ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਭਾਂਤ-ਸੁਭਾਂਤੇ ਚੈਨਲਾਂ ਦੇ ਰੰਗ-ਬਰੰਗੇ ‘ਐਗਜ਼ਿਟ ਪੋਲ’ ਦੇਖ ਕੇ ਸੋਸ਼ਲ ਮੀਡ੍ਹੀਆ ‘ਤੇ ਕਈ ਸੱਜਣ ਫਾਸ਼ੀਵਾਦੀ ਤਾਕਤਾਂ ਦੀ ਕਥਿਤ ‘ਚੜ੍ਹਾਈ’ ਵਾਲੇ ਅੰਕੜਿਆਂ ਤੋਂ ਮਾਯੂਸ ਹੋ ਰਹੇ ਨੇ। ਕੋਈ ਵੀਰ ਉਨ੍ਹਾਂ ਦੀ ਖਿੱਲੀ ਉਡਾਉਂਦਾ ਕਿਸੇ ਹੋਰ ਚੈਨਲ ਦੇ ‘ਮਨਭਾਉਂਦੇ’ ਅੰਕੜੇ ਦਿਖਾ ਕੇ ਤਿਫਲ-ਤਸੱਲੀ ਦਾ ਪ੍ਰਗਟਾਵਾ ਕਰ ਰਿਹਾ ਐ!
ਅਜਿਹੇ ਵਿਚ ਮੈਨੂੰ ਆਪਣੇ ਪਿੰਡ ਦੀ ਇਕ ਦਿਲਚਸਪ ਵਾਰਤਾ ਚੇਤੇ ਆ ਗਈ! ਸੰਨ ਸੰਤਾਲੀ ਤੋਂ ਪਹਿਲਾਂ ਸਾਡੇ ਪਿੰਡ ਮੁਸਲਿਮ ਪਰਿਵਾਰਾਂ ਵਿਚ ਮੀਰਜ਼ਾਦਿਆਂ ਦਾ ਵੀ ਇਕ ਟੱਬਰ ਰਹਿੰਦਾ ਸੀ, ਜੋ ਮੱਝਾਂ ਪਾਲ ਕੇ ਆਪਣਾ ਜੀਵਨ ਨਿਰਬਾਹ ਚਲਾਇਆ ਕਰਦਾ ਸੀ। ਬਜੁਰਗ ਦੱਸਿਆ ਕਰਦੇ ਕਿ ਸਾਰੇ ਪਿੰਡ ਦਾ ਚੌਣਾ (ਪਸੂਆਂ ਦਾ ਵੱਗ) ਇਕ ਪਾਲੀ ਚਰਾਉਣ ਜਾਂਦਾ ਹੁੰਦਾ ਸੀ। ਇਕ ਦਿਨ ਪਾਲੀ ਨੇ ਮੀਰਜ਼ਾਦੇ ਨੂੰ ਦੱਸਿਆ ਕਿ ਤੇਰੀ ਫਲਾਣੀ ਝੋਟੀ ਨਵੇਂ ਦੁੱਧ ਹੋ ਗਈ ਐ।
ਲਉ ਜੀ, ਮੀਰਜ਼ਾਦੇ ਨੇ ਉਸ ਦਿਨ ਤੋਂ ਬੜੇ ਚਾਅਵਾਂ ਰੀਝਾਂ ਨਾਲ ਉਸ ਝੋਟੀ ਦੀ ਉਚੇਚੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤਾਰਾ-ਮੀਰਾ ਤੇ ਹੋਰ ਦਾਣਾ-ਦੱਪਾ ਵੀ ਚਾਰਨਾ ਸ਼ੁਰੂ ਕਰ ਦਿੱਤਾ। ਝੋਟੀ ਦੇਹੀ-ਪਿੰਡੇ ਕਾਫੀ ਨਿੱਖਰਨ ਲੱਗ ਪਈ। ਮੀਰਜ਼ਾਦੇ ਦਾ ਸਾਰਾ ਟੱਬਰ ਵੀ ਝੋਟੀ ਦੀ ਸੇਵਾ ‘ਚ ਕਦੇ ਆਲਸ ਨਾ ਕਰਦਾ। ਕਹਾਵਤ ਹੈ ਕਿ ਮੱਝਾਂ ਦੇ ਸੂਣ, ਦਰਿਆਵਾਂ ਦੇ ਵਹਿਣ ਤੇ ਰਾਜਿਆਂ ਦੇ ਫੈਸਲੇ ਅੱਖਾਂ ਪਕਾ ਦਿੰਦੇ ਨੇ! ਇੰਜ ਝੋਟੀ ਦੀ ਸੇਵਾ ਕਰਦਿਆਂ ਪੰਜ, ਛੇ, ਸੱਤ ਮਹੀਨੇ ਬੀਤ ਗਏ ਤੇ ਚੜ੍ਹ ਪਿਆ ਅੱਠਵਾਂ ਮਹੀਨਾ। ਝੋਟੀ ਨੂੰ ਦੇਹੀ ਪਿੰਡੇ ਵਲੋਂ ਪਸਰਦੀ ਦੇਖ ਕੇ ਸਾਰਾ ਟੱਬਰ ਖੁਸ਼ ਹੋ ਰਿਹਾ ਸੀ। ਨੌਵਾਂ ਮਹੀਨਾ ਚੜ੍ਹਦਿਆਂ ਕਿਤੇ ਜਾਡਲੇ ਵਾਲਾ ਸਲੋਤਰੀ ਪਿੰਡ ‘ਚ ਆਇਆ। ਉਸ ਨੇ ਝੋਟੀ ਨੂੰ ਚੈਕ ਕਰਕੇ ਦੱਸਿਆ ਕਿ ਇਹ ਤਾਂ ‘ਖਾਲੀ’ ਹੈ, ਭਾਵ ਕਿ ਸੂਣ ਵਾਲੀ ਨਹੀਂ!
ਬਜੁਰਗ ਹੱਸ ਹੱਸ ਕੇ ਦੱਸਿਆ ਕਰਦੇ ਸਨ ਕਿ ਮੀਰਜ਼ਾਦਾ ਸਾਰੇ ਪਿੰਡ ‘ਚ ਕਹਿੰਦਾ ਫਿਰੇ ਅਖੇ ਭਰਾਵੋ, ਮੈਂ ਤਾਂ ‘ਖੁੰਡਰਾਈ ਹੋਈ’ ਮੱਝ (ਸੂਣ ਵਾਲੇ ਪਸੂ ਦੀ ਉਹ ਅਵਸਥਾ ਜਦ ਜਨਮ ਲੈ ਰਹੇ ਕਟੜੂ-ਵਛੜੂ ਦੇ ਪੈਰ ਬਾਹਰ ਆਏ ਦਿਸਦੇ ਹਨ) ਨੂੰ ਵੀ ‘ਸੂਣ ਵਾਲੀ’ ਨਾ ਕਹੂੰਗਾ!
ਸੋ, ਸੰਨ 2017 ਵਿਚ ‘ਆਪ’ ਦੀਆਂ ਇੱਟ ਵਰਗੀਆਂ ਪੱਕੀਆਂ ਸੌ ਤੋਂ ਵੱਧ ਸੀਟਾਂ ਬਣਾਈ ਬੈਠੇ ਪੰਜਾਬੀਓ ਘੱਟ ਤੋਂ ਘੱਟ ਤੁਸੀਂ ਤਾਂ ਉਕਤ ਮੀਰਜ਼ਾਦੇ ਦੇ ਬੋਲਾਂ ‘ਤੇ ਪਹਿਰਾ ਦਿੰਦਿਆਂ ਤੇਈ ਮਈ ਤੱਕ ਕਿਸੇ ਐਗਜ਼ਿਟ ਪੋਲ ਦਾ ਯਕੀਨ ਨਾ ਕਰੋ!