ਸਿਨੇਮਾ ਵਿਚ ਹਿੰਦੋਸਤਾਨ ਅਤੇ ਪਾਕਿਸਤਾਨ

ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਬੇਸ਼ੱਕ ਤਲਖੀ ਦੇਖੀ ਜਾਂਦੀ ਹੈ ਪਰ ਦੋਹਾਂ ਦੇਸ਼ਾਂ ਦੇ ਪਿਛੋਕੜ ‘ਤੇ ਬਣੀਆਂ ਫਿਲਮਾਂ ਦੀ ਸਫਲਤਾ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਰਹੱਦ ਦੇ ਦੋਵੇਂ ਪਾਸੇ ਵੱਖ ਵੱਖ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਫਿਲਮਾਂ ਵਿਚ ਵੰਡ ਤੋਂ ਲੈ ਕੇ ਸਰਹੱਦ ਤੇ ਜਾਸੂਸੀ ਦੀਆਂ ਕਹਾਣੀਆਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਦਾ ਹੈ। ਗਾਹੇ ਬਗਾਹੇ ਫਿਲਮਾਂ ਅਤੇ ਕਲਾਕਾਰਾਂ ‘ਤੇ ਪਾਬੰਦੀ ਵੀ ਲੱਗਦੀ ਰਹੀ ਪਰ ਇਨ੍ਹਾਂ ਦੇ ਕਾਰੋਬਾਰ ਅਤੇ ਕਾਮਯਾਬੀ ‘ਤੇ ਇਨ੍ਹਾਂ ਪਾਬੰਦੀਆਂ ਦਾ ਅਸਰ ਘੱਟ ਦਿਖਦਾ ਹੈ।

ਭਾਰਤ ਅਤੇ ਪਾਕਿਸਤਾਨ ਦੇ ਬਣਦੇ ਵਿਗੜਦੇ ਰਿਸ਼ਤੇ ਨਾ ਸਿਰਫ ਰਾਜਨੀਤੀ ਬਲਕਿ ਫਿਲਮਾਂ ਦੀ ਸਫਲਤਾ ਦੀ ਗਾਰੰਟੀ ਵੀ ਮੰਨੇ ਜਾਂਦੇ ਹਨ। ਦੋਹਾਂ ਮੁਲਕਾਂ ਦੇ ਤਲਖ ਰਿਸ਼ਤਿਆਂ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਏ ‘ਚ ਚੰਗੀ ਥਾਂ ਮਿਲਦੀ ਹੈ। 1947 ਵਿਚ ਦੇਸ਼ ਵੰਡ ਨੂੰ ਲੈ ਕੇ ਹੁਣ ਤਕ ਸਾਹਿਤਕਾਰਾਂ ਅਤੇ ਫਿਲਮਸਾਜ਼ਾਂ ਦਾ ਇਹ ਪਸੰਦੀਦਾ ਵਿਸ਼ਾ ਰਿਹਾ ਹੈ। ਇਹ ਵਿਸ਼ਾ ਇਕੱਲੇ ਭਾਰਤੀ ਫਿਲਮਸਾਜ਼ਾਂ, ਕਹਾਣੀਕਾਰਾਂ ਅਤੇ ਰਾਜਨੇਤਾਵਾਂ ਨੂੰ ਹੀ ਨਹੀਂ ਪਾਕਿਸਤਾਨੀਆਂ ਨੂੰ ਵੀ ਭਾਉਂਦਾ ਹੈ। 2018 ਵਿਚ ਰਿਲੀਜ਼ ਹੋਈ ਫਿਲਮ ‘ਰਾਜ਼ੀ’ ਹੋਵੇ ਜਾਂ ਫਿਰ 1973 ਵਿਚ ਚੇਤਨ ਆਨੰਦ ਦੀ ਫਿਲਮ ‘ਹਿੰਦੁਸਤਾਨ ਕੀ ਕਸਮ’ ਹੋਵੇ; ਇਨ੍ਹਾਂ ਸਭ ਫਿਲਮਾਂ ਨੇ ਸਿਨੇਮਾ ਘਰਾਂ ਵਿਚ ਦਰਸ਼ਕਾਂ ਨੂੰ ਅੰਤ ਤਕ ਬੰਨ੍ਹ ਕੇ ਰੱਖਿਆ ਅਤੇ ਚੰਗੀ ਕਮਾਈ ਕੀਤੀ।
ਭਾਰਤ ਪਾਕਿਸਤਾਨ ਸਬੰਧਾਂ ‘ਤੇ ਬਣੀਆਂ ਬਹੁਤੀਆਂ ਫਿਲਮਾਂ ਵਿਚ ਪੰਜਾਬ ਨੂੰ ਕੇਂਦਰ ਵਿਚ ਰੱਖ ਕੇ ਅੱਧੀ ਸੱਚਾਈ ਅਤੇ ਅੱਧੀਆਂ ਕਹਾਣੀਆਂ ਘੜੀਆਂ ਜਾਂਦੀਆਂ ਹਨ। ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਵਿਚ ਹੁੰਦੀ ਹੈ। ਫਿਲਮ ਚਾਹੇ ਭਾਰਤ-ਪਾਕਿ ਜੰਗ ‘ਤੇ ਆਧਾਰਤ ਹੋਵੇ ਜਾਂ ਫਿਰ ਦੇਸ਼ ਵੰਡ ‘ਤੇ। ਦੇਖਿਆ ਜਾਵੇ ਤਾਂ 1947 ਵਿਚ ਵੰਡ ਦੇ ਸਮੇਂ ਜੋ ਸਥਿਤੀ ਪੈਦਾ ਹੋਈ ਸੀ, ਉਸ ਦਾ ਸੇਕ ਬੰਗਾਲ, ਗੁਜਰਾਤ ਅਤੇ ਰਾਜਸਥਾਨ ਨੇ ਵੀ ਝੱਲਿਆ ਸੀ, ਪਰ ਸਭ ਤੋਂ ਵੱਧ ਖਮਿਆਜ਼ਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਭੁਗਤਿਆ। ਸ਼ਾਇਦ ਇਸ ਦਰਦ ਨੂੰ ਫਿਲਮਸਾਜ਼ਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਮੂਰਤ ਰੂਪ ਦਿੱਤਾ ਹੈ, ਚਾਹੇ ਉਹ ‘ਟਰੇਨ ਟੂ ਪਾਕਿਸਤਾਨ’ ਹੋਵੇ ਜਾਂ ਫਿਰ ‘ਪਿੰਜਰ’। ਇਹ ਦੋਵੇਂ ਹੀ ਭਾਰਤ ਵੰਡ ਦੇ ਦੋ ਦਸਤਾਵੇਜ਼ ਹਨ, ਜਿਨ੍ਹਾਂ ਨੂੰ 1947 ਤੋਂ ਬਾਅਦ ਪੈਦਾ ਹੋਏ ਲੋਕ ਵੰਡ ਦਾ ਸੇਕ ਝੱਲ ਚੁੱਕੇ ਲੋਕਾਂ ਦੀ ਜ਼ੁਬਾਨੀ ਜਾਂ ਫਿਰ ਫਿਲਮਾਂ ਦੀ ਕਹਾਣੀ ਵਿਚ ਦੇਖਦੇ ਆਏ ਹਨ। ਅਜਿਹੇ ਵਿਚ ਫਿਲਮਸਾਜ਼ਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ-ਪਾਕਿ ਸਬੰਧਾਂ ‘ਤੇ ਬਣੀਆਂ ਫਿਲਮਾਂ ਦੀ ਸ਼ੂਟਿੰਗ ਪੰਜਾਬ ਵਿਚ ਕਰਨ।
ਦੇਸ਼ ਵੰਡ ਦੇ ਪਿਛੋਕੜ ‘ਤੇ ਬਣੀਆਂ ਫਿਲਮਾਂ ਦੀ ਲੰਮੀ ਸੂਚੀ ਹੈ। ਇਨ੍ਹਾਂ ਵਿਚ ਮੁੱਖ ਫਿਲਮਾਂ ‘ਗਦਰ’, ‘ਪਿੰਜਰ’, ‘ਟਰੇਨ ਟੂ ਪਾਕਿਸਤਾਨ’ ‘ਸਦੀਆਂ’ ਅਤੇ ‘ਸਰਬਜੀਤ’ ਸਮੇਤ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਦੀ ਸ਼ੂਟਿੰਗ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਹੋਈ ਹੈ। ਇਨ੍ਹਾਂ ਵਿਚ ਫਿਲਮਸਾਜ਼ਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦੀ ਕੁੱਖ ਵਿਚੋਂ ਪਾਕਿਸਤਾਨ ਦੇ ਜਨਮ ਲੈਣ ਪਿਛੋਂ ਕਿਸ ਤਰ੍ਹਾਂ ਲੋਕਾਂ ਨੂੰ ਉਜੜਨਾ ਪਿਆ।
ਦੋਵੇਂ ਦੇਸ਼ਾਂ ਦੇ ਤਲਖ ਰਿਸ਼ਤਿਆਂ ‘ਤੇ ਬਣੀਆਂ ਸਫਲ ਫਿਲਮਾਂ ਵਿਚ ‘ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’, ‘ਲਕਸ਼ਯ’, ਜੇਪੀ ਦੱਤਾ ਦੀ ‘ਬਾਰਡਰ’ ਅਤੇ ‘ਐਲ਼ਓ.ਸੀ., ‘ਕਰਗਿਲ’, ‘ਫੈਂਟਮ’, ਹਿੰਦੁਸਤਾਨ ਕੀ ਕਸਮ’ (ਨਵੀਂ ਤੇ ਪੁਰਾਣੀ) ਅਤੇ ‘ਦਿ ਹੀਰੋ’, ਸਲਮਾਨ ਖਾਨ ਦੀ ਭੂਮਿਕਾ ਵਾਲੀ ‘ਟਾਈਗਰ’ ਤੇ ‘ਟਾਈਗਰ ਅਭੀ ਜਿੰਦਾ ਹੈ’ ਅਤੇ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਰਾਜ਼ੀ’ ਸ਼ਾਮਲ ਹੈ। ‘ਰਾਜ਼ੀ’ ਫਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ਉਤੇ ਆਧਾਰਿਤ ਹੈ ਜੋ 1971 ਦੀ ਭਾਰਤ-ਪਾਕਿ ਜੰਗ ਵਿਚ ਇਕ ਨੌਜਵਾਨ ਕਵਰ ਏਜੰਟ ਦੀ ਕਹਾਣੀ ਸੀ।
ਭਾਰਤ ਤੇ ਪਾਕਿਸਤਾਨ ‘ਤੇ ਰਾਜਨੇਤਾ ਹੀ ਨਹੀਂ ਬਲਕਿ ਫਿਲਮਸਾਜ਼ ਵੀ ਦੋ ਖੇਮਿਆਂ ਵਿਚ ਵੰਡੇ ਹੋਏ ਹਨ। ਪਹਿਲਾ ਖੇਮਾ ਉਹ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜੇ ਗਏ ਚਾਰ ਯੁੱਧਾਂ ਤੇ ਅਤਿਵਾਦ ‘ਤੇ ਫਿਲਮਾਂ ਬਣਾਉਂਦੇ ਹਨ ਜਾਂ ਫਿਰ ਉਹ ਭਾਰਤ ਵੰਡ ਤੇ ਇਸ ਪਿਛੋਂ ਉਪਜੇ ਹਾਲਾਤ ਨੂੰ ਲੈ ਕੇ ਫਿਲਮਾਂ ਬਣਾਉਂਦੇ ਹਨ। ਦੂਜਾ ਫਿਲਮਸਾਜ਼ਾਂ ਦਾ ਇਕ ਹੰਢਿਆ ਹੋਇਆ ਖੇਮਾ ਹੈ ਜੋ ਦੋਹਾਂ ਦੇਸ਼ਾਂ ਦੇ ਦਰਸ਼ਕਾਂ ਨੂੰ ਪਿਆਰ ਫੈਲਾਉਂਦੀਆਂ ਫਿਲਮਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਫਿਲਮਾਂ ਵਿਚ ਮੁੱਖ ਹਨ ‘ਵੀਰ-ਜ਼ਾਰਾ’, ‘ਬਜਰੰਗੀ ਭਾਈਜਾਨ’ ਅਤੇ ‘ਸਦੀਆਂ’। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਗਾਹੇ ਬਗਾਹੇ ਭਾਰਤੀ ਫਿਲਮਾਂ ਦੇ ਪਾਕਿਸਤਾਨ ਵਿਚ ਪ੍ਰਦਰਸ਼ਨ ‘ਤੇ ਲੋਕ ਲਾਉਂਦੀ ਰਹਿੰਦੀ ਹੈ, ਫਿਰ ਵੀ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਦੇ ਚਾਹੁਣ ਵਾਲਿਆਂ ਦੀ ਸੰਖਿਆ ਕਾਫੀ ਹੈ।
ਪੰਜਾਬੀ ਫਿਲਮਾਂ ਦੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਹਰਿੰਦਰ ਸੋਹਲ ਦਾ ਕਹਿਣਾ ਹੈ ਕਿ ਦੇਸ਼ ਵੰਡ ਬਹੁਤ ਵੱਡੀ ਭੁੱਲ ਸੀ। ਇਸ ਵਿਚ ਦਸ ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਇਧਰ-ਉਧਰ ਜਾਣਾ ਪਿਆ ਸੀ। ਹਜ਼ਾਰਾਂ ਲੋਕਾਂ ਨੂੰ ਜਾਨ ਗੁਆਉਣੀ ਪਈ ਸੀ। ਇਸ ਤ੍ਰਾਸਦੀ ਨੂੰ ਨਵੀਂ ਪੀੜ੍ਹੀ ਸਿਰਫ ਕਿਤਾਬਾਂ ਵਿਚ ਪੜ੍ਹਦੀ ਹੈ ਜਿਸ ਨੂੰ ਫਿਲਮਸਾਜ਼ ਪਰਦੇ ‘ਤੇ ਸਜੀਵ ਕਰਦੇ ਹਨ। ਇਹ ਅਜਿਹਾ ਵਿਸ਼ਾ ਹੈ ਜਿਸ ‘ਤੇ ਬਣੀਆਂ ਫਿਲਮਾਂ ਹਰ ਕਾਲ ਵਿਚ ਸਫਲ ਹੋਣਗੀਆਂ।
ਵੰਡ ਦਾ ਦਰਦ ਬਿਆਨਣ ਵਿਚ ਫਿਲਮਾਂ ਤੇ ਫਿਲਮਸਾਜ਼ ਹੀ ਨਹੀਂ ਸਗੋਂ ਸਮੇਂ ਸਮੇਂ ਦੇ ਸਾਹਿਤਕਾਰਾਂ ਨੇ ਸਰਗਰਮ ਸਨ/ਹਨ। ਇਨ੍ਹਾਂ ਲੇਖਕਾਂ ‘ਚ ਸਾਅਦਤ ਹਸਨ ਮੰਟੋ, ਅੰਮ੍ਰਿਤਾ ਪ੍ਰੀਤਮ ਤੇ ਪ੍ਰਸਿਧ ਪੱਤਰਕਾਰ ਖੁਸ਼ਵੰਤ ਸਿੰਘ ਦਾ ਨਾਂ ਮੁੱਖ ਹੈ। ਦੇਸ਼ ਵੰਡ ਦਾ ਦਰਦ ਖੁਦ ਉਘੇ ਸ਼ਾਇਰ ਗੁਲਜ਼ਾਰ ਤੇ ਮਨੋਜ ਕੁਮਾਰ ਜਿਹੇ ਕਲਾਕਾਰ ਬਰਦਾਸ਼ਤ ਕਰ ਚੁੱਕੇ ਹਨ। ਅੰਮ੍ਰਿਤਾ ਪ੍ਰੀਤਮ ਅਤੇ ਖੁਸ਼ਵੰਤ ਸਿੰਘ ਦੇ ਲਿਖੇ ਕ੍ਰਮਵਾਰ ਨਾਵਲ ‘ਪਿੰਜਰ’ ਅਤੇ ‘ਟਰੇਨ ਟੂ ਪਾਕਿਸਤਾਨ’ ਚਰਚਿਤ ਰਹੇ ਹਨ। ਮੰਟੋ ਨੇ ਭਾਰਤ-ਪਾਕਿਸਤਾਨ ਵੰਡ ‘ਤੇ ਦਰਜਨਾਂ ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਭਾਰਤ-ਪਾਕਿ ਵੰਡ ਨੂੰ ਲੈ ਕੇ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ‘ਟੋਬਾ ਟੇਕ ਸਿੰਘ’ ਪ੍ਰਸਿੱਧ ਹੈ।
ਇਸ ਮਾਮਲੇ ਵਿਚ ਪਾਕਿਸਤਾਨੀ ਨਿਰਮਾਤਾ-ਨਿਰਦੇਸ਼ਕ ਵੀ ਪਿੱਛੇ ਨਹੀਂ। ਫਿਲਮ ‘ਜ਼ਿੰਦਾ ਭਾਗ’ ਵਿਚ ਭਾਰਤੀ ਕਲਾਕਾਰ ਨਸੀਰੂਦੀਨ ਸ਼ਾਹ ਨੇ ਦਮਦਾਰ ਅਦਾਕਾਰੀ ਕੀਤੀ ਹੈ। ਇਸ ਫਿਲਮ ਨੂੰ 86ਵੇਂ ਅਕਾਦਮਿਕ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਭਾਰਤ ਵਿਚ ਪਾਕਿਸਤਾਨੀ ਫਿਲਮਾਂ ਦਾ ਪ੍ਰਦਰਸ਼ਨ ਹੁੰਦਾ ਰਿਹਾ ਹੈ। 2008 ਵਿਚ ਪਾਕਿਸਤਾਨੀ ਨਿਰਦੇਸ਼ਕ ਸ਼ੋਇਬ ਮਨਸੂਰ ਦੀ ਫਿਲਮ ‘ਖੁਦਾ ਕੇ ਲੀਏ’ ਆਈ ਸੀ। ਇਹ ਪਿਛਲੇ 43 ਸਾਲਾਂ ਵਿਚ ਸ਼ਾਇਦ ਪਹਿਲੀ ਫਿਲਮ ਸੀ, ਜਿਸ ਨੂੰ ਸਰਹੱਦ ਦੇ ਬਾਹਰ ਭਾਰਤ ਵਿਚ ਪ੍ਰਦਰਸ਼ਿਤ ਕੀਤਾ ਗਿਆ। ਇਸ ਪਿਛੋਂ ਮਹਿਰੀਨ ਜੱਬਾਰ ਦੀ ਫਿਲਮ ‘ਰਾਮ ਚੰਦਰ ਪਾਕਿਸਤਾਨੀ’ ਆਈ ਸੀ। 2011 ਵਿਚ ਮੰਸੂਰ ਦੀ ਫਿਲਮ ‘ਬੋਲ’ ਨੂੰ ਵੀ ਭਾਰਤ ਵਿਚ ਰਿਲੀਜ਼ ਕੀਤਾ ਗਿਆ, ਜਿਸ ਨੂੰ ਭਾਰੀ ਸਫਲਤਾ ਮਿਲੀ ਸੀ। ਭਾਰਤ ਵਿਚ ਪ੍ਰਦਰਸ਼ਿਤ ਇਨ੍ਹਾਂ ਸਾਰੀਆਂ ਫਿਲਮਾਂ ਵਿਚ ਭਾਰਤ-ਪਾਕਿ ਸਰਹੱਦ ‘ਤੇ ਵਸੇ ਪਿੰਡਾਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦਿਖਾਇਆ ਗਿਆ ਹੈ। ਫਿਲਮਾਂ ‘ਚ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋਹਾਂ ਦੇਸ਼ਾਂ, ਖਾਸ ਕਰ ਪੰਜਾਬ ਦਾ ਸਭਿਆਚਾਰ ਇਕੋ ਜਿਹਾ ਹੈ।
-ਸਿਧਾਰਥ