ਲਮਕਵੀਂ ਸੰਸਦ ਦੀਆਂ ਬਰਕਤਾਂ

ਗੁਲਜ਼ਾਰ ਸਿੰਘ ਸੰਧੂ
ਲੋਕ ਸਭਾ ਚੋਣਾਂ ਦੇ ਪ੍ਰਚਾਰ-ਪਸਾਰ ਤੇ ਰੌਲੇ ਰੱਪੇ ਪਿਛੋਂ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਲਮਕਵੀਂ ਸੰਸਦ (ਹੰਗ ਪਾਰਲੀਮੈਂਟ) ਵਲ ਵੱਧ ਰਿਹਾ ਹੈ। ਪੇਂਡੂ ਜਨਤਾ ਇਸ ਨੂੰ ਲੰਗੜੀ ਸਰਕਾਰ ਕਹਿੰਦੀ ਹੈ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਐਤਕੀਂ ਸਾਨੂੰ ਬਹੁਮਤ ਵਾਲੀ ਸਰਕਾਰ ਦੇ ਲਾਰੇ ਲੱਪੇ ਨਹੀਂ ਸੁਣਨੇ ਪੈਣੇ। ਹਰ ਤਰ੍ਹਾਂ ਦੀ ‘ਮੈਂ ਮੈਂ’ ਦਾ ਗਲਾ ਘੁਟਿਆ ਜਾਵੇਗਾ। ਦੇਸ਼ ਵਿਚ ਬਹੁਮਤ ਵਾਲੀਆਂ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਹਨ, ਪਰ ਆਮ ਜਨਤਾ ਨੇ ਪਿਛਲੇ ਪੰਜਾਂ ਵਰ੍ਹਿਆਂ ਜਿੰਨੀ ‘ਮੈਂ ਮੈਂ’ ਨਹੀਂ ਸੁਣੀ। ਹੇਠ ਲਿਖੇ ਉਤੇ ਪਹਿਰਾ ਦੇਣ ਦਾ ਸਮਾਂ ਆ ਗਿਆ ਜਾਪਦਾ ਹੈ,

ਬਕਰੀ ਜੋ ‘ਮੈਂ ਮੈਂ’ ਕਰੇ
ਗਲੇ ਮੇ ਛੁਰੀ ਫਿਰਾਏ।
ਮੈਨਾ ਜੋ ‘ਮੈਂ ਨਾ’ ਕਹੇ
ਸਭ ਕੇ ਮਨ ਕੋ ਭਾਏ।
ਇਹ ਤਾਂ ਹੋਇਆ ਅਜੋਕੀ ਰਾਜਨੀਤੀ ਦਾ ਸੱਚ, ਹੁਣ ਸੰਭਾਵਨਾ ਦੀ ਗੱਲ ਕਰੀਏ। ਜੇ ਲੰਗੜੀ ਸਰਕਾਰ ਬਣਦੀ ਹੈ ਤਾਂ ਇਸ ਨੂੰ ਵਿਰੋਧੀ ਪਾਰਟੀ ਦੀਆਂ ਦੁਲੱਤੀਆਂ ਦਾ ਖੌਫ ਰਹੇਗਾ ਤੇ ਹਰ ਕੰਮ ਸੰਭਲ ਕੇ ਕਰੇਗੀ। ਹਰਮਨ ਪਿਆਰੇ ਉਰਦੂ ਸ਼ਾਇਰ ਟੀ. ਐਨ. ਰਾਜ ਨੇ ਹੇਠ ਲਿਖੇ ਸ਼ਿਅਰ ਵਿਚ ਦੇਸ਼ ਦੀਆਂ ਮੌਜੂਦਾ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ,
ਮੁਫਲਸੀ, ਬੇਰੋਜ਼ਗਾਰੀ, ਰੇਪ,
ਰਿਸ਼ਵਤ, ਕਤਲ ਸਭ,
ਵਕਤ-ਏ-ਆਖਿਰ ਨਾਮ ਤੇਰੇ
ਐ ਵਤਨ ਕਰ ਜਾਏਂਗੇ।
ਮਸਲੇ ਵੱਡੇ ਨੇ, ਪੰਜਾਂ ਸਾਲਾਂ ਵਿਚ ਹੱਲ ਹੋਣ ਵਾਲੇ ਨਹੀਂ। ਦੇਸ਼ ਦੀ ਵੱਸੋਂ ਵੀ ਪਹਿਲਾਂ ਵਾਲੇ ਸਬਰ ਸੰਤੋਖ ਵਾਲੀ ਨਹੀਂ। ਘਰਾਂ ਵਿਚ ਐਸ਼-ਓ-ਇਸ਼ਰਤ ਕਿੰਨੀ ਵਧ ਚੁਕੀ ਹੈ, ਇਸ ਦਾ ਅੰਦਾਜ਼ਾ ਸੜਕਾਂ ਉਤੇ ਦੌੜਦੀਆਂ ਮੋਟਰ ਗੱਡੀਆਂ ਤੇ ਘਰੇਲੂ ਕਾਰਾਂ ਦੇ ਭੀੜ ਭੜੱਕੇ ਤੋਂ ਲਾਇਆ ਜਾ ਸਕਦਾ ਹੈ। ਕਿਰਤੀ, ਕਿਸਾਨ ਤੇ ਛੋਟਾ ਦੁਕਾਨਦਾਰ ਹਾਲ ਪਾਹਰਿਆ ਕਰ ਰਿਹਾ ਹੈ। ਖੁਦਕੁਸ਼ੀਆਂ ਦਾ ਦੌਰ ਦੌਰਾ ਹੈ। ਇਨ੍ਹਾਂ ਗੱਲਾਂ ਨੇ ਅਮਨ ਚੈਨ ਦੀ ਸਥਿਤੀ ਨੂੰ ਵੱਸੋਂ ਬਾਹਰੀ ਕਰ ਰੱਖਿਆ ਹੈ। ਸਭ ਕਾਸੇ ਉਤੇ ‘ਮੈਂ ਮੈਂ’ ਦਾ ਢੱਕਣ ਦਿੱਤਾ ਜਾ ਰਿਹਾ ਹੈ। ਅਰਥਚਾਰੇ ਨਾਲ ਜੂਝਣ ਵਾਲੇ ਖੁੱਡੇ ਧੱਕੇ ਗਏ ਹਨ।
ਅਜਿਹੇ ਵਿਚ ਜੇ ਕੋਈ ਆਸ ਬੱਝਦੀ ਹੈ ਤਾਂ ਲੰਗੜੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ। ਸੰਭਲ ਕੇ ਚੱਲੇਗੀ। ਹਰ ਕਿਸੇ ਦੀ ਸੁਣੇਗੀ। ਬਣਦੇ ਸਰਦੇ ਅਮਲ ਹੋਂਦ ਵਿਚ ਆਉਣਗੇ। ਦੇਸ਼ ਦੀ ਏਕਤਾ ਤੇ ਅਖੰਡਤਾ ਬਣੀ ਰਹੇਗੀ। ਅਨੇਕਤਾ ਵਿਚ ਏਕਤਾ ਵਾਲਾ ਪਹਿਰਾ ਪਰਤੇਗਾ। ਫਿਰਕੂ ਪਾਰਟੀਆਂ ਦੇ ਫੁੰਕਾਰੇ ਘਟਣਗੇ। ਚੋਰਾਂ ਨੂੰ ਸ਼ਹਿ ਦੇਣ ਵਾਲੀ ਚੌਕੀਦਾਰੀ ਨੂੰ ਨੱਥ ਪਵੇਗੀ। ਸਿਆਸੀ ਖੇਤਰ ਵਿਚ ਖੱਬੀ ਸੋਚ ਵਾਲਿਆਂ ਦੀ ਵੀ ਸੁਣੀ ਜਾਵੇਗੀ। ਕਰਤੇ-ਧਰਤੇ ਵੰਗਾਂ ਛਣਕਾਉਣ ਦੀ ਥਾਂ ਆਟਾ ਗੁੰਨ੍ਹਣ ਤੇ ਦੁੱਧ ਰਿੜਕਣ ਵੱਲ ਧਿਆਨ ਦੇਣਗੇ। ਨਿਸ਼ਚੇ ਹੀ ਲੰਗੜੀ ਸਰਕਾਰ ਨੂੰ ਵਿਰੋਧੀ ਧਿਰ ਨਵੀਆਂ ਸ਼ੀਸ਼ੀਆਂ ਵਿਚ ਪੁਰਾਣੀ ਦਾਰੂ ਵੇਚਣ ਤੋਂ ਰੋਕੇਗੀ।
ਰਾਜੀਵ ਗਾਂਧੀ ਵਾਲੇ ‘ਕਲੀਨ ਗੰਗਾ ਪ੍ਰਾਜੈਕਟ’ ਨੂੰ ‘ਨਮਾਣੀ ਗੰਗੇ’ ਦਾ ਨਾਂ ਦੇ ਕੇ ਜਾਂ ਮਨਮੋਹਨ ਸਿੰਘ ਰਾਜ ਦੀ ‘ਨਿਰਮਲ ਭਾਰਤ ਸਕੀਮ’ ਨੂੰ ‘ਸਵੱਛ ਭਾਰਤ ਅਭਿਆਨ’ ਦਾ ਨਵਾਂ ਨਾਂ ਦੇ ਕੇ ਭੋਲੀ ਭਾਲੀ ਜਨਤਾ ਨੂੰ ਭਰਮਾਉਣ ਦਾ ਸਮਾਂ ਲੱਦ ਗਿਆ ਜਾਪਦਾ ਹੈ। ਲੰਗੜੀ ਸਰਕਾਰ ਹੀ ‘ਨੋਟ ਬੰਦੀ’ ਤੇ ‘ਜੀ. ਐਸ਼ ਟੀ.’ ਵਰਗੀਆਂ ਸਕੀਮਾਂ ਨੂੰ ਪ੍ਰਬੰਧਕੀ ਅਸਫਲਤਾ ਦੇ ਟੇਟੇ ਚੜ੍ਹਨ ਤੋਂ ਬਚਾ ਸਕਦੀ ਹੈ। ਖੂਹ ਵਿਚ ਡਿੱਗ ਕੇ ਮਰਨ ਦਾ ਡਰ ਇਸ ਨੂੰ ਚੇਤੰਨ ਰੱਖੇਗਾ। ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਝਾਂਸਾ ਦੇ ਕੇ ਨੌਜਵਾਨਾਂ ਲਈ ਪਹਿਲਾਂ ਜਿੰਨੀਆਂ ਨੌਕਰੀਆਂ ਘਟਾਉਣ ਦੇ ਦਿਨ ਲੱਦ ਜਾਣਗੇ। ਮੁੱਖ ਫੈਸਲੇ ਲੈਣ ਵਿਚ ਪਲਾਨਿੰਗ ਕਮਿਸ਼ਨ ਵਰਗੀਆਂ ਲੋਕਰਾਜੀ ਸੰਸਥਾਵਾਂ ਤੇ ਕੈਬਨਿਟ ਮੰਤਰੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਕੋਝੇ ਅਮਲਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਰਦੂ ਭਾਸ਼ਾ ਦੇ ਅਦਬ ਆਦਾਬ: ਮੇਰੀ ਉਮਰ ਦੇ ਬੰਦਿਆਂ ਦੀ ਮੁਢਲੀ ਪੜ੍ਹਾਈ ਉਰਦੂ ਭਾਸ਼ਾ ਰਾਹੀਂ ਹੋਈ। ਅਸੀਂ ਆਪਣੇ ਬੇਨਤੀ ਪੱਤਰ ਸਕੂਲ ਮੁਖੀ ਦਾ ‘ਦਾਮ-ਏ-ਇਕਬਾਲ’ ਮੰਗ ਕੇ ਆਪਣੇ ਆਪ ਨੂੰ ਕਮਤਰੀਨ ਕਹਿ ਕੇ ਗੁਜ਼ਾਰਿਸ਼ਾਂ ਕਰਦੇ ਸਾਂ। ਇਸ ਨੇ ਸਾਨੂੰ ਆਪਣੇ ਤੋਂ ਵੱਡਿਆਂ ਦਾ ਆਦਰ ਮਾਣ ਕਰਨਾ ਸਿਖਾਇਆ, ਰੋਜ਼ਮੱਰਾ ਜੀਵਨ ਦਾ ਸਲੀਕਾ ਵੀ। ਕਿਸੇ ਦੇ ਕਹਿਣ ਵਾਂਗ,
ਉਰਦੂ ਕਾ ਮੁਸਾਫਿਰ ਹੈ
ਯਹੀ ਪਹਿਚਾਨ ਹੈ ਇਸ ਕੀ,
ਜਿਸ ਰਾਹ ਸ਼ੇ ਗੁਜ਼ਰਤਾ ਹੈ
ਸਲੀਕਾ ਛੋੜ ਜਾਤਾ ਹੈ।
ਇਸ ਸ਼ਿਅਰ ਨੇ ਮੈਨੂੰ ਆਪਣੀ ਰੁਦਰਪੁਰ (ਉਤਰ ਪ੍ਰਦੇਸ਼) ਵਾਲੀ ਪੰਜ ਦਹਾਕੇ ਪਹਿਲਾਂ ਦੀ ਫੇਰੀ ਚੇਤੇ ਕਰਵਾ ਦਿੱਤੀ ਹੈ। ਮੈਂ ਤੇ ਮੇਰੀ ਪਤਨੀ ਨੂੰ ਰਾਮਪੁਰ ਵਿਚੋਂ ਲੰਘਦਿਆਂ ਚੇਤਾ ਆਇਆ ਕਿ ਉਸ ਸ਼ਹਿਰ ਵਿਚ ਸਾਡਾ ਜਾਣੂ ਸੁਰਿੰਦਰ ਸਿੰਘ ਵਿਰਕ ਵਕਾਲਤ ਕਰਦਾ ਹੈ। ਅਸੀਂ ਇੱਕ ਰਾਹਗੀਰ ਤੋਂ ਉਸ ਦੇ ਘਰ ਦਾ ਰਾਹ ਪੁੱਛਿਆ। ਉਸ ਬਜੁਰਗ ਨੂੰ ਨਹੀਂ ਸੀ ਪਤਾ। ਉਸ ਦਾ ਉਤਰ ਸੀ, ‘ਮੁਆਫ ਕਰਨਾ ਮੁਝੇ ਤੋਂ ਉਨਕਾ ਕੋਈ ਇਲਮ ਨਹੀਂ ਹੈ।’
ਅਸੀਂ ਸੁਰਿੰਦਰ ਦੇ ਬਾਪ, ਦਾਦੇ ਤੇ ਚਾਚਿਆਂ-ਤਾਇਆਂ ਦੇ ਨਾਂ ਵੀ ਦੱਸੇ। ਉਹ ਵੀ ਪੱਲੇ ਨਾ ਪਏ, ਤਾਂ ਉਹ ਪੁੱਛਣ ਲੱਗਾ ਕਿ ਸਾਡੇ ਰਾਮਪੁਰ ਪਹੁੰਚਣ ਦਾ ਅਸਲ ਮਕਸਦ ਕੀ ਸੀ। ਮੇਰੇ ਮੂੰਹ ਤੋਂ ‘ਬੱਸ ਐਵੇਂ ਹੀ ਘੁੰਮਦੇ ਘੁਮਾਉਂਦੇ’ ਸ਼ਬਦ ਨਿਕਲਣ ਦੀ ਦੇਰ ਸੀ ਤਾਂ ਉਸ ਨੇ ਰਾਮਪੁਰੀ ਸ਼ੈਲੀ ਵਿਚ ਇਹ ਵਾਕ ਬੋਲਿਆ, ਜੋ ਮੈਨੂੰ ਕੱਲ ਵਾਂਗ ਚੇਤੇ ਹੈ, “ਅੱਛਾ! ਤੋ ਅਬ ਸਮਝਾ। ਆਪ ਯਹਾਂ ਨਾ ਸਿਲਸਿਲਾ-ਏ-ਆਵਾਰਗੀ ਤਸ਼ਰੀਫ ਲਾਏ ਹੈਂ।”
ਬਜੁਰਗ ਦੇ ਸ਼ਬਦਾਂ ਵਿਚ ਏਨਾ ਰੱਜ ਸੀ ਕਿ ਅਸੀਂ ਸੁਰਿੰਦਰ ਸਿੰਘ ਦੇ ਟਿਕਾਣੇ ਦਾ ਪਿੱਛਾ ਕੀਤੇ ਬਿਨਾ ਹੀ ਆਪਣੀ ਗੱਡੀ ਰੁਦਰਪੁਰ ਲਈ ਤੋਰ ਲਈ।
ਅੰਤਿਕਾ: ਲੋਕ ਨਸੀਹਤਾਂ
ਜੁੱਤੀ, ਸੋਟੀ ਬਿਨਾ ਤੁਰੀਏ ਨਾ ਰਾਤ ਨੂੰ
ਕਰੀਏ ਨਾ ਟਿੱਚਰ ਮਰਾਸੀ ਜਾਤ ਨੂੰ।
ਵੱਢ ਖਾਣੇ ਮੂਹਰੇ ਲੰਘੀਏ ਨਾ ਉਠ ਦੇ
ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ।
ਫੁੱਲਾਂ ਉਤੇ ਆਈ ਪੁੱਟੀਏ ਨਾ ਵੱਲ ਜੀ
ਸਭਾ ਵਿਚ ਬੈਠ ਟੋਕੀਏ ਨਾ ਗੱਲ ਜੀ।