ਸਕੂਲ ਕਿ ਠਾਣਾ…

ਪ੍ਰੋ. ਰਮਨ ਦਾ ਇਹ ਲੇਖ ਜਾਨ ਕੱਢਣ ਵਾਲਾ ਹੈ। ਇਸ ਵਿਚ ਸਕੂਲ ਦੇ ਦਿਨਾਂ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨਾਲ ਅਚੇਤ ਜਾਂ ਸੁਚੇਤ ਰੂਪ ਵਿਚ ਕੀਤੀਆਂ ਤੱਦੀਆਂ ਦਾ ਖੁਲਾਸਾ ਹੈ। ਇਨ੍ਹਾਂ ਤੱਦੀਆਂ ਵਿਚ ਬੱਚਿਆਂ ਦੇ ਮਾਪੇ ਵੀ ਅਚੇਤ ਰੂਪ ਵਿਚ ਸ਼ਾਮਿਲ ਹੋ ਜਾਂਦੇ ਸਨ। ਉਦੋਂ ਹਾਲਾਤ ਹੀ ਕੁਝ ਅਜਿਹੇ ਸਨ ਕਿ ਅਧਿਆਪਕਾਂ ਦੀ ਕੁੱਟ ਤੋਂ ਡਰਦੇ ਕਈ ਬੱਚੇ ਸਕੂਲ ਵੱਲ ਮੂੰਹ ਕਰਨ ਦਾ ਹੀਆ ਨਾ ਕਰਦੇ ਅਤੇ ਅੱਧ-ਵਿਚਾਲੇ ਪੜ੍ਹਾਈ ਛੱਡ ਜਾਂਦੇ। ਲੇਖ ਦੇ ਅਖੀਰ ਵਿਚ ਲੇਖਕ ਨੇ ਜੋ ਤੋੜਾ ਝਾੜਿਆ ਹੈ, ਉਹ ਸਭ ਨੂੰ ਸਬਕ ਦੇਣ ਵਾਲਾ ਹੈ।

-ਸੰਪਾਦਕ

ਪ੍ਰੋ. ਰਮਨ

ਸਾਡੇ (ਛੋਟੇ ਬਾਲਾਂ) ਲਈ ਸਕੂਲ ਇਕ ਤਰ੍ਹਾਂ ਦਾ ਠਾਣਾ ਹੀ ਸੀ। ਪਿੰਡੋਂ ਬਾਹਰਵਾਰ ਕਬਰਾਂ ਕੋਲ ਉਸਰਿਆ ਹੋਇਆ ਇਹ ਸਕੂਲ ਸਾਡੇ ਲਈ ਕਬਰਾਂ ਵਾਂਗ ਹੀ ਖੌਫ ਦਾ ਪ੍ਰਤੀਕ ਸੀ। ਸੰਤਾਲੀ ਦੇ ਉਜਾੜੇ ਮਗਰੋਂ ਕਬਰਾਂ ਦਾ ਕੋਈ ਵਾਰਸ ਨਹੀਂ ਸੀ ਰਿਹਾ, ਇਸ ਲਈ ਇਸ ਜਗ੍ਹਾ ਉਪਰ ਸੰਘਣੇ ਬੂਝੇ ਤੇ ਝਾੜੀਆਂ ਵਧ-ਫੁਲ ਗਈਆਂ ਸਨ ਜਿਨ੍ਹਾਂ ਨੇ ਮਾਹੌਲ ਨੂੰ ਕਾਫੀ ਖੌਫਜ਼ਦਾ ਬਣਾ ਦਿੱਤਾ ਸੀ। ਕਬਰਾਂ ਵਾਲੀ ਜਗ੍ਹਾ ‘ਤੇ ਭੂਤਾਂ-ਪ੍ਰੇਤਾਂ ਦੇ ਵਾਸੇ ਬਾਰੇ ਪਿੰਡ ਦੇ ਕਰੀਬ ਸਾਰੇ ਸਿਆਣੇ ਸਮਝੇ ਜਾਂਦੇ ਲੋਕ ਇਕ ਮਤ ਸਨ।
ਇਧਰ ਅਸੀਂ ਨਿਆਣੇ ਇਸ ਗੱਲ ‘ਤੇ ਇਕ ਮਤ ਸਾਂ ਕਿ ਸਕੂਲ ਦੇ ਮਾਸਟਰ-ਮਾਸਟਰਨੀਆਂ ਕਿਸੇ ਵੀ ਤਰ੍ਹਾਂ ਭੂਤਾਂ-ਪ੍ਰੇਤਾਂ ਨਾਲੋਂ ਘੱਟ ਨਹੀਂ ਸਨ। ਉਨ੍ਹਾਂ ਦੇ ਨਾਂ ਤੋਂ ਭੂਤਾਂ-ਪ੍ਰੇਤਾਂ ਵਰਗਾ ਹੀ ਖੌਫ ਆਉਂਦਾ ਸੀ। ਅਸੀਂ ਕੋਸ਼ਿਸ਼ ਕਰਦੇ ਕਿ ਉਹ ਸਾਡੀ ਸੋਚ ਤੋਂ ਪਰ੍ਹਾਂ ਹੀ ਰਹਿਣ ਤਾਂ ਚੰਗਾ ਹੈ। ਇਸ ਲਈ ਜਦੋਂ ਸਾਰੀ ਛੁੱਟੀ ਦੀ ਘੰਟੀ ਵੱਜਦੀ ਤਾਂ ਸਾਨੂੰ ਅਥਾਹ ਖੁਸ਼ੀ ਹੁੰਦੀ। ਅਸੀਂ ਰੌਲਾ ਪਾਉਂਦੇ, ਕਿਲਕਾਰੀਆਂ ਮਾਰਦੇ, ਧੂੜਾਂ ਪੁੱਟਦੇ ਘਰਾਂ ਨੂੰ ਨੱਠ ਪੈਂਦੇ।
ਠਾਣੇ ਦੋ ਕਾਰਨਾਂ ਕਰਕੇ ਭੈਅਭੀਤ ਕਰਦੇ ਹਨ। ਇਕ ਤਾਂ ਇਥੇ ਬੰਦੇ ਨੂੰ ਜ਼ਬਰਦਸਤੀ ਚੁੱਕ ਕੇ ਲਿਆਇਆ ਜਾਂਦਾ ਹੈ; ਦੂਜੇ, ਉਨ੍ਹਾਂ ਨੂੰ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਜਾਂਦਾ ਹੈ। ਠਾਣੇ ਵਿਚ ਬੰਦੇ ਨਾਲ ਉਹ ਕੁਝ ਕੀਤਾ ਜਾਂਦਾ ਹੈ ਕਿ ਉਸ ਦਾ ਪ੍ਰਸ਼ਾਸਨ ‘ਚੋਂ ਪੱਕੇ ਤੌਰ ‘ਤੇ ਮੋਹ ਭੰਗ ਹੋ ਜਾਂਦਾ ਹੈ। ਉਹ ਆਪਣੇ ਹਾਲਾਤ ਨਾਲ ਸਮਝੌਤਾ ਕਰਨ ਦੀ ਅਣਚਾਹੀ ਹਾਲਤ ਵਿਚ ਆ ਜਾਂਦਾ ਹੈ। ਸਕੂਲਾਂ ਵਿਚ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ। ਬਾਲਾਂ ਨੂੰ ਜ਼ਬਰਦਸਤੀ ਘਰਾਂ ‘ਚੋਂ ਲਿਆਇਆ ਜਾਂਦਾ ਸੀ।
ਅੱਧੀ ਸਦੀ ਪਹਿਲਾਂ ਇਸਤਰੀਆਂ ਖੂਬ ਨਿਆਣੇ ਜਣਦੀਆਂ ਸਨ। ਛੋਟੇ ਤੋਂ ਛੋਟੇ ਪਰਿਵਾਰ ਵਿਚ ਵੀ ਅੱਧੀ ਦਰਜਨ ਨਿਆਣੇ ਤਾਂ ਹੁੰਦੇ ਹੀ ਸਨ। ਉਪਰੋਂ ਹੁਕਮ ਆਉਂਦੇ ਤੇ ਮਾਸਟਰ-ਮਾਸਟਰਨੀਆਂ ਖੁੱਲ੍ਹੇ-ਡੁੱਲ੍ਹੇ ਸਰੀਰਾਂ ਵਾਲੇ ਨਿਆਣਿਆਂ ਨੂੰ ਸਕੂਲ ਘੇਰ ਲਿਆਉਂਦੇ ਤੇ ਸਰਕਾਰੀ ਰਜਿਸਟਰ ਵਿਚ ਅੰਦਾਜ਼ੇ ਨਾਲ ਹੀ ਉਮਰ ਵਾਲਾ ਇੰਦਰਾਜ ਭਰ ਕੇ ਇਨ੍ਹਾਂ ਨੂੰ ਪਹਿਲੀ ਜਮਾਤ ਵਿਚ ਦਾਖਲ ਕਰ ਲੈਂਦੇ। ਕਈ ਨਿਆਣੇ ਆਪਣੇ ਅਧਿਆਪਕ ਨੂੰ ਝਕਾਨੀ ਦੇ ਕੇ ਨੱਠ ਵੀ ਜਾਂਦੇ। ਅਜਿਹੇ ਨਿਆਣਿਆਂ ਨੂੰ ਇਨ੍ਹਾਂ ਦੇ ਮਾਪਿਆਂ ਰਾਹੀਂ ‘ਪੇਸ਼’ ਕਰਾਇਆ ਜਾਂਦਾ ਤੇ ਉਨ੍ਹਾਂ ਦੇ ਸਾਹਮਣੇ ਹੀ ਕੁੱਟਿਆ ਵੀ ਜਾਂਦਾ; ਤੇ ਫਿਰ ਇਨ੍ਹਾਂ ਨਿਆਣਿਆਂ ਨੂੰ ‘ਬੰਦਾ’ ਬਣਾਉਣ ਦਾ ਅਮਲ ਅਰੰਭ ਹੋ ਜਾਂਦਾ। ਇਹ ਅਮਲ ਠਾਣਿਆਂ ਦੇ ਕੁਟਾਪੇ ਤੋਂ ਕੋਈ ਬਹੁਤਾ ਵੱਖਰਾ ਨਹੀਂ ਸੀ ਹੁੰਦਾ।
ਕਈ ਨਿਆਣੇ ਤਾਂ ਸਕੂਲ ਜਿਵੇਂ ਕੁੱਟ ਖਾਣ ਹੀ ਆਉਂਦੇ ਸਨ। ਬਹੁਤਿਆਂ ਨੂੰ ਕੁੱਟ ਕੇਵਲ ਗੈਰ-ਵਿਦਿਅਕ ਕੰਮਾਂ ਕਾਰਨ ਹੀ ਖਾਣੀ ਪੈਂਦੀ ਸੀ। ਸਕੂਲ ਦਾਖਲ ਹੋਣ ਤੋਂ ਪਹਿਲਾਂ ਉਹ ਕਾਫੀ ਖੁੱਲ੍ਹ-ਖੇਡ ਦੇ ਮਾਹੌਲ ਵਿਚ ਵਿਚਰੇ ਹੁੰਦੇ ਸਨ। ਇਸ ਮਾਹੌਲ ਦੀਆਂ ਅਲਾਮਤਾਂ ਉਨ੍ਹਾਂ ਅੰਦਰ ਜਿਉਂ ਦੀਆਂ ਤਿਉਂ ਬਣੀਆਂ ਹੁੰਦੀਆਂ ਸਨ; ਮਸਲਨ, ਕਣਕ ਦੇ ਵੱਢਾਂ ਵਿਚ ਦਿੱਤਰ ਕੁੱਟਣ ਭੱਜਣ ਨਿਕਲਣਾ, ਬੋੜੇ ਖੂਹ ‘ਚ ਛਾਲਾਂ ਮਾਰ ਕੇ ਨ੍ਹਾਉਣਾ, ਬੰਟੇ ਖੇਡਣਾ, ਟਿੰਡਾਂ ਰਾਹੀਂ ਸਕੂਲ ਦੀ ਖੂਹੀ ‘ਚ ਉਤਰਨਾ, ਵਿਰੋਧੀ ਗੁੱਟ ਦੇ ਕਿਸੇ ਨਿਆਣੇ ਨੂੰ ਕੁੱਟ ਧਰਨਾ, ਕਿਸੇ ਮਾਸਟਰ ਜਾਂ ਮਾਸਟਰਨੀ ਬਾਰੇ ਕੋਈ ਭੱਦੀ ਸ਼ਬਦਾਵਲੀ ਵਾਲੀ ਟਿੱਪਣੀ ਕਰ ਦੇਣਾ। ਇਨ੍ਹਾਂ ਗੈਰ-ਵਿਦਿਅਕ ਕੁਤਾਹੀਆਂ ਦੇ ਜ਼ਿੰਮੇਵਾਰ ਨਿਆਣਿਆਂ ਨੂੰ ਸਵੇਰ ਦੀ ਸਭਾ ਵਿਚ ਸਜ਼ਾ ਸੁਣਾ ਕੇ ਤੁਰਤ-ਫੁਰਤ ਲਾਗੂ ਕੀਤਾ ਜਾਂਦਾ। ਸਜ਼ਾ ਬੈਂਤ ਵਰ੍ਹਾ ਕੇ ਦਿੱਤੀ ਜਾਂਦੀ। ਨਿਆਣੇ ਜੋ ਸਜ਼ਾਯਾਫਤਾ ਹੁੰਦੇ, ਚਾਂਗਰਾਂ ਮਾਰਦੇ ਪਰ ਸਜ਼ਾ ਪਾ ਚੁੱਕਣ ਮਗਰੋਂ ਝੱਟ ਆਮ ਵਰਗੇ ਹੋ ਜਾਂਦੇ।
ਸਕੂਲ ਵਿਚ ਹਿਸਾਬ ਦਾ ਅਧਿਆਪਕ ਜਗਤਾਰ ਸਿੰਘ ਸੀ। ਲੰਮਾ, ਪਤਲਾ, ਫੁਰਤੀਲਾ ਤੇ ਖਰ੍ਹਵਾ। ਉਹਦੇ ਚਿਹਰੇ ਉਪਰ ਕਦੇ-ਕਦਾਈਂ ਮੁਸਕਰਾਹਟ ਦਾ ਦਿਸ ਪੈਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਸਮਝਿਆ ਜਾਂਦਾ। ਛੁੱਟੀ ਹੋਣ ਤੋਂ ਬਾਅਦ ਵੀ ਨਿਆਣੇ ਉਸ ਦਾ ਬੋਝ ਢੋਂਦੇ ਰਹਿੰਦੇ ਸਨ। ਉਹਦੇ ਪੀਰੀਅਡ ‘ਚ ਕਈ ਕਮਜ਼ੋਰ ਦਿਲੇ ਨਿਆਣਿਆਂ ਦਾ ਪਿਸ਼ਾਬ ਵੀ ਕਾਬੂ ‘ਚ ਨਹੀਂ ਸੀ ਰਹਿੰਦਾ। ਸਵਾਲ ਗਲਤ ਹੋ ਜਾਣ ਜਾਂ ਫਾਰਮੂਲਾ ਨਾ ਆਉਣ ਦੀ ਸੂਰਤ ਵਿਚ ਉਹ ਸਿੱਧਾ ਹੀ ਨਿਆਣੇ ਨੂੰ ਕਹਿ ਦਿੰਦਾ ਸੀ, “ਹੱਥ ਕੱਢ”, ਤੇ ਫਿਰ ਹੱਥਾਂ ‘ਤੇ ਬਿਨਾ ਗਿਣਤੀ ਕੀਤਿਆਂ ਬੈਂਤ ਵਰ੍ਹਾ ਦਿੰਦਾ। ਸਵਾਲ ਸਮਝਾਉਣ ਜਾਂ ਨਿਆਣੇ ਦੀ ਗਲਤੀ ਦਰੁਸਤ ਕਰਾਉਣ ਦੀ ਖੇਚਲ ਉਹ ਘੱਟ ਹੀ ਕਰਦਾ ਸੀ।
ਨਿਆਣਿਆਂ ਨੇ ਮਾਸਟਰ ਜਗਤਾਰ ਸਿਓਂ ਦੇ ਕਈ ਕੁਨਾਂ ਰੱਖੇ ਹੋਏ ਸਨ। ਕੋਈ ਉਹਨੂੰ ਉਹਦੀ ਫੁਰਤੀਲੀ ਸ਼ਖਸੀਅਤ ਕਾਰਨ ‘ਚਿੜਾ’ ਆਖਦਾ, ਉਹਦੇ ਵਹਿਸ਼ੀ ਸੁਭਾਅ ਕਰਕੇ ਉਹਨੂੰ ਨਿਆਣੇ ‘ਜੱਗਾ ਕਸਾਈ’ ਵੀ ਆਖਦੇ। ਇਕ ਦਿਨ ਸਤਵੀਂ ‘ਚ ਪੜ੍ਹਦੇ ਛਿੰਦੇ ਨੇ ਆਪਣੇ ਜਮਾਤੀ ਨਾਲ ਕਿੜ ਕੱਢਣ ਲਈ ਉਹਦੀ ਜਗਤਾਰ ਸਿਓਂ ਕੋਲ ਸ਼ਿਕਾਇਤ ਕਰ ਦਿੱਤੀ, “ਮਾਸਟਰ ਜੀ, ਥੋਨੂੰ ਜੀ ਜੰਟਾ, ਜੱਗਾ ਕਸਾਈ ਕਹਿੰਦਾ ਸੀ।” ਸੁਣਦਿਆਂ ਸਾਰ ਹੀ ਜਗਤਾਰ ਸਿਓਂ ਨੇ ਛਿੰਦੇ ਦੀ ਕੂਲੀ ਗੱਲ੍ਹ ‘ਤੇ ਚਾਰ-ਪੰਜ ਕਰਾਰੀਆਂ ਚਪੇੜਾਂ ਜੜ੍ਹ ਦਿੱਤੀਆਂ। ਆਪਣਾ ਵਿਗੜਿਆ ਜਿਹਾ ਮੂੰਹ ਬਣਾ ਕੇ ਉਹ ਜਮਾਤ ‘ਚ ਵਾਪਸ ਆ ਗਿਆ। ਵਿਚਾਰਾ ਸ਼ਿਕਾਇਤ ਦੀ ਸਫਲਤਾ ਦੇ ਪੱਖ ਵਿਚ, ਤੇ ਪਈ ਕੁੱਟ ਉਪਰ ਪੋਚਾ ਪਾਉਣ ਲਈ ਬੁੜਬੁੜ ਕਰਨ ਲੱਗਾ, “ਦੇਖਿਓ, ਕੱਲ੍ਹ ਨੂੰ ਸਵੇਰੇ ਕੀ ਬਣਦਾ? ਦੇਖ ਲਿਓ ਕੱਲ੍ਹ ਨੂੰ…।” ਸੁਣ ਕੇ ਸਭ ਦੇ ਮਨਾਂ ਵਿਚ ਉਤਸੁਕਤਾ ਪੈਦਾ ਹੋ ਗਈ ਕਿ ਦੇਖੋ, ਕੱਲ੍ਹ ਨੂੰ ਕੀ ਬਣਦਾ? ਸਭ ਨੂੰ ਪੱਕਾ ਯਕੀਨ ਸੀ ਕਿ ਹੁਣ ਜੰਟੇ ਦੀ ਖੈਰ ਨਹੀਂ।
ਇਵੇਂ ਹੀ ਹੋਇਆ ਸਗੋਂ ਇਸ ਤੋਂ ਵੀ ਕੁਝ ਵੱਧ ਹੋਇਆ। ਪ੍ਰਾਰਥਨਾ ਸਭਾ ਵਿਚ ਛਿੰਦੇ ਤੇ ਜੰਟੇ-ਦੋਹਾਂ ਨੂੰ ਖੜ੍ਹੇ ਕਰ ਲਿਆ ਗਿਆ। ਇਹ ਨਹੀਂ ਦੱਸਿਆ ਗਿਆ ਕਿ ਕੀਹਨੇ ਕੀਹਨੂੰ ਕੀ ਕਿਹਾ ਸੀ, ਦੋਹਾਂ ਉਪਰ ਰਲ ਕੇ ਸ਼ਰਾਰਤਾਂ ਕਰਨ ਦਾ ਸਾਂਝਾ ਦੋਸ਼ ਲਾਇਆ ਗਿਆ ਤੇ ਸਾਰੇ ਸਕੂਲ ਸਾਹਮਣੇ ਦੋਹਾਂ ਨੂੰ ਮੁਰਗਾ ਬਣਾ ਕੇ ਮਿਸਾਲੀ ਸਜ਼ਾ ਦਿੱਤੀ ਗਈ। ਡੰਡਾ ਟੁੱਟ ਜਾਣ ਤਕ ਜਗਤਾਰ ਸਿਓਂ ਦੇ ਡੰਡੇ ਦੋਹਾਂ ਦੀ ਪਿੱਠ ‘ਤੇ ਵਰ੍ਹਦੇ ਰਹੇ।
ਜਗਤਾਰ ਸਿੰਘ ਦੀ ਕੁੱਟ ਸਕੂਲ ਪੜ੍ਹਨ ਵਾਲੇ ਬੱਚਿਆਂ ਦਰਮਿਆਨ ਨਰਕ ਵਿਚ ਪਾਪੀਆਂ ਨੂੰ ਦਿੱਤੀ ਜਾਂਦੀ ਜਮਦੂਤਾਂ ਦੀ ਸਜ਼ਾ ਸਮਾਨ ਸਮਝੀ ਜਾਂਦੀ ਸੀ। ਇਸ ਦੇ ਬਾਵਜੂਦ ਮਾਪਿਆਂ ਨੂੰ ਉਹਦੀ ਕੁੱਟ ਉਪਰ ਕਦੇ ਕੋਈ ਇਤਰਾਜ਼ ਨਹੀਂ ਸੀ ਹੋਇਆ। ਅਨਪੜ੍ਹਤਾ ਦਾ ਸਰਾਪ ਭੋਗ ਰਹੇ ਮਾਪੇ ਸਮਝਦੇ ਸਨ ਕਿ ਜਗਤਾਰ ਸਿੰਘ ਉਨ੍ਹਾਂ ਦੇ ਨਿਆਣਿਆਂ ਦੀ ਜ਼ਿੰਦਗੀ ਬਣਾ ਰਿਹਾ ਹੈ, ਉਨ੍ਹਾਂ ਦੀ ਅਗਲੀ ਪੀੜ੍ਹੀ ਦਾ ਭਵਿਖ ਸੰਵਾਰ ਰਿਹਾ ਹੈ। ਉਹ ਤਾਂ ਖੁਦ ਸਕੂਲ ਜਾ ਕੇ ਕਹਿ ਆਉਂਦੇ, “ਇਨ੍ਹਾਂ ਨੂੰ ਖਿੱਚ ਕੇ ਰੱਖਿਓ ਮਾਸਟਰ ਜੀ, ਕੋਈ ਲਿਹਾਜ਼ ਨੀ ਕਰਨਾ। ਰੰਬਾ ਤੇ ਜੁਆਕ ਚੰਡੇ ਹੀ ਠੀਕ ਰਹਿੰਦੇ ਆ, ਸਾਡੇ ਵੱਲੋਂ ਥੋਨੂੰ ਖੁਲ੍ਹੀ ਛੁੱਟੀ ਆ, ਬਸ ਬੰਦੇ ਬਣਾ ਦਿਓ ਇਨ੍ਹਾਂ ਨੂੰ।” ਮਾਸਟਰ ਮਾਪਿਆਂ ਦੀ ਇਸ ਪ੍ਰਵਾਨਗੀ ਦੇ ਸਹਾਰੇ ਨਿਆਣਿਆਂ ਨੂੰ ‘ਬੰਦੇ’ ਬਣਾਉਣ ਦਾ ਅਮਲ ਪੂਰੀ ਸ਼ਿੱਦਤ ਨਾਲ ਜਾਰੀ ਰੱਖਦੇ ਤੇ ਜਗਤਾਰ ਸਿੰਘ ਇਸ ਕੰਮ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਨਜ਼ਰ ਆਉਂਦਾ। ਨਿਆਣੇ ਰੋਜ਼ ਗਲਤੀਆਂ ਕਰਦੇ, ਰੋਜ਼ ਕੁੱਟ ਖਾਂਦੇ ਤੇ ਇੰਜ ਕੁੱਟ ਖਾਂਦੇ-ਖਾਂਦੇ ਪੜ੍ਹਾਈ ਅੱਧ-ਵਿਚਾਲੇ ਛੱਡ ਕੇ ਹੀ ਸਕੂਲੋਂ ਹਟ ਜਾਂਦੇ।
ਮਾਸਟਰ ਜਗਤਾਰ ਸਿਓਂ ਬਾਰੇ ਇਹ ਮਿੱਥ ਪ੍ਰਚਲਿਤ ਸੀ ਕਿ ਉਹਦਾ ਪੜ੍ਹਾਇਆ ਨਿਆਣਾ ਜਾਂ ਤਾਂ ਜ਼ਿੰਦਗੀ ‘ਚ ਕੁਝ ਬਣ ਜਾਊ ਜਾਂ ਫਿਰ ਅੱਧ-ਵਿਚਾਲੇ ਸਕੂਲ ਛੱਡ ਕੇ ਭੱਜ ਜਾਊ। ਉਂਜ, ਇਸ ਮਿੱਥ ਦਾ ਕੇਵਲ ਪਿਛਲਾ ਅੱਧ ਹੀ ਸੱਚ ਸੀ। ਬਹੁਤੇ ਵਿਦਿਆਰਥੀ ਉਹਦੀ ਕੁੱਟ ਤੋਂ ਡਰਦੇ ਅੱਠਵੀਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਕੂਲ ਨੂੰ ਆਖਰੀ ਸਲਾਮ ਕਹਿ ਜਾਂਦੇ। ਮਾਲ-ਡੰਗਰ ਚਾਰਨ ਤੇ ਖੇਤੀ ਕਰਨ ਦੇ ਪੁਸ਼ਤੈਨੀ ਕੰਮ ਉਨ੍ਹਾਂ ਨੂੰ ਬਿਹਤਰ ਲੱਗਦੇ। ਮਾਂ-ਬਾਪ ਨੂੰ ਵੀ ਇਨ੍ਹਾਂ ਕਾਮੇ ਪੁੱਤਰਾਂ ਦਾ ਸਹਾਰਾ ਮਿਲ ਜਾਂਦਾ ਤਾਂ ਉਹ ਆਪਣਾ ਮਨ ਸਮਝਾ ਲੈਂਦੇ। ਜਿਹੜੇ ਵਿਦਿਆਰਥੀ ਪੜ੍ਹਾਈ ਵਿਚ ਨਿੱਤਰ ਆਉਂਦੇ, ਉਹ ਵੀ ਜਗਤਾਰ ਸਿੰਘ ਦੀ ਪੜ੍ਹਾਈ ਕਰਕੇ ਨਹੀਂ ਸਗੋਂ ਨਿੱਜੀ ਯਤਨਾਂ ਨਾਲ ਨਿੱਤਰਦੇ। ਰੱਟੇ ਆਦਿ ‘ਤੇ ਵਾਹਵਾ ਜ਼ੋਰ ਦਿੰਦੇ।
‘ਇਕ ਕਰੇਲਾ ਦੂਜਾ ਨਿੰਮ ਚੜ੍ਹਿਆ’ ਵਾਲੇ ਹਾਲਾਤ ਸਨ ਸਕੂਲ ਵਿਚ। ਇਕ ਤਾਂ ਗਣਿਤ ਦਾ ਵਿਸ਼ਾ ਹੀ ਬਹੁਤ ਔਖਾ ਸਮਝਿਆ ਜਾਂਦਾ ਸੀ, ਦੂਜਾ ਪੜ੍ਹਾਉਣ ਵਾਲਾ ਜਰਵਾਣਾ ਸੀ। ਨਿਆਣੇ ਦੂਹਰੀ ਦਹਿਸ਼ਤ ਦਾ ਸ਼ਿਕਾਰ ਸਨ। ਇਕ, ਦੋ, ਤਿੰਨ, ਚਾਰ, ਪੰਜ, ਦਸ, ਪੰਦਰਾਂ, ਹਜ਼ਾਰ, ਦਸ ਹਜ਼ਾਰ ਆਦਿ ਅੰਕਾਂ ਤੋਂ ਵਧਦੀ-ਵਧਦੀ ਗੱਲ ਜਦੋਂ ਏ ਜਮ੍ਹਾਂ ਬੀ ਦਾ ਸੁਕੇਅਰ ਵੱਲ ਤੁਰਨ ਲੱਗਦੀ ਤਾਂ ਖੇਤਾਂ ਦੇ ਪੁੱਤ ਇਕ-ਇਕ ਕਰਕੇ ਹਥਿਆਰ ਸੁੱਟਣਾ ਸ਼ੁਰੂ ਕਰ ਦਿੰਦੇ। ਇਹ ਭਲਾ ਕੀ ਗਣਿਤ ਹੋਇਆ? ਜੁਮੈਟਰੀ ਵੀ ਭਲਾ ਕੀ ਬਲਾ ਹੋਈ? ਜਗਤਾਰ ਸਿਓਂ ਵੀ ਵਿਦਿਆਰਥੀਆਂ ਨੂੰ ਸਿੱਧਾ ਫਾਰਮੂਲਿਆਂ ਦੇ ਸਾਹਮਣੇ ਜਾ ਖਲ੍ਹਿਆਰਦਾ। ਫਾਰਮੂਲੇ ਰਟਾਉਣ ਦੀ ਜ਼ਿਦ ਕਰਦਾ। ਨਿਆਣੇ ਬੇਵੱਸ ਹੋ ਜਾਂਦੇ, ਕੁੱਟ ਖਾਂਦੇ ਤੇ ਸਿੱਟਾ ਉਨ੍ਹਾਂ ਦੇ ਸਕੂਲ ਛੱਡ ਜਾਣ ਵਿਚ ਹੀ ਨਿਕਲਦਾ।
ਨਿਆਣਿਆਂ ਨੂੰ ਇਹ ਗੱਲ ਵੀ ਅੱਖਰਦੀ ਸੀ ਕਿ ਜਗਤਾਰ ਸਿਓਂ ਛੁੱਟੀ ਬਹੁਤ ਘੱਟ ਕਰਦਾ। ਸਕੂਲ ਆ ਕੇ ਉਹ ਬਿਲਾ ਨਾਗਾ ਆਪਣੇ ਸਾਰੇ ਪੀਰੀਅਡ ਲਾਉਂਦਾ। ਉਹਦੇ ਹੁਕਮ ਦੀ ਤਾਮੀਲ ਕਰਦਾ ਮਨੀਟਰ ਹਮੇਸ਼ਾ ਡੰਡਾ ਮੇਜ ‘ਤੇ ਹਾਜ਼ਰ ਰੱਖਦਾ। ਪੜ੍ਹਾਉਂਦਿਆਂ ਉਹਦੇ ਇਕ ਹੱਥ ਕਿਤਾਬ ਤੇ ਦੂਜੇ ਹੱਥ ਡੰਡਾ ਹੁੰਦਾ। ਇਕ ਵੇਰਾਂ ਜਮਾਤੀਆਂ ਨੇ ਰਾਇ ਕਰਕੇ ਮਨੀਟਰ ਨੂੰ ਮਨਾ ਲਿਆ ਕਿ ਉਹ ਡੰਡਾ ਛੇਤੀ ਟੁੱਟ ਜਾਣ ਵਾਲਾ ਲਿਆਇਆ ਕਰੇ। ਇਸ ਤਰ੍ਹਾਂ ਦਾ ਡੰਡਾ ਆਇਆ ਤਾਂ ਮਨੀਟਰ ਦੀ ਸ਼ਾਮਤ ਆ ਗਈ। ਇਹ ਡੰਡਾ ਪੂਰੇ ਦਾ ਪੂਰਾ ਮਨੀਟਰ ਉਪਰ ਹੀ ਵਰ੍ਹਿਆ ਤੇ ਅੱਗੇ ਤੋਂ ਮਨੀਟਰ ਸਮਝ ਗਿਆ ਕਿ ਉਹਦੀ ਚਲਾਕੀ ਇਸ ਵੱਢਖਾਣੇ ਅੱਗੇ ਨਹੀਂ ਚੱਲਣੀ। ਵਿਚਾਰਾ ਬੇਵਸ ਸੀ, ਅਸਤੀਫਾ ਵੀ ਨਹੀਂ ਸੀ ਦੇ ਸਕਦਾ। ਕੀ ਹੁਸ਼ਿਆਰ ਤੇ ਕੀ ਕਮਜ਼ੋਰ, ਹਰ ਕੋਈ ਕਿਸੇ ਨਾ ਕਿਸੇ ਕਾਰਨ ਜਗਤਾਰ ਸਿਓਂ ਦੇ ਕਹਿਰ ਦਾ ਸ਼ਿਕਾਰ ਹੋ ਹੀ ਜਾਂਦਾ ਸੀ।
ਸਕੂਲ ਦੇ ਕਰੀਬ ਸਾਰੇ ਅਧਿਆਪਕ ਨਿਆਣੇ ਨੂੰ ਸਜ਼ਾ ਦੇਣ ਦੇ ਆਪੋ-ਆਪਣੇ ਢੰਗ ਵਰਤਦੇ। ਕੋਈ ਥੱਪੜ ਜੜਨ ਵਿਚ ਮੁਹਾਰਤ ਰੱਖਦਾ ਸੀ, ਕੋਈ ਡੰਡਾ ਪਰੇਡ ਕਰਨ ਵਿਚ, ਕੋਈ ਨਿਆਣੇ ਦਾ ਕੰਨ ਮਰੋੜਦਾ, ਕੋਈ ਬਾਂਹ ਮਰੋੜਦਾ, ਕੋਈ ਗਿੱਚੀਓਂ ਫੜ ਕੇ ਧੌਣ ਮਰੋੜਦਾ ਤੇ ਕੋਈ ਹੂਰਾ ਮਾਰ ਕੇ ਦਿਨੇ ਤਾਰੇ ਦਿਖਾ ਦਿੰਦਾ। ਸਾਰੇ ਮਾਸਟਰਾਂ ਦਾ ਮੰਨਣਾ ਸੀ ਕਿ ਨਿਆਣੇ ਕੁੱਟ ਤੋਂ ਬਿਨਾ ਨਹੀਂ ਪੜ੍ਹਦੇ, ਪਰ ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਆਖਰ ਨਿਆਣੇ ਕੁੱਟ ਖਾ ਕੇ ਵੀ ਪੜ੍ਹਾਈ ਕਿਉਂ ਨਹੀਂ ਕਰਦੇ?
ਕਦੇ ਕਦੇ ਜਾਪਦਾ ਕਿ ਸਕੂਲ ਵਿਚ ਕੇਵਲ ਦੋ ਹੀ ਧਿਰਾਂ ਸਨ। ਇਕ ਕੁੱਟਣ ਵਾਲਿਆਂ ਦੀ ਅਤੇ ਦੂਜੀ ਕੁੱਟ ਖਾਣ ਵਾਲਿਆਂ ਦੀ। ਇਨ੍ਹਾਂ ਵਿਚਕਾਰ ਰਿਸ਼ਤਾ ਕੇਵਲ ਡਰ ਦਾ ਸੀ। ਅਧਿਆਪਕ ਦਾ ਮੂਲ ਮੰਤਰ ਸੀ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਡਰਾ ਕੇ ਰੱਖੋ, ਦੂਜੇ ਪਾਸੇ ਵਿਦਿਆਰਥੀਆਂ ਦੇ ਮਨ ਦਾ ਉਹ ਕੋਨਾ ਜੋ ‘ਸਤਿਕਾਰ’ ਲਈ ਰਾਖਵਾਂ ਹੁੰਦਾ ਹੈ, ਡਰ ਨਾਲ ਭਰ ਗਿਆ ਸੀ। ਫਿਰ ਵੀ ਅਧਿਆਪਕ ਵਿਦਿਆਰਥੀਆਂ ਪਾਸੋਂ ਸਤਿਕਾਰ ਦੀ ‘ਮੰਗ’ ਕਰਦੇ ਸਨ। ਇਕ ਵਾਰ ਨਲਕੇ ਤੋਂ ਪਾਣੀ ਪੀ ਕੇ ਮੁੜਦੇ ਰੂਪੇ ਨੂੰ ਇਕ ਮਾਸਟਰ ਨੇ ਪੁੱਛ ਲਿਆ, “ਰੂਪਿਆ, ਕੀਹਦਾ ਪੀੜ (ਪੀਰੀਅਡ) ਆ ਓਏ!”
ਅੱਗਿਓਂ ਰੂਪੇ ਨੇ ਠਾਹ ਜਵਾਬ ਦਿੱਤਾ, “ਹਰਨੇਕ ਸਿਓਂ ਦਾ ਜੀ।”
ਜਵਾਬ ਵਿਚ ਥੱਪੜ ਮਾਰ ਕੇ ਹਰਨੇਕ ਸਿਓਂ ਨੇ ਰੂਪੇ ਨੂੰ ਸਮਝਾਇਆ, “ਕੱਲਾ ਹਰਨੇਕ ਸਿਓਂ ਕੀ ਹੋਇਆ? ਨਾਲ ਕੋਈ ਸ੍ਰੀ, ਸਰਦਾਰ ਵੀ ਲਾਈਦਾ, ਅੱਗੇ ਤੋਂ ਖਿਆਲ ਰੱਖੀਂ।”
ਤੇ ਰੂਪੇ ਨੇ ਅੱਗੇ ਤੋਂ ਪੂਰਾ ਖਿਆਲ ਰੱਖਿਆ, ਐਵੇਂ ਛੋਟੀ ਜਿਹੀ ਗੱਲ ਪਿੱਛੇ ਕੁੱਟ ਖਾਣ ਦਾ ਕੀ ਫਾਇਦਾ!
ਉਸੇ ਮਾਸਟਰ ਨੇ ਰੂਪੇ ਨੂੰ ਇਕ ਵਾਰ ਫਿਰ ਪਹਿਲਾਂ ਵਾਲਾ ਸਵਾਲ ਹੀ ਪੁੱਛ ਲਿਆ। ਰੂਪਾ ਇਕਦਮ ਸੁਚੇਤ ਹੁੰਦਾ ਬੋਲਿਆ, “ਸਰਦਾਰ ਭੈਣ ਜੀ ਦਾ ਪੀੜ ਆ ਜੀ!” ਮਾਸਟਰ ਇਸ ਵਾਰ ਰੂਪੇ ਦਾ ਕੁਝ ਨਾ ਕਰ ਸਕਿਆ। ਆਖਰ ਰੂਪਾ ਉਹਦੀ ਸਿਖਿਆ ਅਨੁਸਾਰ ਹੀ ਤਾਂ ਬੋਲਿਆ ਸੀ!
ਜਗਤਾਰ ਸਿੰਘ ਨਿਰਾ ਅਧਿਆਪਕ ਨਹੀਂ ਸੀ, ਖੇਤੀਬਾੜੀ ਦਾ ਕੰਮ ਵੀ ਕਰਦਾ ਸੀ। ਪਤਨੀ ਘਰੇਲੂ ਔਰਤ ਸੀ। ਦੋ ਬੱਚੇ ਸਨ। ਦੋਵੇਂ ਮੁੰਡੇ ਸਕੂਲ ਵਿਚ ਪੜ੍ਹਦੇ ਸਨ। ਉਹਦਾ ਪਿੰਡ ਮੇਰੇ ਪਿੰਡੋਂ ਕੋਈ ਤਿੰਨ ਕੁ ਮੀਲ ਸੀ। ਪਹਿਲਾਂ ਪਹਿਲ ਬਾਕੀ ਮਾਸਟਰਾਂ ਵਾਂਗ ਉਹ ਸਾਈਕਲ ‘ਤੇ ਸਕੂਲ ਆਉਂਦਾ ਹੁੰਦਾ ਸੀ। ਫਿਰ ਉਹਨੇ ਮੋਟਰਸਾਈਕਲ ਲੈ ਲਿਆ। ਦੂਰੋਂ ਹੀ ਉਹਦੇ ਮੋਟਰ ਸਾਈਕਲ ਦੀ ਅਵਾਜ਼ ਸੁਣਦੀ ਤਾਂ ਇਉਂ ਲੱਗਦਾ, ਜਿਵੇਂ ਸਾਡੇ ‘ਤੇ ਪਾਕਿਸਤਾਨੀ ਟੈਂਕ ਬਸ ਚੜ੍ਹਨ ਹੀ ਵਾਲੇ ਹਨ।
ਵਰ੍ਹੇ ਬੀਤ ਗਏ। ਸਕੂਲੋਂ ਨਿਕਲ ਕੇ ਜਿਉਂ ਹੀ ਮੈਂ ਬਾਹਰ ਕਾਲਜਾਂ, ਯੂਨੀਵਰਸਿਟੀਆਂ ਵਿਚ ਨਿਕਲਿਆ, ਸਕੂਲ ਗੇੜਾ ਮਾਰਨ ਨੂੰ ਕਦੇ ਰੂਹ ਹੀ ਨਹੀਂ ਕੀਤੀ। ਇਥੇ ਮੈਂ ਇਕ ਤੋਂ ਬਾਅਦ ਇਕ ਵਿਦਿਆਰਥੀ ਨੂੰ ਜਗਤਾਰ ਸਿਓਂ ਦੀ ਕੁੱਟ ਤੋਂ ਦੁਖੀ ਹੋ ਕੇ ਪੜ੍ਹਾਈ ਅੱਧ-ਵਿਚਾਲੇ ਛੱਡ ਕੇ ਨੱਠਦਿਆਂ ਦੇਖਿਆ ਸੀ ਤੇ ਇਹ ਗੱਲ ਸੋਚ ਕੇ ਮੇਰੇ ਮਨ ਵਿਚ ਅਕਸਰ ਪੀੜ ਜਿਹੀ ਉਠਦੀ ਰਹਿੰਦੀ। ਸਕੂਲਾਂ ਵਿਚ ਛੋਟੇ ਬਾਲ ਵੱਡੇ ਸੁਪਨੇ ਲੈਂਦੇ ਹਨ, ਇਥੇ ਨਿਆਣੇ ਬਸ ਇਕੋ ਸੁਪਨਾ ਲੈਂਦੇ ਕਿ ਉਹ ਸਕੂਲੋਂ ਭੱਜ ਜਾਣ ਤੇ ਮੁੜ ਕਦੀ ਵੀ ਇਥੇ ਵਾਪਸ ਨਾ ਆਉਣ। ਇਸੇ ਦੌਰਾਨ ਜਗਤਾਰ ਸਿੰਘ ਸੇਵਾ ਮੁਕਤ ਹੋ ਗਿਆ ਅਤੇ ਬੇਹੱਦ ਮਿਹਨਤੀ ਅਧਿਆਪਕ ਹੋਣ ਦਾ ਬਿੰਬ ਲੈ ਕੇ ਇਲਾਕੇ ਵਿਚ ਸ਼ੋਭਾ ਖੱਟ ਕੇ ਗਿਆ।
ਪਿੰਡ ਛੱਡ ਕੇ ਮੈਂ ਰਿਹਾਇਸ਼ ਲਾਗਲੇ ਕਸਬੇ ਵਿਚ ਕਰ ਲਈ। ਇਸ ਕਸਬੇ ਨੂੰ ਜਾਂਦਿਆਂ ਰਾਹ ਵਿਚ ਜਗਤਾਰ ਸਿੰਘ ਦਾ ਪਿੰਡ ਪੈਂਦਾ ਸੀ। ਜਦ ਵੀ ਪਿੰਡ ਗੇੜਾ ਵੱਜਦਾ, ਉਹ ਆਪਣੇ ਪਿੰਡ ਦੇ ਕਿਸੇ ਨਾ ਕਿਸੇ ਮੋੜ ‘ਤੇ ਖੜ੍ਹਾ ਦਿਸ ਜਾਂਦਾ। ਸ਼ੁਰੂ-ਸ਼ੁਰੂ ਵਿਚ ਉਹ ਕਾਫੀ ਫੁਰਤੀਲਾ ਦਿਸਦਾ ਸੀ, ਬਿਲਕੁਲ ਆਪਣੇ ਸਕੂਲ ਦੇ ਦਿਨਾਂ ਵਾਂਗ। ਸਮਾਂ ਬੀਤਣ ‘ਤੇ ਉਹ ਢਲ ਗਿਆ, ਛੀਂਟਕਾ ਸਰੀਰ ਕੰਗਰੋੜ ਜਿਹੀ ਵਿਚ ਤਬਦੀਲ ਹੁੰਦਾ ਗਿਆ। ਅੱਖਾਂ ‘ਤੇ ਖੋਪੇਨੁਮਾ ਗੂੜ੍ਹੀਆਂ ਕਾਲੀਆਂ ਐਨਕਾਂ ਲੱਗ ਗਈਆਂ। ਸਿਰ ‘ਤੇ ਪੀਲਾ ਪਟਕਾ ਬੰਨ੍ਹੀ ਉਹ ਸੜਕ ਦੇ ਮੋੜ ‘ਤੇ ਬਣੇ ਚੌਂਤਰੇ ਉਪਰ ਅਕਸਰ ‘ਕੱਠਾ ਜਿਹਾ ਹੋਇਆ ਬੈਠਾ ਦਿਸ ਪੈਂਦਾ। ਕਈ ਵਾਰ ਮੱਲੋਮੱਲੀ ਮਨ ਬਣਾਇਆ ਕਿ ਇਸ ਸ਼ਖਸ ਨਾਲ ਦੁੱਖ-ਸੁੱਖ ਕਰ ਹੀ ਜਾਵਾਂ, ਪਰ ਹਰ ਵਾਰੀ ਹੀ ਮੈਂ ਟਲ ਜਾਂਦਾ ਰਿਹਾ।
ਇਕ ਦਿਨ ਦਿਲ ਕਰੜਾ ਕਰਕੇ ਗੱਡੀ ਰੋਕ ਲਈ। ਸਾਈਡ ‘ਤੇ ਗੱਡੀ ਪਾਰਕ ਕਰਕੇ ਝਿਜਕਦਾ ਜਿਹਾ ਜਗਤਾਰ ਸਿੰਘ ਕੋਲ ਗਿਆ। ਆਦਤਨ ਗੋਡੀਂ ਹੱਥ ਲਾਇਆ ਤੇ ਦੱਸਿਆ ਕਿ ਮੈਂ ਉਨ੍ਹਾਂ ਦਾ ਪੁਰਾਣਾ ਵਿਦਿਆਰਥੀ ਹਾਂ। ਉਹਨੇ ਅੱਗਿਓਂ ਕੋਈ ਪ੍ਰਤੀਕਰਮ ਨਾ ਦਿਖਾਇਆ। ਮੈਨੂੰ ਬਸ ਮਹਿਸੂਸ ਜਿਹਾ ਹੋਇਆ ਕਿ ਉਨ੍ਹਾਂ ਮੈਨੂੰ ਪਛਾਣ ਲਿਆ ਹੈ। ਬੜੀ ਮੱਧਮ ਜਿਹੀ ਅਵਾਜ਼ ਵਿਚ ਮੈਨੂੰ ਪੁੱਛਿਆ, “ਕੀ ਹਾਲ ਐ, ਤੂੰ ਤਾਂ ਲੱਗ ਗਿਆ ਸੀ ਨੌਕਰੀ ‘ਤੇ?” ਮੈਂ ਅੱਗਿਓਂ ਸ਼ਿਸ਼ਟਾਚਾਰ ਵਜੋਂ ਕਿਹਾ, “ਜੀ ਹਾਂ, ਆਪ ਦੀ ਕਿਰਪਾ ਨਾਲ, ਹੋ ਹੀ ਗਿਆਂ ਗੁਜ਼ਾਰੇ ਜੋਗਾ।”
“ਨਿਆਣੇ ਕੀ ਕਰਦੇ ਆ?” ਰਸਮੀ ਜਿਹੀ ਦਿਲਚਸਪੀ ਨਾਲ ਉਹਨੇ ਪੁੱਛਿਆ।
“ਪੜ੍ਹ-ਲਿਖ ਗਏ, ਨੌਕਰੀਆਂ ਕਰਦੇ ਆ, ਸੈੱਟ ਆ ਸਾਰੇ।”
“ਚਾਹ ਪੀਏਂਗਾ?”
“ਨਹੀਂ, ਚਾਹ ਪਿੰਡੋਂ ਪੀ ਆਇਆ, ਥੋਡੇ ਦਰਸ਼ਨ ਹੋ’ਗੇ, ਧੰਨ ਭਾਗ ਆ।” ਫਿਰ ਸੋਚਿਆ, ਮੈਨੂੰ ਵੀ ਤਾਂ ਜਗਤਾਰ ਸਿੰਘ ਦੇ ਨਿਆਣਿਆਂ ਬਾਰੇ ਪੁੱਛਣਾ ਚਾਹੀਦਾ।
“ਭਲਾ ਆਪਣੇ ਮੁੰਡੇ ਕੀ ਕਰਦੇ ਆ ਮਾਸਟਰ ਜੀ? ਉਹ ਤਾਂ ਅਫਸਰ ਬਣ’ਗੇ ਹੋਣਗੇ।”
ਜਗਤਾਰ ਸਿੰਘ ਥੋੜ੍ਹਾ ਤ੍ਰਬਕਿਆ, ਜਿਵੇਂ ਤੜਫਿਆ ਹੋਵੇ, ਜਿਵੇਂ ਉਹਦੀ ਦੁਖਦੀ ਰਗ ‘ਤੇ ਕਿਸੇ ਨੇ ਹੱਥ ਰੱਖ ਦਿੱਤਾ ਹੋਵੇ।
“ਅਫਸਰ ਨਾ ਕੁਝ ਹੋਰ, ਚਾਰ ਜਮਾਤਾਂ ਪੜ੍ਹਦੇ ਤਾਂ ਹੀ ਅਫਸਰ ਬਣਦੇ, ਐਥੇ ਖੇਤੀ-ਖੂਤੀ ਕਰਦੇ ਤੁਰਦੇ ਫਿਰਦੇ ਆ।”
ਥੋੜ੍ਹਾ ਵਕਫਾ ਲੈ ਕੇ ਮੈਂ ਪੁੱਛਿਆ, “ਮਾਸਟਰ ਜੀ, ਉਹ ਤਾਂ ਪੜ੍ਹੇ-ਲਿਖੇ ਇਨਸਾਨ ਦੇ ਪੁੱਤਰ ਸਨ, ਉਹ ਭਲਾ ਕਿਉਂ ਨਾ ਪੜ੍ਹੇ?”
ਜਗਤਾਰ ਸਿੰਘ ਦਾ ਬਿਰਧ ਚਿਹਰਾ ਜਿਵੇਂ ਤਣਿਆ ਜਿਹਾ ਗਿਆ ਹੋਵੇ। ਆਪਣੇ ਧੁਰ ਅੰਦਰੋਂ ਪਿੰਡ ਦੇ ਉਸ ਸਕੂਲ ਵੱਲ, ਜਿਥੇ ਉਹਦੇ ਮੁੰਡੇ ਪੜ੍ਹਦੇ ਰਹੇ ਸਨ, ਇਸ਼ਾਰਾ ਕਰਦਾ ਬੋਲਿਆ, “ਓਥੇ ਵੀ ਹੋਊ ਕੋਈ ਮਾਸਟਰ ਜਗਤਾਰ ਸਿਓਂ…।”
ਇਹ ਕਹਿ ਕੇ ਉਹ ਹੌਲੀ ਜਿਹੇ ਉਠਿਆ, ਪਲ ਭਰ ਮੇਰੇ ਵੱਲ ਵੇਖਿਆ, ਮਰਨਊ ਜਿਹੀ ਅਵਾਜ਼ ‘ਚ ਬੋਲਿਆ, “ਅੱਛਾ ਫੇਰ, ਚਾਹ ਤਾਂ ਤੂੰ ਕਿਹਾ ਬਈ ਮੈਂ ਪੀਣੀ ਨੀ… ਅੱਛਾ ਫੇਰ… ਅੱਛਾ ਫੇਰ…।” ਕਹਿੰਦਾ, ਮੇਰੀ ਸਤਿ ਸ੍ਰੀ ਅਕਾਲ ਉਡੀਕੇ ਬਿਨਾ ਹੀ ਉਹ ਪੋਲੇ ਪੈਰ ਤੁਰਦਾ ਆਪਣੇ ਘਰ ਦੇ ਰਾਹ ਹੋ ਤੁਰਿਆ।