‘ਪਕੌੜਾ ਉਦਯੋਗ’ ਉਤੇ ਪਕੌੜਿਆਂ ਦੀ ਸਿਆਸਤ

ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-91-98552-59650
ਭਾਰਤ ਦੀ ਰਾਜਨੀਤੀ ਅਤੇ ਜਮਹੂਰੀਅਤ ਦੀ ਵਿਡੰਬਨਾ ਹੀ ਕਹੀ ਜਾ ਸਕਦੀ ਹੈ ਕਿ ਇਥੇ ਅਕਸਰ ਚੋਣਾਂ ਸਮੇਂ ਅਜਿਹੇ ਮੁੱਦੇ ਚੋਣ-ਬਹਿਸ ਦਾ ਮੌਜੂ ਬਣ ਕੇ ਉਭਰਦੇ ਹਨ, ਜਿਨ੍ਹਾਂ ਦਾ ਕਿਸੇ ਹੋਰ ਜਮਹੂਰੀ ਦੇਸ਼ ਵਿਚ ਨੇੜੇ ਤਾਂ ਛੱਡੋ, ਦੂਰ ਦੂਰ ਦਾ ਵੀ ਕੋਈ ਚੋਣ ਮੁਹਿੰਮ ਸਰੋਕਾਰ ਜਾਂ ਵਾਸਤਾ ਨਹੀਂ ਹੁੰਦਾ। ਇਕ ਵਾਰ ਦਿੱਲੀ ਵਿਚਲੀ ਹਕੂਮਤ ਪਿਆਜ਼ ਦੀ ਕਿੱਲਤ ਅਤੇ ਇਸ ਦੀਆਂ ਅਸਮਾਨ ਛੂਹੰਦੀਆਂ ਕੀਮਤਾਂ ਦੇ ਚਲਦਿਆਂ ਚੋਣਾਂ ਪਿਛੋਂ ਸੱਤਾ ਤੋਂ ਹੱਥ ਧੋ ਬੈਠੀ ਸੀ ਤੇ ਸੱਤਾ ਖੁੱਸਣ ਉਪਰੰਤ ਲੀਡਰਾਂ ਨੂੰ ਪਿਆਜ਼ ਕਾਰਨ ਜਿਵੇਂ ਖੂਨ ਦੇ ਹੰਝੂ ਵਹਾਉਣੇ ਪਏ ਸਨ।

ਜੇ ਵੇਖਿਆ ਜਾਏ ਤਾਂ ਪਿਆਜ਼ ਦਾ ਹਰ ਸਬਜ਼ੀ ਨਾਲ ਜਨਮਾਂ ਜਨਮਾਂ ਤੋਂ ਸਾਥ ਚਲਿਆ ਆ ਰਿਹਾ ਹੈ। ਗੱਲ ਪਕੌੜਿਆਂ ਦੀ ਕਰੀਏ ਤਾਂ ਇਸ ਨੂੰ ਜਾਇਕਾ ਦੇਣ ਵਿਚ ਆਲੂ, ਵੇਸਣ ਦੇ ਨਾਲ ਨਾਲ ਪਿਆਜ਼ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ।
ਅਸੀਂ ਭਲੀਭਾਂਤ ਜਾਣਦੇ ਹਾਂ ਕਿ ਅੱਜ ਪਕੌੜੇ ਸਮਾਜ ਦਾ ਇਕ ਅਨਿਖੜਵਾਂ ਅੰਗ ਸਮਝੇ ਜਾਂਦੇ ਹਨ ਤੇ ਪਕੌੜਿਆਂ ਬਿਨਾ ਜਿਵੇਂ ਇਕ ਸੱਭਿਅਕ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਆਹ ਹੋਵੇ, ਕੋਈ ਵੈਲਫੇਅਰ ਪਾਰਟੀ ਜਾਂ ਕੋਈ ਵਿਦਾਇਗੀ ਪਾਰਟੀ ਹੋਵੇ, ਇਥੋਂ ਤਕ ਕਿ ਹਰ ਤਰ੍ਹਾਂ ਦੇ ਧਾਰਮਿਕ ਮੌਕਿਆਂ ‘ਤੇ ਵੀ ਪਕੌੜੇ ਤਲਣੇ ਅਤਿ ਜਰੂਰੀ ਖਿਆਲ ਕੀਤਾ ਜਾਂਦਾ ਹੈ। ਜੇ ਪਕੌੜਿਆਂ ਨੂੰ ਹਰ ਫੰਕਸ਼ਨ ਦੀ ਜਿੰਦ ਜਾਨ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਗੱਲ ਵਿਆਹ ਸਮਾਗਮ ਦੀ ਹੀ ਕਰੀਏ ਤਾਂ ਅਜਿਹੇ ਮੌਕਿਆਂ ਸਮੇਂ ਕੁੜੀ ਵਾਲਿਆਂ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਬਰਾਤੀਆਂ ਦਾ ਸੁਆਗਤ ਗਰਮਾ-ਗਰਮ ਪਕੌੜਿਆਂ ਨਾਲ ਕੀਤਾ ਜਾਵੇ ਤਾਂ ਜੋ ਮੁੰਡੇ ਵਾਲਿਆਂ ਨੂੰ ਕੋਈ ਰਿਸ਼ਤੇਦਾਰ ਉਲਾਂਭਾ ਨਾ ਦੇ ਸਕੇ ਕਿ ਤੁਹਾਡੇ ਕੁੜਮਾਂ ਨੇ ਬਰਾਤੀਆਂ ਨੂੰ ਠੰਡੇ ਪਕੌੜੇ ਖੁਆ ਖੁਆ ਕੇ ਉਨ੍ਹਾਂ ਦੇ ਗਲੇ ਖਰਾਬ ਕਰ ਦਿੱਤੇ। ਵਿਆਹ ਸਮੇਂ ਬਰਾਤ ਵਿਚ ਮੌਜੂਦ ਲੋਕਾਂ ਦੀ ਵੀ ਮਨੋਬਿਰਤੀ ਵੇਖਣ ਯੋਗ ਹੁੰਦੀ ਹੈ। ਰਿਬਨ ਕਟਾਈ ਦੀ ਰਸਮ ਤੋਂ ਫੌਰਨ ਪਿਛੋਂ ਬਰਾਤੀ ਭਾਵੇਂ ਕਿੰਨੇ ਹੀ ਸੱਭਿਅਕ ਘਰਾਣਿਆਂ ਦੇ ਕਿਉਂ ਨਾ ਹੋਣ, ਪਕੌੜਿਆਂ ਦੀਆਂ ਸਟਾਲਾਂ ‘ਤੇ ਇਸ ਤਰ੍ਹਾਂ ਟੁੱਟ ਕੇ ਡਿਗਦੇ ਜਾਂ ਝਪਟਦੇ ਹਨ, ਜਿਵੇਂ ਬਿੱਲੀਆਂ ਚੂਹਿਆਂ ‘ਤੇ ਝਪਟਦੀਆਂ ਹਨ। ਨਜ਼ਾਰਾ ਉਹ ਵੀ ਵੇਖਣ ਯੋਗ ਹੁੰਦਾ ਹੈ, ਜਦੋਂ ਧੱਕਾ ਮੁੱਕੀ ਤੇ ਹਫੜਾ ਦਫੜੀ ਵਿਚ ਪਕੌੜਿਆਂ ਵਾਲੀ ਚਾਟ ਨਾਲ ਅਕਸਰ ਬਰਾਤੀ ਆਪਣੇ ਕੱਪੜੇ ਤੱਕ ਰੰਗ ਬਹਿੰਦੇ ਹਨ।
ਪਿਛਲੇ ਦਿਨੀਂ ਜੋ ਇਕ ਵੀਡੀਓ ਵਾਇਰਲ ਹੋਈ ਸੀ, ਉਹ ਕਿਸੇ ਵਿਆਹ ਦੀ ਨਹੀਂ ਸਗੋਂ ਇਕ ਸਿਆਸੀ ਪਾਰਟੀ ਦੇ ਸਮਾਗਮ ਦੀ ਸੀ, ਜਿਸ ਵਿਚ ਇਕ ਆਦਮੀ ਪਕੌੜਿਆਂ ਦੀ ਭਰੀ ਪਰਾਤ ਸਿਰ ‘ਤੇ ਚੁੱਕੀ ਲੋਕਾਂ ਦੇ ਇਕੱਠ ਵਿਚੋਂ ਦੀ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਪਹਿਲਾਂ ਕਿ ਉਹ ਆਪਣੇ ਨਿਸ਼ਚਿਤ ਸਥਾਨ ‘ਤੇ ਪਹੁੰਚਦਾ, ਸਮਾਗਮ ਵਿਚ ਜੁੜੇ ਲੋਕ ਪਕੌੜਿਆਂ ਦੀ ਪਰਾਤ ‘ਤੇ ਇਸ ਤਰ੍ਹਾਂ ਟੁੱਟ ਪਏ, ਜਿਵੇਂ ਗਿਰਝਾਂ ਮੁਰਦਾਰ ਜਾਨਵਰ ‘ਤੇ ਪੈਂਦੀਆਂ ਹਨ। ਫਲਸਰੂਪ ਪਰਾਤ ਹੱਥੋਂ ਛੁਟ ਕੇ ਥੱਲੇ ਡਿਗ ਗਈ।
ਇਸ ਪਿਛੋਂ ਜੋ ਵੇਖਿਆ, ਉਹ ਦ੍ਰਿਸ਼ ਵਾਕੱਈ ਬਹੁਤ ਹੈਰਾਨੀਜਨਕ ਤੇ ਦੁਖਦਾਈ ਸੀ। ਉਦੋਂ ਲੋਕਾਂ ਅੰਦਰ ਵਸੀ ਜੋ ਭੁੱਖ ਵੇਖੀ, ਉਸ ਨੇ ਸਾਡੇ ਅੰਦਰਲੇ ਲੋਕਤੰਤਰ ਨੂੰ ਖੇਰੂੰ ਖੇਰੂੰ ਕਰ ਛੱਡਿਆ। ਉਹ ਸੀਨ ਜਦੋਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਮਨ ‘ਚ ਕਿੰਨੇ ਹੀ ਸਵਾਲ ਖੜ੍ਹੇ ਕਰ ਜਾਂਦਾ ਹੈ ਕਿ ਲੋਕ ਆਪਣੀ ਹੋਂਦ ਤੇ ਵਜੂਦ ਨੂੰ ਮਿਟਾ ਕੇ ਭੁੰਜੇ ਮਿੱਟੀ ‘ਚ ਮਿਲੇ ਪਕੌੜੇ ਹਥਿਆਉਣ ਲਈ ਕਿਸ ਤਰ੍ਹਾਂ ਤਰਲੋਮੱਛੀ ਹੋਏ ਪਏ ਨੇ, ਜਿਵੇਂ ਉਹ ਸਦੀਆਂ ਤੋਂ ਪਕੌੜਿਆਂ ਦੇ ਭੁੱਖੇ ਹੋਣ। ਇਸ ਆਪੋ ਧਾਪੀ ਵਿਚ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ, ਪਰ ਇਸ ਦੇ ਬਾਵਜੂਦ ਉਹ ਜਮੀਨ ਤੋਂ ਪਕੌੜੇ ਚੁਗ ਚੁਗ ਕੇ ਖਾਂਦੇ ਨਜ਼ਰ ਆਏ। ਪਕੌੜਿਆਂ ਦੀ ਮੁੱਠੀ ਲਈ ਝਪਟਦੇ ਇਨ੍ਹਾਂ ਲੋਕਾਂ ਨੂੰ ਵੇਖਦਿਆਂ ਇਕ ਪ੍ਰਸਿਧ ਗੀਤਕਾਰ ਦੇ ਇਹ ਬੋਲ ਵੀ ਯਕੀਨਨ ਬੌਣੇ ਪ੍ਰਤੀਤ ਹੋਣ ਲੱਗੇ, “ਭੇਡ ਵਿਕਦੀ ਛਪੰਜਾ ਸੌ ਸੱਠ ਦੀ, ਢਾਈ ਸੌ ਨੂੰ ਵੋਟ ਵਿਕਦੀ।”
ਗੱਲ ਇਥੇ ਹੀ ਨਹੀਂ ਮੁੱਕਦੀ! ਪਿਛਲੇ ਸਮੇਂ ਪਕੌੜਿਆਂ ਦੀ ਕਦਰ-ਓ-ਕੀਮਤ ਦਾ ਅਹਿਸਾਸ ਉਸ ਸਮੇਂ ਵੀ ਭਲੀਭਾਂਤੀ ਹੋਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪਕੌੜਾ ਉਦਯੋਗ’ ਨੂੰ ਪ੍ਰਫੁਲਿਤ ਕਰਨ ਲਈ ਪੜ੍ਹੇ-ਲਿਖੇ ਡਿਗਰੀ ਹੋਲਡਰ ਬੇਰੁਜ਼ਗਾਰਾਂ ਨੂੰ ਪਕੌੜੇ ਬਣਾਉਣ ਵਾਲੇ ਲੋਕਾਂ ਦੀ ਅੱਛੀ ਖਾਸੀ ਆਮਦਨ ਤੋਂ ਜਾਣੂ ਕਰਵਾਉਂਦਿਆਂ ਇਹ ਪੇਸ਼ਾ ਅਪਨਾਉਣ ਲਈ ਪ੍ਰੇਰਿਤ ਕੀਤਾ। ਬੇਸ਼ੱਕ ਮੋਦੀ ਦੇ ਉਕਤ ਬਿਆਨ ਦੀ ਵਿਰੋਧੀ ਧਿਰ ਨੇ ਕਾਫੀ ਨਿੰਦਾ ਕੀਤੀ, ਪਰ ‘ਪਕੌੜਾ ਉਦਯੋਗ’ ਸਬੰਧੀ ਹੋਏ ਇਸ ਨਵੇਂ ਖੁਲਾਸੇ ‘ਤੇ ਜਦੋਂ ਅਸੀਂ ਗੰਭੀਰਤਾ ਨਾਲ ਗੌਰ ਕੀਤਾ ਤਾਂ ਵਾਕੱਈ ਇਹ ਮਹਿਸੂਸ ਹੋਇਆ ਕਿ ਪਕੌੜਿਆਂ ਦਾ ਬਿਜਨਸ ਕੋਈ ਛੋਟਾ ਮੋਟਾ ਬਿਜਨਸ ਨਹੀਂ, ਸਗੋਂ ਹਾਈ ਪ੍ਰੋਫਾਈਲ ਕੰਮ ਹੈ।
ਜੇ ਵੇਖਿਆ ਜਾਏ ਤਾਂ ਹਕੀਕਤ ‘ਚ ਪਕੌੜਿਆਂ ਦੇ ਉਦਯੋਗ ਨੂੰ ਇਕ ਵੱਡੀ ਸਨਅਤ ਕਿਹਾ ਜਾ ਸਕਦਾ ਹੈ, ਕਿਉਂਕਿ ਪਕੌੜਿਆਂ ਦੀਆਂ ਅੱਗੋਂ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਆਲੂ ਪਕੌੜਾ, ਪਾਲਕ ਪਕੌੜਾ, ਪਨੀਰ ਪਕੌੜਾ, ਮਿਰਚ ਪਕੌੜਾ, ਬਰੈਡ ਪਕੌੜਾ, ਗੋਭੀ ਪਕੌੜਾ, ਮੱਛੀ ਪਕੌੜਾ ਅਤੇ ਚਿਕਨ ਪਕੌੜਾ। ਪਕੌੜਾ ਹਰ ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਦੀ ਪਹੁੰਚ ਵਿਚ ਆਸਾਨੀ ਨਾਲ ਆ ਜਾਂਦੇ ਹਨ। ਇਕ ਹੋਰ ਗੱਲ, ਇਸ ਪਕੌੜਾ ਉਦਯੋਗ ਨੂੰ ਕਦੀ ਮੰਦੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਭਾਰਤ ਇੱਕ ਬਹੁ ਧਰਮੀ ਦੇਸ਼ ਹੈ, ਵੱਖ ਵੱਖ ਧਰਮਾਂ ਦੇ ਲੋਕ ਧਰਮ ਲਈ ਲੜਨ-ਮਰਨ ਨੂੰ ਤਾਂ ਹਰ ਵੇਲੇ ਤਿਆਰ ਰਹਿੰਦੇ ਹਨ, ਪਰ ਧਰਮ ਦੇ ਦਰਸਾਏ ਰਸਤੇ ‘ਤੇ ਚੱਲਣ ਨੂੰ ਬਹੁਤ ਹੀ ਘੱਟ ਤਿਆਰ ਨਜ਼ਰ ਆਉਂਦੇ ਹਨ। ਬਹੁ ਧਰਮੀ ਦੇਸ਼ ਹੋਣ ਕਾਰਨ ਇਥੇ ਹਰ ਦੂਜੇ, ਤੀਜੇ ਦਿਨ ਕੋਈ ਨਾ ਕੋਈ ਤਿਥ ਤਿਓਹਾਰ ਆਇਆ ਹੀ ਰਹਿੰਦਾ ਹੈ। ਧਾਰਮਿਕ ਤਿਓਹਾਰਾਂ ਦੇ ਨਾਲ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਚੋਣਾਂ ਦਾ ਸੀਜ਼ਨ ਵੀ ਚਲਦਾ ਹੀ ਰਹਿੰਦਾ ਹੈ। ਇੰਜ ‘ਪਕੌੜਾ ਉਦਯੋਗ’ ਦੇ ਘਾਟੇ ਵਿਚ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।
ਇਕ ਸਵਾਲ ਮਨ ਵਿਚ ਇਹ ਵੀ ਆਇਆ ਕਿ ਮੋਦੀ ਤੋਂ ਪਹਿਲਾਂ ਵੀ ਬਹੁਤ ਸਾਰੇ ਪ੍ਰਧਾਨ ਮੰਤਰੀ ਹੋਏ, ਫਿਰ ਉਨ੍ਹਾਂ ਦਾ ਇਸ ਉਦਯੋਗ ਵਲ ਧਿਆਨ ਕਿਉਂ ਨਾ ਗਿਆ? ਤਾਂ ਵਿਚਲੀ ਗੱਲ ਉਭਰ ਕੇ ਇਹ ਸਾਹਮਣੇ ਆਈ ਕਿ ਚਾਹ ਤੇ ਪਕੌੜਿਆਂ ਦਾ ਆਪਸ ‘ਚ ਮੁੱਢ ਕਦੀਮ ਤੋਂ ਹੀ ਗੂੜ੍ਹਾ ਰਿਸ਼ਤਾ ਚਲਿਆ ਆ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਨੁਸਾਰ ਪਹਿਲੇ ਸਮਿਆਂ ਵਿਚ ਉਨ੍ਹਾਂ ਨੇ ਚਾਹ ਵੀ ਵੇਚੀ ਹੈ, ਸ਼ਾਇਦ ਇਸੇ ਲਈ ਉਨ੍ਹਾਂ ਦੇ ਦਿਮਾਗ ਵਿਚ ਕਿਤੇ ਨਾ ਕਿਤੇ ‘ਪਕੌੜਾ ਉਦਯੋਗ’ ਦਾ ਵਿਚਾਰ ਵਿਸ਼ੇਸ਼ ਤੌਰ ‘ਤੇ ਘਰ ਕਰੀ ਬੈਠਾ ਹੋਵੇਗਾ, ਜੋ ਉਨ੍ਹਾਂ ਦੀ ਜਬਾਨ ਤੋਂ ਆਪ ਮੁਹਾਰੇ ਹੀ ਨਿਕਲ ਗਿਆ।
ਕੁਝ ਦਿਨ ਪਹਿਲਾਂ ਇਹ ਵੇਖ ਕੇ ਚਿੰਤਾ ਹੋਈ ਜਦੋਂ ਇਕ ਰਾਜਨੀਤਕ ਰੈਲੀ ਦੌਰਾਨ ਪੜ੍ਹੇ-ਲਿਖੇ ਡਿਗਰੀ ਹੋਲਡਰਾਂ ਨੇ ਪ੍ਰਧਾਨ ਮੰਤਰੀ ਦੇ ਦਰਸਾਏ ਰਸਤੇ ‘ਤੇ ਚਲਦਿਆਂ ਸ਼ਾਇਦ ਸੁਹਿਰਦ ਹਿਰਦੇ ਨਾਲ ਪਕੌੜੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਮੁੰਡੇ-ਕੁੜੀਆਂ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰਦਿਆਂ ਪੁਲਿਸ ਵਾਲਿਆਂ ਨੇ ਕਾਨੂੰਨ ਅਤੇ ਵਿਵਸਥਾ ਦਾ ਮਸਲਾ ਬਣਾ ਕੇ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰ ਜੀਪਾਂ ਅਤੇ ਬੱਸਾਂ ਵਿਚ ਡੱਕ ਲਿਆ। ਇਸ ਤੋਂ ਵੀ ਵੱਧ ਅਫਸੋਸ ਵਾਲੀ ਗੱਲ ਇਹ ਹੋਈ ਕਿ ਇਸ ਮੌਕੇ ਪ੍ਰਧਾਨ ਮੰਤਰੀ ਦੇ ਸ਼ਬਦਾਂ ‘ਤੇ ਫੁੱਲ ਚੜ੍ਹਾਉਣ ਵਾਲੇ ਇਨ੍ਹਾਂ ਬੇਰੁਜ਼ਗਾਰਾਂ ਦੀ ਮਦਦ ਲਈ ਸਰਕਾਰ ਦਾ ਕੋਈ ਮੰਤਰੀ ਤਾਂ ਦੂਰ ਦੀ ਗੱਲ, ਕੋਈ ਸਾਧਾਰਨ ਵਰਕਰ ਵੀ ਨਜ਼ਰ ਨਹੀਂ ਆਇਆ।