ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫਰਨਾਮਾ

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰਥਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦਾ ਸੰਦੇਸ਼ ਦੇਣ ਲਈ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਜਨਮ ਸਾਖੀਆਂ ਮੌਜੂਦ ਹਨ, ਜੋ ਗੁਰੂ ਜੀ ਦੀ ਸਿੱਖਿਆ, ਸਫਰ ਅਤੇ ਸਿਧਾਂਤ ਸਬੰਧੀ ਜਾਣਕਾਰੀ ਦਿੰਦੀਆਂ ਹਨ। ਇਨ੍ਹਾਂ ਜਨਮ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਹਰ ਧਰਮ ਦੇ ਸ਼ਰਧਾਲੂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸ਼ੁਭ ਕਾਰਜ ਕਰਨ ਦੀ ਸਿੱਖਿਆ ਦਿੰਦੇ ਸਨ।

ਗੁਰੂ ਜੀ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਸਨ ਅਤੇ ਉਹ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਨੂੰ ਉਸ ਦੇ ਆਪਣੇ ਧਰਮ ਗ੍ਰੰਥ ਦੀਆਂ ਸਦਾਚਾਰਕ ਸਿੱਖਿਆਵਾਂ ਧਾਰਨ ਕਰਨ ‘ਤੇ ਜ਼ੋਰ ਦਿੰਦੇ ਸਨ। ਉਹ ਮੁਸਲਮਾਨ ਨੂੰ ਚੰਗਾ ਮੁਸਲਮਾਨ ਅਤੇ ਹਿੰਦੂ ਨੂੰ ਚੰਗਾ ਹਿੰਦੂ ਬਣਨ ਦੀ ਸਿੱਖਿਆ ਦਿੰਦੇ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਵਿਭਿੰਨ ਧਰਮਾਂ ਦੇ ਲੋਕ ਉਨ੍ਹਾਂ ਦੇ ਸ਼ਰਧਾਲੂ ਬਣਦੇ ਜਾ ਰਹੇ ਸਨ।
ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ, ਉਥੇ ਗੁਰਧਾਮ ਕਾਇਮ ਹਨ। ਗੁਰੂ ਨਾਨਕ ਨਾਮ-ਲੇਵਾ ਸੰਗਤ ਇਨ੍ਹਾਂ ਦੀ ਸੇਵਾ-ਸੰਭਾਲ ਕਰਦੀ ਹੈ। ਇਨ੍ਹਾਂ ਅਸਥਾਨਾਂ ਦੀ ਯਾਤਰਾ ਕਰਨਾ ਸਿੱਖ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਜਿਹੜੇ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਸਰਹੱਦਾਂ ਰੋੜਾ ਬਣ ਗਈਆਂ ਹਨ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਬਹੁਤੇ ਗੁਰਧਾਮ ਮੌਜੂਦਾ ਪਾਕਿਸਤਾਨ ਵਿਚ ਸਥਿਤ ਹਨ, ਜਿਥੇ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਅਤੇ ਕਈ ਵਾਰੀ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਗੁਰਧਾਮ ਪਾਕਿਸਤਾਨ ਤੋਂ ਅੱਗੇ ਅਰਬ ਦੇਸ਼ਾਂ ਵਿਚ ਮੌਜੂਦ ਹਨ, ਉਥੇ ਜਾਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਮੱਕਾ-ਮਦੀਨਾ ਤੱਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਹੋਣ ਦੇ ਅਕੱਟ ਸਬੂਤ ਮੌਜੂਦ ਹਨ, ਜਿਨ੍ਹਾਂ ਦੀ ਸੇਵਾ-ਸੰਭਾਲ ਸਥਾਨਕ ਸ਼ਰਧਾਲੂ ਕਰਦੇ ਹਨ। ਇਸ ਲਈ ਜਦੋਂ ਕਿਤੇ ਇਨ੍ਹਾਂ ਦੇਸ਼ਾਂ ਵਿਚ ਮੌਜੂਦ ਗੁਰੂ ਜੀ ਦੀਆਂ ਨਿਸ਼ਾਨੀਆਂ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿਚਦੀ ਹੈ। ਗੁਰੂ ਨਾਨਕ ਸਾਹਿਬ ਦੀ ਅਰਬ ਦੇਸ਼ਾਂ ਦੀ ਯਾਤਰਾ ਨਾਲ ਸਬੰਧਤ ਇਕ ਦਸਤਾਵੇਜ਼ ਡਾ. ਜਸਬੀਰ ਸਿੰਘ ਸਰਨਾ ਰਾਹੀਂ ਸਾਹਮਣੇ ਆਇਆ ਹੈ। ਇਸ ਦਸਤਾਵੇਜ਼ ਦੀ ਸਮੱਗਰੀ ਸਈਦ ਪ੍ਰਿਥੀਪਾਲ ਸਿੰਘ ਨੇ ਆਪਣੇ ਭਾਸ਼ਣਾਂ ਰਾਹੀਂ ਪ੍ਰਦਾਨ ਕੀਤੀ ਸੀ।
1902 ਵਿਚ ਕਸ਼ਮੀਰ ਵਿਖੇ ਮੁਜ਼ਫਰ ਹੁਸੈਨ ਸ਼ਾਹ ਦੇ ਘਰ ਪੈਦਾ ਹੋਏ ਇਕ ਬੱਚੇ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਰੱਖਿਆ ਗਿਆ। ਪਿੰਡ ਤੋਂ ਮੁੱਢਲੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਉਚ ਵਿੱਦਿਆ ਹਾਸਲ ਕਰਨ ਲਈ ਮੱਕੇ ਮਦੀਨੇ ਗਿਆ ਅਤੇ ਵਾਪਸ ਆ ਕੇ ਗੁਰੂ ਘਰ ਨਾਲ ਜੁੜ ਗਿਆ। 1935 ਵਿਚ ਪਰਿਵਾਰ ਸਮੇਤ ਸਿੰਘ ਸਜ ਗਿਆ। ਸਿੱਖੀ ਧਾਰਨ ਉਪਰੰਤ ਉਸ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਤੋਂ ਸਈਦ ਪ੍ਰਿਥੀਪਾਲ ਸਿੰਘ, ਉਸ ਦੀ ਪਤਨੀ ਦਾ ਨਾਂ ਗੁਲਜ਼ਾਰ ਬੇਗਮ ਤੋਂ ਇੰਦਰਜੀਤ ਕੌਰ ਅਤੇ ਪੁੱਤਰ ਦਾ ਨਾਂ ਮਹਿਮੂਦ ਨਜ਼ੀਰ ਤੋਂ ਭਗਤ ਸਿੰਘ ਰੱਖਿਆ ਗਿਆ, ਜਿਸ ਨੂੰ ਬਾਅਦ ਵਿਚ ਸੰਤ ਪ੍ਰਿਥੀਪਾਲ ਸਿੰਘ (ਸਈਦ) ਵੀ ਕਿਹਾ ਜਾਣ ਲੱਗਾ। ਦੇਸ਼-ਵਿਦੇਸ਼ ਦੇ ਵਿਭਿੰਨ ਨਗਰਾਂ ਵਿਚ ਉਨ੍ਹਾਂ ਨੇ ਬਹੁਤ ਹੀ ਭਾਵਪੂਰਤ ਭਾਸ਼ਣ ਦਿੱਤੇ, ਜੋ ਸੁਣਨ ਲਈ ਸਿੱਖ ਦੂਰੋਂ-ਨੇੜਿਉਂ ਆ ਜੁੜਦੇ ਸਨ। ਇਨ੍ਹਾਂ ਦੇ ਭਾਸ਼ਣ ਇਕ ਸਿੱਖ ਸ਼ਰਧਾਲੂ ਨੇ ਲਿਖ ਲਏ ਅਤੇ ਇਹ ਇਕ ਦਸਤਾਵੇਜ਼ ਦੇ ਰੂਪ ਵਿਚ ਸੰਭਾਲ ਲਏ ਗਏ।
ਭਾਵੇਂ ਮੌਖਿਕ ਇਤਿਹਾਸ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ, ਪਰ ਇਹ ਬਹੁਤ ਹੀ ਰੌਚਕ ਅਤੇ ਭਾਵਪੂਰਤ ਹੁੰਦੀਆਂ ਹਨ, ਜੋ ਪੜ੍ਹਨ-ਸੁਣਨ ਵਾਲਿਆਂ ਨੂੰ ਆਕਰਸ਼ਿਤ ਕਰਦੀਆਂ ਹਨ। ਦਸਤਾਵੇਜ਼ੀ ਇਤਿਹਾਸ ਦਾ ਮੁੱਢ ਵੀ ਕਈ ਵਾਰੀ ਮੌਖਿਕ ਇਤਿਹਾਸ ਰਾਹੀਂ ਹੀ ਬੱਝਦਾ ਹੈ। ਮੌਖਿਕ ਇਤਿਹਾਸ ‘ਤੇ ਆਧਾਰਤ ਇਸ ਦਸਤਾਵੇਜ਼ ਵਿਚ ਅਨੇਕਾਂ ਨਾਂਵਾਂ, ਥਾਂਵਾਂ, ਨਗਰਾਂ, ਪਸੂ-ਪੰਛੀਆਂ, ਮਾਰਗਾਂ ਅਤੇ ਸ਼ਖਸੀਅਤਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਤੋਂ ਜਿਥੇ ਵਿਦਿਆਰਥੀ ਅਤੇ ਖੋਜਾਰਥੀ ਲਾਹਾ ਲੈ ਸਕਦੇ ਹਨ, ਉਥੇ ਇਹ ਜਨ-ਸਧਾਰਨ ਦੀ ਜਾਣਕਾਰੀ ਵਿਚ ਵੀ ਲਾਹੇਵੰਦ ਵਾਧਾ ਕਰਦਾ ਹੈ। ਮੱਕਾ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਕਿਸੇ ਵੀ ਗੈਰ-ਮੁਸਲਮਾਨ ਦੇ ਜਾਣ ਦੀ ਮਨਾਹੀ ਹੈ। ਗੁਰੂ ਜੀ ਨੇ ਇਸ ਅਸਥਾਨ ਦੀ ਯਾਤਰਾ ਹੀ ਨਹੀਂ ਕੀਤੀ, ਸਗੋਂ ਇਥੋਂ ਦੀ ਧਾਰਮਿਕ ਸ਼੍ਰੇਣੀ ਨੂੰ ਅਹਿਮ ਸੰਦੇਸ਼ ਵੀ ਦਿੱਤਾ ਸੀ, ਜਿਸ ਦਾ ਵਿਸਥਾਰ ਸਹਿਤ ਜ਼ਿਕਰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਵੀ ਕੀਤਾ ਹੈ:
ਪੁਛਨਿ ਫੋਲਿ ਕਿਤਾਬ ਨੋ
ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ
ਸੁਭਿ ਅਮਲਾ ਬਾਝਹੁ ਦੋਨੋ ਰੋਈ।
(ਵਾਰ 1, ਪਉੜੀ 33)
ਗੁਰੂ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਸਬੰਧੀ ਉਕਤ ਦਸਤਾਵੇਜ਼ ਵਿਚ ਦੋ ਕਿਤਾਬਾਂ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਵਿਚ ਇਕ ਹੈ, ‘ਸਿਯਾਹਤੋ ਬਾਬਾ ਨਾਨਕ ਫਕੀਰ’ ਭਾਵ ਸਫਰਨਾਮਾ ਬਾਬਾ ਨਾਨਕ ਫਕੀਰ ਅਤੇ ਦੂਜਾ ਹੈ, ‘ਤਵਾਰੀਖ ਅਰਬ।’ ਸਈਦ ਦੱਸਦਾ ਹੈ ਕਿ ਇਨ੍ਹਾਂ ਵਿਚੋਂ ਪਹਿਲੀ ਕਿਤਾਬ ਤਾਜਦੀਨ ਦੀ ਅਤੇ ਦੂਜੀ ਖਵਾਜ਼ਾ ਜੈਨਲਉਬਦੀਨ ਦੀ ਲਿਖੀ ਹੋਈ ਹੈ। ਦੋਹਾਂ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੈ, ਜਿਸ ਤੋਂ ਉਨ੍ਹਾਂ ਦੀ ਅਰਬ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਜਦੀਨ ਦਾ ਕਰਤਾ ਦੱਸਦਾ ਹੈ ਕਿ ਉਸ ਨੇ ਗੁਰੂ ਨਾਨਕ ਸਾਹਿਬ ਨਾਲ ਅਰਬ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਜਿਨ੍ਹਾਂ ਕਰਾਮਾਤਾਂ ਤੇ ਘਟਨਾਵਾਂ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਕਲਮਬੰਦ ਕਰਕੇ ਇਕ ਕਿਤਾਬ ਦਾ ਰੂਪ ਦਿੱਤਾ, ਜਿਸ ਦੀ ਇਕ ਕਾਪੀ ਮਦੀਨੇ ਦੀ ਲਾਇਬਰੇਰੀ ਨੂੰ ਸੌਂਪ ਦਿੱਤੀ ਸੀ।
ਖਵਾਜ਼ਾ ਜੈਨਲਉਬਦੀਨ ਮੱਕੇ ਦਾ ਵਸਨੀਕ ਸੀ ਅਤੇ ਇਹ ਕਾਜ਼ੀ ਰੁਕਨਦੀਨ ਦੇ ਨਾਲ ਉਸ ਸਮੇਂ ਕਾਅਬੇ ਪੁੱਜਾ ਸੀ, ਜਦੋਂ ਸ਼ਹਿਰ ਵਿਚ ਇਹ ਰੌਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਕਾਅਬਾ ਘੁਮਾ ਦਿੱਤਾ ਹੈ। ਉਹ ਲਿਖਦਾ ਹੈ ਕਿ ਕਾਅਬਾ ਵਿਖੇ ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਤਿੰਨ ਸਵਾਲ ਕੀਤੇ, ਜੋ ਸੰਗੀਤ, ਕੇਸਾਂ ਅਤੇ ਖਾਨਾ ਕਾਅਬਾ ਨਾਲ ਸਬੰਧਤ ਸਨ। ਕੁਰਾਨ ਦੇ ਹਵਾਲੇ ਨਾਲ ਅਰਬੀ ਭਾਸ਼ਾ ਵਿਚ ਗੁਰੂ ਜੀ ਦੇ ਉਤਰ ਸੁਣ ਕੇ ਕਾਜ਼ੀ ਦੇ ਮਨ ਵਿਚ ਗੁਰੂ ਜੀ ਪ੍ਰਤੀ ਸ਼ਰਧਾ ਪੈਦਾ ਹੋ ਗਈ ਅਤੇ ਬਾਅਦ ਵਿਚ ਉਹ ਗੁਰੂ ਜੀ ਦਾ ਮੁਰੀਦ ਬਣ ਗਿਆ। ਗੁਰੂ ਜੀ ਦੇ ਮੱਕੇ ਤੋਂ ਮਦੀਨੇ ਜਾਣ ਸਮੇਂ ਉਸ ਨੇ ਉਨ੍ਹਾਂ ਨੂੰ ਇਕ ਰੇਸ਼ਮੀ ਚੋਗਾ (ਚੋਲਾ) ਪੇਸ਼ ਕੀਤਾ, ਜਿਸ ‘ਤੇ ਕੁਰਾਨ ਸ਼ਰੀਫ ਦੀਆਂ ਕੁੱਝ ਆਇਤਾਂ ਅਤੇ ਗੁਰੂ ਜੀ ਦੀ ਸਿਫਤ ਸਾਲਾਹ ਲਿਖੀ ਹੋਈ ਸੀ। ਗੁਰੂ ਜੀ ਆਪਣਾ ਆਸਾ (ਸੋਟਾ) ਅਤੇ ਇਕ ਖੜਾਂਵ ਉਸ ਨੂੰ ਨਿਸ਼ਾਨੀ ਵਜੋਂ ਦੇ ਗਏ ਸਨ।
ਗੁਰੂ ਜੀ ਦੇ ਜਾਣ ਪਿੱਛੋਂ ਕਾਜ਼ੀ ਰੁਕਨਦੀਨ ਨੂੰ ਕਾਫਰ ਹੋਣ ਦਾ ਫਤਵਾ ਲਾਇਆ ਗਿਆ ਅਤੇ ਜੂਨ ਮਹੀਨੇ 22 ਦਿਨ ਤਸੀਹੇ ਦਿੱਤੇ ਗਏ, ਤੇ ਆਖਰੀ ਦਿਨ ਗੁਰੂ ਜੀ ਦਾ ਸੰਦੇਸ਼ ਦਿੰਦਾ ਹੋਇਆ ਉਹ ਇਸ ਦੁਨੀਆਂ ਤੋਂ ਕੂਚ ਕਰ ਗਿਆ। ਖਵਾਜ਼ਾ ਜੈਨਲਉਬਦੀਨ ਦੱਸਦਾ ਹੈ ਕਿ ਮੱਕੇ ਦੀ ਫੇਰੀ ਦੌਰਾਨ ਕਾਜ਼ੀ ਨੇ ਗੁਰੂ ਜੀ ਨੂੰ 360 ਸਵਾਲ ਕੀਤੇ ਅਤੇ ਗੁਰੂ ਜੀ ਨੇ ਸਭਨਾਂ ਦਾ ਤਸੱਲੀਬਖਸ਼ ਉਤਰ ਦਿਤਾ ਸੀ। ਇਹ ਸਵਾਲ-ਜਵਾਬ ਉਸ ਦੀ ਕਿਤਾਬ ਵਿਚ ਦਰਜ ਦੱਸੇ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਕੇਵਲ ਇਕੋ ਉਦੇਸ਼ ਸੀ ਕਿ ਲੋਕਾਈ ਨੂੰ ਪ੍ਰਭੂ ਮਾਰਗ ਅਨੁਸਾਰ ਸਦਾਚਾਰਕ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ। ਜਦੋਂ ਗੁਰੂ ਜੀ ਨੂੰ ਕੋਈ ਪੀਰ ਕਹਿੰਦਾ ਹੈ ਕਿ ਕਿਸੇ ਧਨਾਢ ਜਾਂ ਹੰਕਾਰੀ ਨੂੰ ਸਿੱਧੇ ਰਾਹ ਪਾਓ ਤਾਂ ਗੁਰੂ ਜੀ ਕਹਿੰਦੇ ਹਨ, ‘ਮੈਂ ਆਇਆ ਹੀ ਇਸੇ ਲਈ ਹਾਂ। ਖੁਦਾ ਭਲਾ ਕਰੇਗਾ।’ ਅਨੇਕਾਂ ਘਟਨਾਵਾਂ ਇਸ ਦਸਤਾਵੇਜ਼ ਵਿਚ ਦਰਜ ਹਨ ਜਦੋਂ ਗੁਰੂ ਜੀ ਹੰਕਾਰੀਆਂ ਦਾ ਨਾਸ਼, ਕ੍ਰੋਧੀਆਂ ਨੂੰ ਸ਼ਾਂਤ ਅਤੇ ਧਾਰਮਿਕ ਆਗੂਆਂ ਨੂੰ ਸਿੱਧੇ ਰਾਹ ਪਾਉਂਦੇ ਹਨ। ਸਮੁੱਚੇ ਅਰਬ ਦੇਸ਼ਾਂ ਦੇ ਪ੍ਰਮੁੱਖ ਨਗਰਾਂ ਦੀ ਯਾਤਰਾ ਕਰਨ ਦੇ ਪ੍ਰਮਾਣ ਇਸ ਵਿਚੋਂ ਮਿਲਦੇ ਹਨ। ਜਿਨ੍ਹਾਂ ਨਗਰਾਂ ਦਾ ਜ਼ਿਕਰ ਇਸ ਦਸਤਾਵੇਜ਼ ਵਿਚ ਆਇਆ ਹੈ, ਉਨ੍ਹਾਂ ਦੇ ਨਾਂ ਹਨ-ਉਮਰਾ, ਅਦਨ, ਇਨੂਲਸ (ਇਰਾਨ ਦਾ ਸ਼ਹਿਰ), ਸਖੋਰ ਸ਼ਹਿਰ, ਕਰਾਚੀ, ਕੂਫਾ (ਕਰਬਲਾ), ਕੈ ਕੈ (ਮਿਸਰ ਦਾ ਸ਼ਹਿਰ), ਜੱਦਾ, ਡੇਰਾ ਇਸਮਾਇਲ ਖਾਨ, ਪਠਾਨਵਲੀ, ਬਹਿਤੁਲ ਮਕੂਸ, ਬਗਦਾਦ, ਮਠਨਕੋਟ, ਮਦੀਨਾ, ਮੱਕਾ, ਲਾਹੌਰ ਆਦਿ।
ਇਨ੍ਹਾਂ ਨਗਰਾਂ ਦੀ ਯਾਤਰਾ ਦੌਰਾਨ ਜਿਨ੍ਹਾਂ ਪ੍ਰਮੁੱਖ ਅਸਥਾਨਾਂ ‘ਤੇ ਗੁਰੂ ਜੀ ਨੇ ਡੇਰਾ ਲਾਇਆ ਸੀ ਜਾਂ ਜਿਥੇ ਗੁਰੂ ਜੀ ਦੀ ਯਾਦ ਵਿਚ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਦੇ ਨਾਂ ਹਨ-ਅਕਾਲ ਬੁੰਗਾ (ਕਰਾਚੀ ਬੰਦਰਗਾਹ ਨੇੜੇ), ਅਦਨ ਦਾ ਕਿਬਲਾ (ਅੰਮ੍ਰਿਤਸਰ), ਸਾਧੂ ਬੇਲਾ, ਹੁਜਰਾ ਨਾਨਕ ਸ਼ਾਹ ਕਲੰਦਰ (ਬਹਿਤੁਲ ਮਕੂਸ), ਹੁਜਰਾ ਬਾਬਾ ਨਾਨਕ ਫਕੀਰ (ਮੱਕੇ ਦੇ ਪੱਛਮ ਵੱਲ), ਨਾਨਕ ਸ਼ਾਹ ਕਲੰਦਰ (ਜੱਦਾ ਸ਼ਰੀਫ), ਵਲੀ-ਹਿੰਦ ਮਸੀਤ (ਉਮਰਾ), ਨਾਨਕ ਵਲੀ ਹਿੰਦ (ਕੂਫਾ ਦੇ ਕਬਰਸਤਾਨ ਵਿਖੇ), ਮਠਨਕੋਟ, ਵਲੀ ਹਿੰਦ ਚਸ਼ਮਾ (ਬਗਦਾਦ) ਆਦਿ।
ਅਰਬ ਦੇਸ਼ਾਂ ਦੇ ਸਫਰ ਦੌਰਾਨ ਕਰੀਬ ਹਰ ਵਰਗ ਦੇ ਲੋਕ ਗੁਰੂ ਜੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਚਾਰ-ਚਰਚਾ ਕਰਨ ਲਈ ਆਉਂਦੇ ਸਨ। ਕਈ ਥਾਂਵਾਂ ‘ਤੇ ਗੁਰੂ ਜੀ ਨੂੰ ਕਾਫਰ ਕਹਿ ਕੇ ਮਾਰਨ ਦਾ ਯਤਨ ਕੀਤਾ ਗਿਆ, ਪਰ ਜਦੋਂ ਕ੍ਰੋਧ ਦੇ ਭਰੇ-ਪੀਤੇ ਲੋਕ ਗੁਰੂ ਜੀ ਦੇ ਦਰਸ਼ਨ ਕਰਦੇ ਤਾਂ ਉਨ੍ਹਾਂ ਦਾ ਮਨ ਸ਼ਾਂਤ ਹੋ ਜਾਂਦਾ। ਗੁਰੂ ਜੀ ਦੇ ਕੌਤਕ ਦੇਖ ਕੇ ਕਈ ਮੰਨੇ-ਪ੍ਰਮੰਨੇ ਪੀਰਾਂ ਨੇ ਉਨ੍ਹਾਂ ਨੂੰ ਨਬੀ ਦਾ ਦਰਜਾ ਦਿੱਤਾ। ਉਨ੍ਹਾਂ ਦੀਆਂ ਅਧਿਆਤਮਕ ਅਤੇ ਅਲੌਕਿਕ ਸ਼ਕਤੀਆਂ ਨੂੰ ਦੇਖ ਕੇ ਕਿਹਾ ਗਿਆ ਕਿ ‘ਖੁਦਾਵੰਦ ਕਰੀਮ ਆਲਮਗੀਰ ਜਾਮਾ ਪਹਿਨ ਕੇ ਦੁਨੀਆਂ ਦਾ ਸਫਰ ਕਰ ਰਹੇ ਹਨ।’ ਜਿਹੜੇ ਉਨ੍ਹਾਂ ਦਾ ਦਰਸ਼ਨ ਕਰ ਲੈਂਦੇ ਹਨ, ਉਹ ਬਖਸ਼ੇ ਜਾਂਦੇ ਹਨ, ਦੋਜ਼ਖ ਦੀ ਅੱਗ ਤੋਂ ਬੱਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੰਨਤ ਨਸੀਬ ਹੁੰਦੀ ਹੈ।
ਇਸ ਸਫਰਨਾਮੇ ਵਿਚ ਜਿਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਆਇਆ ਹੈ, ਉਹ ਹਨ-ਅਹਿਮਦ ਸਾਦਿਕ, ਅਬਦੁਲ ਰਹਿਮਾਨ ਦਸਤਗੀਰ (ਬਗਦਾਦ ਦਾ ਪੀਰ), ਅਮਰ ਰਜ਼ਾ (ਬਹਿਲੋਲ ਪੀਰ ਦਾ ਮੁਰੀਦ), ਅਲੀ (ਹਜ਼ਰਤ), ਆਇਸ਼ਾ, ਅੱਛਰ ਸਿੰਘ ਜਥੇਦਾਰ (ਲਾਹੌਰ ਦੇ ਗੁਰਦੁਆਰੇ ਦਾ ਪ੍ਰਧਾਨ), ਇਬਨੇ ਅਸਵੁੱਧ, ਇਬਨੇ ਵਲਿਦ ਕਾਜ਼ੀ (ਸਈਦ), ਇਬਨੇ ਵਾਹਿਦ (ਸੂਫੀ), ਇਬਰਾਹੀਮ (ਹਜ਼ਰਤ), ਇਮਾਮ ਦੀਨ ਸ਼ਾਹ (ਸਈਦ ਪ੍ਰਿਥੀਪਾਲ ਸਿੰਘ ਦਾ ਸ਼ਾਗਿਰਦ), ਈਸਾ (ਹਜ਼ਰਤ), ਸਲੀਮਾ, ਸ਼ਾਹ ਸ਼ਰਫ (ਹੱਜ ਕਰਨ ਵਾਲੇ ਇਕ ਕਬੀਲੇ ਦਾ ਸਰਦਾਰ), ਹਾਜ਼ੀ ਗੁਲਾਮ ਅਹਿਮਦ (ਕੁਰੈਸ਼ ਕਬੀਲੇ ਦਾ ਸਰਦਾਰ), ਹੁਸੈਨ, ਕਾਰੂੰ ਹਮੀਦ (ਮਿਸਰ ਦਾ ਬਾਦਸ਼ਾਹ), ਗੁਰਮੁਖ ਸਿੰਘ ਮੁਸਾਫਿਰ, ਗੁਲਾਮ ਕਾਦਰ (ਇਮਾਮ), ਗੁਲਾਮ ਯਹੀਆ ਖਾਨ (ਸਲੀਮਾ ਦਾ ਪਤੀ ਅਤੇ ਕੂਫਾ ਦਾ ਸੌਦਾਗਰ), ਜੀਵਣ (ਮੱਕੇ ਦੀ ਮਸਜਿਦ ਦਾ ਸੇਵਾਦਾਰ), ਜੈਨਲਉਬਦੀਨ (ਖਵਾਜ਼ਾ, ਲਿਖਾਰੀ), ਜ਼ਫਰ (ਇਮਾਮ), ਤਾਜਦੀਨ (ਲਿਖਾਰੀ), ਦਾਊਦ (ਹਜ਼ਰਤ), ਪਾਸ਼ਾਹਾਲੀ (ਕਾਜ਼ੀ), ਪੀਰ ਜਲਾਲ (ਮਿਸਰ ਦੇ ਬਾਦਸ਼ਾਹ ਦਾ ਮੁਰਸ਼ਦ), ਬਹਿਲੋਲ (ਬਗਦਾਦ ਦੇ ਬਾਹਰ ਦਜ਼ਲਾ ਦਰਿਆ ਕੰਢੇ ਰਹਿਣ ਵਾਲਾ ਫਕੀਰ), ਬਾਬਾ ਨੋਕੰਠੀ ਦਾਸ (ਉਦਾਸੀ ਸਾਧੂ), ਮਹਿਬੂਬ ਰਹਿਮਾਨ (ਖਵਾਜ਼ਾ ਜੈਨਲਉਬਦੀਨ ਦੇ ਖਾਨਦਾਨ ਵਿਚੋਂ), ਮਜੀਦ (ਮਿਸਰ ਦਾ ਵਸਨੀਕ), ਮੁਹੰਮਦ ਸਾਹਿਬ (ਹਜ਼ਰਤ), ਮੂਸਾ (ਹਜ਼ਰਤ), ਮੋਹਨ ਸਿੰਘ ਜਥੇਦਾਰ, ਯਾਕੂਬ ਇਬਨੇ ਸਹਿਲੱਬ, ਰੁਕਨਦੀਨ (ਕਾਜ਼ੀ)।
ਅਰਬ ਦੇ ਪਹਾੜਾਂ, ਦਰਿਆਵਾਂ ਅਤੇ ਰੇਗਿਸਤਾਨੀ ਇਲਾਕਿਆਂ ਵਿਚੋਂ ਲੰਘਦੇ ਗੁਰੂ ਜੀ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਉਹ ਸਭ ਨੂੰ ਗਲ ਨਾਲ ਲਾਉਂਦੇ ਅਤੇ ਸਭਨਾਂ ਨੂੰ ਖੁਦਾ ਦੀ ਉਸਤਤ ਕਰਨ ‘ਤੇ ਜ਼ੋਰ ਦਿੰਦੇ। ਕੀਰਤਨ ਨੂੰ ਉਹ ਪ੍ਰਭੂ ਕੀਰਤੀ ਦਾ ਸਾਧਨ ਮੰਨਦੇ। ਇਸਲਾਮ ਵਿਚ ਸੰਗੀਤ ਦੀ ਮਨਾਹੀ ਹੋਣ ਕਰਕੇ ਜਦੋਂ ਉਹ ਕੀਰਤਨ ਸੁਣਦੇ ਤਾਂ ਪਹਿਲਾਂ ਕ੍ਰੋਧਿਤ ਹੋ ਜਾਂਦੇ ਅਤੇ ਗੁਰੂ ਜੀ ਨੂੰ ਮਾਰਨ ਦਾ ਵਿਚਾਰ ਲੈ ਕੇ ਉਨ੍ਹਾਂ ਕੋਲ ਜਾਂਦੇ, ਪਰ ਜਦੋਂ ਗੁਰੂ ਜੀ ਦੀ ਉਨ੍ਹਾਂ ‘ਤੇ ਦ੍ਰਿਸ਼ਟੀ ਪੈਂਦੀ ਤਾਂ ਉਨ੍ਹਾਂ ਦੇ ਮਨ ਵਿਚੋਂ ਸਮੂਹ ਨਾਕਾਰਾਤਮਕ ਅੰਸ਼ ਖਤਮ ਹੋ ਜਾਂਦੇ ਅਤੇ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਕੇ ਉਨ੍ਹਾਂ ਦੀ ਸੇਵਾ ਕਰਦੇ। ਗੁਰੂ ਜੀ ਅਰਬੀ ਵਿਚ ਲਿਖਿਆ ਹੋਇਆ ਜਪੁਜੀ ਸਾਹਿਬ ਦਾ ਗੁਟਕਾ ਦੇ ਕੇ ਉਨ੍ਹਾਂ ਨੂੰ ਸਦੀਵ ਕਾਲ ਲਈ ਇਕ ਪਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੰਦੇ।
ਵਿਭਿੰਨ ਸਾਖੀਆਂ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਅਰਬ ਵਿਚ ਕਈ ਕਬੀਲੇ ਮੌਜੂਦ ਸਨ, ਜੋ ਆਪਣੇ ਕਬੀਲਾਈ ਕਾਨੂੰਨ ਅਨੁਸਾਰ ਜੀਵਨ ਬਸਰ ਕਰਦੇ ਸਨ। ਭਾਵੇਂ ਕਈ ਕਬੀਲੇ ਇਸਲਾਮ ਧਾਰਨ ਕਰ ਚੁਕੇ ਸਨ, ਪਰ ਉਨ੍ਹਾਂ ‘ਤੇ ਕਬੀਲਾਈ ਪ੍ਰਭਾਵ ਮੌਜੂਦ ਸੀ। ਗੁਰੂ ਜੀ ਉਨ੍ਹਾਂ ਨੂੰ ਸਥਾਨਕ ਪ੍ਰਭਾਵ ਤੋਂ ਮੁਕਤ ਕਰ ਕੇ ਬ੍ਰਹਿਮੰਡ ਦੀ ਅਸੀਮ ਸ਼ਕਤੀ ਨਾਲ ਜੋੜਦੇ।
ਗੁਰੂ ਜੀ ਬਹੁਤ ਹੀ ਸੁਖੈਨ ਸਥਾਨਕ ਭਾਸ਼ਾ ਵਿਚ ਆਪਣੀ ਗੱਲ ਕਰਦੇ, ਜੋ ਛੇਤੀ ਹੀ ਲੋਕ ਮਨਾਂ ‘ਤੇ ਅਸਰ ਕਰਦੀ। ਇਕ ਸਾਖੀ ਵਿਚ ਦੱਸਿਆ ਗਿਆ ਹੈ ਕਿ ਮਿਸਰ ਦੇ ਬਾਦਸ਼ਾਹ ਦਾ ਪੀਰ ਜਲਾਲ ਉਸ ਤੋਂ ਇਸ ਕਰਕੇ ਦੁਖੀ ਸੀ ਕਿ ਉਹ ਬਹੁਤ ਕੰਜੂਸ ਹੈ, ਧਨ ਇਕੱਤਰ ਕਰਦਾ ਹੈ ਅਤੇ ਪਰਉਪਕਾਰੀ ਕਾਰਜਾਂ ਤੋਂ ਦੂਰ ਰਹਿੰਦਾ ਹੈ। ਪੀਰ ਜਲਾਲ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਾਹ ਪਾਉਣ। ਪੀਰ ਜਲਾਲ ਬਾਦਸ਼ਾਹ ਨੂੰ ਲੈ ਕੇ ਗੁਰੂ ਜੀ ਕੋਲ ਆਉਂਦਾ ਹੈ ਤਾਂ ਗੁਰੂ ਜੀ ਉਸ ਨੂੰ ਇਕ ਸੂਈ ਦੇ ਕੇ ਕਹਿੰਦੇ ਹਨ ਕਿ ਇਸ ਨੂੰ ਸੰਭਾਲ ਕੇ ਰੱਖਣਾ, ਅਗਲੇ ਜਹਾਨ ਵਿਚ ਵਾਪਸ ਲਵਾਂਗੇ। ਬਾਦਸ਼ਾਹ ਕਹਿੰਦਾ ਹੈ ਕਿ ਅਗਲੇ ਜਹਾਨ ਵਿਚ ਤਾਂ ਕੁਝ ਵੀ ਨਾਲ ਨਹੀਂ ਜਾਂਦਾ ਤਾਂ ਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੇ ਚਾਲੀ ਗੰਜ ਦੌਲਤ ਇਕੱਠੀ ਕੀਤੀ ਹੈ, ਉਸ ਦਾ ਕੀ ਕਰੋਗੇ? ਬਾਦਸ਼ਾਹ ਨੂੰ ਗਿਆਨ ਹੋ ਗਿਆ ਅਤੇ ਗੁਰੂ ਜੀ ਨੂੰ ਮਾਰਗ ਪਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਹ ਦੌਲਤ ਲੋਕਾਂ ਵਿਚ ਵੰਡ ਕੇ ਪਰਮਾਤਮਾ ਦੀ ਬੰਦਗੀ ਕਰਨ ਅਤੇ ਲੋਕ-ਭਲਾਈ ਦੇ ਕਾਰਜ ਕਰਨ ਲਈ ਕਿਹਾ, ਬੰਧਨਾਂ ਤੋਂ ਨਿਜਾਤ ਪਾਉਣ ਦਾ ਇਹ ਸੌਖਾ ਤਰੀਕਾ ਸਮਝਾਇਆ।
ਗੁਰੂ ਜੀ ਸਤਿ ਕਰਤਾਰ ਨਾਲ ਜੁੜੇ ਰਹਿਣ ਦਾ ਬਚਨ ਕਰਦੇ ਸਨ, ਉਹ ਜਿਸ ਵੀ ਸ਼ਖਸ ਨੂੰ ਮਿਲਦੇ ਤਾਂ ਉਪਦੇਸ਼ ਕਰਦੇ, ‘ਤੈਨੂੰ ਕਰਤਾਰ ਚਿੱਤ ਆਵੇ।’ ਗੁਰੂ ਜੀ ਜਿਸ ਅਸਥਾਨ ‘ਤੇ ਜਾ ਕੇ ਬੈਠ ਜਾਂਦੇ, ਉਪਦੇਸ਼ ਦਿੰਦੇ, ਕੀਰਤਨ ਕਰਦੇ; ਉਹ ਅਸਥਾਨ ਵਿਸ਼ੇਸ਼ ਰੂਪ ਗ੍ਰਹਿਣ ਕਰ ਜਾਂਦਾ। ਸਾਖੀਕਾਰ ਦੱਸਦਾ ਹੈ ਕਿ ਜਿਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ, ਉਹ ਧਰਤੀ ਬੇਜ਼ਾਰ ਨਹੀਂ ਰਹੀ, ਉਥੇ ਕੁਦਰਤ ਦੀਆਂ ਨਿਆਮਤਾਂ ਪ੍ਰਗਟ ਹੋਈਆਂ। ਕਈ ਥਾਂਈਂ ਪਾਣੀ ਦਾ ਚਸ਼ਮਾ ਨਿਕਲਿਆ, ਜਿਸ ਨੇ ਨਮਾਜ਼ੀਆਂ ਲਈ ਵਜ਼ੂ ਕਰਨ ਅਤੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ।
ਛੋਟੇ ਜਿਹੇ ਕਿਤਾਬਚੇ ਦੇ ਰੂਪ ਵਿਚ ਸਾਹਮਣੇ ਆਇਆ ਇਹ ਸਫਰਨਾਮਾ ਗੁਰੂ ਨਾਨਕ ਦੇਵ ਜੀ ਦੀ ਉਸਤਤ ਅਤੇ ਪ੍ਰੇਰਨਾ ਦਾ ਪ੍ਰਗਟਾਵਾ ਕਰਦਾ ਹੈ। ਗੁਰੂ ਜੀ ਨਾਲ ਸਬੰਧਤ ਕਈ ਪ੍ਰਸੰਗ ਐਸੇ ਆਏ ਹਨ, ਜਿਨ੍ਹਾਂ ਵਿਚ ਕਰਾਮਾਤਾਂ ਦੀ ਭਰਮਾਰ ਹੈ। ਸਫਰਨਾਮੇ ਦਾ ਕਰਤਾ ਗੁਰੂ ਜੀ ਦੀ ਸ਼ਖਸੀਅਤ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਦੈਵੀ ਪੁਰਖ ਸਿੱਧ ਕਰਨ ਦਾ ਸਫਲ ਯਤਨ ਕਰਦਾ ਹੈ। ਜਿਹੜੇ ਸਰੋਤਾਂ ਦੀ ਉਹ ਵਰਤੋਂ ਕਰਦਾ ਹੈ, ਉਹ ਗੁਰੂ ਜੀ ਦੇ ਸਮਕਾਲੀਆਂ ਦੁਆਰਾ ਲਿਖੇ ਗਏ ਮੰਨਦਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਬਾਕੀ ਨਾ ਰਹੇ। ਸਿੱਧੇ ਤੌਰ ‘ਤੇ ਗੁਰੂ ਜੀ ਨਾਲ ਜੋੜਨ ਅਤੇ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚਲਣ ਦੀ ਪ੍ਰੇਰਨਾ ਦੇਣ ਵਾਲਾ ਇਹ ਇਕ ਅਹਿਮ ਦਸਤਾਵੇਜ਼ ਹੈ।