ਇਕ ਛਿੱਟ ਚਾਨਣ ਦੀ

ਡਾ. ਗੁਰਮਿੰਦਰ ਸਿੱਧੂ ਮੂਲ ਰੂਪ ਵਿਚ ਕਵਿੱਤਰੀ ਹੈ। ਉਸ ਨੇ ਔਰਤ ਦੇ ਜੀਵਨ ਦੇ ਬਹੁਤ ਸਾਰੇ ਪੱਖਾਂ ਬਾਰੇ ਕਵਿਤਾਵਾਂ ਲਿਖੀਆਂ, ਪਰ ਭਰੂਣ ਹੱਤਿਆ ਖਿਲਾਫ ਉਸ ਦੀ ਲਿਖੀ ਲੰਮੀ ਚਿੱਠੀ ‘ਨਾ ਮੰਮੀ ਨਾ’ ਬਹੁਤ ਮਕਬੂਲ ਹੋਈ। ਇਹ ਚਿੱਠੀ ਕੁੱਖ ਵਿਚ ਪਲ ਰਹੀ ਬੱਚੀ ਨੇ ਆਪਣੀ ਮਾਂ ਨੂੰ ਲਿਖੀ ਹੈ, ਜਿਸ ਨੂੰ ਉਸ ਦੀ ਮਾਂ ਨੇ ਸਿਰਫ ਕੁੜੀ ਹੋਣ ਕਾਰਨ, ਸਵੇਰੇ ਭਰੂਣ ਹੱਤਿਆ ਕਰਵਾ ਕੇ ਕਤਲ ਕਰ ਦੇਣਾ ਹੈ। ‘ਇਕ ਛਿੱਟ ਚਾਨਣ ਦੀ’ ਵਿਚ ਉਸ ਨੇ ਮਨੁੱਖਾ ਜੀਅ ਅੰਦਰ ਪਈ ਮਨੁੱਖਤਾ ਦੀ ਬਾਤ ਪਾਈ ਹੈ।

ਇਸ ਨਾਲ ਉਨ੍ਹਾਂ ਦੇ ਜੀਵਨ ਦੇ ਅਣਛੋਹੇ ਪੱਖਾਂ ਬਾਰੇ ਚਾਨਣਾ ਪਾਇਆ ਹੈ। -ਸੰਪਾਦਕ

ਡਾ. ਗੁਰਮਿੰਦਰ ਸਿੱਧੂ

ਚਾਨਣ ਦਾ ਵਣਜ ਕਰਦਿਆਂ ਕਦੀ-ਕਦੀ ਹੱਥਾਂ ਨੂੰ ਕਾਲਖ ਵੀ ਲੱਗ ਜਾਂਦੀ ਐ; ਇਹ ਹੈ ਤਾਂ ਬੇਇਤਬਾਰੀ ਜਿਹੀ ਗੱਲ ਪਰ ਮੇਰੇ ਨਾਲ ਵਾਪਰ ਚੱਲੀ ਸੀ।
ਮੈਂ ਉਦੋਂ ਐਮ. ਬੀ. ਬੀ. ਐਸ਼ ਦੇ ਤੀਜੇ ਸਾਲ ਦੀ ਵਿਦਿਆਰਥਣ ਸਾਂ। ਸਿਆਲ ਪੂਰੇ ਕਹਿਰ ‘ਤੇ ਸੀ। ਉਹ ਸ਼ਾਮ ਤਾਂ ਅਸਲੋਂ ਹੀ ਬਰਫ-ਵੰਨੀ ਸੀ। ਠੱਕਾ ਹੱਡ ਚੀਰਦਾ ਜਾਂਦਾ ਸੀ। ਕੁੜੀਆਂ-ਚਿੜੀਆਂ ਸਭ ਆਲ੍ਹਣਿਆਂ ਵਿਚ ਦੁਬਕੀਆਂ ਹੋਈਆਂ ਸਨ। ਸੂਰਜ ਵੀ ਬੱਦਲਾਂ ਦੀ ਰਜਾਈ ਚੁੱਕੀ ਪੱਛਮੀ ਗੁੱਠ ਵੱਲ ਭੱਜ ਰਿਹਾ ਸੀ। ਗਰਲਜ਼ ਹੋਸਟਲ ਦੇ ਮਹਿਮਾਨ ਕਮਰੇ ਵਿਚ ਕੋਈ ਓਪਰਾ ਮੁੰਡਾ ਮੇਰੇ ਸਾਹਮਣੇ ਬੈਠਾ ਸੀ।
“ਡਾਕਟਰ ਗੁਰਮਿੰਦਰ, ਮੈਂ ਤੁਹਾਡਾ ਸੀਨੀਅਰ ਆਂ। ਫਾਈਨਲ ਯੀਅਰ ਦਾ ਡਾਕਟਰ ਬਲਕਾਰ ਸਿੰਘ। ਥੋਡੇ ਕੋਲ ਬਹੁਤ ਈ ਜ਼ਰੂਰੀ ਕੰਮ ਆਇਆਂ।”
“ਪਰ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਡਾਕਟਰ ਸਾਹਿਬ।” ਮੈਂ ਕਸ਼ਮੀਰੀ ਦੁਸ਼ਾਲੇ ਦੀ ਬੁੱਕਲ ਨੂੰ ਹੋਰ ਘੁੱਟਦਿਆਂ ਕਿਹਾ।
“ਬਟ ਆਈ ਨੋਅ ਯੂ। ਥੋਡੇ ਆਰਟੀਕਲ ਪੜ੍ਹੇ ਨੇ ਕਾਲਜ ਮੈਗਜ਼ੀਨ ਵਿਚ। ਉਂਜ ਵੀ ਥੋਡੀ ਨੇਚਰ ਬਾਰੇ ਸਭ ਜਾਣਦੇ ਨੇ, ਮੇਰੀ ਪਰਾਬਲਮ ਸੌਲਵ ਕਰਦੋ ਪਲੀਜ਼… ਕਾਈਂਡਲੀ…।”
“ਕੀ ਪਰਾਬਲਮ ਐ ਡਾਕਟਰ ਬਲਕਾਰ?”
“ਮੇਰੀ ਭਾਣਜੀ ਆਈ ਐ ਬੁਢਲਾਡੇ ਤੋਂ। ਰੀਲਨ ਟਿਊਮਰ ਐ। ਡਾਕਟਰ ਸਾਰੋਂਵਾਲਾ ਨੂੰ ਦਿਖਾਉਣੈਂ। ਜਦੋਂ ਨੂੰ ਉਹ ਪਹੁੰਚੀ, ਆਊਟਡੋਰ ਬੰਦ ਹੋ ਗਿਆ। ਹੁਣ ਥੋਨੂੰ ਪਤੈ, ਤਿੰਨ ਦਿਨਾਂ ਬਾਅਦ ਐ ਉਨ੍ਹਾਂ ਦੀ ਯੂਨਿਟ ਦੀ ਵਾਰੀ।”
“ਹਾਂ ਜੀ, ਉਹ ਤਾਂ ਹੈ ਪਰ ਮੈਂ ਕੀ ਕਰ ਸਕਦੀ ਆਂ ਇਹਦੇ ‘ਚ?”
“ਮੈਂ ਉਹਨੂੰ ਠਹਿਰਾਣ ਦਾ ਕੋਈ ਇੰਤਜ਼ਾਮ ਨਹੀਂ ਕਰ ਸਕਿਆ। ਹੁਣ ਇਹੋ ਜਿਹੇ ਵੇਲੇ ਕਿਥੇ ਘੱਲਾਂ ਉਹਨੂੰ? ਆਵਦੇ ਕੋਲ ਵੀ ਨੀ ਰੱਖ ਸਕਦਾ।”
“ਕਿਉਂ?”
“ਮੈਂ ਸੀਨੀਅਰ ਬੁਆਏਜ਼ ਹੋਸਟਲ ‘ਚ ਰਹਿਨਾਂ ਵਾਂ। ‘ਕੱਲੀ ਕੁੜੀ। ਮੁੰਡੇ ਤਾਂ ਊਂਈ ਭੂਤਰ ਜਾਂਦੇ ਐ। ਤੁਸੀਂ ਉਹਨੂੰ ਆਪਣੇ ਰੂਮ ‘ਚ ਠਹਿਰਾ ਲਓ ਪਲੀਜ਼। ਸਿਰਫ ਤਿੰਨ ਦਿਨਾਂ ਦੀ ਗੱਲ ਹੈ। ਥੋਡੇ ਤੋਂ ਸਿਵਾ ਕੋਈ ਨ੍ਹੀਂ ਦਿਸਦਾ, ਜਿਹਦਾ ਮਿੰਨਤ-ਤਰਲਾ ਕਰ ਲਾਂ। ਥੋਡਾ ਅਹਿਸਾਨ…।”
“ਅਹਿਸਾਨ ਦੀ ਕੋਈ ਗੱਲ ਨ੍ਹੀਂ ਡਾਕਟਰ ਸਾਹਿਬ! ਛੱਡ ਜੋ ਉਹਨੂੰ ਮੇਰੇ ਕੋਲ। ਮੈਂ ਪੂਰਾ ਖਿਆਲ ਰੱਖੂੰਗੀ। ਫਿਕਰ ਨਾ ਕਰੋ।”
“ਥੈਂਕ ਯੂ ਡਾਕਟਰ ਗੁਰਮਿੰਦਰ! ਥੈਂਕ ਯੂ ਸੋ ਮੱਚ।”
ਚਿੰਤਾ ਨਾਲ ਤਿੜਕੇ ਚਿਹਰੇ ਉਤੇ ਰਾਹਤ ਦਾ ਪੋਚਾ ਫਿਰ ਗਿਆ।
ਘੰਟੇ ਕੁ ਬਾਅਦ ਉਹ ਕੁੜੀ ਨੂੰ ਛੱਡ ਗਿਆ। ਸਾਊ ਜਿਹਾ ਮੁਖੜਾ। ਲੰਮੀ-ਲੰਝੀ। ਹੱਥ ਲਾਇਆਂ ਮੈਲੀ ਹੋਣ ਵਾਲੀ ਪਰ ਅੰਤਾਂ ਦੀ ਖਾਮੋਸ਼। ਆਂਡਿਆਂ ਦੀ ਭੁਰਜੀ ਨਾਲ ਗਰਮਾ-ਗਰਮ ਪਰੌਂਠੇ ਖਾਂਦੀ ਵੀ ਉਹ ਜਿਵੇਂ ਚੁੱਪ ਦੇ ਭੋਰੇ ਵਿਚ ਲੱਥੀ ਰਹੀ।
‘ਖਬਰਨੀ ਕਿੰਨੀ ਕੁ ਤਕਲੀਫ ਐ ਵਿਚਾਰੀ ਨੂੰ? ਪਰ ਪੁੱਛ ਕੇ ਕਾਹਨੂੰ ਇਹਦਾ ਦੁੱਖ ਵਧਾਵਾਂ।’ ਮੈਂ ਉਹਦਾ ਦਿਲ ਲੁਆਉਣ ਲਈ ਹੋਰ-ਹੋਰ ਗੱਲਾਂ ਕਰਨ ਲੱਗੀ।
“ਅੱਛਾ, ਪਰਮਿੰਦਰ ਐ ਤੇਰਾ ਨਾਂ? ਇਹ ਤਾਂ ਮੇਰੀ ਭੈਣ ਦਾ ਵੀ ਨਾਂ ਐ। ਫਿਰ ਤਾਂ ਤੂੰ ਮੇਰੀ ਛੋਟੀ ਭੈਣ ਹੋਈ। ਟੈਨਸ਼ਨ ਨਾ ਲੈ ਬਿਲਕੁਲ, ਜਿਵੇਂ ਮਰਜ਼ੀ ਰਹਿ। ਜੋ ਖਾਣ ਨੂੰ ਚਿੱਤ ਕਰੇ, ਮੈਨੂੰ ਦੱਸੀਂ।”
“ਚੰਗਾ ਜੀ।” ਕੋਸੇ-ਕੋਸੇ ਦੁੱਧ ਦਾ ਗਲਾਸ ਫੜਦੇ ਮਲੂਕ ਹੱਥਾਂ ਦੀ ਲਰਜ਼ਿਸ਼ ਮੇਰੇ ਅੰਦਰ ਤਰਸ ਦੀ ਨਦੀ ਵਗਾ ਗਈ।
“ਲੈ ਦੇਖ! ਤੈਨੂੰ ਆਪਣੀ ਭੈਣ ਦੀ ਫੋਟੋ ਦਿਖਾਵਾਂ। ਨਾਲੇ ਬਾਕੀ ਘਰਦਿਆਂ ਦੀ।”
ਮੈਂ ਉਹਨੂੰ ਆਪਣੀ ਨਿੱਕੀ ਜਿਹੀ ਐਲਬਮ ਦਿਖਾਉਣ ਲੱਗੀ। ਹੌਲੀ-ਹੌਲੀ ਉਹਦੇ ਮੁਖੜੇ ਤੋਂ ਉਦਾਸੀ ਦਾ ਖਲੇਪੜ ਲਹਿ ਗਿਆ। ਅਗਲਾ ਸਾਰਾ ਦਿਨ ਉਹ ਵਾਹਵਾ ਖੇੜੇ ਵਿਚ ਰਹੀ। ਬਿਮਾਰ ਤਾਂ ਕਿਸੇ ਪਾਸਿਓਂ ਲੱਗਦੀ ਹੀ ਨਹੀਂ ਸੀ ਉਹ, ‘ਚਲੋ ਹੋਊਗੀ ਕੋਈ ਗੁੱਝੀ ਮਰਜ਼।’
ਸੰਧਿਆ ਵੇਲੇ ਅਸੀਂ ਮੈੱਸ ਵਿਚੋਂ ਚਾਹ ਪੀ ਕੇ ਬਾਹਰ ਨਿਕਲੀਆਂ ਹੀ ਸਾਂ ਕਿ ਸਾਹਮਣਿਉਂ ਭੁਪਿੰਦਰ ਦਾ ਮੰਗੇਤਰ ਦਰਸ਼ਨ ਆਉਂਦਾ ਦਿਸਿਆ। ਭੁਪਿੰਦਰ ਉਹਦੇ ਕੋਲ ਬੈਠ ਗਈ, ਤੇ ਅਸੀਂ ‘ਸਤਿ ਸ੍ਰੀ ਅਕਾਲ’ ਬੁਲਾ ਕੇ ਉਪਰ ਕਮਰੇ ਵਿਚ ਆ ਗਈਆਂ। ਥੋੜ੍ਹੀ ਦੇਰ ਬਾਅਦ ਚੌਕੀਦਾਰ ਮੈਨੂੰ ਸੱਦਣ ਆ ਗਿਆ।
“ਇਹ ਲੜਕੀ ਤੇਰੇ ਕੋਲ ਕਿਵੇਂ ਐ? ਕਿੱਦਾਂ ਜਾਣਦੀ ਐਂ ਤੂੰ ਇਹਨੂੰ?” ਮੇਰੇ ਕੁਰਸੀ ‘ਤੇ ਬਹਿਣ ਤੋਂ ਪਹਿਲਾਂ ਹੀ ਦਰਸ਼ਨ ਬੋਲਿਆ। ਉਹ ਮੈਨੂੰ ਭੈਣਾਂ ਤੋਂ ਵੀ ਵੱਧ ਸਮਝਦੈ। ਹੁਣ ਅਮਰੀਕਾ ਵਿਚ ਨੇ ਦੋਵੇਂ ਜੀਅ ਅਤੇ ਸਾਡੇ ਮੋਹ-ਮੁਹੱਬਤ ਦੀਆਂ ਤੰਦਾਂ ਓਨੀਆਂ ਹੀ ਪੀਡੀਆਂ ਨੇ। ਮੈਂ ਸਾਰੀ ਰਾਮ ਕਹਾਣੀ ਸੁਣਾ ਦਿੱਤੀ।
“ਕੋਈ ਬਮਾਰ-ਬਮੂਰ ਨਹੀਂ ਐ ਉਹ, ਨਾ ਈ ਬਲਕਾਰ ਦੀ ਭਾਣਜੀ ਐ, ਕੱਢ ਕੇ ਲਿਆਂਦੀ ਐ ਕਿਤੋਂ। ਕਈ ਦਿਨ ਹੋਸਟਲ ‘ਚ ਰੰਗ-ਰਲੀਆਂ ਚੱਲਦੀਆਂ ਰਹੀਆਂ। ਹੁਣ ਬਹੁਤਾ ਰੌਲਾ ਪੈ ਗਿਆ ਤਾਂ ਤੇਰੇ ਕੋਲ ਛੱਡ ਗਿਆ। ਤੂੰ ਜਾਣਦੀ ਕਿਵੇਂ ਐ ਇਹਨੂੰ?” ਮੱਥੇ ਉਤੇ ਤਿਓੜੀਆਂ ਦਾ ਜਾਲ ਬੁਣਿਆ ਗਿਆ।
“ਬਾਈ ਗੌਡ ਦਰਸ਼ਨ! ਮੈਂ ਬਿਲਕੁਲ ਨ੍ਹੀਂ ਜਾਣਦੀ। ਬੱਸ ਮੈਨੂੰ ਤਰਸ ਆ ਗਿਆ।”
“ਤਰਸ-ਤੁਰਸ ਗਿਆ ਘਾਹ ਚਾਰਨ। ਇਹਨੂੰ ਫਟਾਫਟ ਚਲਦੀ ਕਰੋ ਇਥੋਂ।”
ਮੇਰੇ ਤੇ ਭੁਪਿੰਦਰ ਦੇ ਤਾਂ ਜਿਵੇਂ ਸਾਨ ਹੀ ਮਾਰੇ ਗਏ।
“ਉਪਰ ਜਾਓ ਇਮੀਜੀਏਟਲੀ ਤੇ ਕੱਢੋ ਉਹਨੂੰ।” ਉਹ ਇਕ ਝਟਕੇ ਨਾਲ ਸੋਫੇ ਤੋਂ ਉਠਿਆ ਤੇ ਬਿਨਾ ਕੁਝ ਖਾਧੇ-ਪੀਤੇ ਕਾਹਲੇ ਕਦਮੀਂ ਪਰਤ ਗਿਆ। ਅਸੀਂ ਦੋਵੇਂ ਸਿੱਲ ਪੱਥਰ ਹੋਈਆਂ ਉਥੇ ਹੀ ਬੈਠੀਆਂ ਰਹੀਆਂ।
“ਕਿਵੇਂ ਕਰੀਏ ਭੂਪੀ ਹੁਣ?” ਮੈਂ ਜਿਵੇਂ ਕਿਸੇ ਕਬਰ ਵਿਚੋਂ ਬੋਲੀ।
“ਕਰਨਾ ਕੀ ਐ, ਉਹਨੂੰ ਜਾ ਕੇ ਕਹਿ ਦੇ ਕਿ ਮੈਡਮ! ਆਵਦੇ ਰਹਿਣ ਦਾ ਪ੍ਰਬੰਧ ਕਿਤੇ ਹੋਰ ਕਰ ਲੈ ਤੇ ਇਥੋਂ ਜਾਹ।”
“ਇਉਂ ਕਿਵੇਂ ਕਹਿ ਦਿਆਂ ਇਕਦਮ? ਉਹਦੇ ਦਿਲ ‘ਤੇ ਕੀ ਬੀਤੂਗੀ?”
“ਦਿਲ ਨੂੰ ਮਾਰ ਤੂੰ ਗੋਲੀ। ਆਪਾਂ ਵੀਰ ਜੀ ਦੇ ਘਰ ਚੱਲਦੇ ਆਂ।”
ਭੰਵਰਾਂ ਵਿਚ ਗੋਤੇ ਖਾਂਦੀ ਸੁਰਤ ਨੂੰ ਕਿਨਾਰਾ ਜਿਹਾ ਨਜ਼ਰੀਂ ਪਿਆ।
“ਚੱਲ, ਇਹ ਠੀਕ ਐ! ਉਠ ਫਿਰ। ਤਿੱਤਰ ਹੋਈਏ।”
ਅਸੀਂ ਦਗੜ-ਦਗੜ ਪੌੜੀਆਂ ਚੜ੍ਹਨ ਲੱਗੀਆਂ।
ਵੀਰ ਜੀ ਮਲਕੀਤ ਸਿੰਘ ਮੇਰੇ ਪਿੰਡ ਸਿਧਵਾਂ ਬੇਟ ਤੋਂ ਹਨ, ਸਾਡੇ ਗੁਆਂਢ ‘ਚੋਂ, ਤੇ ਉਹ ਵੀ ਮੇਰੇ ਨਾਲ ਕਦੇ ਸਕੇ ਭਰਾਵਾਂ ਤੋਂ ਘੱਟ ਨਹੀਂ ਵਰਤੇ। ਉਨ੍ਹਾਂ ਤੋਂ ਵੀ ਉਤੋਂ ਦੀ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ ਦਿੱਤਾ ਹੈ ਭਾਬੀ ਜੀ ਨੇ। ਉਹ ਘਰ ਮੇਰੇ ਲਈ ਸੱਚਮੁੱਚ ਪਟਿਆਲੇ ਦਾ ਕਿਲ੍ਹਾ ਸੀ।
“ਪਰਮਿੰਦਰ, ਮੇਰੇ ਲੋਕਲ-ਗਾਰਡੀਅਨ ਦੇ ਘਰ ਅਚਾਨਕ ਕੋਈ ਐਮਰਜੈਂਸੀ ਹੋ ਗਈ ਐ, ਸਾਨੂੰ ਜਾਣਾ ਪੈਣੈਂ ਹੁਣੇ।” ਮੈਂ ਅਲਮਾਰੀ ਵਿਚੋਂ ਪਰਸ ਕੱਢਦਿਆਂ ਆਖਿਆ। ਭੁਪਿੰਦਰ ਨੇ ਉਹਦਾ ਬੈਗ ਕਮਰੇ ਵਿਚੋਂ ਬਾਹਰ ਰੱਖ ਦਿੱਤਾ ਤੇ ਮੈਂ ਦਰਵਾਜੇ ਨੂੰ ਵੱਡਾ ਸਾਰਾ ਜਿੰਦਰਾ ਲਾ ਦਿੱਤਾ।
“ਬਹੁਤ ਜ਼ਿਆਦਾ ਈ ਐਮਰਜੈਂਸੀ ਹੋ ਗਈ ਐ ਪਰਮਿੰਦਰ! ਜਾਏ ਬਿਨਾ ਸਰਨਾ ਨ੍ਹੀਂ। ਤੂੰ ਬੱਲੀ, ਕਿਸੇ ਹੋਰ ਕੁੜੀ ਕੋਲ ਰਹਿ ਲੈ। ਇੰਨੀਆਂ ਕੁੜੀਆਂ ਨੇ ਏਥੇ, ਸੌਰੀ… ਹੈਂ?”
ਮੈਂ ਕਸੂਰਵਾਰ ਜਿਹੀ ਬਣੀ ਉਸ ਕੋਲੋਂ ਮੁਆਫੀ ਮੰਗ ਰਹੀ ਸਾਂ।
ਅਸੀਂ ਉਹਨੂੰ ਉਵੇਂ ਹੱਕੀ-ਬੱਕੀ ਖੜ੍ਹੀ ਛੱਡ ਕੇ ਹੋਸਟਲ ਦੇ ਗੇਟ ਤੋਂ ਬਾਹਰ ਹੋ ਗਈਆਂ। ਅਗਲੇ ਦਿਨ ਲੌਢੇ ਵੇਲੇ ਜਦੋਂ ਵਾਪਿਸ ਆਈਆਂ ਤਾਂ ਕੁੜੀਆਂ ਗਰੁੱਪਾਂ ਵਿਚ ਖੜ੍ਹੀਆਂ ਸਨ। ਸਾਰੇ ਪਾਸੇ ਰੌਲਾ ਪਿਆ ਹੋਇਆ ਸੀ। ਰਾਤੀਂ ਪੁਲਿਸ ਨੇ ਛਾਪਾ ਮਾਰਿਆ ਸੀ। ਇਕ-ਇਕ ਕੁੜੀ ਦੇ ਕਮਰੇ ਦੀ ਤਲਾਸ਼ੀ ਲਈ ਸੀ।
“ਓ ਮੇਰਿਆ ਰੱਬਾ!” ਮੈਂ ਅੰਦਰੋਂ ਕੁੰਡੀ ਲਾ ਕੇ ਧੜੈਂ ਕਰਕੇ ਮੰਜੇ ਉਤੇ ਡਿੱਗ ਪਈ।
“ਕੀ-ਕੀ ਬਣਨੀਆਂ ਸੀ ਮੇਰੇ ਨਾਲ। ਪੁਲਿਸ ਨੇ ਮੈਨੂੰ ਵੀ ਫੜ ਲੈਣਾ ਸੀ। ਕੌਣ ਮੇਰੇ ‘ਤੇ ਵਿਸ਼ਵਾਸ ਕਰਦਾ? ਮੇਰੇ ਘਰਦੇ ਕੀ ਕਹਿੰਦੇ? ਕੀ ਕਰਦੇ? ਉਫ! ਸਭ ਕੁਝ ਸੁਆਹ ਹੋ ਜਾਣਾ ਸੀ। ਮੈਂ ਤਾਂ ਬਰਬਾਦ ਹੋ ਜਾਣਾ ਸੀ ਜਮ੍ਹਾਂ ਈ।” ਮੇਰੇ ਸਿਰ ਨੂੰ ਘੁਮੇਰਾਂ ਜਿਹੀਆਂ ਆਉਣ ਲੱਗੀਆਂ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ।
ਜੇ ਕਿਤੇ ਉਦੋਂ ਦਰਸ਼ਨ ਮੈਨੂੰ ਸੁਚੇਤ ਕਰਨ ਦਾ ‘ਮਹਾਂਕਰਮ’ ਨਾ ਕਰਦਾ ਤਾਂ ਮੇਰੇ ਜੀਵਨ ਵਿਚ ਪਤਾ ਨਹੀਂ ਕਿਹੋ ਜਿਹੇ ਹਨੇਰੇ ਛਾ ਜਾਣੇ ਸਨ!
ਜਿਵੇਂ ਕਹਿੰਦੇ ਨੇ ਨਾ, ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ’, ਮੈਂ ਸਾਵਧਾਨ ਫਿਰ ਵੀ ਨਹੀਂ ਸਾਂ ਹੋ ਸਕੀ। ਉਤੋਂ ਬਲਦੇਵ ਤਾਂ ਜਮ੍ਹਾਂ ਈ ਰੱਬ ਦਾ ਬੰਦਾ। ਉਹਨੇ ਤਾਂ ਵਾਗਾਂ ਹੀ ਖੁੱਲ੍ਹੀਆਂ ਛੱਡੀਆਂ ਹੋਈਆਂ ਨੇ। ਮੈਂ ਤਾਂ ਭਾਂਡੇ ਨੂੰ ਥੋੜ੍ਹਾ-ਬਹੁਤਾ ਟੁਣਕਾ ਲੈਂਦੀ ਹਾਂ, ਉਹ ਤਾਂ ਸਭ ਕੁਝ ਹੀ ਉਪਰ ਵਾਲੇ ਦੇ ਸਪੁਰਦ ਕਰ ਦਿੰਦਾ। ਤਿੰਨ ਵਾਰ ਬਹੁਤ ਲਾਚਾਰ ਤੇ ਬੇਹਾਲ ਦਿਸਦੇ ਅਜਨਬੀ ਬੰਦੇ ਸਾਡੇ ਘਰ ਕਈ-ਕਈ ਰਾਤਾਂ ਕੱਟ ਕੇ ਗਏ, ਜਿਨ੍ਹਾਂ ਨੇ ਆਪਣਾ ਪਤਾ-ਟਿਕਾਣਾ ਵੀ ਗਲਤ ਦੱਸਿਆ ਸੀ।
ਇਕ ਵਾਰ ਤਾਂ ਪੁੱਤਰ ਡੇਢ ਕੁ ਸਾਲ ਦਾ ਸੀ। ਜਿਹੜਾ ਬੰਦਾ ਫਟੇ-ਹਾਲੀਂ ਸਾਡੇ ਦਰ ‘ਤੇ ਆਇਆ ਸੀ, ਉਸ ਦੇ ਕਹਿਣ ਅਨੁਸਾਰ, ਉਹਨੂੰ ਮਤਰੇਈ ਮਾਂ ਨੇ ਘਰੋਂ ਕੱਢ ਦਿੱਤਾ ਸੀ। ਉਹ ਕਈ ਹਫਤੇ ਰਿਹਾ। ਬੇਟੇ ਨੂੰ ਕੁੱਛੜ ਚੁੱਕ ਕੇ ਬਾਹਰ ਖਿਡਾਉਣ ਵੀ ਲੈ ਜਾਂਦਾ। ਬਾਅਦ ‘ਚ ਕਿਸੇ ਤਰ੍ਹਾਂ ਉਹਦੇ ਫਰਾਡ ਹੋਣ ਦਾ ਭੇਤ ਲੱਗਿਆ। ਫਿਰ ਤਾਂ ਸਾਡੀ ਮਿੱਟੀ-ਪਿੱਟੀ ਹੀ ਗੁੰਮ ਹੋ ਗਈ। ਜੇ ਕਿਤੇ ਉਹ ਸਾਡੇ ਬੱਚੇ ਨੂੰ ਚੁੱਕ ਕੇ ਲੈ ਗਿਆ ਹੁੰਦਾ? ਪਰ ਸਾਡੇ ਨਾਲ ਉਨ੍ਹਾਂ ਤਿੰਨਾਂ ਨੇ ਕੋਈ ਬੁਰਾ ਨਹੀਂ ਕੀਤਾ। ਕੇਵਲ ਉਨ੍ਹਾਂ ਦੀਆਂ ਗੱਲਾਂ ਹੀ ਝੂਠ ਸਾਬਤ ਹੋਈਆਂ। ਪੜ੍ਹਨ-ਸੁਣਨ ਵਾਲੇ ਨੂੰ ਤਾਂ ਇਹ ਸਾਡੀ ਬਹੁਤ ਵੱਡੀ ਬੇਵਕੂਫੀ ਲੱਗੇਗੀ ਤੇ ਸ਼ਾਇਦ ਇਹ ਹੈ ਵੀ ਸੀ, ਪਰ ਇਹ ਭਲੇ ਵੇਲਿਆਂ ਦੀਆਂ ਬਾਤਾਂ ਨੇ। ਕੋਈ 40-50 ਵਰ੍ਹੇ ਪੁਰਾਣੀਆਂ, ਜਦੋਂ ਲੋਕ ਜਿਸ ਥਾਲੀ ਵਿਚ ਖਾਂਦੇ, ਉਸੇ ਵਿਚ ਛੇਕ ਨਹੀਂ ਸੀ ਕਰਦੇ ਹੁੰਦੇ।
ਉਂਜ ਵੀ ਉਜਾਲਿਆਂ ਵਿਚ ਵਿਸ਼ਵਾਸ ਮਰਨਾ ਨਹੀਂ ਚਾਹੀਦਾ, ਕਿਉਂਕਿ ਹਨੇਰੇ ਕਿੰਨੇ ਵੀ ਗਹਿਰੇ, ਕਿੰਨੇ ਵੀ ਗੂੜ੍ਹੇ ਹੋਣ, ਚਾਨਣ ਦੀ ਇਕ ਛਿੱਟ ਹੀ ਬਹੁਤ ਹੁੰਦੀ ਹੈ ਉਨ੍ਹਾਂ ਦਾ ਮੂੰਹ-ਤੋੜ ਜਵਾਬ ਬਣਨ ਲਈ, ਤੇ ਇਹ ਛਿੱਟ ਜਦੋਂ ਵਕਤ ਨੇ ਸਾਡੀ ਤਲੀ ‘ਤੇ ਧਰੀ ਤਾਂ ਜਾਪਿਆ ਕਿ ਇਸ ਵਰਗੀ ਬਾਦਸ਼ਾਹਤ ਹੋਰ ਕਿਧਰੇ ਨਹੀਂ।
ਜੂਨ ਦੀ ਉਸ ਤਿੱਖੜ ਦੁਪਹਿਰ ਬਲਦੇਵ ਕਲਿਨਿਕ ਤੋਂ ਦੁਪਹਿਰ ਦੇ ਖਾਣੇ ਲਈ ਆਇਆ ਤਾਂ ਉਹਦੇ ਪਿਛੇ ਕੋਈ 18-19 ਸਾਲਾਂ ਦਾ ਪਰਵਾਸੀ ਮਜ਼ਦੂਰ ਬੈਠਾ ਸੀ। ਮੋਟਰਸਾਈਕਲ ਮੰਜੇ ਕੋਲ ਲਿਜਾ ਕੇ ਉਹਨੇ ਮੁੰਡੇ ਨੂੰ ਸਹਾਰਾ ਦੇ ਕੇ ਉਤਾਰਿਆ।
“ਕਿਸੇ ਹਵੇਲੀ ਦੇ ਬਾਹਰ ਬੈਠਾ ਹੂੰਗਰੇ ਮਾਰ ਰਿਹਾ ਸੀ। ਪਹਿਲਾਂ ਤਾਂ ਅਗਲੇ ਜਣੇ ਖੇਤਾਂ ‘ਚ ਵਾਹੁੰਦੇ ਰਹੇ ਵਿਚਾਰੇ ਨੂੰ, ਹੁਣ ਜਦੋਂ ਜਮ੍ਹਾਂ ਈ ਕੰਮ ਕਰਨ ਤੋਂ ਆਰੀ ਹੋ ਗਿਆ ਤਾਂ ਘਰੋਂ ਕੱਢ ਕੇ ਅਹੁ ਮਾਰਿਆ।” ਮੇਰੇ ਪੁੱਛਣ ਤੋਂ ਪਹਿਲਾਂ ਹੀ ਬਲਦੇਵ ਬੋਲਿਆ।
“ਕੀ ਹੋਇਐ ਇਹਨੂੰ?”
“ਰਿਊਮੈਟਿਕ ਅਰਥਰਾਈਟਿਸ ਐ ਸ਼ਾਇਦ। ਪਹਿਲਾਂ ਇਹਨੂੰ ਰੋਟੀ-ਪਾਣੀ ਖੁਆ। ਫਿਰ ਦੇਖਦੇ ਆਂ।”
ਖੌਰੇ ਉਹ ਕਿੰਨਾ ਕੁ ਭੁੱਖਾ ਸੀ, ਮੂੰਗੀ ਮਸਰੀ ਦੀ ਦਾਲ ਨੂੰ ਹਾਬੜਿਆਂ ਵਾਂਗ ਪਿਆ।
ਥਰਮਾਮੀਟਰ ਲਾਇਆ ਤਾਂ ਇਕ ਸੌ ਪੰਜ ਡਿਗਰੀ ਬੁਖਾਰ। ਗੋਡੇ ਸੁੱਜੇ ਹੋਏ। ਲਾਲ ਸੂਹੇ। ਮਾੜੀ ਜਿਹੀ ਲੱਤ ਹਿੱਲਦੀ ਤਾਂ ਜ਼ੋਰ ਦੀ ਚੀਕਦਾ। ਅਸੀਂ ਉਹਦੇ ਪੈਨਸਿਲੀਨ ਦੇ ਟੀਕੇ ਲਾਉਂਦੇ, ਹੋਰ ਦਵਾਈ ਖੁਰਾਕ ਦਿੰਦੇ ਤੇ ਆਪੋ-ਆਪਣੇ ਕਲਿਨਿਕ ਨੂੰ ਤੁਰ ਜਾਂਦੇ।
“ਵੇ ਬਲਦੇਵ! ਭਾਈ ਤੁਸੀਂ ਤਾਂ ਓਪਰੇ ਬੰਦੇ ਨੂੰ ਰਾਖੀ ਬਿਠਾ ਜਾਨੇ ਐਂ, ਅਈਦਾਂ ਜਕੀਨ ਕਰਨ ਦਾ ਕੋਈ ਜਮਾਨੈਂ? ਨਾ ਜੇ ਕੋਈ ਚੋਰੀ-ਚੂਰੀ ਕਰਕੇ ਭੱਜ ਗਿਆ, ਫਿਰ?” ਕਦੀ ਕਦੀ ਕੋਈ ਗੁਆਂਢਣ ਆਖਦੀ।
“ਮਾਸੀ! ਤੁਰ ਤਾਂ ਇਹਤੋਂ ਹੁੰਦਾ ਨੀ, ਲੈ ਕੇ ਕੀ ਭੱਜ ਜੂ? ਨਾਲੇ ਸਾਡੇ ਕੋਲ ਹੈ ਕੀ, ਜਿਹੜਾ ਲੈ ਜੂ?” ਬਲਦੇਵ ਹੱਸਦਾ-ਹੱਸਦਾ ਜਵਾਬ ਦਿੰਦਾ।
ਤਿੰਨ ਕੁ ਮਹੀਨੇ ਦੀ ਤੀਮਾਰਦਾਰੀ ਨਾਲ ਮੁੰਡਾ ਨੌ-ਬਰ-ਨੌ ਹੋ ਗਿਆ। ਇਕ ਦਿਨ ਰਹਿਰਾਸ ਵੇਲੇ ਬਲਦੇਵ ਬੋਲਿਆ, “ਮਿੰਦਰ! ਕੋਈ ਪੈਸੇ-ਪੂਸੇ ਹੈਗੇ ਆ ਤਾਂ ਦੇਹ, ਬੁੱਧੀਰਾਮ ਆਵਦੇ ਘਰ ਜਾਣਾ ਚਾਹੁੰਦੈ।”
“ਮੇਰੇ ਕੋਲ ਕਿਥੇ ਪੈਸੇ? ਥੋਨੂੰ ਪਤਾ ਈ ਐ ਆਈ-ਚਲਾਈ ਦਾ।”
“ਇਉਂ ਨਾ ਕਰ ਜਾਨੇਮਨ! ਆਈ ਐਮ ਸ਼ੁਅਰ ਯੂ ਕੈਨ ਡੂ ਵੰਡਰਜ਼! ਵਿਚਾਰਾ ਕਈ ਦਿਨਾਂ ਦਾ ਆਖੀ ਜਾਂਦੈ, ‘ਮੇਰੇ ਕੋ ਦੇਸ ਭੇਜ ਦੋ। ਮੇਰੇ ਕੋ ਦੇਸ ਭੇਜ ਦੋ।’ ਕਰ ਨਾ ਕੋਈ ਬਾੜ੍ਹਾ-ਦਾੜ੍ਹਾ।”
“ਚਲਿਆ ਜਾਊਗਾ ‘ਕੱਲਾ?”
“ਹਾਂ, ਹੁਣ ਕੀ ਐ ਉਹਨੂੰ? ਭੱਜਿਆ ਤਾਂ ਫਿਰਦੈ।”
ਆਖਿਰ ਮੈਂ ਆਪਣੀ ਬੁਗ੍ਹਨੀ ਤੋੜੀ। ਰੁਪਏ, ਦੋ ਰੁਪਏ, ਪੰਜ ਰੁਪਏ, ਦਸ ਰੁਪਏ, ਅਠਿਆਨੀਆਂ, ਚੁਆਨੀਆਂ ਦਾ ਢੇਰ ਦੇਖ ਕੇ ਬਲਦੇਵ ਖਿੜ ਗਿਆ।
“ਲੈ! ਇਹ ਤਾਂ ਕੰਮ ਈ ਬਣ ਗਿਆ। ਬਾਕੀ ਮੇਰੇ ਕੋਲ ਹੈਗੇ ਨੇ।” ਉਹ ਪੂਰੇ ਦੋ ਸੌ ਤਿਹਤਰ ਰੁਪਏ ਪਚ੍ਹੱਤਰ ਪੈਸੇ ਜੇਬ ਵਿਚ ਪਾਉਂਦਾ ਗੁਟਕਿਆ, “ਮੈਂ ਕਿਹਾ ਸੀ ਨਾ ਮਿੰਦਰ! ਯੂ ਆਰ ਗਰੇਟ। ਯੂ ਰੀਅਲ ਆਰ…।” ਫਿਰ ਮੇਰੀ ਹਥੇਲੀ ‘ਤੇ ਨਿੱਕਾ ਜਿਹਾ ਬੋਸਾ ਦੇ ਕੇ ਗੁਣ-ਗੁਣਾਉਣ ਲੱਗਾ, “ਯਹੀ ਅਦਾ ਤੋ ਕਾਤਿਲ ਹੈ, ਜਿਸ ਨੇ ਹਮ ਕੋ ਮਾਰਾ ਹੈ।”
ਬੁੱਧੀ ਰਾਮ ਨੂੰ ਤਾਂ ਜਿਵੇਂ ਚਾਅ ਵਿਚ ਮਸਾਂ ਹੀ ਰਾਤ ਨਿਕਲੀ। ਉਹਦੇ ਪਲਸੇਟਿਆਂ ਨਾਲ ਮੁੜ-ਮੁੜ ਚੂਕਦੀ ਮੰਜੀ ਗਈ ਰਾਤ ਤਕ ਉਹਦੇ ਤਰਲੋ-ਮੱਛੀ ਹੋਣ ਦਾ ਗਵਾਹ ਬਣਦੀ ਰਹੀ। ਪਹੁ ਫੁਟਦਿਆਂ ਹੀ ਬਲਦੇਵ ਉਹਨੂੰ ਲੁਧਿਆਣੇ ਦੇ ਸਟੇਸ਼ਨ ‘ਤੇ ਗੱਡੀ ਚੜ੍ਹਾ ਆਇਆ।
ਕੋਈ ਵੀਹ ਕੁ ਦਿਨ ਬਾਅਦ ਡਾਕੀਆ ਪੋਸਟਕਾਰਡ ਦੇ ਗਿਆ। ਬੁੱਧੀਰਾਮ ਦੇ ਪਿਤਾ ਨੇ ਟੁੱਟੀ-ਫੁੱਟੀ ਹਿੰਦੀ ਵਿਚ ਲਿਖਿਆ ਸੀ, “ਹਮ ਭਗਵਾਨ ਕੋ ਨਹੀਂ ਮਾਨਤਾ ਥਾ, ਲੇਕਿਨ ਇਬ ਮਾਨਤਾ ਹੂੰ। ਔਰ ਯੇ ਭੀ ਜਾਨਤਾ ਹੂੰ ਕਿ ਵੋ ਆਪ ਕੇ ਘਰ ਮੇਂ ਰਹਿਤਾ ਹੈ।”
ਉਸ ਵਰੋਸਾਈ ਘੜੀ ਅਸੀਂ ਦੋਵੇਂ ਚਾਨਣ-ਚਾਨਣ ਹੋ ਗਏ ਸਾਂ।