਵੰਬਰ 1964 ਵਿਚ ਸੰਭਾਲੀ ਸੀ। ਪੱਛਮੀ ਕਮਾਂਡ ਦੀ ਅਪ੍ਰੇਸ਼ਨਲ ਜ਼ਿੰਮੇਵਾਰੀ ਵਾਲਾ ਇਲਾਕਾ ਲੇਹ (ਲੱਦਾਖ) ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ ਸਮੁੱਚੇ ਪੰਜਾਬ (ਹਿਮਾਚਲ, ਹਰਿਆਣਾ ਸਮੇਤ) ਰਾਜਸਥਾਨ ਅਤੇ ਗੁਜਰਾਤ ਤਕ ਫੈਲਿਆ ਹੋਇਆ ਸੀ। ਲੜਾਈ ਦੌਰਾਨ ਕਮਾਂਡ ਦਾ ਟੈਕਨੀਕਲ ਹੈਡਕੁਆਰਟਰ ਅੰਬਾਲਾ ਵਿਚ ਬਣਾਇਆ ਗਿਆ। ਸਰਕਾਰ ਨੇ ਫੈਸਲਾ ਕੀਤਾ ਕਿ ਜੇ ਪਾਕਿਸਤਾਨ ਜੰਮੂ ਕਸ਼ਮੀਰ ‘ਤੇ ਚੜ੍ਹਾਈ ਕਰਦਾ ਹੈ ਤਾਂ ਉਸ ਨੂੰ ਸਮੁੱਚੇ ਭਾਰਤ ‘ਤੇ ਹਮਲਾ ਸਮਝਿਆ ਜਾਵੇਗਾ। ਇਸ ਸੋਚ ਅਨੁਸਾਰ ਫੌਜ ਨੇ ਆਪਣੀ ਰਣਨੀਤੀ ਤੈਅ ਕਰ ਲਈ।
ਪੱਛਮੀ ਕਮਾਂਡ ਨੂੰ ਮੋਟੇ ਤੌਰ ‘ਤੇ ਪਹਿਲਾ ਕੰਮ ਇਹ ਸੌਂਪਿਆ ਗਿਆ ਕਿ ਜੰਮੂ ਕਸ਼ਮੀਰ ਦੀ ਸੁਰੱਖਿਆ ਵਾਸਤੇ ਪੁਖਤਾ ਰਣਨੀਤੀ ਤੈਅ ਕੀਤੀ ਜਾਵੇ ਤਾਂ ਕਿ ਪਾਕਿਸਤਾਨੀ ਘੁਸਪੈਠੀਆਂ ਨੂੰ ਖੂਬ ਰਗੜਾ ਚਾੜ੍ਹਨ ਦੇ ਨਾਲ ਸੂਬੇ ਵਿਚ ਸੰਚਾਰ ਸਾਧਨਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਦੂਸਰਾ ਵੱਡਾ ਕੰਮ ਇਹ ਦਿੱਤਾ ਗਿਆ ਕਿ ਪੰਜਾਬ ਤੇ ਰਾਜਸਥਾਨ ਨਾਲ ਲਗਦੀ ਕੌਮਾਂਤਰੀ ਸੀਮਾ ਦੀ ਹਿਫਾਜ਼ਤ ਕਰਨਾ ਅਤੇ ਜੇ ਦੁਸ਼ਮਣ ਭਾਰਤ ਦੀ ਧਰਤੀ ‘ਤੇ ਪੈਰ ਰੱਖਦਾ ਹੈ ਤਾਂ ਉਸ ਨੂੰ ਤਬਾਹ ਕਰਨਾ। ਤੀਸਰਾ ਕੰਮ ਇਹ ਸੀ ਕਿ ਲੋੜ ਪੈਣ ‘ਤੇ ਕੌਮਾਂਤਰੀ ਸੀਮਾ ਪਾਰ ਕਰਕੇ ਪਾਕਿਸਤਾਨ ‘ਤੇ ਸੀਮਤ ਹਮਲੇ ਕਰਨਾ ਅਤੇ ਜੰਮੂ ਕਸ਼ਮੀਰ ‘ਚ ਆਵਾਜਾਈ ਦੇ ਸਾਧਨਾਂ ਨੂੰ ਬਰਕਰਾਰ ਰੱਖਣਾ।
ਜਨਰਲ ਹਰਬਖਸ਼ ਸਿੰਘ ਵਲੋਂ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪਾਕਿਸਤਾਨ ਪੰਜਾਬ ‘ਤੇ ਹੱਲਾ ਬੋਲਣ ਖਾਤਰ ਜੀ. ਟੀ. ਰੋਡ ਵਾਲਾ ਧੁਰਾ ਚੁਣ ਸਕਦਾ ਹੈ ਪਰ ਜਨਰਲ ਹਰਬਖਸ਼ ਸਿੰਘ ਹਰ ਪੱਖ ਵਿਚਾਰਨ ਪਿਛੋਂ ਇਸ ਸਿੱਟੇ ‘ਤੇ ਪਹੁੰਚੇ ਕਿ ਅਜਿਹਾ ਕਰਨ ਨਾਲ ਤਾਂ ਪਹਿਲਾਂ ਦੁਸ਼ਮਣ ਨੂੰ ਅੰਮ੍ਰਿਤਸਰ ਸ਼ਹਿਰ ਖਾਲੀ ਕਰਵਾਉਣਾ ਪਵੇਗਾ, ਜੋ ਕਾਫੀ ਔਖਾ ਅਤੇ ਪੇਚੀਦਾ ਮਸਲਾ ਹੋਵੇਗਾ। ਹੋਰ ਵੀ ਕਈ ਪਹਿਲੂਆਂ ਨੂੰ ਵਿਚਾਰਨ ਪਿਛੋਂ ਉਹ ਇਸ ਸਿੱਟੇ ‘ਤੇ ਪਹੁੰਚੇ ਕਿ ਦੁਸ਼ਮਣ ਆਪਣੇ ਮਨਸੂਬਿਆਂ ਖਾਤਰ ਖੇਮਕਰਨ-ਖਾਲੜਾ ਸੈਕਟਰ ਵਾਲਾ ਰਸਤਾ ਚੁਣ ਸਕਦਾ ਹੈ। ਇਸ ਵਾਸਤੇ ਫੌਜੀ ਸ਼ਕਤੀ ਪੱਖੋਂ ਇਸ ਇਲਾਕੇ ਨੂੰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ। ਭਾਰਤੀ ਫੌਜਾਂ ਵਲੋਂ ਲਾਹੌਰ ਸੈਕਟਰ ਵੱਲ ਹੱਲੇ ਬੋਲਣ ਖਾਤਰ ਫੌਜਾਂ ਦੀ ਤਾਇਨਾਤੀ ਦਾ ਝੁਕਾਅ ਅੱਗੇ ਵੱਲ ਨੂੰ ਹੋਵੇਗਾ, ਪਿੱਛੇ ਨੂੰ ਨਹੀਂ।
ਅਯੂਬ ਖਾਨ ਦੀ ਸੋਚ ਇਹ ਸੀ ਕਿ ਅੱਧੀ ਭਾਰਤੀ ਫੌਜ ਤਾਂ ਚੀਨ ਦੇ ਖਿਲਾਫ ਤਾਇਨਾਤ ਹੈ। ਬਾਕੀ ਅੱਧੀ ਵਿਚੋਂ ਬਹੁਤ ਸਾਰੀ ਨਫਰੀ ਲੱਦਾਖ, ਜੰਮੂ ਕਸ਼ਮੀਰ ਵਿਚ ਰੁੱਝੀ ਹੋਈ ਹੈ। ਪਾਕਿਸਤਾਨੀ ਹਾਕਮਾਂ ਨੂੰ ਇਹ ਗਲਤਫਹਿਮੀ ਸੀ ਕਿ ਭਾਰਤ ਦੇ ਜਰਨੈਲਾਂ ਨੂੰ ਕਸੂਰ-ਖੇਮਕਰਨ ਵਾਲੇ ਇਲਾਕੇ ਦੀ ਮਹੱਤਤਾ ਹੀ ਨਹੀਂ ਪਤਾ। ਪਾਕਿਸਤਾਨ ਦੇ ਬੰਦੀ ਬਣਾਏ ਇਕ ਅਫਸਰ ਪਾਸੋਂ ਜੋ ਦਸਤਾਵੇਜ਼ ਬਰਾਮਦ ਕੀਤੇ ਗਏ, ਉਸ ਮੁਤਾਬਕ ਯੋਜਨਾ ਇਹ ਸੀ ਕਿ ਖੇਮਕਰਨ ਨੂੰ ਆਧਾਰ ਮੰਨਦਿਆਂ ਸਭ ਤੋਂ ਵੱਡਾ ਹਮਲਾ ਪੰਜਾਬ ‘ਤੇ ਕੀਤਾ ਜਾਵੇਗਾ ਜਿਸ ਨੂੰ ਆਪ੍ਰੇਸ਼ਨ ‘ਤਲਵਾਰ’ ਦਾ ਨਾਂ ਦਿੱਤਾ ਗਿਆ। ਸਕੀਮ ਮੁਤਾਬਕ ਟੈਂਕਾਂ ਦੀ ਪਹਿਲੀ ਕਤਾਰ ਬਿਆਸ-ਸਤਲੁਜ ਦੇ ਸੰਗਮ ਹਰੀ ਕੇ ਨੂੰ ਕਾਬੂ ਕਰੇਗੀ। ਦੂਸਰਾ ਬਖਤਰਬੰਦ ਕਾਲਮ ਖੇਮਕਰਨ-ਵਲਟੋਹਾ-ਪੱਟੀ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਨੂੰ ਬਾਈਪਾਸ ਕਰ ਕੇ ਜੰਡਿਆਲਾ ਗੁਰੂ ਤੋਂ ਬਿਆਸ ਤੱਕ ਰੇਲਵੇ ਸੜਕ ਨੂੰ ਕਾਬੂ ਕਰੇਗਾ। ਤੀਸਰਾ ਟਾਸਕ ਫੋਰਸ ਨੂੰ ਇਹ ਹੁਕਮ ਦਿੱਤਾ ਗਿਆ ਕਿ ਸੜਕ ਜਲੰਧਰ-ਪਠਾਨਕੋਟ-ਹਰੀ ਕੇ ਬਿਆਸ ਦਾ ਲਿੰਕ ਤੋੜ ਕੇ 8 ਸਤੰਬਰ ਨੂੰ ਜਲੰਧਰ ਅਤੇ 9 ਸਤੰਬਰ ਨੂੰ ਲੁਧਿਆਣਾ ਕਾਬੂ ਕੀਤਾ ਜਾਵੇਗਾ। ਜੇ ਇਹ ਸਾਰੀ ਯੋਜਨਾ ਨੇਪਰੇ ਚੜ੍ਹ ਜਾਂਦੀ ਹੈ ਤਾਂ ਫਿਰ ਪਾਕਿਸਤਾਨ ਪਾਣੀਪੱਤ ਦੀ ਚੌਥੀ ਲੜਾਈ ਲੜੇਗਾ। ਫਿਰ ਰਾਸ਼ਟਰਪਤੀ ਅਯੂਬ ਖਾਨ, ਨਾਦਿਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮ ‘ਤੇ ਚੱਲਦਿਆਂ 10 ਸਤੰਬਰ ਨੂੰ ਦਿੱਲੀ ਪਹੁੰਚ ਕੇ ਸ਼ਾਹ ਜਹਾਨ ਦੇ ਲਾਲ ਕਿਲ੍ਹੇ ਵਾਲੇ ਮਹਿਲਾਂ ਵਿਚ ਪਹੁੰਚ ਕੇ ਜਸ਼ਨ ਮਨਾਉਣਗੇ। ਇਹ ਸ਼ਹਿਨਸ਼ਾਹੀ ਜਿੱਤ ਹਾਸਲ ਕਰਨ ਵਾਸਤੇ ਆਰਮਰਡ ਡਿਵੀਜ਼ਨ ਦੇ ਡਿਵੀਜ਼ਨਲ ਕਮਾਂਡਰ ਖੁਦ ਅੱਗੇ ਲੱਗ ਕੇ ਇਸ ਅਪ੍ਰੇਸ਼ਨ ਦੀ ਅਗਵਾਈ ਕਰਨਗੇ। ਜੇ ਇਹ ਮਨਸੂਬਾ ਕਾਮਯਾਬ ਹੋ ਜਾਂਦਾ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਕਾਂਗੜਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਭਾਵ ਪੰਜਾਬ ਦਾ ਬਹੁਤ ਸਾਰਾ ਹਿੱਸਾ ਦੁਸ਼ਮਣ ਦੇ ਕਬਜ਼ੇ ਹੇਠ ਆ ਜਾਂਦਾ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਨਾਲ ਸੰਪਰਕ ਵੀ ਟੁੱਟ ਜਾਂਦਾ ਅਤੇ ਸਾਡੀਆਂ ਜੋ ਫੌਜਾਂ ਲਾਹੌਰ ਸੈਕਟਰ ਵੱਲ ਅੱਗੇ ਵਧ ਕੇ ਇਛੋਗਿਲ ਨਹਿਰ ਤੱਕ ਪਹੁੰਚ ਚੁੱਕੀਆਂ ਸਨ, ਉਹ ਵੀ ਸੰਕਟ ਵਿਚ ਫਸ ਜਾਂਦੀਆਂ।
ਪੰਜਾਬ ‘ਤੇ ਹਮਲਾ ਕਰਨ ਤੋਂ ਪਹਿਲਾਂ ਅਗਸਤ 1965 ਵਿਚ ਜੰਮੂ ਕਸ਼ਮੀਰ ‘ਚ ਪਾਕਿਸਤਾਨੀ ਘੁਸਪੈਠੀਆਂ ਨੂੰ 47-48 ਤੋਂ ਬਾਅਦ ਇਕ ਵਾਰ ਫਿਰ ਖਦੇੜਿਆ ਹੀ ਨਹੀਂ ਗਿਆ ਬਲਕਿ ਹਾਜੀ ਪੀਰ ਅਤੇ ਕਿਸਨਗੰਗ ਬੱਲਜ ਵਾਲਾ (ਮਕਬੂਜ਼ਾ ਕਸ਼ਮੀਰ) ਇਲਾਕਾ ਭਾਰਤੀ ਫੌਜਾਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ। ਹੈਰਾਨ-ਪ੍ਰੇਸ਼ਾਨ ਪਾਕਿਸਤਾਨੀ ਹਾਕਮਾਂ ਨੇ ਪਹਿਲੀ ਸਤੰਬਰ 1965 ਨੂੰ ਅਪ੍ਰੇਸ਼ਨ ‘ਗਰੈਂਡ ਸਲੈਮ’ ਦੇ ਨਾਂ ਹੇਠ ਛੰਭ-ਜੌੜੀਆਂ ਵਿਚ ਹੱਲਾ ਬੋਲ ਦਿੱਤਾ।
ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਥਲ ਸੈਨਾ ਅਤੇ ਹਵਾਈ ਸੈਨਾ ਨੂੰ ਪਾਕਿਸਤਾਨ ‘ਤੇ ਸੀਮਤ ਹਮਲੇ ਕਰਨ ਦੀ ਇਜਾਜ਼ਤ ਤਾਂ ਦੇ ਦਿੱਤੀ, ਪਰ ਲਾਹੌਰ ਅਤੇ ਸਿਆਲਕੋਟ ਨੂੰ ਕਬਜ਼ੇ ਹੇਠ ਲੈਣ ‘ਤੇ ਰੋਕ ਲਾ ਦਿੱਤੀ। ਆਰਮੀ ਕਮਾਂਡਰ ਵਲੋਂ ਜਲੰਧਰ ਵਾਲੀ 11 ਕੋਰ ਨੂੰ ਹੁਕਮ ਦਿੱਤਾ ਗਿਆ ਕਿ ਉਹ ਤਿੰਨ ਦਿਸ਼ਾਵਾਂ ਵਲੋਂ ਲਾਹੌਰ ਸੈਕਟਰ ਵੱਲ ਹਮਲੇ ਕਰਕੇ ਇਛੋਗਿਲ ਨਹਿਰ ਦੇ ਪੂਰਬੀ ਹਿੱਸੇ ਅਤੇ ਉਸ ਉਪਰ ਪੁਲਾਂ ਨੂੰ ਕਾਬੂ ਕਰੇ। ਇਸ ਉਦੇਸ਼ ਦੀ ਪ੍ਰਾਪਤੀ ਖਾਤਰ 15 ਇਨਫੈਂਟਰੀ ਡਿਵੀਜ਼ਨ ਨੂੰ ਜੀ. ਟੀ. ਰੋਡ ਅੰਮ੍ਰਿਤਸਰ-ਰਾਣੀਆਂ-ਲਾਹੌਰ ਵੱਲ ਵਧਣ ਲਈ ਕਿਹਾ ਗਿਆ। 4 ਮਾਊਂਟੇਨ ਡਿਵੀਜ਼ਨ ਨੂੰ ਖੇਮਕਰਨ ਕਸੂਰ ਵਲੋਂ ਇਛੋਗਿਲ ਨਹਿਰ ਦੇ ਪੁਲ ਨੂੰ ਉਡਾਉਣ ਪਿਛੋਂ ਇਸ ਇਲਾਕੇ ਵਿਚ ਡਿਫੈਂਸਿਵ ਪੁਜ਼ੀਸ਼ਨ ਅਖਤਿਆਰ ਕਰਕੇ ਦੁਸ਼ਮਣ ਦੇ ਸੰਭਾਵੀ ਹਮਲੇ ਦਾ ਟਾਕਰਾ ਕਰਨ ਵਾਸਤੇ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ। 7 ਇਨਫੈਂਟਰੀ ਡਿਵੀਜ਼ਨ ਨੂੰ ਭਿੱਖੀਵਿੰਡ-ਖਾਲੜਾ-ਬਰਕੀ ਵਾਲੇ ਪਾਸਿਓਂ ਹਮਲੇ ਕਰਨ ਦਾ ਹੁਕਮ ਮਿਲਿਆ। 6 ਸਤੰਬਰ 1965 ਨੂੰ ਸਵੇਰੇ ਚਾਰ ਵਜੇ ਫੌਜਾਂ ਆਪਣੇ ਨਿਰਧਾਰਿਤ ਮੰਤਵ ਵਾਸਤੇ ਕੂਚ ਕਰ ਗਈਆਂ। ਜਦੋਂ ਰੱਖਿਆ ਮੰਤਰੀ ਵਾਈ. ਬੀ. ਚਵਾਨ ਨੇ ਪਾਰਲੀਮੈਂਟ ਵਿਚ ਇਸ ਗੱਲ ਦਾ ਐਲਾਨ ਕੀਤਾ ਕਿ ਭਾਰਤੀ ਫੌਜਾਂ ਪਾਕਿਸਤਾਨ ਬਾਰਡਰ ਪਾਰ ਕਰਕੇ ਲਾਹੌਰ ਵਲ ਚੜ੍ਹਾਈ ਕਰ ਚੁੱਕੀਆਂ ਹਨ ਤਾਂ ਇਸ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।
ਭਾਰਤ-ਪਾਕਿਸਤਾਨ ਦਰਮਿਆਨ ਵਿਗੜਦੇ ਹਾਲਾਤ ‘ਤੇ ਦੁਨੀਆਂ ਦੀਆਂ ਨਜ਼ਰਾਂ ਵੀ ਟਿਕ ਗਈਆਂ। 2 ਸਤੰਬਰ ਨੂੰ ਯੂ. ਐਨ. ਓ. ਦੇ ਸਕੱਤਰ ਜਨਰਲ ਯੂ. ਥਾਂਟ ਨੇ ਦੋਹਾਂ ਮੁਲਕਾਂ ਨੂੰ ਜੰਗਬੰਦੀ ਲਾਗੂ ਕਰਨ ਦੀ ਅਪੀਲ ਕੀਤੀ। 3 ਸਤੰਬਰ ਨੂੰ ਪਾਕਿਸਤਾਨ ਦੇ ਬੀਜਿੰਗ (ਚੀਨ) ਵਿਚ ਵਿਸ਼ੇਸ਼ ਰਾਜਦੂਤ ਨੇ ਚਾਊ ਇਨ ਲਾਈ ਨਾਲ ਮੁਲਾਕਾਤ ਕੀਤੀ। 4 ਸਤੰਬਰ ਨੂੰ ਚੀਨ ਦੇ ਵਿਦੇਸ਼ ਮੰਤਰੀ ਚਿਨ-ਯੀ ਨੇ ਕਰਾਚੀ ਪਹੁੰਚ ਕੇ 6 ਘੰਟੇ ਤੱਕ ਜ਼ੁਲਫਿਕਾਰ ਅਲੀ ਭੁੱਟੋ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦਾ ਪੱਖ ਪੂਰਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਭਾਰਤ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ। 5 ਸਤੰਬਰ ਦੀ ਸ਼ਾਮ ਨੂੰ ਪਾਕਿਸਤਾਨ ਦੇ ਲੜਾਕੂ ਜਹਾਜਾਂ ਨੇ ਅੰਮ੍ਰਿਤਸਰ ਵਿਖੇ ਏਅਰ ਫੋਰਸ ਦੀ ਯੂਨਿਟ ‘ਤੇ ਰਾਕਟ ਦਾਗੇ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਣਬੀਰ ਸਿੰਘ ਪੁਰਾ (ਆਰ. ਐਸ਼ ਪੁਰਾ) ਵਾਲੇ ਇਲਾਕੇ ਸਮੇਤ ਕਈ ਹੋਰ ਫੌਜੀ ਟਿਕਾਣਿਆਂ ‘ਤੇ ਪਾਕਿਸਤਾਨ ਦੀ ਏਅਰ ਫੋਰਸ ਨੇ ਤੇਜ਼ੀ ਨਾਲ ਹਵਾਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪਾਕਿਸਤਾਨੀ ਫੌਜ ਨੇ ਪੰਜਾਬ ਨਾਲ ਲਗਦੇ 595 ਕਿਲੋਮੀਟਰ ਕੌਮਾਂਤਰੀ ਬਾਰਡਰ ‘ਤੇ ਵੱਡੀ ਗਿਣਤੀ ਵਿਚ ਟੈਂਕਾਂ, ਤੋਪਾਂ ਸਮੇਤ ਮੋਰਚੇ ਸੰਭਾਲ ਲਏ। ਸਿਆਲਕੋਟ, ਨਾਰੋਵਾਲ, ਹੁਡਿਆਰਾ, ਬਸੀਨ ਅਤੇ ਕਸੂਰ ਵਿਚ ਫੌਜ ਦੀ ਬਹੁਤ ਜ਼ਿਆਦਾ ਹਰਕਤ ਦੇਖੀ ਗਈ।
ਸਭ ਤੋਂ ਪਹਿਲਾਂ ਪਾਕਿਸਤਾਨ ਦੀ ਧਰਤੀ ‘ਤੇ ਪੈਰ ਰੱਖਣ ਵਾਲੇ 3 ਜਾਟ ਬਟਾਲੀਅਨ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਡੀ. ਹਾਈਡ ਸਨ। 3 ਜਾਟ ਰੈਜੀਮੈਂਟ ਨੇ ਸਭ ਤੋਂ ਪਹਿਲਾਂ ਗੋਸਲ ਦਿਆਲ ਕਾਬੂ ਕੀਤਾ, ਫਿਰ ਇਛੋਗਿਲ ਨਹਿਰ ‘ਤੇ ਪਹੁੰਚ ਕੇ ਪੁਲ ਵੀ ਕਬਜ਼ੇ ਹੇਠ ਲਿਆ ਅਤੇ ਨਹਿਰ ਪਾਰ ਕਰਕੇ ਪਾਕਿਸਤਾਨ ਦੀ ‘ਬਾਟਾ ਸ਼ੂਅ ਫੈਕਟਰੀ’ ਤੱਕ ਜਾ ਪਹੁੰਚੇ। ਬਾਅਦ ਵਿਚ ਗੋਲਾ ਬਾਰੂਦ, ਸਾਜ਼ੋ-ਸਾਮਾਨ ਪਲਟਣ ਤੱਕ ਨਾ ਪਹੁੰਚਣ ਕਰਕੇ ਪਿੱਛੇ ਹਟਣਾ ਪਿਆ। ਇਸੇ ਤਰੀਕੇ ਨਾਲ 7 ਇਨਫੈਂਟਰੀ ਡਿਵੀਜ਼ਨ ਅਤੇ 15 ਇਨਫੈਂਟਰੀ ਡਿਵੀਜ਼ਨ ਦੀਆਂ ਯੂਨਿਟਾਂ ਨੇ ਦੁਸ਼ਮਣ ਦੇ ਕੁਝ ਇਲਾਕੇ ਕਬਜ਼ੇ ਹੇਠ ਲੈ ਲਏ ਅਤੇ ਕਈ ਥਾਂਵਾਂ ‘ਤੇ ਜ਼ਬਰਦਸਤ ਮੁਕਾਬਲੇ ਕਾਰਨ ਪਲਟਣਾਂ ਨੂੰ ਪੂਰੀ ਸਫਲਤਾ ਹਾਸਲ ਨਾ ਹੋ ਸਕੀ।
4 ਮਾਊਂਟੇਨ ਡਿਵੀਜ਼ਨ ਨੇ ਵੀ ਆਪਣੇ ਉਦੇਸ਼ ਦੀ ਪ੍ਰਾਪਤੀ ਵਾਸਤੇ 6 ਸਤੰਬਰ ਨੂੰ ਸਵੇਰੇ 5 ਵਜੇ ਭਿਖੀਵਿੰਡ-ਡਿਬੀਪੁਰ-ਖੇਮਕਰਨ ਤੋਂ ਕਸੂਰ ਵੱਲ ਵਧਣਾ ਸ਼ੁਰੂ ਕਰ ਦਿੱਤਾ, ਪਰ ਪਾਕਿਸਤਾਨ ਦੀ ਪਹਿਲੀ ਆਰਮਰਡ ਡਿਵੀਜ਼ਨ ਨੇ ਪਲਟਣਾਂ ਨੂੰ ਰਸਤੇ ਵਿਚ ਹੀ ਘੇਰਨਾ ਸ਼ੁਰੂ ਕਰ ਦਿੱਤਾ। ਡਿਬੀਪੁਰ ਜੋ ਕਸੂਰ ਤੋਂ 20 ਕਿਲੋਮੀਟਰ, ਬਰਕੀ ਤੋਂ 10 ਕਿਲੋਮੀਟਰ ਅਤੇ ਖੇਮਕਰਨ ਤੋਂ ਕਰੀਬ 12 ਕਿਲੋਮੀਟਰ ਦੀ ਵਿੱਥ ‘ਤੇ ਹੈ, ਉਸ ਉਪਰ 7 ਘੰਟਿਆਂ ਤੱਕ ਬੰਬਾਰੀ ਹੁੰਦੀ ਰਹੀ। 7 ਸਤੰਬਰ ਨੂੰ ਪਾਕਿਸਤਾਨ ਦੇ ਜਨਰਲ ਮੂਸਾ ਨੇ ਆਪਣੀਆਂ ਫੌਜਾਂ ਨੂੰ ਬਿਆਸ ਵੱਲ ਵਧਣ ਦਾ ਹੁਕਮ ਦੇ ਦਿੱਤਾ। 7 ਸਤੰਬਰ ਨੂੰ ਪਾਕਿਸਤਾਨ ਦੇ ਪੈਟਨ ਟੈਂਕਾਂ ਨੇ 4 ਮਾਊਂਟੇਨ ਡਿਵੀਜ਼ਨ ਦੀਆਂ ਅੱਗੇ ਵਧ ਰਹੀਆਂ ਕੁਝ ਪਲਟਣਾਂ ਦੀ ਘੇਰਾਬੰਦੀ ਕਰਕੇ ਆਪਣੇ ਟੈਂਕਾਂ ਅਤੇ ਤੋਪਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। 6/7 ਸਤੰਬਰ ਦੀ ਰਾਤ ਨੂੰ 13 ਡੋਗਰਾ ਪਲਟਣ ਆਪਣੇ ਕਮਾਂਡਿੰਗ ਅਫਸਰ ਦੀ ਪਾਰਟੀ ਅਤੇ ਸੂਬੇਦਾਰ ਮੇਜਰ ਨੂੰ ਪਿੱਛੇ ਛੱਡ ਕੇ ਭੱਜ ਨਿਕਲੇ। ਦੂਸਰੀਆਂ ਪਲਟਣਾਂ ਅੰਦਰ ਵੀ ਭਗਦੜ ਮਚ ਗਈ। 9 ਜੈਕ ਰਾਈਫਲਜ਼ ਦੇ ਕਮਾਂਡਿੰਗ ਅਫਸਰ ਆਪਣੀ ਇਕ ਕੰਪਨੀ ਨਾਲ ਲੈ ਕੇ ਬਗੈਰ ਹੁਕਮਾਂ ਦੇ ਖਿਸਕ ਗਏ। 18 ਰਾਜਪੂਤ ਰਾਈਫਲਜ਼ ਅਤੇ 7 ਗਰਨੇਡੀਅਰ ਪਲਟਣਾਂ ਦੀ ਅੱਧੀ ਪਚੱਧੀ ਨਫਰੀ ਹੀ ਬਾਕੀ ਬਚੀ। 7 ਸਤੰਬਰ ਦੀ ਸ਼ਾਮ ਤੱਕ 4 ਮਾਊਂਟੇਨ ਡਿਵੀਜ਼ਨ ਦੀ ਹਾਲਤ ਨਿਰਾਸ਼ਾਜਨਕ ਬਣ ਗਈ। ਇਸ ਵਾਸਤੇ ਜੋ ਟਾਸਕ ਇਸ ਫਾਰਮੇਸ਼ਨ ਨੂੰ ਸੌਂਪੇ ਗਏ ਸਨ, ਇਹ ਉਹ ਕੋਈ ਵੀ ਪੂਰਾ ਨਾ ਕਰ ਸਕੀ। ਡਿਵੀਜ਼ਨ ਦੀਆਂ 6 ਪਲਟਣਾਂ ਵਿਚੋਂ 2 ਯੂਨਿਟਾਂ ਆਪਣੀ ਜ਼ਿੰਮੇਵਾਰੀ ਦਾ ਇਲਾਕਾ ਛੱਡ ਕੇ ਲੋਪ ਹੋ ਗਈਆਂ ਅਤੇ ਬਾਕੀ 3 ਪਲਟਣਾਂ ਲੰਮੇ ਚੌੜੇ ਇਲਾਕੇ ਅੰਦਰ ਆਪੋ-ਆਪਣੀ ਲੜਾਈ ਲੜ ਰਹੀਆਂ ਸਨ। 11 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਜੇ. ਐਸ਼ ਢਿੱਲੋਂ ਨੇ ਆਰਮੀ ਕਮਾਂਡਰ ਨੂੰ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਜੰਗ ਵਾਲੀ ਚਿੰਤਾਜਨਕ ਹਾਲਤ ਬਾਰੇ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ 4 ਮਾਊਂਟੇਨ ਡਿਵੀਜ਼ਨ ਨੂੰ ਤੁਰੰਤ ਬਦਲਿਆ ਜਾਵੇ।
ਦੇਸ਼ ਅਤੇ ਫੌਜ ਦੇ ਨਿਧੜਕ ਜਰਨੈਲ ਅਤੇ ਦੂਰਅੰਦੇਸ਼ੀ ਦੇ ਮਾਲਕ ਜਨਰਲ ਹਰਬਖਸ਼ ਸਿੰਘ ਚਿੱਠੀ ਮਿਲਦੇ ਸਾਰ ਲੜਾਈ ਵਾਲੇ ਮੈਦਾਨ ਵਿਚ ਪਹੁੰਚ ਗਏ। ਪਾਕਿਸਤਾਨ ਵਲੋਂ ਲਗਾਤਾਰ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਕਰੀਬ ਦੋ ਘੰਟਿਆਂ ਤੱਕ ਮੌਕੇ ‘ਤੇ ਖੇਮਕਰਨ ਸੈਕਟਰ ‘ਚ ਲੜਾਈ ਦਾ ਜਾਇਜ਼ਾ ਲਿਆ। ਉਨ੍ਹਾਂ ਮਹਿਸੂਸ ਕੀਤਾ ਕਿ ਫਾਰਮੇਸ਼ਨ ਦਾ ਕਚੂਮਰ ਨਿਕਲ ਚੁਕਾ ਹੈ ਅਤੇ ਸਾਰੇ ਪਾਸੇ ਅਫਰਾ-ਤਫਰੀ ਮਚੀ ਹੋਈ ਸੀ। ਲੀਡਰਸ਼ਿਪ ਵਿਚ ਘਬਰਾਹਟ ਦੇਖਣ ਨੂੰ ਮਿਲੀ ਅਤੇ ਬਚੀ ਖੁਚੀ ਫੌਜ ਦਾ ਮਨੋਬਲ ਡਿੱਗ ਚੁਕਾ ਸੀ। ਅਜਿਹੇ ਮੌਕੇ ਜੇ ਕਮਾਂਡਰ ਸਵੈ-ਵਿਸ਼ਵਾਸ ਖੋ ਬੈਠੇ ਅਤੇ ਦ੍ਰਿੜ੍ਹਤਾ, ਹਿੰਮਤ ਤੇ ਦਲੇਰੀ ਤੋਂ ਕੰਮ ਨਾ ਲਵੇ ਤਾਂ ਲੜਾਈ ਹਾਰੀ ਸਮਝੋ।
ਜਨਰਲ ਹਰਬਖਸ਼ ਸਿੰਘ ਨੇ ਬੜੇ ਹੀ ਸ਼ਾਂਤਮਈ ਢੰਗ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ 4 ਮਾਊਂਟੇਨ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਗੁਰਬਖਸ਼ ਸਿੰਘ ਅਤੇ ਬਾਕੀ ਕਮਾਂਡਰਾਂ ਨੂੰ ਦੁਸ਼ਮਣ ਨਾਲ ਨਜਿੱਠਣ ਵਾਸਤੇ ਨਿਵੇਕਲੀ ਵਿਧੀ ਸਮਝਾਈ ਤੇ ਜੁਆਨਾਂ ਦਾ ਮਨੋਬਲ ਉਚਾ ਚੁੱਕਿਆ। ਸੂਝਬੂਝ ਦੇ ਧਨੀ ਅਤੇ ਲੜਾਈਆਂ ਵਿਚ ਫਤਿਹ ਹਾਸਲ ਕਰਨ ਦੇ ਮਾਹਿਰ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਡਿਵੀਜ਼ਨ ਦੀ ਬਦਲੀ ਕਰਨ ਵਾਸਤੇ ਨਾ ਤਾਂ ਉਨ੍ਹਾਂ ਪਾਸ ਕੋਈ ਰਿਜ਼ਰਵ ਫੋਰਸ ਹੈ ਅਤੇ ਨਾ ਹੀ ਇਹ ਵਾਜਬ ਸਮਾਂ ਹੈ, ਜਦੋਂਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਮੁਕਾਬਲਾ ਜਾਰੀ ਹੈ। ਇਸ ਵਾਸਤੇ ਉਹ ਕੋਰ ਕਮਾਂਡਰ ਦੀ ਸਿਫਾਰਸ਼ ਪ੍ਰਵਾਨ ਕਰਨ ਵਿਚ ਅਸਮਰਥ ਸਨ।
ਜਦੋਂ ਜਨਰਲ ਹਰਬਖਸ਼ ਸਿੰਘ ਨੇ ਮੈਦਾਨ-ਏ-ਜੰਗ ਵਿਚ ਦੁਸ਼ਮਣ ਨੂੰ ਵੰਗਾਰਦਿਆਂ ਆਪਣੇ ਕਮਾਂਡਰਾਂ ਵਿਚ ਨਵੀਂ ਰੂਹ ਫੂਕੀ ਤਾਂ ਡਿਵੀਜ਼ਨਲ ਕਮਾਂਡਰ ਨੇ ਆਰਮੀ ਕਮਾਂਡਰ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵੈਰੀਆਂ ਨਾਲ ਡਟ ਕੇ ਮੁਕਾਬਲਾ ਕਰਦਿਆਂ ਆਖਰੀ ਦਮ ਤੱਕ ਲੜਨਗੇ। ਵਾਪਸੀ ‘ਤੇ ਜਨਰਲ ਹਰਬਖਸ਼ ਸਿੰਘ ਰੱਈਆ ਵਿਚ ਕੋਰ ਹੈਡਕੁਆਰਟਰ ਦੇ ਐਡਵਾਂਸ ਹੈਡਕੁਆਰਟਰ ਵਿਚ ਰੁਕੇ ਅਤੇ ਲੈਫਟੀਨੈਂਟ ਜਨਰਲ ਨੂੰ ਖੇਮਕਰਨ ਵਾਲੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਤੇ ਸਮਝਾਇਆ ਕਿ 4 ਮਾਊਂਟੇਨ ਡਿਵੀਜ਼ਨ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ, ਇਸ ਵਾਸਤੇ ਉਸ ਦੀ ਬਦਲੀ ਦੀ ਲੋੜ ਨਹੀਂ। ਉਹ ਰੱਈਏ ਤੋਂ ਚੱਲ ਕੇ ਜੀਪ ਦੀਆਂ ਲਾਈਟਾਂ ਤੋਂ ਬਗੈਰ ਅੱਧੀ ਰਾਤ ਤੋਂ ਵੀ ਬਾਅਦ ਆਪਣੇ ਹੈਡਕੁਆਰਟਰ ਅੰਬਾਲਾ ਪਹੁੰਚੇ ਜਿਥੋਂ ਜੰਮੂ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿਚ ਲੜੀ ਜਾ ਰਹੀ ਲੜਾਈ ਨੂੰ ਸਮੁੱਚੇ ਤੌਰ ‘ਤੇ ਕੰਟਰੋਲ ਕੀਤਾ ਜਾ ਰਿਹਾ ਸੀ।
8 ਸਤੰਬਰ ਦੀ ਸ਼ਾਮ ਤੱਕ 4 ਮਾਊਂਟੇਨ ਡਿਵੀਜ਼ਨ ਵੱਲੋਂ ਪਾਕਿਸਤਾਨ ਦੇ ਟੈਂਕਾਂ ਨੂੰ ਠੱਲ੍ਹ ਪਾ ਲਏ ਜਾਣ ਸਦਕਾ ਬਾਰੂਦੀ ਸੁਰੰਗਾਂ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਭਾਰਤੀ ਫੌਜਾਂ ਨੇ ਮੋਰਚੇ ਸੰਭਾਲਣੇ ਸ਼ੁਰੂ ਕਰ ਦਿੱਤੇ। ਦੁਸ਼ਮਣ ਦੇ ਟੈਂਕਾਂ ਵਿਚ ਰੁਕਾਵਟ ਪੈਦਾ ਕਰਨ ਖਾਤਰ ਵਲਟੋਹਾ ਦੇ ਨੇੜੇ ਨਹਿਰ ਦੇ ਸੂਏ ਦਾ ਪਾਣੀ ਵੀ ਛੱਡ ਦਿੱਤਾ। ਬਿਆਸ ਤੱਕ ਪਹੁੰਚਣ ਦੇ ਉਦੇਸ਼ ਨਾਲ 8 ਸਤੰਬਰ ਨੂੰ ਦੁਸ਼ਮਣ ਨੇ ਦੋ ਸੈਫਿਈਜ਼ ਅਤੇ ਇਕ ਪੈਟਨ ਸੁਕਾਡਰਨ ਨਾਲ ਖੇਮਕਰਨ ਵੱਲ ਵਧਣਾ ਸ਼ੁਰੂ ਕਰ ਦਿੱਤਾ।
ਇਸ ਇਲਾਕੇ ਦੇ ਇਰਦ ਗਿਰਦ ਵਾਲੇ ਪਿੰਡ ਜਿਵੇਂ ਆਸਲ ਉਤਾੜ, ਚੀਮਾ, ਵਲਟੋਹਾ, ਚਿੱਠੀ ਖੂਹੀ, ਡਿਬੀਪੁਰ, ਮਹਿਮੂਦਪੁਰਾ, ਮਨਾਵਣ ਆਦਿ ਦੇ ਬਾਸ਼ਿੰਦੇ ਦੇਸ਼ ਭਗਤੀ ਦੀ ਭਾਵਨਾ ਵਾਲੇ ਜੋਸ਼ ਅਤੇ ਦਲੇਰੀ, ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਟਰਾਲੀਆਂ ਟਰੈਕਟਰਾਂ ਨਾਲ ਜੰਗ ਦੇ ਮੈਦਾਨ ਵਿਚ ਕੁੱਦ ਪਏ। ਫੌਜਾਂ ਦੇ ਮੋਰਚਿਆਂ ਤੱਕ ਪਹੁੰਚ ਕਰਕੇ ਸੈਨਿਕਾਂ ਨੂੰ ਲੰਗਰ ਛਕਾਉਣ ਅਤੇ ਉਨ੍ਹਾਂ ਨੂੰ ਗੋਲਾ ਬਾਰੂਦ, ਸਾਜ਼ੋ-ਸਮਾਨ ਪਹੁੰਚਾਉਣ ਦਾ ਕੰਮ ਸੰਭਾਲ ਲਿਆ, ਜਿਸ ਦੀ ਮਿਸਾਲ ਮੁਲਕ ਭਰ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ। ਨੌਜਵਾਨ ਤਾਂ ਦਰੱਖਤਾਂ ‘ਤੇ ਮਚਾਨਾਂ ਬਣਾ ਕੇ ਦੁਸ਼ਮਣ ਦੀਆਂ ਫੌਜਾਂ ਬਾਰੇ ਜਾਣਕਾਰੀ ਆਪਣੇ ਕਮਾਂਡਰਾਂ ਨੂੰ ਲਗਾਤਾਰ ਦਿੰਦੇ ਰਹੇ।
ਪਿੰਡ ਮਹਿਮੂਦਪੁਰਾ ਤੋਂ ਪਾਕਿਸਤਾਨੀ ਟੈਂਕ ਕਰੀਬ 20 ਮੀਟਰ ਦੀ ਦੂਰੀ ‘ਤੇ ਜਦੋਂ ਆਰਟਿਲਰੀ ਗੰਨ ਪੋਜ਼ੀਸ਼ਨ ਵੱਲ ਵਹੀਰਾਂ ਘੱਤ ਰਹੇ ਸਨ ਤਾਂ ਭਾਰਤੀ ਤੋਪਖਾਨੇ ਅਤੇ 9 ਹਾਰਸ ਆਰਮਰਡ ਨੇ ਪੈਟਨ ਟੈਂਕਾਂ ਉਤੇ ਜ਼ਬਰਦਸਤ ਫਾਇਰਿੰਗ ਕੀਤੀ ਅਤੇ ਪਿੰਡ ਵਾਸੀਆਂ ਨੇ 14 ਪੈਟਨ ਟੈਂਕ ਸੜਦੇ ਹੋਏ ਦੇਖੇ।
ਇਸ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਨੇ ਉਡਾਣ ਭਰੀ ਅਤੇ ਦੁਸ਼ਮਣ ਦੀ ਕਸੂਰ ਵੱਲ ਜਾਂਦੀ ਇਕ ਮਾਲ ਗੱਡੀ, ਜਿਸ ਵਿਚ ਫੌਜੀ ਸਾਜ਼ੋ-ਸਮਾਨ ਸੀ, ਉਪਰ ਰਾਕਟ ਦਾਗ ਕੇ ਗੱਡੀ ਨੂੰ ਉਡਾਇਆ। 8/9 ਸਤੰਬਰ ਦੀ ਰਾਤ ਨੂੰ ਭਾਰੀ ਮਾਤਰਾ ਵਿਚ ਪੈਟਨ ਟੈਂਕ ‘ਇਨਫਰਾ ਰੈੱਡ’ ਦੀ ਮਦਦ ਨਾਲ ਰਾਤ ਦੇ ਹਨੇਰੇ ਵਿਚ ਅੱਗੇ ਵਧਦੇ ਗਏ, ਜਦੋਂ ਕਿ ਸਾਡੇ ਸ਼ਰਮਨ ਟੈਂਕਾਂ ਵਿਚ ਇਹ ਸਹੂਲਤ ਨਹੀਂ ਸੀ। ਫਿਰ ਵੀ ਸਾਡੇ ਤੋਪਖਾਨੇ ਅਤੇ ਲੜਾਕੂ ਹਵਾਈ ਜਹਾਜਾਂ ਨੇ ਦੁਸ਼ਮਣ ਦੇ ਟਿਕਾਣਿਆਂ ਅਤੇ ਟੈਂਕਾਂ ਉਪਰ ਗੋਲੇ/ਬੰਬ/ਰਾਕਟ ਦਾਗਦਿਆਂ ਕਾਫੀ ਨੁਕਸਾਨ ਪਹੁੰਚਾਇਆ। 9 ਸਤੰਬਰ ਤੱਕ 8 ਮਾਊਂਟੇਨ ਡਿਵੀਜ਼ਨ ਦੀਆਂ ਬਚੀਆਂ 3 ਪਲਟਣਾਂ ਨੇ ਆਸਲ ਉਤਾੜ ਵਿਚ ਤੋਪਖਾਨੇ ਅਤੇ 2 ਇੰਡੀਪੈਂਡੈਂਟ ਆਰਮਰਡ ਬ੍ਰਿਗੇਡ ਨਾਲ ਮੋਰਚੇ ਸੰਭਾਲ ਲਏ।
ਇਥੇ ਇਕ ਅਹਿਮ ਘਟਨਾ ਜੋ 9/10 ਸਤੰਬਰ ਨੂੰ ਵਾਪਰੀ, ਦਾ ਵਰਣਨ ਕਰਨਾ ਲਾਜ਼ਮੀ ਹੈ। ਆਰਮੀ ਹੈਡਕੁਆਰਟਰ ਨੂੰ ਲੜਾਈ ਦੇ ਵਿਗੜਦੇ ਹਾਲਾਤ ਬਾਰੇ ਕਈ ਕਿਸਮ ਦੀਆਂ ਖਬਰਾਂ ਪਹੁੰਚ ਰਹੀਆਂ ਸਨ, ਜਿਸ ਕਾਰਨ ਕਈ ਕਿਸਮ ਦੇ ਸ਼ੱਕ ਪੈਦਾ ਹੋਣੇ ਸ਼ੁਰੂ ਹੋ ਗਏ। ਸਭ ਤੋਂ ਵੱਡਾ ਖਤਰਾ ਸੈਨਾ ਮੁਖੀ ਅੰਦਰ ਇਹ ਪੈਦਾ ਹੋਇਆ ਕਿ ਜੇ ਦੁਸ਼ਮਣ ਦੀ ਪਹਿਲੀ ਆਰਮਰਡ ਡਿਵੀਜ਼ਨ ਖੇਮਕਰਨ ਸੈਕਟਰ ਪਾਰ ਕਰ ਗਈ ਤਾਂ ਉਹ ਸਿੱਧਾ ਬਿਆਸ ਜਾ ਕੇ ਰੁਕਣਗੇ।
9 ਸਤੰਬਰ ਦੀ ਰਾਤ ਨੂੰ ਸੈਨਾ ਮੁਖੀ ਜਨਰਲ ਜੇ. ਐਨ. ਚੌਧਰੀ ਨੇ ਜਨਰਲ ਹਰਬਖਸ਼ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ, ਜਿਸ ਦਾ ਵਰਣਨ ਉਨ੍ਹਾਂ ਆਪਣੀ ਪੁਸਤਕ ‘ਇਨ ਦਿ ਲਾਈਨ ਆਫ ਡਿਊਟੀ’ ਵਿਚ ਇਉਂ ਕੀਤਾ ਹੈ: “9 ਸਤੰਬਰ ਦੀ ਅੱਧੀ ਰਾਤ ਨੂੰ ਜਨਰਲ ਚੌਧਰੀ ਨੇ ਮੇਰੇ ਨਾਲ ਟੈਲੀਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਕੋਰ ਕਮਾਂਡਰ ਵਲੋਂ ਭੇਜੀ ਚਿੱਠੀ ਪੜ੍ਹੀ ਹੈ (ਜਿਸ ਵਿਚ 4 ਮਾਊਂਟੇਨ ਡਿਵੀਜ਼ਨ ਦੀ ਬਦਲੀ ਦਾ ਜ਼ਿਕਰ ਕੀਤਾ ਗਿਆ ਹੈ) ਅਤੇ ਉਸ ਦੀ ਮੈਨੂੰ ਰਾਏ ਹੈ ਕਿ ਬਿਆਸ ਦਰਿਆ ਦੀ ਲਾਈਨ ਵਿਚ ਫੌਜਾਂ ਵਾਪਸ ਬੁਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਮੈਂ ਹੱਕਾ ਬੱਕਾ ਰਹਿ ਗਿਆ ਅਤੇ ਜਨਰਲ ਚੌਧਰੀ ਨੂੰ ਕਿਹਾ, ਕਿਉਂਕਿ ਇਹ ਟੈਕਟੀਕਲ ਆਰਡਰ ਹੈ, ਇਸ ਵਾਸਤੇ ਉਸ ਨੂੰ ਮੇਰੇ ਨਾਲ ਮੈਦਾਨ-ਏ-ਜੰਗ ਵਿਚ ਪਹੁੰਚ ਕੇ ਹੁਕਮ ਦੇਣਾ ਪਵੇਗਾ। ਫਿਰ ਮੈਂ ਸੋਚਾਂਗਾ ਕਿ ਇਸ ਕਿਸਮ ਦੇ ਹੁਕਮ ਨੂੰ ਮੰਨਣਾ ਹੈ ਕਿ ਨਹੀਂ? ਸੈਨਾ ਮੁਖੀ ਨੇ ਜਵਾਬ ਦਿੱਤਾ ਕਿ ਉਹ ਸਵੇਰੇ ਅੰਬਾਲਾ ਪਹੁੰਚ ਰਿਹਾ ਹੈ। ਇਸ ਵਾਸਤੇ ਮੈਨੂੰ ਆਪਣੇ ਟੈਕਟੀਕਲ ਹੈਡਕੁਆਰਟਰ ਹੀ ਰਹਿਣਾ ਚਾਹੀਦਾ ਹੈ।”
ਅਗਲੇ ਦਿਨ ਸੁਰੱਖਿਆ ਪੱਖੋਂ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜਾਂ ਦੀ ਛੱਤਰੀ ਹੇਠ ਜਨਰਲ ਚੌਧਰੀ ਅੰਬਾਲਾ ਪਹੁੰਚਿਆ, ਜਿਥੇ ਸੈਨਾ ਮੁਖੀ ਅਤੇ ਆਰਮੀ ਕਮਾਂਡਰ ਦਰਮਿਆਨ ਬੜੀ ਗਰਮਾ-ਗਰਮੀ ਵਾਲੀ ਬਹਿਸ ਹੋਈ। ਕੈਪਟਨ ਅਮਰਿੰਦਰ ਸਿੰਘ, ਜੋ ਉਸ ਸਮੇਂ ਜਨਰਲ ਹਰਬਖਸ਼ ਸਿੰਘ ਦੇ ਏ. ਡੀ. ਸੀ. ਵਜੋਂ ਕੰਮਕਾਜ ਕਰ ਰਿਹਾ ਸੀ, ਨੇ ਆਪਣੀ ਕਿਤਾਬ ‘ਲੈਸਟ ਵੀ ਫਾਰਗੈੱਟ’ (ਮਤਾਂ ਅਸੀਂ ਭੁੱਲ ਜਾਈਏ) ਵਿਚ ਇਉਂ ਲਿਖਿਆ ਹੈ, “ਚੀਫ ਨੇ ਜਨਰਲ ਹਰਬਖਸ਼ ਸਿੰਘ ਨੂੰ ਹੁਕਮ ਦਿੱਤਾ ਕਿ 11 ਕੋਰ ਨੂੰ ਬਿਆਸ ਦਰਿਆ ‘ਤੇ ਲਿਆਂਦਾ ਜਾਵੇ ਪਰ ਜਨਰਲ ਹਰਬਖਸ਼ ਸਿੰਘ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।”
ਆਸਲ ਉਤਾੜ ਦੀ ਫੈਸਲਾਕੁਨ ਲੜਾਈ: 10 ਸਤੰਬਰ 1965 ਨੂੰ ਆਸਲ ਉਤਾੜ ਵਿਚ ਲੜਾਈ ਸਿਖਰਾਂ ‘ਤੇ ਜਾ ਪਹੁੰਚੀ। ਜਿਸ ਅੰਧਾਧੁੰਦ ਤਰੀਕੇ ਨਾਲ ਪਾਕਿਸਤਾਨੀ ਫੌਜਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ, ਉਸ ਕਾਰਨ 4 ਮਾਊਂਟੇਨ ਡਿਵੀਜ਼ਨ ਦੀਆਂ ਦੋ ਸ਼ਕਤੀਸ਼ਾਲੀ ਡਿਫੈਂਸ ਸੈਕਟਰ ਵਾਲੀਆਂ ਪੁਜ਼ੀਸ਼ਨਾਂ ਦੇ ਪੈਟਨ ਅਤੇ ਦੂਸਰੇ ਟੈਂਕ ਫਸਣੇ ਸ਼ੁਰੂ ਹੋ ਗਏ। ਭਾਰਤੀ ਟੈਂਕਾਂ ਦੀ ਅਗਵਾਈ ਕਰ ਰਹੇ ਬ੍ਰਿਗੇਡੀਅਰ ਥਿਓਗਰਾਜ ਨੇ ਆਪਣੇ ਟੈਂਕ ਕਮਾਂਡਰਾਂ ਨੂੰ ਸਖਤ ਹੁਕਮ ਦਿੱਤੇ ਕਿ ਉਦੋਂ ਤੱਕ ਦੁਸ਼ਮਣ ਦੇ ਟੈਂਕਾਂ ‘ਤੇ ਫਾਇਰਿੰਗ ਨਾ ਕੀਤੀ ਜਾਵੇ ਜਦੋਂ ਤੱਕ ਪੂਰਾ ਆਰਮਰਡ ਡਿਵੀਜ਼ਨ ਉਨ੍ਹਾਂ ਦੇ ਘੇਰੇ ਵਿਚ ਨਹੀਂ ਪਹੁੰਚਦਾ।
ਭਾਰਤੀ ਤੋਪਖਾਨੇ ਦੀਆਂ ਭਾਰੀ ਤੋਪਾਂ, ਜੀਪਾਂ ਅਤੇ ਜਮੀਨ ‘ਤੇ ਗੱਡੀਆਂ ਰਿਕਾਇਲਲੈੱਸ ਗੰਨਾਂ ਵੀ ਢੁੱਕਵੇਂ ਮੌਕੇ ਦੀ ਤਾਕ ਵਿਚ ਸਨ। ਜਿਉਂ ਹੀ ਦੁਸ਼ਮਣ ਦੇ ਟੈਂਕ ਨਜ਼ਦੀਕ ਪਹੁੰਚੇ ਤਾਂ ਸਾਡੇ ਤੋਪਖਾਨੇ ਅਤੇ ਆਰ. ਸੀ. ਐਲ਼ ਗੰਨਾਂ ਨੇ ਟੈਂਕਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਪਾਕਿਸਤਾਨ ਦੇ 5 ਆਰਮਰਡ ਬ੍ਰਿਗੇਡ ਨੂੰ ਕੁਚਲਣਾ ਸ਼ੁਰੂ ਕੀਤਾ। ਫਿਰ 4 ਆਰਮਰਡ ਬ੍ਰਿਗੇਡ ਦਾ ਬਹੁਤ ਸਾਰਾ ਹਿੱਸਾ ਰੋਹੀ ਨਾਲੇ ਨੂੰ ਕੱਟਣ ਨਾਲ ਉਸ ਇਲਾਕੇ ਵਿਚ ਜਾ ਫਸਿਆ।
ਮੇਜਰ ਜਨਰਲ ਨਸੀਰ ਅਹਿਮਦ ਖਾਨ, ਜੋ ਪਹਿਲੀ ਆਰਮਡ ਡਿਵੀਜ਼ਨ ਦਾ ਜਨਰਲ ਅਫਸਰ ਕਮਾਂਡਿੰਗ ਸੀ, ਪਹਿਲਾਂ ਤਾਂ ਇਹ ਲੜਾਈ ਹੈਲੀਕਾਪਟਰ ਵਿਚ ਸਵਾਰ ਹੋ ਕੇ ਦੇਖ ਰਿਹਾ ਸੀ, ਫਿਰ ਆਪਣੀ ਫੌਜ ਨੂੰ ਹੱਲਾਸ਼ੇਰੀ ਦੇਣ ਖਾਤਰ ਆਪਣੇ ਸਰਵੇਖਣ ਗਰੁੱਪ ਨਾਲ ਉਸ ਨੇ ਮੈਦਾਨ-ਏ-ਜੰਗ ਵੱਲ ਕੂਚ ਕਰ ਦਿੱਤਾ। ਇਕ ਤੋਪਖਾਨੇ ਦੀ ਆਬਜ਼ਰਵੇਸ਼ਨ ਪੋਸਟ ‘ਤੇ ਤੋਪਖਾਨੇ ਦੀ ਕਾਰਗਰ ਫਾਇਰਿੰਗ ਨੇ ਇਸ ਸਰਵੇਖਣ ਗਰੁੱਪ ਨੂੰ ਟੈਂਕ ਸਮੇਤ ਉਡਾ ਦਿੱਤਾ। ਜਨਰਲ ਨਸੀਰ ਅਤੇ ਉਸ ਦਾ ਆਰਟਿਲਰੀ ਬ੍ਰਿਗੇਡ ਕਮਾਂਡਰ ਆਪਣੇ ਸਾਥੀਆਂ ਸਮੇਤ ਮਾਰੇ ਗਏ। ਬਾਅਦ ਵਿਚ ਉਸ ਦੇ ਇਕ ਸਿਪਾਹੀ ਨੇ ਇਸ ਕਿਸਮ ਦਾ ਸੰਦੇਸ਼ ਵਾਇਰਲੈਸ ‘ਤੇ ਪਿੱਛੋਂ ਭੇਜਿਆ, “ਹਮਾਰਾ ਸਭ ਤੇ ਬੜਾ ਇਮਾਮ ਮਾਰਾ ਗਿਆ।”
ਪਿੰਡ ਚੀਮਾ ਦੇ ਲੜਾਈ ਵਾਲੇ ਇਲਾਕੇ ਅੰਦਰ 4 ਗਰਨੇਡੀਅਰ ਦੇ ਇਕ ਨਾਨ-ਕਮਿਸ਼ਨਡ ਅਫਸਰ, ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਜਦੋਂ ਰਿਕਾਇਲਲੈਸ ਤੋਪ (ਆਰ. ਸੀ. ਐਲ਼) ਨਾਲ ਆਪਣੀ ਜੀਪ ਵਿਚ ਸਵਾਰ ਸੀ, ਤਾਂ ਅਚਨਚੇਤ ਕਮਾਦ ਦੇ ਖੇਤ ਵਲੋਂ ਚਾਰ ਪੈਟਨ ਟੈਂਕ ਉਸ ਦੀ ਕੰਪਨੀ ਵੱਲ ਆ ਰਹੇ ਸਨ। ਉਸ ਨੇ ਤੁਰੰਤ ਇਕ ਟੇਕਰੀ ਪਿੱਛੇ ਛੁਪਦਿਆਂ ਇਕ-ਇਕ ਕਰਕੇ ਤਿੰਨ ਟੈਂਕਾਂ ਨੂੰ ਭੁੰਨਿਆ ਅਤੇ ਜਦੋਂ ਚੌਥੇ ਟੈਂਕ ਨੂੰ ਵੀ ਨਕਾਰਾ ਕੀਤਾ ਤਾਂ ਉਸ ਨੂੰ 90 ਮਿਲੀਮੀਟਰ ਦਾ ਸ਼ੈੱਲ ਆ ਵੱਜਿਆ ਜਿਸ ਕਾਰਨ ਉਹ ਸ਼ਹਾਦਤ ਦਾ ਜਾਮ ਪੀ ਗਿਆ। ਅਬਦੁਲ ਹਮੀਦ ਨੇ ਸਰਵਉਤਮ ਬਹਾਦਰੀ, ਦੇਸ਼ ਪ੍ਰਤੀ ਜਜ਼ਬਾ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਜੰਗ ਦੇ ਮੈਦਾਨ ਵਿਚ ਕੀਤਾ। ਉਸ ਦੀ ਦੇਣ ਨੂੰ ਮੁੱਖ ਰੱਖਦਿਆਂ ਰਾਸ਼ਟਰਪਤੀ ਨੇ ਅਬਦੁਲ ਹਮੀਦ ਨੂੰ ਸਭ ਤੋਂ ਉਤਮ ਪੁਰਸਕਾਰ (ਮਰਨ ਉਪਰੰਤ) ‘ਪਰਮਵੀਰ ਚੱਕਰ’ ਨਾਲ ਸਨਮਾਨਤ ਕੀਤਾ।
ਮੇਜਰ ਐਸ਼ ਸੀ. ਵਡੇਰਾ ਦੇ ਚਾਰ ਟੈਂਕਾਂ ਨੇ ਦੁਸ਼ਮਣ ਦੇ 22 ਟੈਂਕਾਂ ਨਾਲ ਮੁਕਾਬਲਾ ਕੀਤਾ ਅਤੇ ਸ਼ਾਮ ਹੋਣ ਤੱਕ 7 ਟੈਂਕ ਫਨਾਹ ਕਰ ਦਿੱਤੇ। ਮੇਜਰ ਵਡੇਰਾ ਨੂੰ ਵੀਰ ਚੱਕਰ ਨਾਲ ਨਵਾਜਿਆ ਗਿਆ। ਹੋਰ ਵੀ ਬਹੁਤ ਸਾਰੇ ਬਹਾਦਰੀ ਪੁਰਸਕਾਰਾਂ ਨਾਲ ਦਲੇਰੀ ਦਿਖਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ। ਪਾਕਿਸਤਾਨ ਦੀ ਆਸਲ ਉਤਾੜ ਦੀ ਕਰਾਰੀ ਹਾਰ ਮਗਰੋਂ ਅਯੂਬ ਖਾਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਬਾਕੀ ਸੈਕਟਰਾਂ ਅੰਦਰ ਲੜਾਈ ਉਦੋਂ ਤੱਕ ਜਾਰੀ ਰਹੀ, ਜਦੋਂ ਤੱਕ ਕਿ 23 ਸਤੰਬਰ ਸਵੇਰੇ 3:30 ਵਜੇ ਜੰਗਬੰਦੀ ਲਾਗੂ ਨਾ ਹੋ ਗਈ।
ਇਨ੍ਹਾਂ ਤਿੰਨ ਦਿਨਾਂ ਦੀ ਲੜਾਈ ਅੰਦਰ ਦੁਸ਼ਮਣ ਦੇ 97 ਟੈਂਕ ਤਬਾਹ ਹੋ ਗਏ ਜਿਨ੍ਹਾਂ ਵਿਚ 75 ਪੈਟਨ ਟੈਂਕ ਸਨ। ਇਸ ਵਿਚ 4 ਕੈਵਲਰੀ ਦੇ ਸਾਰੇ ਟੈਂਕ, ਉਸ ਦੇ ਕਮਾਂਡਿੰਗ ਅਫਸਰ, ਛੇ ਮੇਜਰਾਂ ਸਮੇਤ 12 ਅਫਸਰ ਅਤੇ ਬਹੁਤ ਸਾਰੇ ਹੇਠਲੇ ਰੈਂਕ ਵਾਲਿਆਂ ਨੇ 11 ਸਤੰਬਰ ਨੂੰ ਆਤਮ ਸਮਰਪਣ ਕਰ ਦਿੱਤਾ। ਲੜਾਈ ਤੋਂ ਬਾਅਦ ਭਿਖੀਵਿੰਡ ਵਿਖੇ 70 ਪਾਕਿਸਤਾਨੀ ਪੈਟਨ ਟੈਂਕਾਂ ਨੂੰ ਇਕੱਠਿਆਂ ਕਰਕੇ ਆਮ ਜਨਤਾ ਦੀ ਜਾਣਕਾਰੀ ਵਾਸਤੇ ਰੱਖ ਦਿੱਤਾ ਗਿਆ ਜਿਸ ਦਾ ਨਾਮ ‘ਪੈਟਨ ਨਗਰ’ ਪੈ ਗਿਆ। ਹਰ ਸਾਲ 10 ਸਤੰਬਰ ਨੂੰ ਸੂਬਾ ਪੱਧਰ ‘ਤੇ ਆਸਲ ਉਤਾੜ ਦਿਵਸ ਮਨਾਇਆ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਮਕਰਨ ਸੈਕਟਰ ਵਿਚ ਜੰਗ ਦੇ ਸ਼ੁਰੂ ਵਿਚ 4 ਮਾਊਂਟੇਨ ਡਿਵੀਜ਼ਨ ਨੂੰ ਜੋ ਕਰਾਰਾ ਝਟਕਾ ਲੱਗਾ, ਉਸ ਦੇ ਕਾਰਨ ਫੌਜ ਦੇ ਅਕਸ ਨੂੰ ਢਾਹ ਲੱਗੀ ਪਰ ਜਨਰਲ ਹਰਬਖਸ਼ ਸਿੰਘ ਨੇ ਜਿਸ ਦ੍ਰਿੜਤਾ, ਮਹਾਨ ਦਲੇਰੀ, ਲੀਡਰਸ਼ਿਪ ਨਾਲ ਲੜਾਈ ਦੇ ਫਰੰਟ ‘ਤੇ ਪਹੁੰਚ ਕੇ ਮੌਕਾ ਸੰਭਾਲਿਆ, ਉਸ ਨਾਲ 4 ਮਾਊਂਟੇਨ ਡਿਵੀਜ਼ਨ ਨੇ ਆਸਲ ਉਤਾੜ ਦੀ ਲੜਾਈ ਵਿਚ ਆਪਣੇ ਪਿਛਲੇ ਧੋਣੇ ਤਾਂ ਧੋ ਹੀ ਦਿੱਤੇ, ਫੌਜ ਦੀਆਂ ਉਚ ਕੋਟੀ ਦੀਆਂ ਪਰੰਪਰਾਵਾਂ ਨੂੰ ਵੀ ਬਹਾਲ ਕੀਤਾ।
ਇਨ੍ਹਾਂ ਘਟਨਾਵਾਂ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਜੇ ਪੱਛਮੀ ਕਮਾਂਡ ਦੀ ਵਾਗਡੋਰ ਜਨਰਲ ਹਰਬਖਸ਼ ਸਿੰਘ ਦੇ ਹਵਾਲੇ ਨਾ ਹੁੰਦੀ ਅਤੇ ਜੇ ਉਹ ਸੈਨਾ ਮੁਖੀ ਦੀ ਵਿਚਾਰਧਾਰਾ ਦੇ ਉਲਟ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣਦੇ ਤਾਂ ਪੰਜਾਬ ਦਾ ਜੋ ਹਸ਼ਰ ਹੁੰਦਾ, ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲਾਲ ਬਹਾਦਰ ਸ਼ਾਸਤਰੀ ਨੇ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਮੁੱਖ ਰੱਖਦਿਆਂ ਜਨਰਲ ਹਰਬਖਸ਼ ਸਿੰਘ ਨੂੰ ਸੈਨਾ ਮੁਖੀ ਬਣਾਉਣ ਦਾ ਫੈਸਲਾ ਕਰ ਲਿਆ ਸੀ। ਕਾਸ਼! ਸ਼ਾਸਤਰੀ ਜੀ ਆਪਣੇ ਫੈਸਲੇ ‘ਤੇ ਅਮਲ ਕਰਨ ਲਈ ਜਿਉਂਦੇ ਰਹਿੰਦੇ।