ਭੰਗੜੇ ਦਾ ਪਿੜ ਬੱਝਿਆ…

ਨਰਿੰਦਰ ਨਿੰਦੀ
ਭੰਗੜੇ ਦੇ ਇਤਿਹਾਸਕ ਪਿਛੋਕੜ ਨੂੰ ਖੋਜਣ ਤੋਂ ਪਹਿਲਾਂ ਇਸ ਦੇ ਮਿਥਿਹਾਸਕ ਪੱਖ ‘ਤੇ ਝਾਤੀ ਮਾਰਨੀ ਲੋੜੀਂਦੀ ਹੈ। ਇਸ ਦੀ ਪਰਖ ਕਰਨ ਤੋਂ ਪਤਾ ਲਗਦਾ ਹੈ ਕਿ ਜਦੋਂ ਸ਼ਿਵਜੀ ਨੇ ‘ਤਾਂਡਵ ਨ੍ਰਿਤ’ ਨੱਚਿਆ ਤਾਂ ਉਨ੍ਹਾਂ ਨੇ ਭੰਗ ਦੀ ਲੋਰ ਵਿਚ ਅਨੇਕਾਂ ਨ੍ਰਿਤ ਮੁਦਰਾਵਾਂ ਦੀ ਸਿਰਜਣਾ ਕੀਤੀ। ਕਈ ਪਾਰਖੂ ਗੁਰੂ ਦੇਵਾਂ ਦਾ ਵਿਚਾਰ ਹੈ ਕਿ ਉਨ੍ਹਾਂ ਵਿਚੋਂ ਹੀ ਭੰਗੜੇ ਦਾ ਉਦਭਵ ਹੋਇਆ ਹੈ, ਉਹ ‘ਭੰਗੜਾ’ ਦੇ ਸ਼ਬਦਿਕ ਅਰਥ ਭੰਗ+ਅੜਾ ਲੈਂਦੇ ਹਨ ਜੋ ਮਸਤੀ ਵਿਚ ਨੱਚ-ਨੱਚ ਕੇ ਬੜ੍ਹਕਾਂ ਮਾਰਨ ਦੇ ਧਾਰਨੀ ਹਨ। ਅੱਜ ਕੱਲ੍ਹ ਵੀ ਅਸੀਂ ਦੇਖਦੇ ਹਾਂ ਕਿ ਸ਼ਿਵਜੀ ਦੇ ਭਗਤ ਸ਼ਿਵਰਾਤਰੀ ਨੂੰ ਸ਼ਿਵਦੁਆਲਿਆਂ ਵਿਚ ਭੰਗ ਪੀ ਕੇ ਬੜੀ ਮਸਤੀ ਨਾਲ ਭਜਨ ਗਾਉਂਦੇ ਅਤੇ ਨੱਚਦੇ ਹਨ।

ਪੁਰਾਤੱਤਵ ਵਿਗਿਆਨ ਦੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਨਾਚਾਂ ਦੇ ਚਿੰਨ੍ਹ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਸਿੰਧ ਘਾਟੀ ਦੀ ਖੁਦਾਈ ਵਿਚੋਂ ਲੱਭੀਆਂ ਲੱਭਤਾਂ ‘ਚੋਂ ਦੇਖੇ ਜਾ ਸਕਦੇ ਹਨ। ਉਸ ਵੇਲੇ ਵੀ ਅੱਜ ਵਾਂਗ ਪਸ਼ੂਪਤੀ, ਸ਼ਿਵਜੀ, ਦੇਵੀ ਮਾਂ ਅਤੇ ਪਿੱਪਲ ਦੀ ਪੂਜਾ ਕੀਤੀ ਜਾਂਦੀ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਭੰਗੜੇ ਦਾ ਉਦਭਵ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਹੋ ਚੁੱਕਾ ਸੀ। ਉਸ ਸਮੇਂ ਲੋਕ ਮੇਲੇ ਮਨਾਉਂਦੇ ਅਤੇ ਖੇਤੀਬਾੜੀ ਕਰਦੇ ਸਨ। ਉਹ ਵਪਾਰ ਵਿਚ ਬਹੁਤ ਉਨਤੀ ਕਰ ਚੁੱਕੇ ਸਨ। ਉਹ ਗੀਤ, ਸੰਗੀਤ ਅਤੇ ਨਾਚ ਦੇ ਬਹੁਤ ਸ਼ੌਕੀਨ ਸਨ। ਹੜੱਪਾ ਅਤੇ ਮੋਹਿੰਜੋਦੜੋ ਦੀਆਂ ਖੁਦਾਈਆਂ ਵਿਚੋਂ ਪ੍ਰਾਪਤ ਹੋਈਆਂ ਮੂਰਤੀਆਂ ਅਤੇ ਤਾਂਬੇ ਦੀ ਨਾਚੀ ਕੁੜੀ ਦਾ ਬੁੱਤ ਇਸ ਦੇ ਉਤਮ ਨਮੂਨੇ ਹਨ। ਖੁਦਾਈ ਵਿਚੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ, ਢੋਲ, ਢੋਲਕ, ਅਲਗੋਜ਼ੇ ਅਤੇ ਬੰਸਰੀ ਵਰਗੇ ਸਾਜ਼ਾਂ ਨੂੰ ਔਰਤਾਂ ਵੀ ਵਜਾਉਂਦੀਆਂ ਸਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਸਾਜ਼ਾਂ ਨੂੰ ਜ਼ਰੂਰ ਮਨੋਰੰਜਨ ਕਰਨ ਵਾਸਤੇ ਨਾਚ, ਗਾਣਿਆਂ ਨਾਲ ਵਜਾਇਆ ਜਾਂਦਾ ਹੋਵੇਗਾ।
ਸਿੰਧ ਘਾਟੀ ਦੀ ਸਭਿਅਤਾ ਦੁਨੀਆ ਦੀਆਂ ਪ੍ਰਾਚੀਨ ਸੱਭਿਆਤਾਵਾਂ ਵਿਚੋਂ ਸਭ ਤੋਂ ਮਹਾਨ ਮੰਨੀ ਗਈ ਹੈ, ਜਿਹੜੀ ਪੁਰਾਤਨ ਪੰਜਾਬ ਦੀ ਧਰਤੀ ‘ਤੇ ਹਿਮਾਲਾ ਪਰਬਤ ਤੋਂ ਲੈ ਕੇ ਸਿੰਧ ਸਾਗਰ ਤਕ ਫੈਲੀ ਹੋਈ ਸੀ। ਹੜੱਪਾ ਅਤੇ ਮੋਹਿੰਜੋਦੜੋ ਇਸ ਦੇ ਪ੍ਰਸਿਧ ਨਗਰ ਸਨ। ਵਿਦਵਾਨਾਂ ਦਾ ਮੱਤ ਹੈ ਕਿ ਆਧੁਨਿਕ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਉਸਾਰੀ ਸਿੰਧ ਘਾਟੀ ਦੀ ਸਭਿਅਤਾ ਦੀਆਂ ਨੀਹਾਂ ‘ਤੇ ਹੀ ਹੋਈ ਹੈ। ਇਸ ਲਈ ਨਾਚ, ਨਾਟਕ, ਅਤੇ ਹੋਰ ਕਲਾਵਾਂ ਦਾ ਉਦਭਵ ਸਾਨੂੰ ਉਸ ਦੀ ਹੀ ਮਹਾਨ ਦੇਣ ਹੈ।
ਪੰਜਾਬ ਦਾ ਜਨ-ਜੀਵਨ ਅਤੇ ਭੰਗੜਾ: ਮੁੱਢ-ਕਦੀਮ ਤੋਂ ਹੀ ਪੰਜਾਬ ਦੇ ਲੋਕ ਨਾਚ ਇਥੋਂ ਦੇ ਜਨ-ਜੀਵਨ ਦਾ ਅਹਿਮ ਅੰਗ ਰਹੇ ਹਨ। ਪੰਜ ਹਜ਼ਾਰ ਪੂਰਵ ਈਸਵੀ ਤੋਂ ਲੈ ਕੇ ਹੁਣ ਤਕ ਇਥੋਂ ਦੇ ਜਨ-ਜੀਵਨ ਵਿਚ ਅਨੇਕਾਂ ਭੌਤਿਕ, ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਤਬਦੀਲੀਆਂ ਆਈਆਂ ਹਨ। ਦਰਾਵੜਾਂ ਤੋਂ ਲੈ ਕੇ ਅੰਗਰੇਜ਼ਾਂ ਦੀ ਆਮਦ ਤਕ ਅਨੇਕਾਂ ਜਨ-ਜਾਤੀਆਂ ਨੇ ਇਸ ਖੇਤਰ ਦੇ ਸਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਮੁਹੱਈਆ ਕੀਤੀਆਂ ਹਨ। ਅਨੇਕਾਂ ਤਰ੍ਹਾਂ ਦੀ ਗੜਬੜ ਤੇ ਅਸ਼ਾਂਤੀ ਦੇ ਬਾਵਜੂਦ ਇਸ ਧਰਤੀ ‘ਤੇ ਲੋਕ ਨਾਚ ਨੱਚੇ ਜਾਂਦੇ ਰਹੇ ਹਨ, ਜਿਨ੍ਹਾਂ ਨੇ ਇਥੋਂ ਦੇ ਜਨ-ਜੀਵਨ ਵਿਚ ਖੇੜਾ ਭਰ ਕੇ ਰੱਖਿਆ। ਇਥੋਂ ਦੇ ਲੋਕ ਨਾਚ ਲੌਕਿਕ ਪ੍ਰਕਿਰਤੀ ਰੱਖਦੇ ਹਨ। ਖ਼ੁਸ਼ੀ ਦੇ ਬੇਕਾਬੂ ਅਤੇ ਬੇਰੋਕ ਉਛਾਲੇ ਨੂੰ ਗੱਭਰੂ ਤੇ ਮੁਟਿਆਰਾਂ ਮਸਤੀ ਨਾਲ ਨੱਚਦੇ ਰਹੇ ਹਨ।
ਕਈ ਮਾਨਵੀ ਇਤਿਹਾਸਕ ਤੱਥ ਗਵਾਹੀ ਭਰਦੇ ਹਨ ਕਿ ਜਦੋਂ ਕੋਈ ਕਬੀਲਾ ਕਿਸੇ ਦੂਜੇ ਕਬੀਲੇ ‘ਤੇ ਜਿੱਤ ਪ੍ਰਾਪਤ ਕਰਦਾ ਜਾਂ ਫਿਰ ਕੋਈ ਸ਼ਿਕਾਰ ਕਰਦਾ ਤਾਂ ਸਾਰੇ ਕਬੀਲੇ ਦੇ ਲੋਕ ਜਸ਼ਨ ਮਨਾਉਂਦੇ ਤੇ ਖ਼ੁਸ਼ੀ ਵਿਚ ਨੱਚਦੇ, ਜਦੋਂ ਨੱਚਣ ਵਾਸਤੇ ਉਨ੍ਹਾਂ ਨੂੰ ਰਿਦਮ ਦੀ ਲੋੜ ਮਹਿਸੂਸ ਹੋਈ, ਫਿਰ ਉਨ੍ਹਾਂ ਨੇ ਧਰਤੀ ਵਿਚ ਟੋਆ ਪੁੱਟ ਕੇ ਉਤੇ ਖੱਲ ਨੂੰ ਲੱਕੜ ਦੀਆਂ ਕੀਲੀਆਂ ਗੱਡ ਕੇ ਢੋਲ ਤਿਆਰ ਕੀਤਾ, ਫਿਰ ਉਨ੍ਹਾਂ ਆਦਿ ਵਾਸੀਆਂ ਨੇ ਇਸ ਨੂੰ ਵਜਾ ਕੇ ਨੱਚਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਕਿਸੇ ਆਦਿ ਵਾਸੀ ਨੂੰ ਜੰਗਲ ਵਿਚੋਂ ਲੱਕੜ ਦੇ ਮੋਛੇ ਦਾ ਖੋਲ ਲੱਭਾ ਤਾਂ ਉਸ ਨੇ ਬੜੀ ਤਰਕੀਬ ਨਾਲ ਉਸ ਉਤੇ ਮਰੇ ਹੋਏ ਸ਼ਿਕਾਰ ਦੀ ਖੱਲ ਲਪੇਟ ਕੇ ਇਕ ਢੋਲ ਤਿਆਰ ਕੀਤਾ, ਜਿਹੜਾ ਲੱਕੜ ਦੇ ਡੰਡੇ (ਡੱਗੇ) ਮਾਰਨ ‘ਤੇ ਦੋਵੇਂ ਪਾਸਿਆਂ ਤੋਂ ਵੱਜਦਾ, ਹੁਣ ਸਾਰਾ ਕਬੀਲਾ ਆਪਣੇ ਕੰਮ-ਕਾਜ ਤੋਂ ਵਿਹਲਾ ਹੋ ਕੇ ਇਸ ਨੂੰ ਵਜਾਉਂਦਾ ਤੇ ਨੱਚ-ਨੱਚ ਕੇ ਮਨੋਰੰਜਨ ਕਰਨ ਲੱਗਾ। ਉਹ ਲੋਕ ਕਿਸੇ ਵੀ ਮੰਗਲ ਕਾਰਜ ਸਮੇਂ ਘਮਟਿਆਂ ਬੱਧੀ ਨੱਚਦੇ ਰਹਿੰਦੇ। ਹੌਲੀ-ਹੌਲੀ ਉਨ੍ਹਾਂ ਨੇ ਜੰਗਲਾਂ-ਬੇਲਿਆਂ ਨੂੰ ਪੱਧਰਾ ਕਰਕੇ ਖੇਤੀਬਾੜੀ ਯੋਗ ਬਣਾਇਆ ਤੇ ਬੜੀ ਸੋਚ-ਵਿਚਾਰ ਕੇ ਆਪਣੇ ਚੰਗੇ ਜੀਵਨ ਵਸੇਬੇ ਦੀ ਵਿਉਂਤਬੰਦੀ ਕੀਤੀ।
ਖੇਤੀਬਾੜੀ ਅਤੇ ਭੰਗੜਾ: ਮਿਹਨਤਕਸ਼ ਪੰਜਾਬੀਆਂ ਨੇ ਜੰਗਲ-ਬੇਲਿਆਂ ਨੂੰ ਆਬਾਦ ਕਰਕੇ ਇਸ ਭੂਮੀ ਨੂੰ ਖੇਤੀਬਾੜੀ ਯੋਗ ਬਣਾ ਕੇ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ। ਇਥੇ ਵਹਿੰਦੇ ਦਰਿਆਵਾਂ ਨੇ ਇਸ ਧਰਤੀ ਦੀ ਉਪਜ ਨੂੰ ਚਾਰ ਚੰਨ ਲਾ ਦਿੱਤੇ। ਉਨ੍ਹਾਂ ਨੇ ਹੱਡ-ਭੰਨਵੀਂ ਕਮਾਈ ਕਰਕੇ ਖੇਤੀਬਾੜੀ ਵਿਚ ਚੰਗੀ ਮੁਹਾਰਤ ਹਾਸਲ ਕੀਤੀ। ਆਰੀਆ ਲੋਕਾਂ ਨੇ ਇਥੋਂ ਦੀ ਖ਼ੁਸ਼ਹਾਲ ਤੇ ਹਰਿਆਲੀ ਨੂੰ ਦੇਖ ਕੇ ਇਸ ਧਰਤੀ ‘ਤੇ ਪੱਕੇ ਹੀ ਡੇਰੇ ਲਾ ਲਏ। ਉਹ ਸ਼ੁਰੂ-ਸ਼ੁਰੂ ਵਿਚ ਪਸ਼ੂ ਪਾਲਣ ਵਾਲੇ ਚਰਵਾਹੇ ਹੀ ਸਨ, ਜਿਹੜੇ ਚਾਰੇ ਦੀ ਭਾਲ ਵਿਚ ਮੱਧ ਏਸ਼ੀਆ ਤੋਂ ਇਥੇ ਆਏ ਸਨ।
ਉਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਅਤੇ ਜੰਗਲਾਂ ਵਿਚ ਤਪ ਕਰਕੇ ਸ਼ਾਸਤਰਾਂ ਦੀ ਰਚਨਾ ਕੀਤੀ। ਫਿਰ ਉਪਨਿਸ਼ਦਾਂ, ਰਾਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਿ ਵੀ ਇਸ ਧਰਤੀ ‘ਤੇ ਰਚੇ ਗਏ। ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਰਚਨਾ ਵੀ ਪੰਜਾਬ ਦੀ ਧਰਤੀ ‘ਤੇ ਹੀ ਹੋਈ।
ਕਹਿੰਦੇ ਹਨ, ਮਿਹਨਤਕਸ਼ ਪੰਜਾਬੀਆਂ ਨੇ ਜਦੋਂ ਪਹਿਲੀ ਵਾਰ ਆਪਣੇ ਖੇਤਾਂ ਵਿਚ ਕਣਕ ਦੀ ਫਸਲ ਨੂੰ ਸੁਨਹਿਰੀ ਸਿੱਟੇ ਪੈਂਦੇ ਦੇਖੇ ਤਾਂ ਉਹ ਆਪਣੀ ਮਿਹਨਤ ਨੂੰ ਪਿਆ ਫਲ ਦੇਖ ਕੇ ਖ਼ੁਸ਼ੀ ਨਾਲ ਝੂਮ ਉਠੇ:
ਖੇਤਾਂ ਦੇ ਵਿਚ ਕਣਕਾਂ ਨੱਚਣ,
ਜੱਟ ਬੰਨੇ ‘ਤੇ ਨੱਚੇ
ਭੱਤਾ ਲੈ ਕੇ ਜੱਟੀ ਆਈ,
ਦੂਰੋਂ ਖੜ੍ਹੀ ਪੁਕਾਰੇ।
ਵਾਢੀ ਕਰ ਮਿੱਤਰਾ,
ਕਣਕ ਸੈਨਤਾਂ ਮਾਰੇ।
‘ਭੰਗੜਾ’ ਪੁਰਾਤਨ ਪੰਜਾਬੀਆਂ ਦਾ ਸਰਬ ਸਾਝਾਂ ਤੇ ਜਿੰਦ-ਜਾਨ ਨਾਲੋਂ ਵੀ ਪਿਆਰਾ ਲੋਕ ਨਾਚ ਹੈ। ਆਧੁਨਿਕ ਭੰਗੜੇ ਦਾ ਸਬੰਧ ਵਿਸ਼ੇਸ਼ ਤੌਰ ‘ਤੇ ਹਾੜ੍ਹੀ ਦੀ ਫਸਲ (ਕਣਕ) ਨਾਲ ਹੈ। ਚੜ੍ਹਦੇ ਵਿਸਾਖ ਦੀ ਪਹਿਲੀ ਤਰੀਕ ਨੂੰ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਸੰਗਰਾਂਦ ਵੀ ਹੁੰਦੀ ਹੈ। ਪੁਰਾਣੇ ਸਮਿਆਂ ਵਿਚ ਵਿਸਾਖੀ ਦਾ ਮੇਲਾ ਖੁੱਲ੍ਹੇ ਚੌਗਾਨਾਂ ਜਾਂ ਫਿਰ ਦਰਿਆਵਾਂ, ਨਦੀਆਂ, ਨਹਿਰਾਂ ਦੇ ਕੰਢਿਆਂ ‘ਤੇ ਲੱਗਦਾ ਸੀ। ਇਸ ਦਿਨ ਲੋਕ ਸਵਖ਼ਤੇ ਉਠ ਕੇ ਇਸ਼ਨਾਨ ਕਰਦੇ ਫਿਰ ਨਵੇਂ ਕੱਪੜੇ ਪਹਿਨ ਕੇ ਮੇਲਾ ਦੇਖਣ ਪੈਦਲ ਜਾਂਦੇ ਸਨ।
ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਹਾੜ੍ਹੀ ਦੀ ਫਸਲ ਦੀ ਬਿਜਾਈ ਤੋਂ ਲੈ ਕੇ ਗਹਾਈ ਤਕ ਕਈ ਕਿਸਮ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਇਹ ਸਭ ਕੁਝ ਕੁਦਰਤੀ ਕਰੋਪੀਆਂ ਦੀ ਮਾਰ ਤੋਂ ਬਚਣ ਲਈ ਕੀਤਾ ਜਾਂਦਾ ਸੀ। ਕਿਸਾਨਾਂ ਨੂੰ ਰੱਬ ਦੀ ਰਹਿਮਤ ‘ਤੇ ਨਿਰਭਰ ਕਰਨਾ ਪੈਂਦਾ ਸੀ। ਜਦੋਂ ਤਕ ਦਾਣੇ ਘਰ ਵਿਚ ਨਾ ਪੁੱਜ ਜਾਂਦੇ ਉਦੋਂ ਤਕ ਉਨ੍ਹਾਂ ਦਾ ਦਿਲ ਧੁੜਕੂ-ਧੁੜਕੂ ਕਰਦਾ ਰਹਿੰਦਾ। ਸਾਰਾ ਭਾਈਚਾਰਾ ਇਕੱਠਾ ਮਿਲ-ਜੁਲ ਕੇ ਕੰਮ ਕਰਦਾ। ਲਾਗੀਆਂ ਨੂੰ ਲਾਗ ਦਿੱਤੇ ਜਾਂਦੇ, ਲੰਬੜਾਂ ਤੇ ਸ਼ਾਹਾਂ ਦੇ ਸਾਰੇ ਸਾਲ ਦੇ ਹਿਸਾਬ-ਕਿਤਾਬ ਕਰਕੇ ਪੰਜਾਬੀ ਲਾੜੇ ਵਾਂਗ ਸਜ-ਧਜ ਕੇ ਮੇਲਾ ਦੇਖਣ ਜਾਂਦੇ। ਢੋਲ ‘ਤੇ ਡੱਗੇ ਵੱਜਦੇ ਤੇ ਭੰਗੜੇ ਪੈਂਦਾ:
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ।
ਲੰਬੜਾਂ ਦੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।