ਆਦਿ ਬੀੜ ਕਿਵੇਂ ਬਣੀ-ਕਿਸ਼ਤ ਦੂਜੀ

ਕਸ਼ਮੀਰਾ ਸਿੰਘ
ਫੋਨ: 801-414-0171
ਬਾਣੀ ਸੁਨੇਹੇ ਭੇਜ ਕੇ ਕਿਤਿਓਂ ਇਕੱਠੀ ਨਹੀਂ ਸੀ ਕੀਤੀ ਗਈ।
ਪਹਿਲੀ ਕਿਸ਼ਤ ਵਿਚ ਇਹ ਨਿਰਣਾ ਕੀਤਾ ਗਿਆ ਸੀ ਕਿ ਗੁਰਬਾਣੀ ਦੀ ਮਹਾਨਤਾ ਤੋਂ ਕੋਰੇ ਲੇਖਕਾਂ ਦਾ ਪੰਜਵੇਂ ਗੁਰੂ ਜੀ ਵਲੋਂ ਗੁਰਬਾਣੀ ਇਕੱਠੀ ਕਰਨ ਦਾ ਹੋਕਾ ਦਿਵਾਉਣਾ ਕੋਰਾ ਝੂਠ ਸੀ। ਇਸ ਕਿਸ਼ਤ ਵਿਚ ਪ੍ਰਮਾਣ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਵੇਂ ਗੁਰੂ ਜੀ ਕੋਲ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਮੌਜੂਦ ਸੀ, ਜਿਸ ਕਾਰਨ ਗੁਰੂ ਜੀ ਨੂੰ ਕਿਤੇ ਵੀ ਕਿਸੇ ਨੂੰ ਆ ਕੇ ਬਾਣੀ ਜਮਾਂ ਕਰਾਉਣ ਦੇ ਸੁਨੇਹੇ ਨਹੀਂ ਭੇਜਣੇ ਪਏ।

ਜਾਨ ਤੋਂ ਵੱਧ ਪਿਆਰੀ ਬਾਣੀ ਲਿਖ ਕੇ ਕੋਲ ਰੱਖਣ ਦੀ ਲੋੜ ਅਤੇ ਰੀਤ ਖੁਦ ਪਹਿਲੇ ਪਾਤਿਸ਼ਾਹ ਹੀ ਚਲਾ ਗਏ ਸਨ, ਜਿਸ ਦੀ ਪੁਸ਼ਟੀ ਭਾਈ ਗੁਰਦਾਸ ਇਉਂ ਕਰਦੇ ਹਨ,
ਪੁਛਨਿ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥
ਵਡਾ ਸਾਂਗ ਵਰਤਾਇਆ ਲਖਿ ਨ ਸਕੇ ਕੁਦਰਤਿ ਕੋਈ॥
ਪੁਛਨਿ ਫੋਲਿ ਕਿਤਾਬ ਨੂੰ ਹਿੰਦੂ ਵਡਾ ਕਿ ਮੁਸਲਮਾਨੋਈ॥
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲਹਨਿ ਨ ਢੋਈ॥
ਕਚਾ ਰੰਗ ਕੁਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨਿ ਬਖੀਲੀ ਆਪ ਵਿਚਿ ਰਾਮ ਰਹੀਮ ਇਕ ਥਾਇ ਖਲੋਈ॥
ਰਾਹਿ ਸ਼ੈਤਾਨੀ ਦੁਨੀਆ ਗੋਈ॥ (ਵਾਰ 1, ਪਉੜੀ 33)
ਵਿਚਾਰ: ਪਉੜੀ ਵਿਚ ਜਿਸ ‘ਕਿਤਾਬ’ ਦਾ ਜ਼ਿਕਰ ਹੈ, ਉਹ ਗੁਰੂ ਨਾਨਕ ਪਾਤਿਸ਼ਾਹ ਕੋਲ ਬਾਣੀ ਦੀ ਪੋਥੀ ਸੀ, ਜਿਸ ਵਿਚ ਉਨ੍ਹਾਂ ਦੀ ਆਪਣੀ ਬਾਣੀ ਅਤੇ ਉਨ੍ਹਾਂ ਵਲੋਂ ਆਪ ਉਤਾਰਾ ਕਰ ਕੇ ਰੱਖੀ ਭਗਤ ਬਾਣੀ ਵੀ ਸੀ। ਕਾਜ਼ੀਆਂ ਅਤੇ ਮੌਲਾਣਿਆਂ ਨੇ ‘ਵਡਾ ਹਿੰਦੂ ਕਿ ਮੁਸਲਮਾਨੋਈ’ ਦਾ ਉਤਰ ਇਸੇ ਕਿਤਾਬ ਦੀ ਵਿਚਾਰਧਾਰਾ ਅਨੁਸਾਰ ਦੇਣ ਲਈ ਆਖਿਆ ਸੀ।
ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੀ ਸਾਰੀ ਬਾਣੀ ਪੰਜਵੇਂ ਗੁਰੂ ਜੀ ਕੋਲ ਮੌਜੂਦ ਸੀ।
(A) ਪਹਿਲੇ ਗੁਰੂ ਜੀ ਤੋਂ ਬਾਣੀ ਧੰਨੁ ਗੁਰੂ ਅੰਗਦ ਸਾਹਿਬ ਕੋਲ ਪਹੁੰਚੀ।
ਸ਼ ਜੀ. ਬੀ. ਸਿੰਘ ਨੇ ਕੀ ਕਿਹਾ?
‘ਪ੍ਰਾਚੀਨ ਬੀੜਾਂ’ ਪੁਸਤਕ ਦੇ ਲਿਖਾਰੀ ਜੀ. ਬੀ. ਸਿੰਘ ਨੇ ਪੰਨਾ 11-12 ਉਤੇ ‘ਗੁਰਬਾਣੀ ਦੀ ਤਲਾਸ਼’ ਸਿਰਲੇਖ ਹੇਠ ਲਿਖਿਆ ਹੈ ਕਿ ਪਹਿਲੇ ਗੁਰੂ ਜੀ ਕੋਲ ਬਾਣੀ ਦੀ ਪੋਥੀ ਸੀ ਪਰ ਦੂਜੇ ਗੁਰੂ ਜੀ ਕੋਲ ਨਹੀਂ ਪਹੁੰਚੀ, ਸਗੋਂ ਉਹ ਭਾਈ ਸ੍ਰੀਚੰਦ ਨੂੰ ਮਿਲੀ। ਭਾਈ ਸ੍ਰੀਚੰਦ ਦੇ ਚਲਾਣੇ ਸਮੇਂ ਉਹ ਬਾਣੀ ਦੀ ਪੋਥੀ ਵੀ ਭਾਈ ਸ੍ਰੀਚੰਦ ਦੀਆਂ ਅਸਥੀਆਂ ਨਾਲ ਹੀ ਰਾਵੀ ਦਰਿਆ ਵਿਚ ਰੋੜ੍ਹ ਦਿੱਤੀ ਗਈ ਕਿਉਂਕਿ ਲਿਖਾਰੀ ਅਨੁਸਾਰ ਭਾਈ ਸ੍ਰੀਚੰਦ ਦੀ ਹਦਾਇਤ ‘ਤੇ ਅਜਿਹਾ ਕੀਤਾ ਗਿਆ।
ਵਿਚਾਰ:
*ਜੇ ਪਹਿਲੇ ਗੁਰੂ ਜੀ ਦੀ ਬਾਣੀ ਦਰਿਆ ਵਿਚ ਰੋੜ੍ਹ ਦਿੱਤੀ ਗਈ ਸੀ ਤਾਂ ਦੂਜੇ ਗੁਰੂ ਜੀ ਨੇ ਕਿਸ ਬਾਣੀ ਨਾਲ ਸੰਗਤਾਂ ਵਿਚ ਪ੍ਰਚਾਰ ਕੀਤਾ? ਦੂਜੇ ਗੁਰੂ ਜੀ ਦੇ ਤਾਂ ਕੇਵਲ 63 ਹੀ ਸ਼ਲੋਕ ਹਨ ਅਤੇ ਉਨ੍ਹਾਂ ਨੇ 13 ਸਾਲ ਗੁਰਿਆਈ ਕੀਤੀ।
*ਪਹਿਲੇ ਗੁਰੂ ਜੀ ਨੇ ਆਪਣੀ ਹਯਾਤੀ ਵਿਚ ਹੀ ਭਾਈ ਲਹਿਣਾ ਨੂੰ ਗੁਰਿਆਈ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਸੀ। ਉਨ੍ਹਾਂ ਨੇ ਸਮੱਗਰ ਬਾਣੀ ਦਾ ਖਜਾਨਾ ਵੀ ਆਪਣੇ ਹੱਥੀਂ ਦੂਜੇ ਗੁਰੂ ਜੀ ਨੂੰ ਉਸੇ ਸਮੇਂ ਹੀ ਸੌਂਪਣਾ ਸੀ, ਕਿਉਂਕਿ ਇਸੇ ਮਹਾਨ ਤੇ ਕੀਮਤੀ ਵਿਰਸੇ ਨਾਲ ਹੀ ਗੁਰਮਤਿ ਵਿਚਾਰਧਾਰਾ ਨੂੰ ਅਗਾਂਹ ਤੋਰਿਆ ਅਤੇ ਦੂਜੇ ਗੁਰੂ ਜੀ ਇਸ ਖਜਾਨੇ ਨੂੰ ਸੰਭਾਲਣ ਦੇ ਯੋਗ ਵੀ ਸਨ ਤੇ ਇਸ ਦੇ ਹੱਕਦਾਰ ਵੀ। ਫਿਰ ਇਹ ਖਜਾਨਾ ਭਾਈ ਸ੍ਰੀਚੰਦ ਕੋਲ ਕਿਵੇਂ ਚਲਾ ਗਿਆ?
*ਸਵਾਲ ਇਹ ਵੀ ਹੈ ਕਿ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਅਤੇ ਭਗਤਾਂ ਦੀ ਬਾਣੀ ਫਿਰ ਕਿੱਥੋਂ ਲੈ ਕੇ ਆਦਿ ਬੀੜ ਵਿਚ ਦਰਜ ਕੀਤੀ, ਜੇ ਉਹ ਰਾਵੀ ਦਰਿਆ ਵਿਚ ਹੀ ਰੋੜ੍ਹ ਦਿੱਤੀ ਸੀ? ਲਿਖਾਰੀ ਜੀ. ਬੀ. ਸਿੰਘ ਦੀ ਇਹ ਦਲੀਲ ਬਿਲਕੁਲ ਕੱਚੀ ਹੈ, ਜੋ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੀ ਬਾਣੀ ਦੇ ਵਰਤੇ ਸਾਂਝੇ ਸ਼ਬਦਾਂ ਦੇ ਟਾਕਰੇ ਤੋਂ ਸਪੱਸ਼ਟ ਹੋ ਜਾਵੇਗੀ।
ਹੁਣ ਟਾਕਰਾ ਕਰਦੇ ਹਾਂ ਪਹਿਲੇ ਦੋ ਗੁਰੂ ਸਾਹਿਬਾਨ ਦੀ ਬਾਣੀ ਦਾ,
(1) ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ (ਮ: ਪਹਿਲਾ, ਪੰਨਾ 474)
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥ (ਮ: ਦੂਜਾ, ਪੰਨਾ 474)
(2) ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥ (ਮ: ਪਹਿਲਾ, ਪੰਨਾ 474)
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥ (ਮ: ਦੂਜਾ, ਪੰਨਾ 474)
(3) ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ॥ (ਮ: ਪਹਿਲਾ, ਪੰਨਾ 145)
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ॥ (ਮ: ਦੂਜਾ, ਪੰਨਾ 146)
(4) ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ॥ (ਮਹਲਾ ਪਹਿਲਾ, ਪੰਨਾ 146)
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ॥ (ਮ: ਦੂਜਾ, ਪੰਨਾ 146)
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥ (ਸਲੋਕ ਮ: ਦੂਜਾ, ਪੰਨਾ 146)
(5) ਸਲੋਕੁ॥ ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ॥ (ਮ: ਪਹਿਲਾ, ਪੰਨਾ 145)
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ (ਮ: ਦੂਜਾ, ਪੰਨਾ 146)
(6) ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥1॥ (ਮਹਲਾ ਪਹਿਲਾ, ਪੰਨਾ 8)

ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ (ਮ: ਦੂਜਾ, 146)
ਉਕਤ ਬਾਣੀ ਦੇ ਸ਼ਬਦਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਪਹਿਲੇ ਗੁਰੂ ਜੀ ਤੋਂ ਬਾਣੀ ਦਾ ਖਜਾਨਾ ਦੂਜੇ ਗੁਰੂ ਜੀ ਕੋਲ ਆ ਗਿਆ ਸੀ। ਨਾ ਹੀ ਇਸ ਖਜਾਨੇ ਨੂੰ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ ਸੀ, ਨਾ ਹੀ ਇਹ ਖਜਾਨਾ ਭਾਈ ਸ੍ਰੀਚੰਦ ਕੋਲ ਗਿਆ ਸੀ ਅਤੇ ਨਾ ਹੀ ਕਿਤੇ ਖਿਲਾਰਿਆ ਗਿਆ ਸੀ।
(ਅ) ਪਹਿਲੇ ਗੁਰੂ ਜੀ ਦੀ ਬਾਣੀ ਦੀ ਤੀਜੇ, ਚਉਥੇ ਅਤੇ ਪੰਜਵੇਂ ਗੁਰੂ ਜੀ ਦੀ ਬਾਣੀ ਨਾਲ ਸ਼ਬਦਾਂ ਦੀ ਸਾਂਝ:
ਸ੍ਰੀ ਰਾਗ ਦੇ ਸ਼ਬਦਾਂ ਵਿਚ ਵਰਤੇ ਸਾਂਝੇ ਸ਼ਬਦ:
ਗੁਰੂ ਨਾਨਕ ਪਾਤਿਸ਼ਾਹ ਨੇ ਸ੍ਰੀ ਰਾਗ ਦੇ ਕੁਝ ਸ਼ਬਦਾਂ ਦੀ ਰਹਾਉ ਦੀ ਤੁਕ ਵਿਚ ਭਾਈ ਰੇ, ਮਨ ਮੇਰੇ, ਮੇਰੇ ਮਨ ਅਤੇ ਮੁੰਧੇ ਸ਼ਬਦਾਂ ਦੀ ਸੰਬੋਧਨ ਕਾਰਕ ਵਿਚ ਵਰਤੋਂ ਕੀਤੀ ਹੈ। ਇਸੇ ਨੂੰ ਮੁੱਖ ਰੱਖ ਕੇ ਤੀਜੇ ਗੁਰੂ ਜੀ ਨੇ ਵੀ ਭਾਈ ਰੇ, ਮਨ ਮੇਰੇ, ਮੇਰੇ ਮਨ ਅਤੇ ਮੁੰਧੇ ਸ਼ਬਦਾਂ ਦੀ ਸ੍ਰੀ ਰਾਗ ਵਿਚ ਕੁਝ ਸ਼ਬਦਾਂ ਦੀ ਰਹਾਉ ਦੀ ਤੁਕ ਵਿਚ ਵਰਤੋਂ ਕੀਤੀ ਹੈ। ਚੌਥੇ ਗੁਰੂ ਜੀ ਨੇ ਵੀ ਭਾਈ ਰੇ ਅਤੇ ਪੰਜਵੇਂ ਗੁਰੂ ਜੀ ਨੇ ਮਨ ਮੇਰੇ, ਮੇਰੇ ਮਨ, ਭਾਈ ਰੇ ਸ਼ਬਦ ਸੰਬੋਧਨ ਕਾਰਕ ਵਿਚ ਸ੍ਰੀ ਰਾਗ ਦੇ ਕੁਝ ਸ਼ਬਦ ਰਹਾਉ ਦੀ ਤੁਕ ਵਿਚ ਵਰਤੇ ਹਨ। ਪ੍ਰਮਾਣ ਵਜੋਂ ਪਹਿਲੇ ਗੁਰੂ ਜੀ ਦੇ ਰਚੇ ਸ੍ਰੀ ਰਾਗ ਦੇ ਸ਼ਬਦ ਨੰਬਰ 10, 11, 12, 13, 15, 19, 20, 21, 22 ਅਤੇ 23 ਦੇਖੇ ਜਾ ਸਕਦੇ ਹਨ। ਤੀਜੇ ਗੁਰੂ ਜੀ ਦੇ ਇਸੇ ਰਾਗ ਦੇ ਸ਼ਬਦ ਨੰਬਰ 1, 2, 5, 6, 7, 8, 10, 11, 12, 19, 28 ਅਤੇ 29 ਦੇਖੇ ਜਾ ਸਕਦੇ ਹਨ। ਚਉਥੇ ਗੁਰੂ ਜੀ ਦੇ ਇਸੇ ਰਾਗ ਦੇ ਸ਼ਬਦ ਨੰਬਰ 5 ਅਤੇ 6 ਦੇਖੇ ਜਾ ਸਕਦੇ ਹਨ। ਪੰਜਵੇਂ ਗੁਰੂ ਜੀ ਦੇ ਸ੍ਰੀ ਰਾਗ ਦੇ ਸ਼ਬਦ ਨੰਬਰ 1, 2, 5, 6, 13 ਅਤੇ 30 ਦੇਖੇ ਜਾ ਸਕਦੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਪਹਿਲੇ ਗੁਰੂ ਜੀ ਦੀ ਬਾਣੀ ਬਾਕੀ ਚਾਰ ਗੁਰੂ ਸਾਹਿਬਾਨ ਕੋਲ ਮੌਜੂਦ ਸੀ। ਦੂਜੇ ਗੁਰੂ ਜੀ ਨੇ ਸ਼ਬਦ ਰਚਨਾ ਨਹੀਂ ਕੀਤੀ, ਉਨ੍ਹਾਂ ਦੇ ਕੇਵਲ ਸ਼ਲੋਕ ਹੀ ਹਨ, ਜੋ ਵੱਖ-ਵੱਖ ਵਾਰਾਂ ਵਿਚ ਲਿਖੇ ਦੇਖੇ ਜਾ ਸਕਦੇ ਹਨ। ਹੇਠਾਂ ਕੁਝ ਹੋਰ ਪ੍ਰਮਾਣ ਹਨ, ਜੋ ਸਾਬਤ ਕਰਦੇ ਹਨ ਕਿ ਪਹਿਲੇ ਪਾਤਿਸ਼ਾਹ ਦੀ ਬਾਣੀ ਤੀਜੇ ਗੁਰੂ ਜੀ ਕੋਲ, ਦੂਜੇ ਗੁਰੂ ਜੀ ਰਾਹੀਂ ਆ ਗਈ ਸੀ,
(1) ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ (ਮਹਲਾ ਪਹਿਲਾ, ਪੰਨਾ 1412)
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ (ਮਹਲਾ ਤੀਜਾ, ਪੰਨਾ 1412)
ਵਿਚਾਰ: ਸ਼ਲੋਕ ਵਾਰਾਂ ਤੇ ਵਧੀਕ ਵਿਚੋਂ ਲਿਆ ਉਕਤ ਇੱਕੋ ਪ੍ਰਮਾਣ ਹੀ ਸਿੱਧ ਕਰਦਾ ਹੈ ਕਿ ਪਹਿਲੇ ਸਤਿਗੁਰੂ ਜੀ ਦਾ ਲਿਖਿਆ ਸ਼ਲੋਕ ਨੰਬਰ 27 ਤੀਜੇ ਗੁਰੂ ਜੀ ਕੋਲ ਆਏ ਬਾਣੀ ਦੇ ਖਜਾਨੇ ਵਿਚ ਸੀ ਜਿਸ ਨੂੰ ਪੜ੍ਹ-ਵਿਚਾਰ ਕੇ ਤੀਜੇ ਗੁਰੂ ਜੀ ਨੇ ਆਪਣਾ ਇੱਕ ਸ਼ਲੋਕ ਨੰਬਰ 28 ਇਸੇ ਪ੍ਰਥਾਇ ਲਿਖਿਆ। ਇਹ ਦੋਵੇਂ ਸ਼ਲੋਕ ਪੰਜਵੇਂ ਗੁਰੂ ਜੀ ਕੋਲ ਵੀ ਸਨ ਕਿਉਂਕਿ ਉਨ੍ਹਾਂ ਨੇ ਹੀ ਪਹਿਲੇ ਗੁਰੂ ਜੀ ਦੇ ਸ਼ਲੋਕਾਂ ਵਿਚ ਤੀਜੇ ਗੁਰੂ ਜੀ ਦਾ ਸ਼ਲੋਕ ਦਰਜ ਕੀਤਾ ਸੀ ਅਤੇ ਉਨ੍ਹਾਂ ਨੇ ਹੀ ਸ਼ਲੋਕ ਵਾਰਾਂ ਤੇ ਵਧੀਕ ਸੰਗ੍ਰਿਹ ਬਣਾਇਆ ਸੀ।
(2) ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੇ ਵਿਚਾਰ ਨੂੰ ਖੋਲ੍ਹ ਕੇ ਲਿਖਿਆ, ਜੋ ਸਿੱਧ ਕਰਦਾ ਹੈ ਕਿ ਤੀਜੇ ਗੁਰੂ ਜੀ ਕੋਲ ਦੂਜੇ ਗੁਰੂ ਜੀ ਰਾਹੀਂ, ਪਹਿਲੇ ਗੁਰੂ ਜੀ ਕੋਲ ਬਣਿਆ ਬਾਣੀ ਦਾ ਖਜਾਨਾ ਪਹੁੰਚ ਚੁਕਾ ਸੀ। ਦੇਖੋ ਇਹ ਪ੍ਰਮਾਣ,
ਸਲੋਕੁ ਮ: ਪਹਿਲਾ॥
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
ਮ: ਤੀਜਾ॥
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥
ਗੁਰਮੁਖਿ ਕੋਈ ਉਤਰੈ ਪਾਰਿ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ॥
ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ (ਪੰਨਾ 145)
ਵਿਚਾਰ: ਦੋਵੇਂ ਸ਼ਲੋਕ ਇੱਕੋ ਥਾਂ ਮਾਝ ਰਾਗ ਦੀ ਵਾਰ ਦੀ 16ਵੀਂ ਪਉੜੀ ਨਾਲ ਦਰਜ ਹਨ। ਦਰਜ ਕਰਨ ਵਾਲੇ ਪੰਜਵੇਂ ਗੁਰੂ ਜੀ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਚਉਥੇ ਗੁਰੂ ਜੀ ਰਾਹੀਂ ਬਾਣੀ ਦਾ ਖਜਾਨਾ ਉਨ੍ਹਾਂ ਕੋਲ ਆ ਚੁਕਾ ਸੀ। ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੀ ਲਿਖੀ ਪੰਕਤੀ ‘ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥’ ਵਿਚ ਦਿੱਤੇ ਪ੍ਰਸ਼ਨ ਦਾ ਉਤਰ ਖੋਲ੍ਹ ਕੇ ਲਿਖ ਦਿੱਤਾ ਹੈ, ਜੋ ਇਸ਼ਾਰੇ ਮਾਤਰ ‘ਸਚੁ ਚੰਦ੍ਰਮਾ’ ਲਿਖ ਕੇ ਦਿੱਤਾ ਗਿਆ ਸੀ।
(3) ਰਾਗਾਂ ਦੀ ਸਾਂਝ:
ਪਹਿਲੇ ਗੁਰੂ ਜੀ ਨੇ 19 ਰਾਗਾਂ ਵਿਚ ਬਾਣੀ ਰਚੀ। ਤੀਜੇ ਗੁਰੂ ਜੀ ਨੇ 17 ਉਨ੍ਹਾਂ ਰਾਗਾਂ ਵਿਚ ਬਾਣੀ ਰਚੀ, ਜੋ ਪਹਿਲੇ ਗੁਰੂ ਜੀ ਨੇ ਬਾਣੀ ਵਿਚ ਵਰਤੇ ਹੋਏ ਸਨ। ਇਹ ਸੰਜੋਗ ਐਵੇਂ ਹੀ ਨਹੀਂ ਬਣਿਆ, ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੀ ਬਾਣੀ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਸੀ, ਜਿਸ ਤੋਂ ਸਿੱਧ ਹੈ ਕਿ ਤੀਜੇ ਗੁਰੂ ਜੀ ਕੋਲ ਇਹ ਸਾਰੀ ਬਾਣੀ ਆ ਚੁਕੀ ਸੀ।
(4) ਲੰਬੀਆਂ ਬਾਣੀਆਂ ਰਚਣ ਦੀ ਪ੍ਰੇਰਨਾ:
ਤੀਜੇ ਗੁਰੂ ਜੀ ਨੇ ਰਾਮਕਲੀ ਰਾਗ ਵਿਚ ‘ਅਨੰਦੁ’ ਨਾਂ ਦੀ ਲੰਬੀ ਬਾਣੀ ਰਚਣ ਲਈ ਪਹਿਲੇ ਗੁਰੂ ਜੀ ਦੀਆਂ ਰਾਮਕਲੀ ਰਾਗ ਵਿਚ ਹੀ ਲਿਖੀਆਂ ਲੰਬੀਆਂ ‘ਸਿਧ ਗੋਸਟਿ’ ਅਤੇ ‘ਓਅੰਕਰੁ’ ਤੋਂ ਹੀ ਪ੍ਰੇਰਨਾ ਲਈ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਤੀਜੇ ਗੁਰੂ ਜੀ ਕੋਲ ਪਹਿਲੇ ਦੋ ਪਾਤਿਸ਼ਾਹਾਂ ਦੀ ਬਾਣੀ ਆ ਚੁੱਕੀ ਸੀ ਅਤੇ ਇਹ ਕਿਤੇ ਖਿਲਰੀ ਅਤੇ ਅਣਦੇਖੀ ਨਹੀਂ ਪਈ ਸੀ।
(5) ਆਸਾ ਰਾਗ ਵਿਚ ‘ਪਟੀ’ ਲਿਖਣ ਦੀ ਪ੍ਰੇਰਨਾ:
ਪਹਿਲੇ ਗੁਰੂ ਜੀ ਨੇ ਆਸਾ ਰਾਗ ਵਿਚ ‘ਪਟੀ’ ਲਿਖੀ ਸੀ ਅਤੇ ਤੀਜੇ ਗੁਰੂ ਜੀ ਨੇ ਵੀ ਇਸ ਲਿਖਤ ਤੋਂ ਅਗਵਾਈ ਲੈ ਕੇ ਆਸਾ ਰਾਗ ਵਿਚ ਹੀ ‘ਪਟੀ’ ਦੀ ਰਚਨਾ ਕੀਤੀ। ਸਪੱਸ਼ਟ ਹੈ ਕਿ ਤੀਜੇ ਗੁਰੂ ਜੀ ਕੋਲ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ ਅਤੇ ਕਿਤੇ ਖਿਲਰੀ ਨਹੀਂ ਪਈ ਸੀ। ਰਹਾਉ ਦੇ ਬੰਦਾਂ ਵਿਚ ਬੋਲੀ ਦੀ ਸਾਂਝ ਵੀ ਦੇਖੋ,
ਰਾਗੁ ਆਸਾ ਮਹਲਾ ਪਹਿਲਾ ਪਟੀ ਲਿਖੀ
ਮਨ ਕਾਹੇ ਭੂਲੇ ਮੂੜ ਮਨਾ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥1॥ ਰਹਾਉ॥ (ਪੰਨਾ 432)
ਰਾਗੁ ਆਸਾ ਮਹਲਾ ਤੀਜਾ ਪਟੀ
ਮਨ ਐਸਾ ਲੇਖਾ ਤੂੰ ਕੀ ਪੜਿਆ॥
ਲੇਖਾ ਦੇਣਾ ਤੇਰੈ ਸਿਰਿ ਰਹਿਆ॥1॥ ਰਹਾਉ॥
(6) ‘ਅਲਾਹਣੀਆ’ ਬਾਣੀ ਦੀ ਰਚਨਾ ਸਾਂਝੀ ਹੈ:
ਪਹਿਲੇ ਗੁਰੂ ਜੀ ਨੇ ਵਡਹੰਸ ਰਾਗ ਵਿਚ ‘ਅਲਾਹਣੀਆ’ ਦੇ ਪੰਜ ਸ਼ਬਦ ਲਿਖੇ ਹਨ। ਇਸੇ ਹੀ ਰਾਗ ਵਿਚ ਤੀਜੇ ਗੁਰੂ ਜੀ ਨੇ ਚਾਰ ਸ਼ਬਦ ‘ਅਲਾਹਣੀਆ’ ਦੇ ਰਚੇ ਹਨ, ਜਿਨ੍ਹਾਂ ਦਾ ਸਿਰਲੇਖ ਅਤੇ ਮਜ਼ਮੂਨ ਵੀ ਉਹੀ ਹੈ, ਜੋ ਪਹਿਲੇ ਗੁਰੂ ਜੀ ਦੀਆਂ ਲਿਖੀਆਂ ਪੰਜਾਂ ‘ਅਲਾਹਣੀਆ’ ਵਿਚ ਹੈ। ਅਜਿਹਾ ਕੋਈ ਅਚਾਨਕ ਨਹੀਂ ਹੋਇਆ। ਤੀਜੇ ਗੁਰੂ ਜੀ ਕੋਲ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ, ਤਾਂ ਹੀ ਅਜਿਹਾ ਹੋ ਸਕਿਆ।
(7) ਮਾਰੂ ਰਾਗ ਵਿਚ ਰਚੇ ‘ਸੋਲਹੇ’- ਇੱਕ ਸਾਂਝ:
ਪਹਿਲੇ ਗੁਰੂ ਜੀ ਨੇ ਮਾਰੂ ਰਾਗ ਵਿਚ 22 ‘ਸੋਲਹੇ’ ਰਚੇ ਅਤੇ ਤੀਜੇ ਗੁਰੂ ਜੀ ਨੇ ਵੀ ਮਾਰੂ ਰਾਗ ਵਿਚ 24 ਸੋਲਹੇ ਰਚੇ। ਇਹ ਕੋਈ ਸਬੱਬ ਦੀ ਗੱਲ ਨਹੀਂ ਕਹੀ ਜਾ ਸਕਦੀ। ਸੱਚ ਇਹ ਹੈ ਕਿ ਤੀਜੇ ਗੁਰੂ ਜੀ ਕੋਲ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ, ਜਿਸ ਤੋਂ ਸਿੱਧ ਹੋ ਜਾਂਦਾ ਹੈ ਕਿ ਬਾਣੀ ਕਿਤੇ ਖਿੱਲਰੀ ਨਹੀਂ ਸੀ ਪਈ।
(8) ‘ਜਪੁ’ ਬਾਣੀ ਨਾਲ ਸਾਂਝ:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
ਸਿਰੀ ਰਾਗ ਮਹਲਾ 3॥
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ॥ (ਪੰਨਾ 68)
ਮਾਝ ਮਹਲਾ 3॥
ਸਭਨਾ ਜੀਆ ਕਾ ਏਕੋ ਦਾਤਾ
ਸਬਦੇ ਮਾਰਿ ਜੀਵਾਵਣਿਆ॥5॥ (ਪੰਨਾ 112)
ਵਿਚਾਰ: ਤੀਜੇ ਗੁਰੂ ਜੀ ਨੂੰ ਸ੍ਰੀ ਰਾਗ ਅਤੇ ਮਾਝ ਰਾਗ ਵਿਚ ਬਾਣੀ ਰਚਦਿਆਂ ਪਹਿਲੇ ਗੁਰੂ ਜੀ ਦੀ ‘ਜਪੁ’ ਜੀ ਵਿਚ ਲਿਖੀ ਪੰਕਤੀ ਵਿਸਰੀ ਨਹੀਂ, ਜਿਸ ਦਾ ਇੱਕ ਭਾਗ ਉਨ੍ਹਾਂ ਦੋ ਵਾਰੀ ਵਰਤਿਆ, ਜਿਸ ਤੋਂ ਸਿੱਧ ਹੈ ਕਿ ਪਹਿਲੇ ਗੁਰੂ ਜੀ ਦੀ ਬਾਣੀ ਤੀਜੇ ਗੁਰੂ ਜੀ ਕੋਲ ਮੌਜੂਦ ਸੀ।
(9) ਬਸੰਤ ਰਾਗ ਦੇ ਸ਼ਬਦਾਂ ਵਿਚ ਸ਼ਬਦ:
ਬਾਣੀ ਰਾਗਾਂ ਅਨੁਸਾਰ ਲਿਖੀ ਗਈ ਹੈ ਪਰ ਬਸੰਤ ਰਾਗ ਵਿਚ ਇੱਕ ਅਨੋਖੀ ਤਰਤੀਬ ਦੇਖਣ ਨੂੰ ਮਿਲਦੀ ਹੈ। ਬਸੰਤ ਰਾਗ ਵਿਚ ਪਹਿਲੇ ਗੁਰੂ ਜੀ ਦੇ ਦੋ ਸ਼ਬਦਾਂ ਦੇ ਨਾਲ ਹੀ ਤੀਜੇ ਗੁਰੂ ਜੀ ਦੇ ਦੋ ਸ਼ਬਦ ਲਿਖੇ ਮਿਲਦੇ ਹਨ ਜਿਵੇਂ ਸ਼ਲੋਕ ਵਾਰਾਂ ਤੇ ਵਧੀਕ ਵਿਚ ਪਹਿਲੇ ਗੁਰੂ ਜੀ ਦੇ ਸ਼ਲੋਕ ਨੰਬਰ 27 ਨਾਲ ਇੱਕ ਸ਼ਲੋਕ ਨੰਬਰ 28 ਤੀਜੇ ਗੁਰੂ ਜੀ ਦਾ ਵੀ ਦਰਜ ਹੈ, ਜਦੋਂ ਕਿ ਤੀਜੇ ਗੁਰੂ ਜੀ ਦੇ ਸ਼ਲੋਕ ਵੱਖਰੇ ਸਿਰਲੇਖ ਹੇਠ ਲਿਖੇ ਹੋਏ ਹਨ, ਜਿੱਥੇ ਇਹ ਸ਼ਲੋਕ ਦਰਜ ਹੋ ਸਕਦਾ ਸੀ। ਜਾਪਦਾ ਹੈ, ਇਹ ਤਰਤੀਬ ਤੀਜੇ ਗੁਰੂ ਜੀ ਨੇ ਆਪ ਹੀ ਬਣਾਈ ਹੋਵੇਗੀ। ਬਸੰਤ ਰਾਗ ਵਿਚ ਪਹਿਲੇ ਗੁਰੂ ਜੀ ਦੇ ਸ਼ਬਦ ਨੰਬਰ 3 (ਪੰਨਾ 1168) ਨਾਲ ਤੀਜੇ ਗੁਰੂ ਜੀ ਦਾ ਸਬਦ ਦਰਜ ਹੈ (ਨਾਨਕ ਸਾਚੇ ਕੇ ਸਿਫਤਿ ਭੰਡਾਰ॥ ਬਸੰਤੁ ਮਹਲਾ ਤੀਜਾ) ਅਤੇ ਇਸੇ ਤਰ੍ਹਾਂ ਸ਼ਬਦ ਨੰਬਰ 7 (ਪੰਨਾ 1170) ਨਾਲ ਵੀ ਤੀਜੇ ਗੁਰੂ ਜੀ ਦਾ ਇੱਕ ਸਬਦ ਦਰਜ ਹੈ (ਕਹੁ ਨਾਨਕ ਪਾਵਹਿ ਵਿਰਲੇ ਕੇਇ॥ ਬਸੰਤੁ ਮਹਲਾ ਤੀਜਾ ਇਕ ਤੁਕਾ) ਅਤੇ ਸ਼ਬਦਾਂ ਦੀ ਗਿਣਤੀ ਲਗਾਤਾਰ ਚੱਲਦੀ ਹੈ ਜਦੋਂ ਕਿ ਬਸੰਤ ਰਾਗ ਵਿਚ ਤੀਜੇ ਗੁਰੂ ਜੀ ਦੇ ਸ਼ਬਦ ਵੱਖਰੇ ਸੰਗ੍ਰਿਹ ਹੇਠ ਦਰਜ ਹਨ। ਹੋ ਸਕਦਾ ਹੈ ਕਿ ਇਹ ਤਰਤੀਬ ਤੀਜੇ ਗੁਰੂ ਜੀ ਆਪ ਹੀ ਬਣਾ ਕੇ ਚਉਥੇ ਗੁਰੂ ਜੀ ਨੂੰ ਦੇ ਗਏ ਹੋਣ, ਜਿਸ ਨੂੰ ਪੰਜਵੇਂ ਗੁਰੂ ਜੀ ਨੇ ਵੀ ਇੰਨ-ਬਿੰਨ ਹੀ ਰੱਖਿਆ ਹੋਵੇ ਪਰ ਇਸ ਤੋਂ ਸਾਫ ਪ੍ਰਗਟ ਹੈ ਕਿ ਤੀਜੇ ਗੁਰੂ ਜੀ ਕੋਲ ਪਹਿਲੇ ਪਾਤਿਸ਼ਾਹ ਦੀ ਬਾਣੀ ਦਾ ਖਜਾਨਾ ਦੂਜੇ ਗੁਰੂ ਜੀ ਰਾਹੀਂ ਆ ਚੁਕਾ ਸੀ ਅਤੇ ਬਾਣੀ ਨਾ ਤਾਂ ਕਿਤੇ ਖਿੱਲਰੀ ਪਈ ਸੀ ਅਤੇ ਨਾ ਹੀ ਰਾਵੀ ਦਰਿਆ ਵਿਚ ਰੋੜ੍ਹ ਦਿੱਤੀ ਗਈ ਸੀ।
(e) ਤੀਜੇ ਗੁਰੂ ਜੀ ਦੀ ਬਾਣੀ ਪੰਜਵੇਂ ਗੁਰੂ ਜੀ ਕੋਲ ਆ ਚੁਕੀ ਸੀ:
ਆਦਿ ਬੀੜ ਦੀ ਲਿਖਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਵੇਂ ਗੁਰੂ ਨੇ ਆਪਣੀ ਬਾਣੀ ਦੀ ਰਚਨਾ ਮੁਕੰਮਲ ਕਰ ਲਈ ਸੀ। ਉਨ੍ਹਾਂ ਕੋਲ ਤੀਜੇ ਗੁਰੂ ਜੀ ਦੀ ਬਾਣੀ ਹੋਣ ਦਾ ਪ੍ਰਮਾਣ,
(1) ਸਲੋਕੁ ਮ: ਤੀਜਾ॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥1॥
ਮੁੰਦਾਵਣੀ ਮਹਲਾ ਪੰਜਵਾਂ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥1॥
(2) ਮਾਝ ਮਹਲਾ ਤੀਜਾ॥
ਨਿਰਗੁਣੁ ਸਰਗੁਣੁ ਆਪੇ ਸੋਈ॥
ਤਤੁ ਪਛਾਣੈ ਸੋ ਪੰਡਿਤੁ ਹੋਈ॥
ਮਹਲਾ ਪੰਜਵਾਂ
ਸਲੋਕੁ॥ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥ (ਪੰਨਾ 290)
(3) ਬੈਰਾੜੀ ਰਾਗ ਵਿਚ ਬਾਣੀ:
ਪੰਜਵੇਂ ਗੁਰੂ ਜੀ ਨੇ ਬੈਰਾੜੀ ਰਾਗ ਵਿਚ ਇੱਕ ਸ਼ਬਦ ਰਚਿਆ ਹੈ। ਕੇਵਲ ਚਉਥੇ ਗੁਰੂ ਜੀ ਨੇ ਹੀ ਬੈਰਾੜੀ ਰਾਗ ਵਰਤਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਚਉਥੇ ਗੁਰੂ ਜੀ ਤੋਂ ਬਾਣੀ ਦਾ ਖਜਾਨਾ ਪੰਜਵੇਂ ਗੁਰੂ ਜੀ ਕੋਲ ਆ ਚੁਕਾ ਸੀ ਜਿਸ ਦੇ ਅਧਿਐਨ ਤੋਂ ਬੈਰਾੜੀ ਰਾਗ ਦੀ ਕੀਤੀ ਵਰਤੋਂ ਦਾ ਪਤਾ ਲੱਗਾ ਅਤੇ ਫਿਰ ਪੰਜਵੇਂ ਗੁਰੂ ਜੀ ਨੇ ਵੀ ਇੱਕ ਸ਼ਬਦ ਬੈਰਾੜੀ ਰਾਗ ਵਿਚ ਰਚਿਆ।
ਸਿੱਟਾ: ਗੁਰਬਾਣੀ ਵਿਚੋਂ ਹੀ ਲਏ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪਹਿਲੇ ਗੁਰੂ ਜੀ ਵਲੋਂ ਬਾਣੀ ਦਾ ਖਜਾਨਾ ਦੂਜੇ ਗੁਰੂ ਜੀ ਕੋਲ ਗੁਰਗੱਦੀ ਪ੍ਰਾਪਤ ਕਰਨ ਸਮੇਂ ਆ ਗਿਆ ਸੀ। ਦੂਜੇ ਗੁਰੂ ਜੀ ਤੋਂ ਇਹ ਖਜਾਨਾ ਉਨ੍ਹਾਂ ਦੀ ਬਾਣੀ ਸਮੇਤ ਤੀਜੇ ਗੁਰੂ ਜੀ ਕੋਲ ਆ ਗਿਆ ਸੀ। ਹੁਣ ਸੋਚਣ ਵਾਲੀ ਗੱਲ ਹੈ ਕਿ ਤੀਜੇ ਗੁਰੂ ਜੀ ਕੋਲੋਂ ਇਹ ਖਜਾਨਾ ਚਉਥੇ ਗੁਰੂ ਜੀ ਕੋਲ ਗੁਰਗੱਦੀ ਦੀ ਪ੍ਰਾਪਤੀ ਸਮੇਂ ਹਰ ਹਾਲਤ ਵਿਚ ਪਹੁੰਚਣਾ ਹੀ ਸੀ। ਇਹ ਕਿਤੇ ਗੁਆਚਣ ਵਾਲਾ ਨਹੀਂ ਸੀ। ਪੰਜਵੇਂ ਗੁਰੂ ਜੀ ਨੂੰ ਜਦੋਂ ਇਹ ਬਾਣੀ ਦਾ ਖਜਾਨਾ ਚਉਥੇ ਗੁਰੂ ਪਿਤਾ ਤੋਂ ਉਨ੍ਹਾਂ ਦੀ ਆਪਣੀ ਬਾਣੀ ਸਮੇਤ ਮਿਲਿਆ ਤਾਂ ਉਹ ਗਦਗਦ ਹੋ ਗਏ ਅਤੇ ਆਤਮਕ ਅਨੰਦ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਲਿਖਿਆ,
ਗਉੜੀ ਗੁਆਰੇਰੀ ਮਹਲਾ ਪੰਜਵਾਂ
ਹਮ ਧਨਵੰਤ ਭਾਗਠ ਸਚ ਨਾਇ॥
ਹਰਿ ਗੁਣ ਗਾਵਹ ਸਹਜਿ ਸੁਭਾਇ॥1॥ ਰਹਾਉ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥1॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥
ਭਰੇ ਭੰਡਾਰ ਅਖੂਟ ਅਤੋਲ॥2॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥3॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥
ਸੁ ਏਤੁ ਖਜਾਨੈ ਲਇਆ ਰਲਾਇ॥4॥ (ਪੰਨਾ 186)
(ਚਲਦਾ)