ਤੂੰ ਮੇਰੀ ਖੁਸ਼ਬੋ ਮਾਹੀਆ

ਸੁਖਦੇਵ ਮਾਦਪੁਰੀ
ਫੋਨ: 91-94630-34472
‘ਮਾਹੀਆ’ ਲੋਕ ਪ੍ਰਤਿਭਾ ਦੇ ਮੁੱਢ ਕਦੀਮੀਂ ਸਰੋਦੀ ਸੋਮਿਆਂ ਵਿਚੋਂ ਵਿਕਸਿਤ ਹੋਇਆ ਛੋਟੀ ਸਿਨਫ ਦਾ ਲੋਕ ਕਾਵਿ-ਰੂਪ ਹੈ, ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀ ਮੁਹੱਬਤ ਅਤੇ ਅਣਪੱਤ ਨੂੰ ਆਪਣੇ ਵਿਚ ਸਮੋਇਆ ਹੋਇਆ ਹੈ| ਅਸਲ ਵਿਚ ‘ਮਾਹੀਆ’ ਪਿਆਰ ਗੀਤ ਹੈ, ਜਿਸ ਨੂੰ ਬਹੁਤ ਹੀ ਸਰਲ ਅਤੇ ਸਾਦਾ ਭਾਸ਼ਾ ਵਿਚ ਸ਼ਿੰਗਾਰ ਰਸ ਅਤੇ ਕਰੁਣਾ ਰਸ ਦੀ ਚਾਸ਼ਣੀ ਵਿਚ ਗਲੇਫ ਕੇ ਲੋਕ ਪ੍ਰਤਿਭਾ ਨੇ ਸਿਰਜਿਆ ਹੈ| ਇਹ ਪੰਜਾਬ ਦੀਆਂ ਸਾਰੀਆਂ ਉਪ ਬੋਲੀਆਂ ਵਿਚ ਰਚਿਆ ਹੋਇਆ ਮਿਲਦਾ ਹੈ| ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿਚ ਇਹ ਪੁਰਾਤਨ ਕਾਲ ਤੋਂ ਹੀ ਲੋਕਪ੍ਰਿਅ ਰਿਹਾ ਹੈ| ਇਨ੍ਹਾਂ ਸਾਰੇ ਖੇਤਰਾਂ ਵਿਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਰੀਤ ਇਕਸਾਰ ਹੈ|

ਮਾਹੀ ਦੇ ਸ਼ਾਬਦਿਕ ਅਰਥ ਮੱਝਾਂ ਚਰਾਉਣ ਵਾਲਾ ਹਨ| ਰਾਂਝਾ ਬਾਰਾਂ ਵਰ੍ਹੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ, ਜਿਸ ਕਰਕੇ ਹੀਰ ਉਸ ਨੂੰ ਮਾਹੀ ਆਖ ਕੇ ਬੁਲਾਉਂਦੀ ਸੀ| ਹੀਰ ਰਾਂਝੇ ਦੀ ਪ੍ਰੀਤ ਕਥਾ ਦਾ ਪੰਜਾਬ ਦੇ ਜਨ ਜੀਵਨ ‘ਤੇ ਅਮਿੱਟ ਪ੍ਰਭਾਵ ਪਿਆ ਹੈ, ਜਿਸ ਕਰਕੇ ਮਾਹੀ ਸ਼ਬਦ ਦਾ ਪਦਮਾਨ ਮਹਿਬੂਬ ਅਤੇ ਪਤੀ ਲਈ ਪ੍ਰਚਲਿਤ ਹੋ ਗਿਆ| ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ ‘ਮਾਹੀਆ’ ਆਖ ਕੇ ਸੱਦਦੀ ਹੈ|
ਮਾਹੀਆ ਗੀਤ-ਰੂਪ ਦਾ ਆਪਣਾ ਰੂਪ ਵਿਧਾਨ ਹੈ| ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ, ਪਰ ਡਾ. ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ| ਪਹਿਲੀ ਸਤਰ ਆਕਾਰ ਵਿਚ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ| ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ| ਇਨ੍ਹਾਂ ਦੋ ਤੁਕਾਂਗਾਂ ਨੂੰ ਕਈ ਦੋ ਸਤਰਾਂ ਮੰਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ|
ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿਚ ਮਾਹੀਏ ਦਾ ਰੂਪ ਵਿਧਾਨ ਇਸ ਪ੍ਰਕਾਰ ਹੈ: ਸਾਧਾਰਨ ਤੱਤ ਇਸ ਦੀਆਂ ਤਿੰਨ ਤੁਕਾਂ ਹਨ| ਪਹਿਲੀ ਤੁਕ ਵਿਚ ਕੋਈ ਦ੍ਰਿਸ਼ਟਾਂਤ ਹੁੰਦਾ ਹੈ| ਕਲਾ ਦੇ ਪੱਖ ਤੋਂ ਉਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ ਵਿਚ ਪਹਿਲੀ ਤੁਕ ਵੀ ਓਨੀ ਹੀ ਅਰਥਪੂਰਨ ਤੇ ਭਾਵਪੂਰਨ ਹੁੰਦੀ ਹੈ, ਜਿੰਨੀਆਂ ਬਾਕੀ ਦੀਆਂ ਤੁਕਾਂ| ਕਈਆਂ ਵਿਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ ਹੀ ਵਰਤੀ ਜਾਂਦੀ ਹੈ| ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿਚ ਖਿੱਚੀ ਹੁੰਦੀ ਹੈ| ਪਹਿਲੀ ਅਤੇ ਤੀਜੀ ਤੁਕ ਦਾ ਅਨੁਪਰਾਸ ਮਿਲਦਾ ਹੈ| ਵਿਚਲੀ ਤੁਕ ਕੁਝ ਛੋਟੀ ਹੁੰਦੀ ਹੈ| ਇਨ੍ਹਾਂ ਦੋ ਤੁਕਾਂ ਵਿਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿਚ ਦਰਿਆ ਨੂੰ ਬੰਦ ਕਰਨਾ ਇਨ੍ਹਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ| ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜੋ ਚਿੱਤਰ ਖਿੱਚੇ ਜਾਂਦੇ ਹਨ, ਉਨ੍ਹਾਂ ਵਿਚਲੀ ਘਟਨਾ ਦੀ ਚੋਣ ਪ੍ਰਤਿਭਾ ਦੀ ਅਸਲ ਕਸੌਟੀ ਹੈ|
ਪੰਜਾਬ ਵਿਚ, ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿਚ ਮਾਹੀਏ ਦਾ ਇੱਕ ਹੋਰ ਰੂਪ ਵੀ ਪ੍ਰਚਲਿਤ ਹੈ, ਜਿਸ ਨੂੰ ‘ਬਾਲ੍ਹੋ ਮਾਹੀਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਹ ਰੂਪ ਕਿਸੇ ਸਮੇਂ ਬੜਾ ਪ੍ਰਚਲਿਤ ਹੋਇਆ ਸੀ| ਬਾਲ੍ਹੋ ਗੁੱਜਰਾਂਵਾਲੇ ਦੀ ਰਹਿਣ ਵਾਲੀ ਇੱਕ ਸੁੰਦਰ ਮੁਟਿਆਰ ਸੀ, ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਗੱਭਰੂ ਨਾਲ ਸੀ, ਜਿਸ ਨੂੰ ਉਹ ਪਿਆਰ ਨਾਲ ‘ਮਾਹੀਆ’ ਸੱਦਿਆ ਕਰਦੀ ਸੀ| ਦੋਹਾਂ ਦਾ ਆਪੋ ਵਿਚ ਅਮੁੱਕ ਪਿਆਰ ਸੀ ਤੇ ਰੱਬ ਨੇ ਦੋਹਾਂ ਨੂੰ ਹੁਸਨ ਦੇ ਨਾਲ ਅਵਾਜ਼ ਵੀ ਸੁਰੀਲੀ ਬਖਸ਼ੀ ਸੀ| ਇਨ੍ਹਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚਲਿਤ ਕੀਤੀਆਂ, ਜੋ ਸਵਾਲ-ਜਵਾਬ ਦੇ ਰੂਪ ਵਿਚ ਹਨ| ਇੱਕ ਟੱਪੇ ਵਿਚ ਬਾਲ੍ਹੋ ਦਾ ਨਾਂ ਆਉਂਦਾ ਹੈ ਤੇ ਦੂਜੇ ਵਿਚ ਮਾਹੀਆ ਸ਼ਬਦ ਆਉਂਦਾ ਹੈ| ਇਸ ਵਿਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ, ਜਿਵੇਂ,
ਹੱਟੀਆਂ ‘ਤੇ ਫੀਤਾ ਈ
ਸੱਚ ਦੱਸ ਨੀਂ ਬਾਲ੍ਹੋ
ਕਦੇ ਯਾਦ ਵੀ ਕੀਤਾ ਈ।

ਮੈਂ ਖੜ੍ਹੀ ਆਂ ਵਿਚ ਬੇਲੇ
ਕਸਮ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ।
ਇਹ ਸਵਾਲ-ਜਵਾਬ ਵਾਲਾ ਮਾਹੀਆ ਅੱਜ ਵੀ ‘ਬਾਲ੍ਹੋ-ਮਾਹੀਆ’ ਦੇ ਨਾਂ ਨਾਲ ਪ੍ਰਸਿੱਧ ਹੈ|
ਅਸਲ ਵਿਚ ‘ਮਾਹੀਆ’ ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ, ਜਿਸ ਵਿਚ ਮੁੱਖ ਤੌਰ ‘ਤੇ ਰੋਮਾਂਚਕ ਵਿਸ਼ਿਆਂ ਨੂੰ ਹੀ ਰੂਪਮਾਨ ਕੀਤਾ ਗਿਆ ਹੈ| ਇਸ ਵਿਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ| ਇਨ੍ਹਾਂ ਗੀਤਾਂ ਵਿਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਤੋਂ ਵਾਰੇ ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ, ਸਗੋਂ ਸ਼ਿਕਵਿਆਂ, ਨਿਹੋਰਿਆਂ ਦੇ ਬਾਣਾਂ ਅਤੇ ਵਿਛੋੜੇ ਦੇ ਸੱਲ੍ਹਾਂ ਦਾ ਵਰਣਨ ਵੀ ਬੜੇ ਅਨੂਠੇ ਅਤੇ ਦਰਦੀਲੇ ਬੋਲਾਂ ਵਿਚ ਕਰਦੀ ਹੈ,
ਕੋਠੇ ‘ਤੇ ਖਲੋ ਮਾਹੀਆ
ਤੂੰ ਫੁੱਲ ਤੋਰੀਏ ਦਾ
ਮੈਂ ਤੇਰੀ ਖੁਸ਼ਬੋ ਮਾਹੀਆ।
ਪਿਆਰ ਤਾਂ ਇੱਕ ਰੱਬੀ ਦਾਤ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ,
ਪੱਤੇ ਪਿੱਪਲਾਂ ਦੇ ਹਿਲਦੇ ਨੇ
ਰੱਬ ਜਦੋਂ ਮਿਹਰ ਕਰੇ
ਓਦੋਂ ਦੋ ਦਿਲ ਮਿਲਦੇ ਨੇ।
ਜਾਤ-ਪਾਤ ਦੀਆਂ ਦੀਵਾਰਾਂ ਵੀ ਮੁਹੱਬਤਾਂ ਦੇ ਵਹਿਣਾਂ ਅੱਗੇ ਵਹਿ ਟੁਰਦੀਆਂ ਹਨ,
ਕਾਲਾ ਫੁੰਮਣ ਪਰਾਂਦੇ ਦਾ
ਅਸਾਂ ਤੇਰੀ ਜਾਤ ਨਾ ਪੁੱਛੀ
ਪੱਲਾ ਫੜ ਲਿਆ ਜਾਂਦੇ ਦਾ।
ਮਾਹੀ ਹੀ ਹੁਣ ਉਸ ਲਈ ਸਭੋ ਕੁਝ ਏ| ਉਸ ਦੇ ਤੁਲ ਦੁਨੀਆਂ ‘ਚ ਕੋਈ ਹੋਰ ਸ਼ੈਅ ਨਹੀਂ,
ਰਿਹਾ ਚਮਕ ਸਤਾਰਾ ਈ
ਓਡਾ ਮੈਨੂੰ ਹੋਰ ਕੋਈ ਨਾ
ਜਿੱਡਾ ਮਾਹੀ ਪਿਆਰਾ ਈ।
ਮਾਹੀਏ ਦੀ ਹਰ ਸ਼ੈਅ ਉਸ ਨੂੰ ਪਿਆਰੀ ਲੱਗਦੀ ਏ,
ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲਾਵਾਂ
ਮੇਰੇ ਮਾਹੀਏ ਦੇ ਬਾਗ ਦਿਆ।
ਕਦੋਂ ਉਸ ਨਾਲ ਮਿਲਾਪ ਹੋਵੇ, ਦਿਲ ਵਸਲ ਲਈ ਤੜਪ ਰਿਹਾ ਹੈ,
ਬਾਗ ਵਿਚ ਆ ਮਾਹੀਆ
ਨਾਲੇ ਸਾਡੀ ਗੱਲ ਸੁਣ ਜਾਹ
ਨਾਲੇ ਘੜਾ ਵੀ ਚੁਕਾ ਮਾਹੀਆ।
ਕਿੰਨੀ ਨਾਜ਼ੁਕ ਖਿਆਲੀ ਹੈ, ਇਨ੍ਹਾਂ ਬੋਲਾਂ ਵਿਚ,
ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀ ਆਪ ਵਸੇਂ
ਉਥੇ ਸਾਡੀ ਵੀ ਥਾਂ ਕਰ ਲੈ।
ਉਹ ਤਾਂ ਆਪਣੇ ਮਾਹੀ ਲਈ ਸੈਆਂ ਜ਼ਫਰ ਝੱਲਣ ਲਈ ਤਤਪਰ ਹੈ,
ਫੁੱਲਾਂ ਦੀ ਫਲਾਈ ਮਾਹੀਆ
ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ‘ਤੇ ਪਾਈ ਮਾਹੀਆ।
ਉਹ ਤਾਂ ਆਪਣੇ ਮਹਿਬੂਬ ਲਈ ਆਪਣੀ ਜਿੰਦੜੀ ਦਾ ਹਰ ਕਿਣਕਾ ਕੁਰਬਾਨ ਕਰਨ ਲਈ ਤਿਆਰ ਹੈ,
ਚਿੱਟਾ ਵੇ ਗੁਦਾਮ ਹੋਸੀ
ਜੀਂਦਿਆਂ ਨੌਕਰ ਤੇਰੀ ਵੇ
ਮੋਇਆਂ ਮਿੱਟੀ ਵੀ ਗੁਲਾਮ ਹੋਸੀ।
ਉਸ ਨੂੰ ਤਾਂ ਮਾਹੀਏ ਵਿਚੋਂ ਰੱਬ ਦੇ ਦੀਦਾਰ ਹੁੰਦੇ ਹਨ| ਕਿੰਨੀ ਇੰਤਹਾ ਹੈ ਮੁਹੱਬਤ ਦੀ,
ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ
ਬਸ ਤੇਰੇ ‘ਚੋਂ ਦਿਸਦਾ ਏ।
ਮਾਹੀ ਦੇ ਮਿਲਾਪ ਨਾਲ ਉਹ ਸਰਸ਼ਾਰ ਹੋ ਜਾਂਦੀ ਹੈ,
ਪਾਣੀ ਨਹਿਰਾਂ ਦਾ ਵਗਦਾ ਏ
ਅੱਜ ਮੇਰਾ ਮਾਹੀ ਮਿਲਿਆ
ਭੁੰਜੇ ਪੈਰ ਨਾ ਲੱਗਦਾ ਏ।
ਮੋਹ-ਮੁਹੱਬਤਾਂ ਭਰੀ ਮੁਟਿਆਰ ਨਾਲ ਦੋ ਬੋਲ ਸਾਂਝੇ ਕਰਨ ਲਈ ਮਾਹੀਆ ਵੀ ਆਪਣੀ ਤੜਪ ਦਾ ਪ੍ਰਗਟਾਵਾ ਕਿਉਂ ਨਾ ਕਰੇ,
ਲਾਡਾਂ ਨਾਲ ਪਲੀਏ ਨੀ
ਮਿੱਠੀ-ਮਿੱਠੀ ਗੱਲ ਕਰ ਜਾ
ਮਿਸ਼ਰੀ ਦੀਏ ਡਲੀਏ ਨੀ।
ਉਹ ਉਸ ਦੀ ਮੁਹੱਬਤ ਅਤੇ ਹੁਸਨ ‘ਤੇ ਵਾਰੇ-ਵਾਰੇ ਜਾਂਦਾ ਹੈ,
ਚੰਦ ਚੜ੍ਹਿਆ ਲੋਈ ਵਾਲਾ
ਤੂੰ ਮੇਰੀ ਬੁਲਬੁਲ ਨੀ
ਮੈਂ ਫੁੱਲ ਖੁਸ਼ਬੋਈ ਵਾਲਾ।
ਬੇਮੁਹੱਬਤੇ ਸਮਾਜ ਵਿਚ ਇਸ਼ਕ ਪਾਲਣਾ ਕਿਹੜਾ ਸੌਖਾ ਏ,
ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ
ਮਿਹਣੇ ਖੱਟ ਲਏ ਉਮਰਾਂ ਦੇ।
ਕਦੀ ਕਦੀ ਜਦੋਂ ਮਾਹੀ ਨੂੰ ਆਪਣੇ ਪਿਆਰ ਦਾ ਵੱਸਲ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਵੀ ਮਿਹਣਾ ਮਾਰਦਾ ਹੈ,
ਕੰਨੀਂ ਬੁੰਦੇ ਪਾਏ ਹੋਏ ਨੇ
ਸਾਡੇ ਨਾਲੋਂ ਬਟਨ ਚੰਗੇ
ਜਿਹੜੇ ਹਿੱਕ ਨਾਲ ਲਾਏ ਹੋਏ ਨੇ।
ਪੁਰਾਣੇ ਸਮਿਆਂ ਵਿਚ ਗੱਭਰੂਆਂ ਨੂੰ ਰੁਜ਼ਗਾਰ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ| ਕਈ-ਕਈ ਵਰ੍ਹੇ ਉਹ ਆਪਣੇ ਘਰਾਂ ਨੂੰ ਨਹੀਂ ਸੀ ਪਰਤਦੇ, ਜਿਸ ਕਾਰਨ ਆਪਣੇ ਪਿਆਰਿਆਂ ਦੇ ਵਿਛੋੜੇ ਦੇ ਪਲਾਂ ਨੂੰ ਸਹਿਣਾ ਅਸਹਿ ਹੋ ਜਾਂਦਾ ਸੀ| ਵਿਯੋਗ ਦੇ ਇਨ੍ਹਾਂ ਪਲਾਂ ਨੂੰ ਪੰਜਾਬ ਦੀ ਮੁਟਿਆਰ ਨੇ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕੀਤਾ ਹੈ,
ਦੋ ਪੱਤਰ ਅਨਾਰਾਂ ਦੇ
ਮਾਹੀਏ ਦੇ ਹਿਜ਼ਰ ਸੜਾਂ
ਹੋ ਗਏ ਢੇਰ ਅੰਗਿਆਰਾਂ ਦੇ।

ਚੁੰਨੀ ਹੋ ਗਈ ਲੀਰਾਂ ਵੇ
ਆ ਕੇ ਅੱਖੀਂ ਵੇਖ ਚੰਨਾ
ਹੋਇਆ ਹਾਲ ਫਕੀਰਾਂ ਵੇ।

ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ
ਰੋਟੀ ਇਸ਼ਕੇ ਦੀ ਲਾਈ ਹੋਈ ਆ।

ਕਾਈ ਚੜ੍ਹਿਆ ਈ ਚੰਨ ਮਾਹੀਆ
ਇਸ਼ਕੇ ਦੀ ਕਸਕ ਬੁਰੀ ਵੇ
ਪਿੰਜਰ ਛੱਡਿਆ ਈ ਭੰਨ ਮਾਹੀਆ।
ਸੈਂਕੜਿਆਂ ਦੀ ਗਿਣਤੀ ਵਿਚ ਇਹ ਗੀਤ ਲੋਕਾਂ ਦੇ ਹਿਰਦਿਆਂ ਵਿਚ ਵਸੇ ਹੋਏ ਹਨ| ਇਨ੍ਹਾਂ ਗੀਤਾਂ ਵਿਚ ਵਰਤੀਆਂ ਤਸਬੀਹਾਂ ਆਲੇ ਦੁਆਲੇ ਵਿਚੋਂ ਹੀ ਲਈਆਂ ਗਈਆਂ ਹਨ| ਕਿਧਰੇ-ਕਿਧਰੇ ਸੂਖਮ ਬਿੰਬ ਵੀ ਵਰਤੇ ਗਏ ਹਨ| ਮਧੁਰ ਸੁਰ ਵਿਚ ਗਾਏ ਜਾਣ ਵਾਲੇ ਇਨ੍ਹਾਂ ਗੀਤਾਂ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇੱਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਆਪਣੇ ਆਪ ਵਿਚ ਲੀਨ ਹੋ ਜਾਂਦਾ ਹੈ।