ਨਿਰਦੇਸ਼ਕ ਅਦਿਤਯ ਸੂਦ ਦੀ ਪੰਜਾਬੀ ਸਿਨੇਮਾ ‘ਚ ਮੁੜ ਵਾਪਸੀ

ਸਾਕਾ ਨੰਗਲ
ਫੋਨ: 91-70094-76970
ਕੈਨੇਡਾ ਵੱਸਦੇ ਨਿਰਦੇਸ਼ਕ ਅਦਿਤਯ ਸੂਦ ਨੇ ਲਗਭਗ 6 ਸਾਲਾਂ ਪਿਛੋਂ ਫਿਲਮ ‘ਤੇਰੀ ਮੇਰੀ ਜੋੜੀ’ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਮੁੜ ਵਾਪਸੀ ਕੀਤੀ ਹੈ। ਇਸ ਫਿਲਮ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁਕੀ ਹੈ। ‘ਅਦਿਤਯਸ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਜ਼ਰੀਏ ਚਰਚਿੱਤ ਯੂ-ਟਿਊਬ ਅਦਾਕਾਰ ਸੈਮੀ ਗਿੱਲ ਅਤੇ ਕਿੰਗ ਬੀ. ਚੌਹਾਨ ਪਹਿਲੀ ਵਾਰ ਫਿਲਮੀ ਪਰਦੇ ‘ਤੇ ਨਜ਼ਰ ਆਉਣਗੇ।
ਫਿਲਮ ਦੀ ਕਹਾਣੀ, ਡਾਇਲਾਗ, ਸਕਰੀਨਪਲੇ ਨਿਰਦੇਸ਼ਕ ਅਦਿਤਯ ਸੂਦ ਨੇ ਖੁਦ ਹੀ ਲਿਖੇ ਹਨ।

ਫਿਲਮ ਬਾਰੇ ਅਦਿਤਯ ਸੂਦ ਨੇ ਦੱਸਿਆ ਕਿ ਬਤੌਰ ਨਿਰਦੇਸ਼ਕ ਇਹ ਉਸ ਦੀ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਦੋ ਫਿਲਮਾਂ ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਉਏ ਹੋਏ ਪਿਆਰ ਹੋ ਗਿਆ’ ਦਾ ਨਿਰਦੇਸ਼ਨ ਕਰ ਚੁਕੇ ਹਨ। ਇਸ ਫਿਲਮ ਜ਼ਰੀਏ ਉਹ ਨਾਮਵਰ ਮਾਡਲ ਮੋਨਿਕਾ ਸ਼ਰਮਾ ਨੂੰ ਵੀ ਵੱਖਰੇ ਅੰਦਾਜ਼ ‘ਚ ਬਤੌਰ ਹੀਰੋਇਨ ਪਰਦੇ ‘ਤੇ ਲੈ ਕੇ ਆ ਰਿਹਾ ਹੈ। ਫਿਲਮ ‘ਚ ਇੱਕ ਹਾਲੀਵੁੱਡ ਅਦਾਕਾਰਾ ਵੀ ਨਜ਼ਰ ਆਵੇਗੀ।
ਅਦਿਤਯ ਸੂਦ ਅਨੁਸਾਰ ਇਹ ਫਿਲਮ ਉਸ ਦੀਆਂ ਪਹਿਲੀਆਂ ਫਿਲਮਾਂ ਤੋਂ ਬਿਲਕੁਲ ਵੱਖਰੀ ਕਿਸਮ ਦੀ ਹੈ। ਮਨੋਰੰਜਨ ਅਤੇ ਕਾਮੇਡੀ ਭਰਪੂਰ ਇਸ ਫਿਲਮ ‘ਚ ਦੋ ਪ੍ਰੇਮ ਕਹਾਣੀਆਂ ਵੇਖਣ ਨੂੰ ਮਿਲਣਗੀਆਂ। ਫਿਲਮ ‘ਚ ਜਿੱਥੇ ਅਜੋਕੇ ਸਮੇਂ ਦਾ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਾਤਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਣਗੇ। ਅਦਿਤਯ ਸੂਦ ਦਾ ਕਹਿਣਾ ਹੈ ਕਿ ਇਹ ਫਿਲਮ ਹਟਵੇਂ ਵਿਸ਼ੇ ਵਾਲੀ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ। ਫਿਲਮ ਦਾ ਵੱਡੇ ਪੱਧਰ ਦਾ ਸੰਗੀਤ ਵੀ ਦਰਸ਼ਕਾਂ ਦਾ ਦਿਲ ਜਿੱਤੇਗਾ। ਫਿਲਮ ਦੇ ਗੀਤ ਸਿੱਧੂ ਮੂਸੇਵਾਲਾ, ਗੁਰਨਾਮ ਭੁੱਲਰ, ਪ੍ਰਭ ਗਿੱਲ, ਗੁਰਲੇਜ ਅਖਤਰ, ਰਾਸ਼ੀ ਸੂਦ, ਜਸਪਿੰਦਰ ਨਰੂਲਾ ਅਤੇ ਹਿੰਮਤ ਸੰਧੂ ਨੇ ਗਾਏ ਹਨ। ਗੀਤ ਦਲਵੀਰ ਸਰੋਬਾਦ, ਸਿੱਧੂ ਮੂਸੇਵਾਲਾ ਤੇ ਅਭੀ ਫਤਿਹਗੜ੍ਹੀਆ ਦੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ, ਸਨੈਪੀ, ਨਿੱਕ ਧੰਮੂ, ਜੱਸੀ ਕਟਿਆਲ ਤੇ ਨੇਸ਼ਨ ਬ੍ਰਦਰਜ਼ ਨੇ ਤਿਆਰ ਕੀਤਾ ਹੈ।
ਅਦਿਤਯ ਸੂਦ ਨੇ ਦਸਿਆ ਕਿ ਉਨ੍ਹਾਂ ਨੂੰ ਦੋ ਫਿਲਮਾਂ ਕਰਨ ਤੋਂ ਬਾਅਦ ਕਈ ਫਿਲਮਾਂ ਦੀਆਂ ਆਫਰਾਂ ਵੀ ਆਈਆਂ ਸਨ, ਪਰ ਕੋਈ ਨਾ ਕੋਈ ਰੁਕਾਵਟ ਬਣਦੀ ਰਹੀ-ਚਾਹੇ ਉਹ ਸਟਾਰਕਾਸਟ ਨੂੰ ਲੈ ਕੇ ਹੋਵੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ। ਸੂਦ ਨੇ ਕਿਹਾ ਕਿ ਭਵਿੱਖ ਵਿਚ ਉਹ ਬੈਕ ਟੂ ਬੈਕ ਫਿਲਮਾਂ ਕਰੇਗਾ। ਹੁਣ ਛੇਤੀ ਹੀ ਉਹ ਆਪਣੀ ਅਗਲੀ ਫਿਲਮ ‘ਬਾਰੀ ਬਰਸੀ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ, ਜੋ ਕੈਨੇਡਾ ਵਿਚ ਫਿਲਮਾਈ ਜਾਵੇਗੀ। ਇਸ ਫਿਲਮ ਦੀ ਕਹਾਣੀ ਵੀ ਉਨ੍ਹਾਂ ਖੁਦ ਹੀ ਲਿਖੀ ਹੈ ਤੇ ਇਸ ‘ਚ ਮੁੱਖ ਭੂਮਿਕਾ ਸੈਮੀ ਗਿੱਲ ਤੇ ਕਿੰਗ ਬੀ. ਚੌਹਾਨ ਨਿਭਾਉਣਗੇ।
ਫਿਲਮ ‘ਤੇਰੀ ਮੇਰੀ ਜੋੜੀ’ ਪ੍ਰਤੀ ਉਨ੍ਹਾਂ ਕਿਹਾ ਕਿ ਬੇਸ਼ਕ ਫਿਲਮ ਦਾ ਟਾਈਟਲ ਇੱਕ ਜੋੜੀ ਨੂੰ ਬਿਆਨਦਾ ਹੈ, ਪਰ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਜਰੂਰੀ ਨਹੀਂ ਕਿ ਜੋੜੀ ਪ੍ਰੇਮੀਆਂ ਦੀ ਹੀ ਹੋਵੇ, ਜੋੜੀ ਪਿਓ-ਪੁੱਤ, ਪਿਓ-ਧੀ, ਭੈਣ-ਭਰਾ, ਮਾਂ-ਪੁੱਤ ਦੀ ਵੀ ਹੋ ਸਕਦੀ ਹੈ, ਇਸ ਲਈ ਇਸ ਫਿਲਮ ਦੀ ਕਹਾਣੀ ਦਰਸ਼ਕਾਂ ਲਈ ਰੋਮਾਂਚਕ ਤੇ ਦਿਲਚਸਪ ਵੀ ਹੋਵੇਗੀ।

ਅਨੁਭਵੀ ਨਿਰਦੇਸ਼ਕ ਹੈ ਸਿਮਰਜੀਤ
ਸੁਰਜੀਤ ਜੱਸਲ
ਫੋਨ: 91-98146-07737
ਸਿਮਰਜੀਤ ਪੰਜਾਬੀ ਫਿਲਮਾਂ ਨਾਲ ਜੁੜਿਆ ਇੱਕ ਅਨੁਭਵੀ ਨਿਰਦੇਸ਼ਕ ਹੈ, ਜਿਸ ਦੀਆਂ ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਵਿਰਸੇ ਨਾਲ ਵੀ ਜੋੜਦੀਆਂ ਰਹੀਆਂ ਹਨ। ਮਾਲਵੇ ਦੇ ਛੋਟੇ ਜਿਹੇ ਪਿੰਡ ਧੂੜਕੋਟ ਰਣਸੀਂਹ (ਨੇੜੇ ਨਿਹਾਲ ਸਿੰਘ ਵਾਲਾ, ਮੋਗਾ) ‘ਚ ਜੰਮਿਆ-ਪਲਿਆ ਸਿਮਰਜੀਤ ਪਿਛਲੇ ਕਈ ਸਾਲਾਂ ਤੋਂ ਫਿਲਮੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਉਸ ਨੇ ਬਾਲੀਵੁੱਡ ਦੇ ਕਈ ਨਾਮੀ ਨਿਰਦੇਸ਼ਕਾਂ ਨਾਲ ਕੰਮ ਕੀਤਾ ਅਤੇ ਬਤੌਰ ਨਿਰਦੇਸ਼ਕ ਉਸ ਨੇ ‘ਅੰਗਰੇਜ਼’, ‘ਨਿੱਕਾ ਜ਼ੈਲਦਾਰ’, ‘ਚੱਕ ਜਵਾਨਾ’, ‘ਬਾਜ਼’, ‘ਡੈਡੀ ਕੂਲ, ਮੁੰਡੇ ਫੂਲ’, ‘ਵਾਰਿਸ ਸ਼ਾਹ ਇਸ਼ਕ ਦਾ ਵਾਰਿਸ’, ‘ਪਿਆਰ ਤੋ ਹੋਨਾ ਹੀ ਥਾ’, ‘ਰਾਜੂ ਚਾਚਾ’, ‘ਬਲੈਕਮੇਲ’ ਅਤੇ ‘ਜਮੀਨ’ ਜਿਹੀਆਂ ਕਰੀਬ ਡੇਢ ਦਰਜਨ ਪੰਜਾਬੀ-ਹਿੰਦੀ ਬਹੁ-ਚਰਚਿਤ ਫਿਲਮਾਂ ਕੀਤੀਆਂ ਹਨ।
ਪੰਜਾਬੀ ਸਿਨੇਮਾ ਦੀ ਮੀਲ ਪੱਥਰ ਸਾਬਤ ਹੋਈ ਫਿਲਮ ‘ਅੰਗਰੇਜ਼’ ਤੋਂ ਬਾਅਦ ਸਿਮਰਜੀਤ ਹੋਰ ਵੀ ਸੰਜੀਦਾ ਹੋ ਗਿਆ। ਉਸ ਨੇ ‘ਨਿੱਕਾ ਜ਼ੈਲਦਾਰ’ ਲੜੀ ਦੀਆਂ ਮਨੋਰੰਜਨ ਭਰਪੂਰ ਫਿਲਮਾਂ ਦਾ ਆਗਾਜ਼ ਕੀਤਾ, ਜਿਸ ਨਾਲ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਦਰਸ਼ਕਾਂ ਦੀ ਪਸੰਦ ਬਣੀ। ਇਨ੍ਹੀਂ ਦਿਨੀਂ ਸਿਮਰਜੀਤ ਕਈ ਫਿਲਮਾਂ ਵਿਚ ਰੁੱਝਾ ਹੋਇਆ ਹੈ। ਉਹ ਧੜਾਧੜ ਫਿਲਮਾਂ ਬਣਾਉਣ ਨਾਲੋਂ ਘੱਟ, ਪਰ ਵਧੀਆ ਮਨੋਰੰਜਨ ਭਰਪੂਰ ਸਿਨੇਮਾ ਪ੍ਰਫੁਲਿਤ ਕਰਨ ਦਾ ਧਾਰਨੀ ਹੈ। ‘ਨਿੱਕਾ ਜ਼ੈਲਦਾਰ-2’ ਤੋਂ ਦੋ ਸਾਲ ਦੇ ਵਕਫੇ ਪਿਛੋਂ ਹੁਣ ਸਿਮਰਜੀਤ ਆਪਣੇ ਨਿਰਦੇਸ਼ਨ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ ‘ਮੁਕਲਾਵਾ’ ਲੈ ਕੇ ਆ ਰਿਹਾ ਹੈ, ਜਿਸ ਦੇ ਟਰੇਲਰ ਅਤੇ ਗੀਤਾਂ ਨੇ ਦਰਸ਼ਕਾਂ ਦਾ ਮਨ ਜਿੱਤ ਲਿਆ ਹੈ। ਪੇਸ਼ ਹਨ, ਸਿਮਰਜੀਤ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
ਪਹਿਲੀਆਂ ਵਿਰਾਸਤੀ ਫਿਲਮਾਂ ਤੋਂ ‘ਮੁਕਲਾਵਾ’ ਵਿਚ ਕੀ ਨਵਾਂਪਣ ਹੈ?
-ਅੰਗਰੇਜ਼, ਬੰਬੂਕਾਟ, ਨਿੱਕਾ ਜ਼ੈਲਦਾਰ-2 ਵਰਗੀਆਂ ਫਿਲਮਾਂ ਦੀ ਕਹਾਣੀ ਨੂੰ ਵਿਰਾਸਤੀ ਪੁੱਠ ਦੇ ਕੇ ਪਰਦੇ ‘ਤੇ ਪੇਸ਼ ਕੀਤਾ ਗਿਆ, ਜਦਕਿ ‘ਮੁਕਲਾਵਾ’ ਲਈ ਕੋਈ ਅਜਿਹਾ ਮਾਹੌਲ ਨਹੀਂ ਸਿਰਜਿਆ ਗਿਆ, ਕਿਉਂਕਿ ਮੁਕਲਾਵਾ ਖੁਦ ਹੀ ਉਸ ਦੌਰ ਦਾ ਇੱਕ ਹਿੱਸਾ ਰਹੀ ਹੈ। ਖਾਸ ਕਰ 1965-70 ਦਾ ਉਹ ਦੌਰ ਜਦ ਵਿਆਹ ਪਿਛੋਂ ਵੀ ਕੁੜੀ ਆਪਣੇ ਘਰੇ, ਮੁੰਡਾ ਆਪਣੇ ਘਰ ਹੁੰਦਾ ਸੀ। ਵਿਆਹ ਤੋਂ ਤਿੰਨ ਚਾਰ ਸਾਲਾਂ ਪਿਛੋਂ ਮੁਕਲਾਵਾ ਦਿੱਤਾ ਜਾਂਦਾ ਸੀ। ਮੁਕਲਾਵੇ ਵਾਲੀ ਰਾਤ ਹੀ ਲਾੜਾ ਆਪਣੀ ਵਹੁਟੀ ਦਾ ਮੂੰਹ ਵੇਖਦਾ ਸੀ। ਇਹ ਦੌਰ 1980 ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ। ਨਵੀਂ ਪੀੜ੍ਹੀ ਨੂੰ ਇਸ ਬਾਰੇ ਸ਼ਾਇਦ ਹੀ ਪਤਾ ਹੋਵੇ। ਸੋ ‘ਮੁਕਲਾਵਾ’ ਉਸ ਵੇਲੇ ਦੀ ਇੱਕ ਮਨੋਰੰਜਨ ਭਰਪੂਰ ਫਿਲਮ ਹੈ, ਜਿਸ ਵਿਚ ਰਿਸ਼ਤਿਆਂ ਦੀ ਕਹਾਣੀ ਬਹੁਤ ਹੀ ਦਿਲਚਸਪ ਤੇ ਉਸਾਰੂ ਤਰੀਕੇ ਨਾਲ ਪੇਸ਼ ਕੀਤੀ ਗਈ ਹੈ।
ਵਿਆਹ ਕਲਚਰ ਦੀਆਂ ਇਕੋ ਜਿਹੀਆਂ ਫਿਲਮਾਂ ਵੇਖ ਵੇਖ ਕੀ ਦਰਸ਼ਕ ਅੱਕ ਨਹੀਂ ਗਏ?
-ਹਰੇਕ ਫਿਲਮ ਦੀ ਕਹਾਣੀ ਵਿਚ ਵੱਖਰਾਪਣ ਹੁੰਦਾ ਹੈ, ਸਿਰਫ ਵਿਆਹ ਨਾਲ ਸਬੰਧਤ ਨਾਂ ਰੱਖ ਕੇ ਹੀ ਫਿਲਮ ਨਹੀਂ ਚੱਲਦੀ। ਫਿਲਮ ਦੀ ਕਹਾਣੀ, ਸਕਰੀਨ ਪਲੇਅ, ਕਲਾਕਾਰਾਂ ਵਿਚ ਦਮ ਹੋਣਾ ਵੀ ਜਰੂਰੀ ਹੈ। ਅੱਜ ਦੇ ਦਰਸ਼ਕ ਨੂੰ ਚੰਗੇ ਮਾੜੇ ਦੀ ਪਰਖ ਹੈ। ਬਾਕੀ ਜੋ ਦਰਸ਼ਕਾਂ ਦੀ ਪਸੰਦ ਹੁੰਦੀ ਹੈ, ਫਿਲਮਕਾਰ ਉਹੀ ਵਿਸ਼ਾ ਸੋਚਦਾ ਹੈ। ਅਜਿਹੀਆਂ ਵੀ ਬਹੁਤ ਸਾਰੀਆਂ ਫਿਲਮਾਂ ਹਨ, ਜੋ ਚੰਗੇ ਵਿਸ਼ੇ ਹੋਣ ਕਰਕੇ ਦਰਸ਼ਕਾਂ ਨੇ ਪਸੰਦ ਨਹੀਂ ਕੀਤੀਆਂ। ਫਿਲਮ ‘ਮੁਕਲਾਵਾ’ ਦੀ ਗੱਲ ਕਰੀਏ ਤਾਂ ਇਹ ਸਪੈਸ਼ਲ ਵਿਆਹ ਬਾਰੇ ਨਹੀਂ, ਸਗੋਂ ਮੁਕਲਾਵੇ ਨਾਲ ਸਬੰਧਤ ਹੈ। ਵਿਆਹ ਤਾਂ ਇਸ ਵਿਚ ਵਿਖਾਇਆ ਹੀ ਨਹੀਂ ਗਿਆ। ਇਹ ਸਾਂਝੇ ਪਰਿਵਾਰਾਂ ਤੇ ਰਿਸ਼ਤਿਆਂ ਦੀ ਕਹਾਣੀ ਹੈ। ਇੱਕ ਅਜਿਹੇ ਨੌਜਵਾਨ ਦੁਆਲੇ ਘੁੰਮਦੀ ਹੈ, ਜੋ ਮੁਕਲਾਵੇ ਤੋਂ ਪਹਿਲਾਂ ਆਪਣੀ ਵਹੁਟੀ ਦਾ ਚਿਹਰਾ ਵੇਖਣ ਲਈ ਉਤਾਵਲਾ ਹੈ। ਇਸ ਲਈ ਉਹ ਕੀ ਕੀ ਕਰਦਾ ਹੈ? ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। ਕਿਉਂ ਉਸ ਦੇ ਸਹੁਰੇ ਮੁਕਲਾਵਾ ਦੇਣ ਤੋਂ ਮੁੱਕਰ ਜਾਂਦੇ ਹਨ?
ਭਵਿੱਖ ਵਿਚ ਹੋਰ ਕੀ ਕੀ ਨਵਾਂ ਲੈ ਕੇ ਆ ਰਹੇ ਹੋ?
-‘ਮੁਕਲਾਵਾ’ ਤੋਂ ਬਾਅਦ ਇੱਕ-ਦੋ ਹੋਰ ਫਿਲਮਾਂ ਹਨ, ਜਿਨ੍ਹਾਂ ਦੀ ਸੂਟਿੰਗ ਮੁਕੰਮਲ ਹੋ ਚੁਕੀ ਹੈ ਤੇ ਜਲਦ ਰਿਲੀਜ਼ ਕਰਾਂਗੇ, ਜੋ ਪਹਿਲੀਆਂ ਫਿਲਮਾਂ ਵਾਂਗ ਦਰਸ਼ਕਾਂ ਦੀ ਪਸੰਦ ਬਣਨਗੀਆਂ।