ਰੋਸੁ ਨ ਕੀਜੈ ਉਤਰੁ ਦੀਜੈ

ਭਾਰਤ ਵਿਚ ਪਿਛਲੇ ਹਫਤੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੱਖ ਵੱਖ ਪਾਰਟੀਆਂ ਨੇ ਆਪੋ ਆਪਣੇ ਜੁਮਲੇ ਵਰਤੇ ਅਤੇ ਲੋਕਾਂ ਨੂੰ ਭਰਮਾਉਣ ਲਈ ਹਰ ਵਾਹ ਲਾਈ, ਪਰ ਇਨ੍ਹਾਂ ਚੋਣਾਂ ਦੌਰਾਨ ਇਸ ਵਾਰ ਲੋਕਾਂ ਨੇ ਸਿਆਸਤਦਾਨਾਂ ਨੂੰ ਸਵਾਲ ਪੁੱਛ ਕੇ ਇਹ ਦਰਸਾ ਦਿੱਤਾ ਕਿ ਉਹ ਪਹਿਲਾਂ ਵਾਂਗ ਇੰਨੇ ਭੋਲੇ ਨਹੀਂ ਕਿ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਣ। ਡਾ. ਗੁਰਨਾਮ ਕੌਰ ਨੇ ਇਸ ਲੇਖ ਵਿਚ ਭਾਰਤ ਵਿਚ ਹੋਈਆਂ ਇਨ੍ਹਾਂ ਚੋਣਾਂ ਦੇ ਮਾਹੌਲ ਦੀ ਚੀਰ-ਫਾੜ ਕੀਤੀ ਹੈ।

-ਸੰਪਾਦਕ

ਡਾ. ਗੁਰਨਾਮ ਕੌਰ ਕੈਨੇਡਾ

ਅਮਰੀਕਾ ਦੇ 16ਵੇਂ ਰਾਸ਼ਟਰਪਤੀ ਜੌਹਨ ਅਬਰਾਹਮ ਲਿੰਕਨ ਦਾ ਨਾਂ ਅੱਜ ਦੁਨੀਆਂ ਵਿਚ ਕੌਣ ਨਹੀਂ ਜਾਣਦਾ! ਉਸ ਨੇ ਕੌਮ ਦੀ ਨਿਹਾਇਤ ਖੂਨੀ ਘਰੇਲੂ ਜੰਗ ਅਤੇ ਇਸ ਦੇ ਬਹੁਤ ਵੱਡੇ ਨੈਤਿਕ, ਸੰਵਿਧਾਨਕ ਅਤੇ ਰਾਜਨੀਤਕ ਸੰਕਟ ਵਿਚ ਅਗਵਾਈ ਕੀਤੀ| ਉਸ ਨੇ ਸੰਘ ਨੂੰ ਸਲਾਮਤ ਰੱਖਿਆ, ਗੁਲਾਮੀ ਦੀ ਰਵਾਇਤ ਨੂੰ ਜੜ੍ਹੋਂ ਪੁੱਟਿਆ, ਸੰਘੀ ਢਾਂਚੇ ਨੂੰ ਮਜਬੂਤ ਕੀਤਾ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਆਧੁਨਿਕ ਤਰਜ ‘ਤੇ ਮਜਬੂਤ ਬਣਾਇਆ| ਉਸ ਦੀ ‘ਗੈਟਸਬਰਗ ਤਕਰੀਰ’ ਰਾਸ਼ਟਰਵਾਦ, ਗਣਤੰਤਰਵਾਦ, ਬਰਾਬਰ ਅਧਿਕਾਰਾਂ, ਸੁਤੰਤਰਤਾ ਅਤੇ ਲੋਕਤੰਤਰ ਲਈ ਮਸ਼ਹੂਰ ਹੋ ਗਈ|
ਅਬਰਾਹਮ ਲਿੰਕਨ ਨੇ ਲੋਕਤੰਤਰ ਦੀ ਪਰਿਭਾਸ਼ਾ ਕਰਦਿਆਂ ਕਿਹਾ ਸੀ, “ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਅਤੇ ਲੋਕਾਂ ਲਈ।” ਅਰਥਾਤ ਅਜਿਹੀ ਸਰਕਾਰ ਜੋ ਲੋਕਾਂ ਵਿਚੋਂ ਚੁਣੀ ਜਾਂਦੀ ਹੈ, ਜੋ ਲੋਕਾਂ ਰਾਹੀਂ ਚੁਣੀ ਜਾਂਦੀ ਹੈ ਅਤੇ ਜੋ ਲੋਕਾਂ ਲਈ ਕੰਮ ਕਰਦੀ ਹੈ| ਅੱਜ ਅਬਰਾਹਮ ਲਿੰਕਨ ਨੂੰ ਆਮ ਲੋਕਾਂ ਅਤੇ ਵਿਦਵਾਨਾਂ ਵੱਲੋਂ ਅਮਰੀਕਾ ਦੇ ਮਹਾਨ ਰਾਸ਼ਟਰਪਤੀਆਂ ਵਿਚੋਂ ਮੰਨਿਆ ਜਾਂਦਾ ਹੈ ਅਤੇ ਸ਼ਾਇਦ ਹੀ ਲੋਕਤੰਤਰ ਦੀ ਏਨੀ ਵਧੀਆ ਅਤੇ ਸਹੀ ਵਿਆਖਿਆ ਕਿਸੇ ਹੋਰ ਨੇ ਕੀਤੀ ਹੋਵੇ|
ਭਾਰਤ ਦੇਸ਼ ਮਹਾਨ ਵਿਚ ਚੋਣਾਂ ਸਮੇਂ ਲੋਕ ਰਾਜ ਦੇ ਨਾਂ ‘ਤੇ ਵੋਟਾਂ ਮੰਗਣ ਵਾਲਿਆਂ ਨੇ ਲੋਕ ਰਾਜ ਨੂੰ ਇੱਕ ਤਮਾਸ਼ਾ ਬਣਾਇਆ ਹੋਇਆ ਹੈ| ਨਤੀਜੇ ਤਾਂ ਜੋ ਆਉਣਗੇ, ਸੋ ਆਉਣਗੇ, ਪਰ ਵੋਟਾਂ ਲਈ ਪ੍ਰਚਾਰ ਕਰਦਿਆਂ ਇੱਕ ਦੂਜੇ ਦੇ ਸਿਰ ਵਿਚ ਜੋ ਖੇਹ ਪਾਈ ਅਤੇ ਲੋਕਾਂ ਦੀਆਂ ਮੰਗਾਂ ਤੇ ਪਹਿਲਾਂ ਕੀਤੇ ਵਾਅਦਿਆਂ ਤੋਂ ਜਿਵੇਂ ਕਿਨਾਰਾ ਕੀਤਾ, ਉਹ ਧਿਆਨ ਮੰਗਦਾ ਹੈ| ਪੰਜਾਬ ਵਿਚ ਵੋਟਾਂ ਆਖਰੀ ਗੇੜ ਵਿਚ ਪੈਣੀਆਂ ਸਨ ਤੇ ਉਦੋਂ ਤੱਕ ਬਾਕੀ ਮੁਲਕ ਵਿਚ ਵੋਟਾਂ ਪੈਣ ਦਾ ਬਹੁਤਾ ਕੰਮ ਤਕਰੀਬਨ ਨਿਬੜ ਗਿਆ ਸੀ|
ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਵੀ ਵੋਟਾਂ ਪੈਣ ਦਾ ਸਮਾਂ ਆਉਂਦਾ ਹੈ ਤਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਵੋਟਾਂ ਬਟੋਰਨ ਲਈ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ, ਕਈ ਤਰ੍ਹਾਂ ਦੇ ਨਾਅਰੇ ਪਰੋਸ ਕੇ ਲੋਕਾਂ ਨੂੰ ਭਰਮਾਉਂਦੀਆਂ ਅਤੇ ਖੂਬ ਬੁੱਧੂ ਬਣਾਉਂਦੀਆਂ ਹਨ| ਲੋਕਾਂ ਨੂੰ ਧਰਮ, ਜਾਤ-ਬਰਾਦਰੀ, ਭਾਈਚਾਰੇ ਆਦਿ ਦੇ ਨਾਂ ‘ਤੇ ਵੋਟਾਂ ਪਾਉਣ ਲਈ ਆਪਸ ਵਿਚ ਵੰਡਣਾ; ਆਰਥਕ ਰਿਆਇਤਾਂ ਦਾ ਭਰਮ ਜਾਲ ਵਿਛਾਉਣਾ-ਜਿਵੇਂ ਗਰੀਬਾਂ ਨੂੰ ਮੁਫਤ ਦਾਲ-ਆਟਾ ਸਕੀਮ, ਕਿਸਾਨਾਂ ਨੂੰ ਖੇਤਾਂ ਲਈ ਮੁਫਤ ਬਿਜਲੀ ਆਦਿ-ਸਭ ਨੇ ਦੇਖਿਆ ਹੈ| ਇਸ ਦੇ ਨਾਲ ਹੀ ਸ਼ੱਰੇਆਮ ਸ਼ਰਾਬ ਅਤੇ ਹੋਰ ਨਸ਼ੇ ਵਰਤਾਏ ਜਾਂਦੇ ਤੇ ਪੈਸੇ ਬਦਲੇ ਵੋਟਾਂ ਖਰੀਦੀਆਂ ਜਾਂਦੀਆਂ ਹਨ| ਲੋਕਾਂ ਦੀਆਂ ਅਸਲੀ ਅਤੇ ਮੁਢਲੀਆਂ ਲੋੜਾਂ ਤੇ ਸਮੱਸਿਆਵਾਂ ਕੀ ਹਨ ਅਤੇ ਉਨ੍ਹਾਂ ਨੂੰ ਪੂਰੀਆਂ ਕਰਨ ਲਈ ਕਿਹੋ ਜਿਹੀ ਵਿਉਂਤਬੰਦੀ ਉਲੀਕੀ ਹੈ? ਇਸ ਵੱਲ ਕੋਈ ਵੀ ਪਾਰਟੀ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਇਸ ਦੀ ਪ੍ਰਵਾਹ ਕਰਦੀ ਹੈ, ਕਿਉਂਕਿ ਲੋਕਾਂ ਪ੍ਰਤੀ ਹੁਕਮਰਾਨ ਪਾਰਟੀਆਂ ਸੰਵੇਦਨਸ਼ੀਲ ਹੀ ਨਹੀਂ ਹਨ|
ਹੁਣ ਆਈਏ ਵਰਤਮਾਨ ਚੋਣਾਂ ਦੀ ਮੁਹਿੰਮ ਵੱਲ, ਜੋ ਖਾਸ ਕਰਕੇ ਪੰਜਾਬ ਵਿਚ ਚੱਲਿਆ| ਬਾਕੀ ਹਿੰਦੁਸਤਾਨ ਤੋਂ ਵਿਹਲੇ ਹੋ ਕੇ ਸਭ ਪਾਰਟੀਆਂ ਦੇ ਕੇਂਦਰੀ ਨੇਤਾਵਾਂ ਨੇ ਪੰਜਾਬ ਵੱਲ ਵਹੀਰਾਂ ਘੱਤ ਲਈਆਂ; ਭਾਰਤੀ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜ ਨਾਥ ਸਿੰਘ, ਸਿਮ੍ਰਤੀ ਇਰਾਨੀ, ਹੇਮਾ ਮਾਲਿਨੀ, ਧਰਮਿੰਦਰ, ਸਨੀ ਦਿਉਲ ਵਗੈਰਾ; ਉਧਰੋਂ ਕਾਂਗਰਸ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ; ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ-ਸਭ ਨੇ ਮੈਦਾਨ ਮੱਲ ਲਿਆ| ਲੰਘੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਅਖੌਤੀ ਰਾਸ਼ਟਰਵਾਦ ਦੇ ਨਾਲ ਨਾਲ ਪੰਜਾਬ ਤੋਂ ਬਾਹਰ ਇੱਕੋ ਇੱਕ ਮੁੱਦਾ ਚੁੱਕਿਆ ਪੁਲਵਾਮਾ ਵਿਚ ਭਾਰਤੀ ਸੁਰੱਖਿਆ ਫੋਰਸ ਦੇ ਕਾਫਲੇ ‘ਤੇ ਆਤਮਘਾਤੀ ਵਿਸਫੋਟਕ ਹਮਲਾ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਸਰਜੀਕਲ ਸਟਰਾਈਕ| ਪਹਿਲੇ ਦਿਨ ਤੋਂ ਹੀ ਪ੍ਰਚਾਰ ਇਵੇਂ ਕੀਤਾ ਗਿਆ ਜਿਵੇਂ ਸਰਜੀਕਲ ਸਟਰਾਈਕ ਭਾਰਤੀ ਹਵਾਈ ਸੈਨਾ ਨੇ ਨਹੀਂ ਸਗੋਂ ਪ੍ਰਧਾਨ ਮੰਤਰੀ ਨੇ ਕੀਤਾ ਹੋਵੇ|
ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਪਾਕਿਸਤਾਨ ਨਾਲ ਸਬੰਧ ਵਿਗੜਨ ਜਾਂ ਲੜਾਈ ਲੱਗਣ ਦਾ ਨੁਕਸਾਨ ਸਭ ਤੋਂ ਵੱਧ ਪੰਜਾਬ ਨੂੰ ਉਠਾਉਣਾ ਪੈਂਦਾ ਹੈ ਭਾਵੇਂ ਜੰਗ ਵਿਚ ਮਰਨ ਵਾਲੇ ਫੌਜੀ ਹੋਣ, ਭਾਵੇਂ ਵਪਾਰ ਬੰਦ ਹੋਵੇ ਅਤੇ ਭਾਵੇਂ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦੀ ਗੱਲ ਹੋਵੇ| ਇਸ ਲਈ ਪੰਜਾਬ ਵਿਚ ਇਹ ਮੁੱਦਾ ਬਹੁਤਾ ਚੱਲਣਾ ਨਹੀਂ ਸੀ| ਪੰਜਾਬ ਵਿਚ ਇਸ ਸਾਰੀ ਮੁਹਿੰਮ ਦੌਰਾਨ ਦੋ ਨੁਕਤੇ ਵੱਧ ਭਾਰੂ ਰਹੇ: ਪਹਿਲਾ, ਵਿਰੋਧੀ ਧਿਰ ‘ਤੇ ਇੱਕ ਦੂਜੇ ਵੱਲੋਂ ਚਿੱਕੜ ਉਛਾਲਣਾ ਅਤੇ ਦੂਜਾ, ਭਾਰਤੀ ਜਨਤਾ ਪਾਰਟੀ ਤੇ ਉਸ ਦੀ ਸਹਿਯੋਗੀ ਪਾਰਟੀ ਅਕਾਲੀ ਦਲ (ਬਾਦਲ) ਵੱਲੋਂ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ‘ਤੇ ਹੋਇਆ ਹਮਲਾ ਅਤੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ| ਸੰਨ ਚੁਰਾਸੀ ਵਿਚ ਜੋ ਵੀ ਵਾਪਰਿਆ, ਉਸ ਨੂੰ ਕੋਈ ਵੀ ਪੰਜਾਬੀ ਅਤੇ ਸਿੱਖ ਕਦੇ ਵੀ ਨਹੀਂ ਭੁਲਾ ਸਕਦਾ ਤੇ ਹਰ ਕੋਈ ਦੋਸ਼ੀਆਂ ਨੂੰ ਸਜ਼ਾ ਹੋਈ ਦੇਖਣੀ ਚਾਹੁੰਦਾ ਹੈ, ਪਰ ਭਾਰਤੀ ਜਨਤਾ ਪਾਰਟੀ ਪ੍ਰਚਾਰ ਕਰਦਿਆਂ ਇਹ ਭੁੱਲ ਗਈ ਕਿ ਜੋ ਵਾਪਰਿਆ (ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਲਿਖਤ ਅਨੁਸਾਰ) ਉਸ ਵਿਚ ਭਾਜਪਾ ਦੀ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਸੀ| ਇਹ ਦੌਰ ਵੈਸੇ ਵੀ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਸਮੇਂ 1978 ਦੇ ਨਿਰੰਕਾਰੀ ਕਾਂਡ ਤੋਂ ਸ਼ੁਰੂ ਹੋਇਆ ਸੀ ਜਿਸ ਨੇ ਇੱਕ ਪੂਰੀ ਪੀੜ੍ਹੀ ਹੀ ਖਤਮ ਕਰ ਦਿੱਤੀ|
ਅਕਾਲੀ ਦਲ (ਬਾਦਲ) ਵੱਲੋਂ ਵਾਰ ਵਾਰ ਕੈਪਟਨ ਸਰਕਾਰ ਵੱਲੋਂ ਨਸ਼ੇ ਨਾ ਖਤਮ ਕਰਨ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ, ਕਰਜ਼ਾ ਮੁਆਫੀ ਆਦਿ ਵਿਚ ਫੇਲ੍ਹ ਹੋ ਜਾਣ ਦੀ ਗੱਲ ਕੀਤੀ ਗਈ, ਪਰ ਉਹ ਇਹ ਭੁੱਲ ਗਏ ਕਿ ਇਸ ਸਭ ਦੀਆਂ ਜੜ੍ਹਾਂ ਖੁਦ ਉਨ੍ਹਾਂ ਦੇ ਦਸ ਸਾਲ ਦੇ ਕਾਰਜਕਾਲ ਵਿਚ ਹੀ ਪਈਆਂ ਹਨ| ਨਰਿੰਦਰ ਮੋਦੀ ਨੇ ਇਹ ਨਹੀਂ ਦੱਸਿਆ ਕਿ ਕਾਲਾ ਧਨ ਕਿਉਂ ਵਾਪਸ ਨਹੀਂ ਆਇਆ, ਲੋਕਾਂ ਦੇ ਖਾਤਿਆਂ ਵਿਚ ਆਉਣ ਵਾਲਾ ਪੰਦਰਾਂ-ਪੰਦਰਾਂ ਲੱਖ ਰੁਪਿਆ ਕਿੱਥੇ ਗਿਆ, ਪੰਜ ਸਾਲ ਵਿਚ ਉਸ ਨੇ ਕਿਸਾਨਾਂ ਲਈ ਕੀ ਕੀਤਾ ਜਾਂ ਨੌਜੁਆਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਮਿਲਿਆ ਆਦਿ?
ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਆਪਣੇ ਕੀਤੇ ਵਾਅਦੇ ਨਾ ਨਿਭਾਉਣ ਬਾਰੇ ਕੋਈ ਵੀ ਗੱਲ ਕਰਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਢਲਾ ਮੁੱਦਾ ਬਣਾਇਆ, ਪਰ ਉਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਏਨੀ ਢਿੱਲ ਕਿਉਂ ਦਿਖਾਈ? ਲੋਕਾਂ ਨਾਲ ਚੋਣਾਂ ਵੇਲੇ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਦਾ ਕੀ ਬਣਿਆ?
ਬੀਬੀ ਬਾਦਲ ਨੇ ਏਮਜ਼ ਬਠਿੰਡਾ ਵਿਚ ਲਿਆਉਣ ਦੀ ਗੱਲ ਤਾਂ ਕੀਤੀ, ਪਰ ਬਠਿੰਡੇ ਦੇ ਸਰਕਾਰੀ ਹਸਪਤਾਲ ਵਿਚ ਵੱਖ ਵੱਖ ਵਿਭਾਗਾਂ ਨੂੰ ਤਾਲੇ ਕਿਉਂ ਲੱਗੇ ਹੋਏ ਹਨ? ਹਸਪਤਾਲ ਵਿਚ ਅਵਾਰਾ ਸਾਨ੍ਹ ਅਤੇ ਕੁੱਤੇ ਕਿਉਂ ਤੁਰੇ ਫਿਰਦੇ ਹਨ? ਉਹ ਆਪ ਤਾਂ ਸਾਰਾ ਟੱਬਰ ਇਲਾਜ ਕਰਾਉਣ ਅਮਰੀਕਾ ਜਾਂਦਾ ਹੈ, ਉਹ ਵੀ ਸਰਕਾਰੀ ਖਰਚੇ ‘ਤੇ; ਬਠਿੰਡੇ ਦੇ ਆਮ ਲੋਕ ਕਿੱਥੇ ਜਾਣ? ਸਾਰੀਆਂ ਮੋਢੀ ਸਿੱਖ ਸੰਸਥਾਵਾਂ ਦਾ ਵੱਕਾਰ ਬਾਦਲਾਂ ਦੇ ਰਾਜ ਵਿਚ ਹੀ ਕਿਉਂ ਦਾਅ ‘ਤੇ ਲੱਗਿਆ? ‘ਨਕੋਦਰ ਵਰਗੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਹਨ’ ਕਹਿ ਕੇ ਬਾਦਲ ਸਾਹਿਬ ਕੀ ਸਾਬਤ ਕਰਨਾ ਚਾਹੁੰਦੇ ਸਨ? ‘ਚਿੜ੍ਹੀਆਂ ਦਾ ਮਰਨ ਗਵਾਰਾਂ ਦਾ ਹਾਸਾ?’ ਲੋਕਾਂ ਦੀਆਂ ਬਹੁਤ ਤਕਲੀਫਾਂ ਹਨ, ਬਹੁਤ ਦਰਦ ਅਤੇ ਮੁੱਦੇ ਹਨ, ਜਿਨ੍ਹਾਂ ਦੀ ਵਿਸਥਾਰ ਵਿਚ ਇੱਥੇ ਚਰਚਾ ਕਰ ਸਕਣੀ ਵੀ ਮੁਸ਼ਕਿਲ ਹੈ|
ਪਹਿਲਾਂ ਸ਼ ਪ੍ਰਕਾਸ਼ ਸਿੰਘ ਬਾਦਲ ਵੋਟਾਂ ਖਾਤਰ ਹਮੇਸ਼ਾ ਪੰਜਾਬ ਦੇ ਪਾਣੀਆਂ, ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਦੇ ਰਹੇ ਹਨ, ਪਰ ਕੇਂਦਰ ਵਿਚ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਕਾਰਜ ਕਾਲ ਸਮੇਂ ਇੱਕ ਵਾਰ ਵੀ ਕੇਂਦਰ ਕੋਲ ਪੰਜਾਬ ਦੇ ਇਨ੍ਹਾਂ ਮੁੱਦਿਆਂ ਨੂੰ ਨਹੀਂ ਉਠਾਇਆ ਅਤੇ ਨਾ ਹੀ ਪੰਜਾਬ ਨੂੰ ਇਨ੍ਹਾਂ ਵਿਚੋਂ ਇੱਕ ਵੀ ਮੰਗ ਪੂਰੀ ਕਰਕੇ ਦਿਖਾਈ ਹੈ, ਜਦ ਕਿ ਉਹ ਜਾਣਦੇ ਹਨ ਕਿ ਪੰਜਾਬ ਦੀਆਂ ਇਨ੍ਹਾਂ ਮੰਗਾਂ ਦੇ ਸਿਰ ‘ਤੇ ਹੀ ਉਹ ਏਨੀ ਵਾਰ ਮੁੱਖ ਮੰਤਰੀ ਬਣੇ| ਨਸ਼ਿਆਂ ਦਾ ਕਾਰੋਬਾਰ ਸ਼ ਬਾਦਲ ਦੇ ਕਾਰਜ ਕਾਲ ਵਿਚ ਹੀ ਵਧਿਆ ਅਤੇ ਥਾਂ ਥਾਂ ਸ਼ਰਾਬ ਦੇ ਠੇਕੇ ਖੁਲ੍ਹੇ| ਉਨ੍ਹਾਂ ਦੇ ਕਾਰਜ ਕਾਲ ਵਿਚ ਹੀ ਨਸ਼ਾ ਮਾਫੀਆ, ਰੇਤ-ਬਜਰੀ ਮਾਫੀਆ ਆਦਿ ਦਾ ਜਾਲ ਫੈਲਿਆ|
ਕਰਤਾਰਪੁਰ ਲਾਂਘੇ ਲਈ ਪਹਿਲ ਜਨਾਬ ਇਮਰਾਨ ਖਾਨ ਦੀ ਸਰਕਾਰ ਨੇ ਕੀਤੀ, ਭਾਵੇਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸੰਭਵ ਦੋਹਾਂ ਸਰਕਾਰਾਂ ਵਿਚ ਸਹਿਮਤੀ ਨਾਲ ਹੀ ਹੋਣਾ ਸੀ| ਲਾਂਘੇ ਦਾ ਕੰਮ ਵੀ ਉਸ ਪਾਸੇ ਜ਼ਿਆਦਾ ਤੇਜ਼ੀ ਨਾਲ ਹੋਇਆ ਹੈ ਅਤੇ ਹੋ ਰਿਹਾ ਹੈ| ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਨਹੀਂ ਖੁਲਾਸਾ ਕੀਤਾ ਕਿ ਦਿੱਲੀ ਕਤਲੇਆਮ ਦੇ ਪੀੜਤਾਂ ਦੀ ਉਨ੍ਹਾਂ ਨੇ ਕੀ ਅਤੇ ਕਿੰਨੀ ਕੁ ਮਦਦ ਕੀਤੀ? ਜਿੱਥੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਗੱਲ ਹੈ, ਉਹ ਅਦਾਲਤ ਨੇ ਦਿੱਤੀਆਂ ਹਨ, ਜਿਸ ਵਿਚ ਪ੍ਰਧਾਨ ਮੰਤਰੀ ਦਾ ਕੋਈ ਹੱਥ ਜਾਂ ਦਖਲਅੰਦਾਜ਼ੀ ਨਹੀਂ| ਗੁਜਰਾਤ ਵਿਚ ਵੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਦਾ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਕਤਲੇਆਮ ਹੋਇਆ| ਇਹੀ ਨਹੀਂ, ਅਜਿਹੇ ਦੋਸ਼ੀਆਂ ਨੂੰ ਇਨ੍ਹਾਂ ਚੋਣਾਂ ਵਿਚ ਟਿਕਟਾਂ ਵੀ ਦਿੱਤੀਆਂ ਗਈਆਂ|
ਪੰਜਾਬ ਦੇ ਕਿਸਾਨਾਂ ਨੇ ਚੋਣਾਂ ਦੀ ਚੱਲ ਰਹੀ ਮੁਹਿੰਮ ਵਿਚ ਕਾਲੀਆਂ ਝੰਡੀਆਂ ਦਿਖਾ ਕੇ ਆਪਣੇ ਜਾਗੇ ਹੋਣ ਦਾ ਸਬੂਤ ਦਿੱਤਾ, ਪੰਜਾਬ ਦੇ ਲੋਕ ਅਤੇ ਖਾਸ ਕਰ ਨੌਜੁਆਨ ਪੀੜ੍ਹੀ ਹੁਣ ਓਨੀ ਸੁੱਤੀ ਹੋਈ ਨਹੀਂ ਰਹੀ| ਆਜ਼ਾਦ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਨੇ ਉਮੀਦਵਾਰਾਂ ਤੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਸਬੰਧੀ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ; ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਨ ਪੁੱਛੇ ਅਤੇ ਉੱਤਰ ਨਾ ਮਿਲਣ ‘ਤੇ ਰੋਸ ਪ੍ਰਗਟ ਕੀਤਾ| ਲੋਕਾਂ ਦੀਆਂ ਪੁੱਛਾਂ ਦਾ ਉੱਤਰ ਦੇਣ ਦੀ ਥਾਂ ਅਤੇ ਕੀਤੇ ਵਾਅਦਿਆਂ ਨੂੰ ਨਾ ਨਿਭਾਉਣ ਸਬੰਧੀ ਕੋਈ ਤਸੱਲੀਬਖਸ਼ ਉੱਤਰ ਦੇਣ ਦੀ ਥਾਂ ਲੀਡਰਾਂ ਨੇ ਨੌਜੁਆਨਾਂ ਨੂੰ ਥੱਪੜ ਤੱਕ ਮਾਰੇ, ਉਨ੍ਹਾਂ ਨੂੰ ਇਹ ਕਹਿ ਕੇ ਭੰਡਿਆ ਕਿ ਉਹ ਵਿਰੋਧੀ ਪਾਰਟੀ ਵੱਲੋਂ ਜਾਣ ਬੁੱਝ ਕੇ ਭੇਜੇ ਗਏ ਸਨ|
ਇਸ ਵਾਰ ਨਵੀਂ ਗੱਲ ਦੇਖਣ ਨੂੰ ਇਹ ਮਿਲੀ ਕਿ ਉਮੀਦਵਾਰਾਂ ਨੇ ਬਾਊਂਸਰਾਂ, ਨਿਹੰਗ ਸਿੰਘਾਂ ਅਤੇ ਹੋਰ ਇਸ ਕਿਸਮ ਦੇ ਅੰਗ-ਰਖਿਅਕਾਂ ਨੂੰ ਨਾਲ ਰੱਖਿਆ ਤਾਂ ਕਿ ਕੋਈ ਸਵਾਲ ਹੀ ਨਾ ਕਰ ਸਕੇ| ਸਵਾਲ ਕਰਨ ਵਾਲਿਆਂ ਨੂੰ ਖਦੇੜ ਦਿੱਤਾ ਜਾਂਦਾ ਰਿਹਾ| ਇਹ ਕਿਹੋ ਜਿਹਾ ਲੋਕਰਾਜ ਹੈ, ਕਿਹੋ ਜਿਹੀ ਲੋਕਾਂ ਦੀ ਆਪਣੀ, ਲੋਕਾਂ ਲਈ ਸਰਕਾਰ ਹੈ? ਲੋਕ ਹੁਣ ਜਾਗ ਰਹੇ ਹਨ, ਹੁਣ ਉਨ੍ਹਾਂ ਨੂੰ ਚੁੱਪ-ਚੁਪੀਤਿਆਂ ਬਹੁਤੀ ਦੇਰ ਤੱਕ ਬੁੱਧੂ ਨਹੀਂ ਬਣਾਇਆ ਜਾ ਸਕਦਾ| ਉਮੀਦਵਾਰ ਜੇ ਸੱਚੇ-ਸੁੱਚੇ ਹੁੰਦੇ ਤਾਂ ਡਾ. ਧਰਮਵੀਰ ਗਾਂਧੀ ਵਾਂਗ ਲੋਕਾਂ ਵਿਚ ਬਿਨਾ ਕਿਸੇ ਸੁਰੱਖਿਆ ਕਵਚ ਦੇ ਸ਼ੱਰੇਆਮ ਘੁੰਮ ਕੇ ਪ੍ਰਚਾਰ ਕਰਨ ਦੀ ਹਿੰਮਤ ਕਰਦੇ|
13 ਮਈ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਦੋ ਬਹੁਤ ਹੀ ਸੰਵੇਦਨਸ਼ੀਲ ਅਤੇ ਅਜ਼ੀਮ ਸ਼ਾਇਰਾਂ ਜਨਾਬ ਜਾਵੇਦ ਅਖਤਰ ਦੀ ‘ਨਯਾ ਹੁਕਮ’ ਅਤੇ ਸੁਰਜੀਤ ਪਾਤਰ ਦੀ ‘ਜੰਗਲ ਵਿਚ’ ਕਵਿਤਾਵਾਂ ਛਪੀਆਂ ਹਨ, ਜੋ ਹਿੰਦੁਸਤਾਨ ਦੇ ਮੌਜੂਦਾ ਹਾਲਾਤ ਦੀ ਬਹੁਤ ਵਧੀਆ ਤਰਜ਼ਮਾਨੀ ਕਰਦੀਆਂ ਜਾਪਦੀਆਂ ਹਨ| ਜਨਾਬ ਜਾਵੇਦ ਅਖਤਰ ਦੀ ਕਵਿਤਾ ਦਾ ਭਾਵ, ਜੋ ਮੈਨੂੰ ਸਮਝ ਆਇਆ ਹੈ, ਉਹ ਕੁੱਝ ਇਸ ਤਰ੍ਹਾਂ ਹੈ ਕਿ ਸਮੇਂ ਦੇ ਹੁਕਮਰਾਨ ਕੁਦਰਤ ਨੂੰ ਆਪਣੇ ਹੁਕਮ ਅਨੁਸਾਰ ਚਲਾਉਣਾ ਚਾਹੁੰਦੇ ਹਨ| ਕਵੀ ਅਨੁਸਾਰ ਕਿਸੇ ਦਾ ਹੁਕਮ ਹੈ ਕਿ ਹਵਾ ਵੱਗਣ ਤੋਂ ਪਹਿਲਾਂ ਦੱਸੇ ਕਿ ਉਸ ਨੇ ਕਿਸ ਦਿਸ਼ਾ ਵਿਚ ਚੱਲਣਾ ਹੈ, ਉਸ ਦੀ ਰਫਤਾਰ ਕਿੰਨੀ ਹੋਵੇਗੀ ਕਿ ਹੁਣ ਉਸ ਨੂੰ ਤੇਜ਼ ਚੱਲਣ ਜਾਂ ਹਨੇਰੀ-ਤੂਫਾਨ ਦਾ ਰੁਖ ਅਖਤਿਆਰ ਕਰਨ ਦਾ ਹੁਕਮ ਨਹੀਂ ਹੈ ਕਿਉਂਕਿ ਹੁਣ ਰੇਤ ਦੀਆਂ ਕੰਧਾਂ, ਕਾਗਜ਼ ਦੇ ਮਹਿਲ ਜਿਹੜੇ ਉਨ੍ਹਾਂ (ਹੁਕਮਰਾਨਾਂ) ਨੇ ਉਸਾਰੇ ਹਨ, ਉਨ੍ਹਾਂ ਦੀ ਹਿਫਾਜ਼ਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਹਨੇਰੀ ਤਾਂ ਅਜਿਹੀਆਂ ਉਸਾਰੀਆਂ ਦੀ ਪੁਰਾਣੀ ਦੁਸ਼ਮਣ ਹੈ| ਦਰਿਆ ਦੀਆਂ ਲਹਿਰਾਂ ਆਪਣੀ ਰਵਾਨੀ ਨੂੰ ਘੱਟ ਕਰਨ ਅਤੇ ਹੱਦ ਵਿਚ ਵਹਿਣ ਕਿਉਂਕਿ ਉਨ੍ਹਾਂ ਦਾ ਹੱਦੋਂ ਬਾਹਰ ਉਭਰਨਾ, ਬਿਖਰਨਾ ਅਤੇ ਬਿਖਰ ਕੇ ਫਿਰ ਉਭਰਨਾ ਤੇ ਇਸ ਤਰ੍ਹਾਂ ਹੰਗਾਮਾ ਕਰਨਾ ਗਲਤ ਹੈ, ਇਹ ਕਿਸੇ ਵਹਿਸ਼ਤ ਜਾਂ ਬਗਾਵਤ ਦੀ ਹੀ ਅਲਾਮਤ ਹੈ|
ਅਗਲਾ ਹੁਕਮ ਹੈ ਕਿ ਜੇ ਲਹਿਰਾਂ ਨੇ ਦਰਿਆ ਵਿਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਚੁੱਪਚਾਪ ਵਗਣਾ ਹੋਵੇਗਾ ਕਿਉਂਕਿ ਹੁਣ ਕੋਈ ਬਗਾਵਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਕਵੀ ਨੇ ਦੱਸਿਆ ਹੈ ਕਿ ਕਿਸੇ ਦਾ ਇਹ ਵੀ ਹੁਕਮ ਹੈ ਕਿ ਗੁਲਿਸਤਾਂ ਵਿਚ ਹੁਣ ਕੇਵਲ ਇੱਕੋ ਰੰਗ ਦੇ ਫੁੱਲ ਖਿੜਨਗੇ| ਕੁੱਝ ਅਫਸਰ ਹੋਣਗੇ ਜੋ ਇਹ ਤੈਅ ਕਰਨਗੇ ਕਿ ਕੱਲ੍ਹ ਦਾ ਗੁਲਿਸਤਾਂ ਕਿਸ ਰੰਗ ਦਾ ਬਣਨਾ ਹੈ| ਫੁੱਲ ਯਕਰੰਗੀ ਤਾਂ ਹੋਣਗੇ ਪਰ ਇਹ ਰੰਗ ਕਿੰਨਾ ਗੂੜ੍ਹਾ ਹੋਵੇਗਾ ਜਾਂ ਫਿੱਕਾ ਹੋਵੇਗਾ, ਇਹ ਵੀ ਅਫਸਰ ਤੈਅ ਕਰਨਗੇ| ਕਵੀ ਦਾ ਕਹਿਣਾ ਹੈ ਕਿ ਕਿਸੇ ਨੂੰ ਇਹ ਕੋਈ ਕਿਵੇਂ ਦੱਸੇ ਕਿ ਗੁਲਿਸਤਾਂ ਵਿਚ ਫੁੱਲ ਕਦੇ ਵੀ ਯਕਰੰਗੀ ਨਹੀਂ ਹੁੰਦੇ, ਹੋ ਹੀ ਨਹੀਂ ਸਕਦੇ ਕਿਉਂਕਿ ਇੱਕ ਰੰਗ ਵਿਚ ਕਈ ਕਈ ਰੰਗ ਛੁਪ ਕੇ ਰਹਿ ਰਹੇ ਹੁੰਦੇ ਹਨ| ਜਿਨ੍ਹਾਂ ਨੇ ਵੀ ਬਾਗ ਯਕਰੰਗੀ ਬਣਾਉਣੇ ਚਾਹੇ ਤਾਂ ਜਦੋਂ ਇੱਕ ਰੰਗ ਵਿਚੋਂ ਕਈ ਕਈ ਰੰਗ ਜਾਹਰ ਹੋ ਗਏ ਤਾਂ ਉਹ ਕਿੰਨੇ ਪ੍ਰੇਸ਼ਾਨ ਹਨ| ਕਿਸੇ ਨੂੰ ਕੋਈ ਕਿਵੇਂ ਦੱਸੇ ਕਿ ਹਵਾਵਾਂ ਅਤੇ ਲਹਿਰਾਂ ਕਿਸੇ ਦਾ ਹੁਕਮ ਕਦੋਂ ਸੁਣਦੀਆਂ ਹਨ?
ਹਵਾਵਾਂ ਹਾਕਮਾਂ ਦੀਆਂ ਮੁੱਠੀਆਂ, ਹੱਥਕੜੀਆਂ ਜਾਂ ਕੈਦਖਾਨਿਆਂ ਵਿਚ ਨਹੀਂ ਰੁਕਦੀਆਂ| ਜੇ ਲਹਿਰਾਂ ਨੂੰ ਰੋਕ ਲਿਆ ਜਾਵੇ ਤਾਂ ਦਰਿਆ ਭਾਵੇਂ ਕਿੰਨਾ ਵੀ ਪੁਰਸਕੂਨ ਹੋਵੇ, ਬੇਤਾਬ ਹੁੰਦਾ ਹੈ ਅਤੇ ਇਸ ਬੇਤਾਬੀ ਦਾ ਅਗਲਾ ਕਦਮ ਹੜ੍ਹ ਹੁੰਦਾ ਹੈ|
ਸੁਰਜੀਤ ਪਾਤਰ ਨੇ ਲਿਖਿਆ ਹੈ ਕਿ ਪਤਾ ਨਹੀਂ ਇਹ ਸੱਚ ਹੈ ਜਾਂ ਉਸ ਦੀ ਨਜ਼ਰ ਨੂੰ ਕੋਈ ਝਉਲਾ ਪਿਆ ਹੈ ਕਿ ਕੱਲ੍ਹ ਉਸ ਨੇ ਜੰਗਲ ਵਿਚ ਬੰਦਿਆਂ ਦਾ ਇੱਕ ਟੋਲਾ ਆਉਂਦਾ ਦੇਖਿਆ, ਜਿਨ੍ਹਾਂ ਵਿਚੋਂ ਇੱਕ ਬੰਦਾ ਦਰੱਖਤਾਂ ਨੂੰ ਕਹਿਣ ਲੱਗਾ ਕਿ ਇਹ ਉਨ੍ਹਾਂ ਦੀ ਅਰਜ਼ ਹੈ, ਰੀਝ ਵੀ ਹੈ ਅਤੇ ਫੈਸਲਾ ਵੀ ਕਿ ਏਕਤਾ, ਮੁੱਢ ਕਦੀਮੀ ਸ਼ਾਨਾਂ ਮੱਤੀ ਸਭਿਅਤਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਗਲੇ ਮੌਸਮ ਤੋਂ ਹਰ ਬੂਟੇ ‘ਤੇ ਇੱਕੋ ਰੰਗ ਦੇ ਫੁੱਲ ਖਿੜਿਆ ਕਰਨਗੇ| ਸੋਚ ਕੇ ਦੇਖੋ ਕਿ ਦੂਰ ਤੱਕ ਇੱਕੋ ਰੰਗ ਦੇ ਖਿੜੇ ਹੋਏ ਫੁੱਲ ਕਿਹੋ ਜਿਹਾ ਨਜ਼ਰਾ ਪੇਸ਼ ਕਰਨਗੇ, ਜਿਨ੍ਹਾਂ ਨੂੰ ਕੋਈ ਦੋਖੀ ਹੀ ਮਾੜਾ ਕਹਿ ਸਕਦਾ ਹੈ| ਉਸ ਜਣੇ ਨੇ ਇਹ ਵੀ ਆਗਾਹ ਕੀਤਾ ਕਿ ਕੋਈ ਇਸ ਫੈਸਲੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਬਦਸ਼ਗਨੀ ਹੋਵੇਗੀ|
ਕਵੀ ਅਨੁਸਾਰ ਵਿਚੋਂ ਕਿਸੇ ਨੇ ਹੌਲੀ ਜਿਹੀ ਕਿਹਾ ਕਿ ਜੇ ਕੋਈ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਚੀਰ ਦਿੱਤਾ ਜਾਵੇਗਾ ਅਤੇ ਏਨਾ ਕਹਿਣ ‘ਤੇ ਉਸ ਟੋਲੇ ਦੇ ਦੰਦ ਲਿਸ਼ਕੇ ਜਿਵੇਂ ਕਿਸੇ ਆਰੇ ਦੇ ਦੰਦੇ ਹੋਣ| ਇਸ ਫੈਸਲੇ ਨੂੰ ਜੰਗਲ ਖਾਮੋਸ਼ ਹੋ ਕੇ, ਬਿਲਕੁਲ ਅਹਿਲ ਹੋ ਕੇ ਬਿਨਾ ਕੋਈ ਪੱਤਾ ਹਿਲਾਇਆਂ ਬੜੀ ਦੇਰ ਤੱਕ ਸੁਣਦਾ ਰਿਹਾ, ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਕਿ ਕੋਈ ਪੀਲਾ ਪੱਤਾ ਡਿਗਿਆ, ਫਿਰ ਹਰਾ ਪੱਤਾ ਹਿੱਲਿਆ, ਕੋਈ ਕਲੀ ਖਿੜ ਗਈ ਅਤੇ ਦੇਖਦੇ ਦੇਖਦੇ ਸਾਰਾ ਜੰਗਲ ਖਿੜ ਖਿੜਾ ਕੇ ਹੱਸ ਪਿਆ| ਇਸ ਹਾਸੇ ਵਿਚ ਹਰਾ, ਜਾਮਣੀ, ਪੀਲਾ, ਗੁਲਾਬੀ, ਧਾਨੀ, ਉਨਾਭੀ, ਸ਼ਰਬਤੀ, ਨੀਲਾ, ਫਿਰੋਜ਼ੀ, ਮੋਰਪੰਖੀ, ਮੋਤੀਆ, ਘੀਆਕਪੂਰੀ, ਸੰਦਲੀ, ਖਾਕੀ, ਕਪਾਹੀ ਅਨੇਕ ਕਿਸਮ ਦੇ ਰੰਗ ਸ਼ਾਮਲ ਹੋ ਗਏ ਅਤੇ ਏਨੇ ਰੰਗਾਂ ਨੂੰ ਦੇਖ ਕੇ ਬੰਦਿਆਂ ਦਾ ਟੋਲਾ ਇਨ੍ਹਾਂ ਰੰਗਾਂ ਨੂੰ ਗਿਣਦਾ ਗਿਣਦਾ ਥੱਕ ਗਿਆ|
ਟੋਲੇ ਨੂੰ ਥੱਕ ਗਿਆ ਦੇਖ ਕੇ ਦਰੱਖਤਾਂ ਦਾ ਹਰ ਝੁੰਡ ਹੱਸ ਪਿਆ ਅਤੇ ਇਸ ਹਾਸੇ ਵਿਚ ਏਨੇ ਰੰਗ ਸ਼ਾਮਲ ਹੋਏ ਦੇਖ ਕੇ ਬੰਦਿਆਂ ਦਾ ਉਹ ਟੋਲਾ ਵਿਚਾਰਾ ਜਿਹਾ ਹੋ ਕੇ ਡਰ ਗਿਆ ਅਤੇ ਆਖਰ ਟੋਲਾ ਵੀ ਹੱਸ ਪਿਆ| ਹੱਸਦੇ ਹੋਏ ਉਸ ਟੋਲੇ ਵਿਚ ਸ਼ਾਮਲ ਹਰ ਇੱਕ ਬੰਦੇ ਦੇ ਦੰਦਾਂ ਦਾ ਰੰਗ ਵੀ ਕਿਸੇ ਦੇ ਚਿੱਟੇ, ਜੰਗਾਲੇ ਹੋਏ ਤੇ ਕਿਸੇ ਦੇ ਕਰੇਜੀ ਆਦਿ ਵੱਖਰਾ ਸੀ; ਉਹ ਆਪ ਵੀ ਕੋਈ ਗੋਰਾ, ਸਾਂਵਲਾ, ਕਣਕਵੰਨਾ, ਬੱਗਾ, ਮੁਸ਼ਕੀ, ਤਾਂਬੇ ਰੰਗਾ ਜਾਂ ਸੰਧੂਰੀ ਸੀ ਅਤੇ ਵਾਲਾਂ ਦੇ ਰੰਗ ਵੀ ਵੱਖਰੇ ਵੱਖਰੇ ਕਾਲੇ, ਭੂਰੇ, ਧੌਲੇ, ਮਹਿੰਦੀ ਰੰਗੇ ਸਨ| ਇਸ ਤਰ੍ਹਾਂ ਫਿਰ ਇਸ ਹਾਸੇ ਵਿਚ ਕੇਸਰੀ, ਸਾਵਾ ਤੇ ਚਿੱਟਾ ਵੀ, ਪਰਮਾਤਮਾ ਦੇ ਰਚੇ ਸਾਰੇ ਕਾਇਨਾਤੀ ਰੰਗ ਸ਼ਾਮਲ ਹੋ ਗਏ| ਸ਼ਾਇਰ ਅਨੁਸਾਰ ਉਸ ਨੂੰ ਹਾਲੇ ਵੀ ਪਤਾ ਨਹੀਂ ਕਿ ਇਹ ਸੱਚ ਹੈ, ਝਉਲਾ ਹੈ, ਕੋਈ ਲੋਕਧਾਰਾ ਜਾਂ ਮਿੱਥ ਹੈ, ਕੋਈ ਬਾਲ ਕਵਿਤਾ ਹੈ ਜਾਂ ਫਿਰ ਕਿਸੇ ਸ਼ਾਇਰ ਦਾ ਐਵੇਂ ਸੁਪਨਾ ਹੈ|
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਨੂੰ ਕਾਦਰ ਦੀ ਰਚਨਾ ਦੀ ਵੰਨ-ਸੁਵੰਨਤਾ ਨੂੰ ਸਮਝਣ ਅਤੇ ਅਪਨਾਉਣ ਲਈ ਪ੍ਰੇਰਿਆ ਗਿਆ ਹੈ| ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1236 ‘ਤੇ ਦੱਸਦੇ ਹਨ ਕਿ ਉਸ ਕਾਦਰ ਨੇ ਅਣਗਿਣਤ ਪੁਰੀਆਂ ਅਤੇ ਖੰਡਾਂ ਦੀ ਰਚਨਾ ਕੀਤੀ ਹੈ| ਉਸ ਨੇ ਅਨੇਕ ਬ੍ਰਹਿਮੰਡਾਂ ਵਿਚ ਅਣਗਿਣਤ ਰੂਪਾਂ ਤੇ ਰੰਗਾਂ ਦੀ ਰਚਨਾ ਕੀਤੀ ਹੈ ਅਤੇ ਅਣਗਿਣਤ ਜੰਗਲ ਸਾਜ ਕੇ ਉਨ੍ਹਾਂ ਵਿਚ ਅਨੇਕ ਤਰ੍ਹਾਂ ਦੇ ਰੰਗਾਂ ਦੀ ਰਚਨਾ ਕੀਤੀ ਹੈ| ਉਹ ਆਪ ਹੀ ਸੂਖਮ ਰੂਪ ਹੈ ਅਤੇ ਆਪ ਹੀ ਸਥੂਲ ਰੂਪਾਂ ਵਿਚ ਰੂਪਮਾਨ ਹੈ| ਭਗਤ ਕਬੀਰ (ਪੰਨਾ 480) ਕਹਿੰਦੇ ਹਨ ਕਿ ਮਿੱਟੀ ਇਕੋ ਹੀ ਹੈ, ਜਿਸ ਨੇ ਤਰ੍ਹਾਂ-ਤਰ੍ਹਾਂ ਦੇ ਜੀਵਾਂ ਦੇ ਰੂਪ ਧਾਰੇ ਹੋਏ ਹਨ; ਉਨ੍ਹਾਂ ਸਭ ਰੂਪਾਂ ਵਿਚ ਮੈਂ ਇੱਕੋ ਪਰਮਾਤਮਾ ਨੂੰ ਦੇਖਦਾ ਹਾਂ|