ਫਾਸਲੇ

ਪ੍ਰੋ. ਨਿਰੰਜਣ ਤਸਨੀਮ ਦੀ ਬਹੁਤੀ ਪਛਾਣ ਤਾਂ ਭਾਵੇਂ ਨਾਵਲਕਾਰ ਵਜੋਂ ਹੈ, ਉਂਜ ਉਨ੍ਹਾਂ ਨੇ ਕਹਾਣੀਆਂ ਵੀ ਲਿਖੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਸ਼ਹਿਰੀ ਮਾਹੌਲ ਅਤੇ ਪਾਤਰਾਂ ਦੁਆਲੇ ਘੁੰਮਦੀਆਂ ਹਨ। ‘ਫਾਸਲੇ’ ਕਹਾਣੀ ਵਿਚ ਉਨ੍ਹਾਂ ਬਦਲਦੇ ਵਕਤ ਅਤੇ ਇਸ ਤਬਦੀਲੀ ਨਾਲ ਮਨੁੱਖੀ ਰਿਸ਼ਤਿਆਂ ਤੇ ਸਮੁੱਚੇ ਮਾਹੌਲ ਵਿਚ ਆ ਰਹੀ ਤਬਦੀਲੀ ਨੂੰ ਵਿਸ਼ਾ ਬਣਾਇਆ ਹੈ। ਇਹ ਫਾਸਲੇ ਅੰਮ੍ਰਿਤਸਰ ਅਤੇ ਦਿੱਲੀ ਵਿਚਲੇ ਮਾਹੌਲ ਦੇ ਤਾਂ ਹਨ ਹੀ, ਇਕੋ ਘਰ ਵਿਚ ਰਹਿ ਰਹੇ ਪਾਤਰਾਂ ਵਿਚਕਾਰ ਵੀ ਭਲੀਭਾਂਤ ਦਿਖਾਈ ਦਿੰਦੇ ਹਨ।

-ਸੰਪਾਦਕ

ਨਿਰੰਜਣ ਤਸਨੀਮ

ਪਿਛਲੇ ਦਿਨੀਂ ਦਿੱਲੀ ਜਾਣਾ ਪਿਆ, ਚਾਚਾ ਜੀ ਦਾ ਅਪਰੇਸ਼ਨ ਹੋਣ ਕਰਕੇ। ਉਨ੍ਹਾਂ ਦੀਆਂ ਬੇਟੀਆਂ ਵੀ ਆਈਆਂ ਹੋਈਆਂ ਸਨ ਉਥੇ, ਇਕ ਅਮਰੀਕਾ ਤੋਂ ਦੂਜੀ ਬੰਗਲੌਰ ਤੋਂ। ਲੜਕਾ ਪਹਿਲਾਂ ਹੀ ਕੋਠੀ ਦੇ ਥੱਲੇ ਦੇ ਪੋਰਸ਼ਨ ਵਿਚ ਰਹਿ ਰਿਹਾ ਸੀ। ਇੰਜ ਉਨ੍ਹਾਂ ਦਾ ਪੂਰਾ ਪਰਿਵਾਰ ਇਕੱਠਾ ਹੋ ਗਿਆ, ਚਿੰਤਾ ਦੀ ਉਸ ਘੜੀ ਵਿਚ। ਅਪਰੇਸ਼ਨ ਠੀਕ ਹੋ ਗਿਆ ਅਤੇ ਦਸ-ਬਾਰਾਂ ਦਿਨ ਹਸਪਤਾਲ ਵਿਚ ਰਹਿ ਕੇ ਚਾਚਾ ਜੀ ਘਰ ਪਰਤ ਆਏ। ਸਭ ਖੁਸ਼ ਸਨ ਕਿ ਹੁਣ ਹੌਲੀ-ਹੌਲੀ ਉਹ ਪਹਿਲਾਂ ਵਾਂਗ ਤੰਦਰੁਸਤ ਹੋ ਜਾਣਗੇ। ਮੈਂ ਜਦੋਂ ਉਥੇ ਪਹੁੰਚਿਆ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਆਇਆਂ ਇਕ ਹਫਤਾ ਹੋ ਚੁਕਾ ਸੀ। ਮੈਨੂੰ ਦੇਖ ਕੇ ਉਹ ਜਿਵੇਂ ਚਹਿਕ ਉਠੇ ਅਤੇ ਦੋ ਘੰਟੇ ਮੇਰੇ ਨਾਲ ਗੱਲਾਂ ਕਰਦੇ ਰਹੇ। ਉਨ੍ਹਾਂ ਨੂੰ ਮੈਂ ਪੰਜ ਕੁ ਮਹੀਨਿਆਂ ਬਾਅਦ ਮਿਲਿਆ ਸੀ ਪਰ ਲੱਗ ਇਵੇਂ ਰਿਹਾ ਸੀ ਜਿਵੇਂ ਪੰਜ ਸਾਲਾਂ ਪਿੱਛੋਂ ਮਿਲਿਆ ਹੋਵਾਂ।
ਉਥੇ ਪਹੁੰਚਣ ਦੇ ਪਹਿਲੇ ਦਿਨ ਰਾਤੀਂ ਖਾਣਾ ਖਾ ਕੇ ਅਸੀਂ ਗੱਪਾਂ ਮਾਰ ਰਹੇ ਸਾਂ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਆਪੋ-ਆਪਣੇ ਕਮਰਿਆਂ ਵਿਚ ਚਲੀਆਂ ਗਈਆਂ। ਆਪਣੇ ਵਿਆਹਾਂ ਤੋਂ ਪਹਿਲਾਂ ਵੀ ਉਹ ਇਨ੍ਹਾਂ ਕਮਰਿਆਂ ਵਿਚ ਹੀ ਰਹਿੰਦੀਆਂ ਸਨ ਅਤੇ ਹੁਣ ਵੀ ਉਹ ਜਦੋਂ ਇਥੇ ਆਉਂਦੀਆਂ, ਇਹੀ ਕਮਰੇ ਮੱਲ ਲੈਂਦੀਆਂ। ਦੋਵਾਂ ਕਮਰਿਆਂ ਵਿਚਲੇ ਕਾਮਨ ਬਾਥਰੂਮ ਕਾਰਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਬੇਆਰਾਮੀ ਨਾ ਹੁੰਦੀ। ਚਾਚਾ ਜੀ ਦਾ ਲੜਕਾ ਡਿਨਰ ਤੋਂ ਪਹਿਲਾਂ ਹੀ ਥੱਲੇ ਆਪਣੇ ਪੋਰਸ਼ਨ ਵਿਚ ਚਲਿਆ ਗਿਆ ਸੀ, ਆਪਣੀ ਪਤਨੀ ਅਤੇ ਬੱਚਿਆਂ ਨਾਲ ਖਾਣਾ ਖਾਣ ਲਈ। ਮੇਰੇ ਸੌਣ ਦਾ ਸਮਾਂ ਹੋਇਆ ਤਾਂ ਚਾਚਾ ਜੀ ਕਹਿਣ ਲੱਗੇ, “ਤੂੰ ਡਰਾਇੰਗ ਰੂਮ ਦੇ ਨਾਲ ਵਾਲੇ ਕਮਰੇ ਵਿਚ ਸੌਂ ਜਾ, ਬਸ ਏਨਾ ਕੁ ਹੈ ਕਿ ਨਹਾਉਣ-ਧੋਣ ਲਈ ਤੈਨੂੰ ਸਾਡੇ ਵਾਲੇ ਬਾਥਰੂਮ ਵਿਚ ਆਉਣਾ ਪਏਗਾ।”
“ਕੋਈ ਗੱਲ ਨਹੀਂ, ਚਾਚਾ ਜੀ, ਮੈਂ ਉਥੇ ਹੀ ਸੌਂ ਜਾਵਾਂਗਾ।” ਏਨਾ ਕਹਿ ਕੇ ਮੈਂ ਕੁਰਸੀ ਤੋਂ ਉਠਿਆ।
“ਜਾਂ ਫਿਰ ਉਪਰਲੇ ਕਮਰੇ ਵਿਚ ਚਲਿਆ ਜਾ, ਉਥੇ ਅਟੈਚਡ ਬਾਥਰੂਮ ਵੀ ਹੈ।” ਇਹ ਸੁਝਾਅ ਚਾਚੀ ਜੀ ਦਾ ਸੀ।
“ਇਹ ਹੋਰ ਵੀ ਚੰਗੀ ਗੱਲ ਹੈ।” ਮੇਰੇ ਮੂੰਹੋਂ ਸੁਭਾਵਕ ਨਿਕਲਿਆ।
ਅਸਲ ਵਿਚ ਮੈਂ ਵੀ ਇਹੀ ਚਾਹੁੰਦਾ ਸੀ ਕਿ ਬਾਥਰੂਮ ਦੀ ਵਰਤੋਂ ਕਰਨ ਲਈ ਮੈਨੂੰ ਆਪਣੇ ਕਮਰੇ ਤੋਂ ਬਾਹਰ ਨਾ ਜਾਣਾ ਪਏ। ਪਿਛਲੇ ਕਈ ਸਾਲਾਂ ਤੋਂ ਮੈਂ ਇਸ ਢੰਗ ਨਾਲ ਰਹਿਣ ਦਾ ਆਦੀ ਜੋ ਹੋ ਚੁਕਾ ਸਾਂ। ਉਪਰਲੇ ਕਮਰੇ ਵਿਚ ਜਾ ਕੇ ਮੈਂ ਸਭ ਖਿੜਕੀਆਂ ਦਰਵਾਜੇ ਖੋਲ੍ਹ ਦਿੱਤੇ, ਪੱਖਾ ਚਲਾ ਦਿੱਤਾ ਅਤੇ ਕੱਪੜੇ ਬਦਲਣ ਲੱਗ ਪਿਆ। ਸਤੰਬਰ ਦਾ ਸ਼ੁਰੂ ਸੀ ਅਜੇ, ਇਸ ਲਈ ਗਰਮੀ ਕਾਫੀ ਸੀ। ਪੱਖਾ ਵੀ ਗਰਮ ਹਵਾ ਹੀ ਇਧਰ-ਉਧਰ ਖਿੰਡਾ ਰਿਹਾ ਸੀ। ਬਾਹਰ ਛੱਤ ਉਤੇ ਗਿਆ ਤਾਂ ਮੌਸਮ ਬੜਾ ਖੁਸ਼ਗਵਾਰ ਪ੍ਰਤੀਤ ਹੋਇਆ। ਨਵਾਰੀ ਪਲੰਘ ਭਾਵੇਂ ਭਾਰਾ ਸੀ ਪਰ ਮੈਂ ਖਿੱਚ ਕੇ ਬਾਹਰ ਕੱਢ ਲਿਆ। ਬਿਸਤਰਾ ਵਿਛਾ ਕੇ ਮੈਂ ਲੇਟ ਗਿਆ। ਉਪਰ ਅਸਮਾਨ ਵੱਲ ਦੇਖਿਆ ਤਾਂ ਚਮਕਦੇ ਤਾਰੇ ਮੈਨੂੰ ਕੁਝ ਜ਼ਿਆਦਾ ਹੀ ਚਮਕਦੇ ਲੱਗੇ, ਨਾਲੇ ਇੰਜ ਪ੍ਰਤੀਤ ਹੋਇਆ ਜਿਵੇਂ ਅਸਮਾਨ ਨੇੜੇ ਖਿਸਕ ਆਇਆ ਹੋਵੇ।
ਅਸਲ ਵਿਚ ਮੁੱਦਤਾਂ ਬਾਅਦ ਮੈਨੂੰ ਛੱਤ ਉਤੇ ਸੌਣ ਦਾ ਮੌਕਾ ਮਿਲਿਆ ਸੀ। ਕੁਝ ਦੇਰ ਮੈਂ ਸਿੱਧਾ ਲੇਟਿਆ ਰਿਹਾ। ਫਿਰ ਜਦੋਂ ਮੈਂ ਪਾਸਾ ਮੋੜਿਆ ਤਾਂ ਮੈਨੂੰ ਕੋਠੇ ਉਤੇ ਦੂਰ ਤੱਕ ਥਾਂ ਖਾਲੀ-ਖਾਲੀ ਲੱਗੀ। ਦੂਜੇ ਪਾਸੇ ਜਦੋਂ ਮੈਂ ਦੇਖਿਆ ਤਾਂ ਉਥੇ ਵੀ ਇੰਜ ਹੀ ਸੀ। ਸ਼ਾਇਦ ਉਹ ਛੱਤ ਹੀ ਜ਼ਿਆਦਾ ਵੱਡੀ ਸੀ ਜਾਂ ਓਪਰੀ ਥਾਂ ਹੋਣ ਕਰਕੇ ਮੈਨੂੰ ਇੰਜ ਹੀ ਲੱਗ ਰਿਹਾ ਸੀ। ਇਧਰ-ਉਧਰ ਨਜ਼ਰ ਦੌੜਾਈ ਤਾਂ ਦੂਜੀਆਂ ਕੋਠੀਆਂ ਦੀਆਂ ਛੱਤਾਂ ਵੀਰਾਨ ਨਜ਼ਰ ਆਈਆਂ। ਲੋਕ ਤਾਂ ਕਮਰਿਆਂ ਵਿਚ ਸੁੱਤੇ ਹੋਏ ਸਨ, ਏ.ਸੀ. ਜਾਂ ਕੂਲਰ ਦੀ ਠੰਢੀ ਹਵਾ ਵਿਚ। ਬੇਸ਼ੱਕ ਉਪਰ ਛੱਤ ਉਤੇ, ਖੁੱਲ੍ਹੇ ਅਸਮਾਨ ਥੱਲੇ, ਸੌਣ ਦਾ ਵਕਤ ਬਹੁਤ ਪਿੱਛੇ ਰਹਿ ਗਿਆ ਸੀ।
ਕੋਈ ਜ਼ਮਾਨਾ ਸੀ ਜਦੋਂ ਅੰਮ੍ਰਿਤਸਰ ਵਿਚ ਸਾਡੇ ਘਰ ਦੇ ਸਭ ਜੀਅ ਉਪਰਲੀ ਛੱਤ ਉਤੇ ਹੀ ਸੌਂਦੇ ਹੁੰਦੇ ਸਨ, ਗਰਮੀਆਂ ਵਿਚ। ਘਰ ਵਿਚ ਇਕ ਕਮਰਾ ਅਸੀਂ ਕਿਰਾਏ ਉਤੇ ਦਿੱਤਾ ਹੋਇਆ ਸੀ, ਇਕ ਲੇਡੀ ਟੀਚਰ ਨੂੰ। ਉਹ ਸ਼ਾਇਦ ਬਾਲ ਵਿਧਵਾ ਸੀ ਅਤੇ ਉਸ ਜ਼ਮਾਨੇ ਵਿਚ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਹਦੇ ਮਾਤਾ-ਪਿਤਾ ਮਰ ਚੁਕੇ ਸਨ ਅਤੇ ਭਰਾ-ਭਰਜਾਈ ਲਾਹੌਰ ਰਹਿੰਦੇ ਸਨ। ਬਾਊ ਜੀ ਨਾਲ ਉਹਦੇ ਭਰਾ ਦੀ ਪੁਰਾਣੀ ਵਾਕਫੀਅਤ ਹੋਣ ਕਰਕੇ ਅਸੀਂ ਇਕ ਕਮਰਾ ਉਸ ਨੂੰ ਕਿਰਾਏ ਉਤੇ ਦਿੱਤਾ ਹੋਇਆ ਸੀ। ਕਮੇਟੀ ਦੇ ਸਕੂਲ ਵਿਚ ਪੜ੍ਹਾਉਂਦੀ ਸੀ ਉਹ, ਪਹਿਲਾਂ ਪਹਿਲ। ਫਿਰ ਉਸ ਨੇ ਕਿਸੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰ ਲਈ। ਬੜੇ ਚੰਗੇ ਸੁਭਾਅ ਦੀ ਸੀ, ਕੈਲਾਸ਼ੋ। ਮੇਰੇ ਤੋਂ ਕਾਫੀ ਵੱਡੀ ਸੀ, ਮੈਂ ਉਸ ਨੂੰ ਭੂਆ ਸੱਦਦਾ। ਛੇਤੀ ਹੀ ਉਹ ਸਾਡੇ ਘਰ ਦਾ ਇਕ ਜੀਅ ਬਣ ਗਈ। ਗਰਮੀਆਂ ਵਿਚ ਉਹ ਆਪਣੀ ਮੰਜੀ ਸਾਡੇ ਕੋਲ ਹੀ ਡਾਹ ਲੈਂਦੀ।
ਇਕ ਵਾਰ ਉਹ ਜਦੋਂ ਸਕੂਲੋਂ ਪਰਤੀ ਤਾਂ ਉਹਦੇ ਨਾਲ ਇਕ ਕੁੜੀ ਸੀ, ਵੀਹ-ਬਾਈ ਵਰ੍ਹਿਆਂ ਦੀ। ਉਹ ਉਸ ਸਕੂਲ ਵਿਚ ਹੈੱਡ-ਮਿਸਟ੍ਰੈਸ ਲੱਗ ਕੇ ਆਈ ਸੀ। ਸਿਰਫ ਬੀ. ਏ. ਪਾਸ ਹੀ ਸੀ ਉਹ, ਪਰ ਬੀ. ਏ. ਪਾਸ ਕੁੜੀਆਂ ਬਹੁਤ ਘੱਟ ਮਿਲਦੀਆਂ ਸਨ, ਉਨ੍ਹੀਂ ਦਿਨੀਂ। ਭੂਆ ਕੈਲਾਸ਼ੋ ਨਾਲ ਉਹ ਦੋ-ਚਾਰ ਦਿਨਾਂ ਲਈ ਹੀ ਆਈ ਸੀ ਤਾਂ ਜੋ ਆਪਣੇ ਲਈ ਕੋਈ ਕਮਰਾ ਲੱਭ ਸਕੇ। ਸਾਡੇ ਝਾਈ ਜੀ ਨੇ ਆਪਣੀ ਗਲੀ ਵਿਚ ਕਈਆਂ ਨੂੰ ਪੁੱਛਿਆ ਅਤੇ ਨਾਲ ਲੱਗਦੀਆਂ ਗਲੀਆਂ ਵਿਚੋਂ ਵੀ ਪਤਾ ਕੀਤਾ, ਪਰ ਉਹਦੇ ਲਈ ਕੋਈ ਢੰਗ ਦਾ ਕਮਰਾ ਨਾ ਮਿਲ ਸਕਿਆ। ਏਨਾ ਜ਼ਰੂਰ ਹੋਇਆ ਕਿ ਬਹੁਤੇ ਲੋਕਾਂ ਨੂੰ ਪੁੱਛਣ-ਪਛਾਣ ਕਰਕੇ ਉਹ ਬੀ. ਏ. ਵਾਲੀ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਉਂਜ ਉਸ ਦਾ ਨਾਂ ਕੁਸ਼ੱਲਿਆ ਆਨੰਦ ਸੀ। ਛੇਤੀ ਹੀ ਉਹ ਵੀ ਸਾਡੇ ਨਾਲ ਰਚ-ਮਿਚ ਗਈ ਅਤੇ ਦੋਵੇਂ ਜਣੀਆਂ ਇਕੋ ਕਮਰੇ ਵਿਚ ਰਹਿਣ ਲੱਗੀਆਂ। ਗਰਮੀਆਂ ਵਿਚ ਉਹਦੇ ਲਈ ਵੀ ਇਕ ਮੰਜੀ ਡਿੱਠਣ ਲੱਗ ਪਈ। ਸਾਡੇ ਕੋਠੇ ਉਤੇ ਹੋਰ ਮੰਜੀ ਲਈ ਥਾਂ ਤਾਂ ਨਹੀਂ ਸੀ ਪਰ ਉਪਰਲੀ ਪੌੜੀ ਉਤੇ ਇਕ ਇਟ ਰੱਖ ਕੇ ਮੰਜੀ ਦਾ ਪਾਵਾ ਟਿਕ ਸਕਦਾ ਸੀ। ਏਨਾ ਡਰ ਜ਼ਰੂਰ ਸੀ ਕਿ ਜ਼ੋਰ ਨਾਲ ਪਾਸਾ ਮੋੜਨ ਲੱਗਿਆਂ ਕਿਤੇ ਪੌੜੀ ਵਾਲੀ ਇਟ ਖਿਸਕ ਹੀ ਨਾ ਜਾਏ, ਪਰ ਇੰਜ ਹੋਇਆ ਕਦੀ ਨਹੀਂ ਸੀ।
ਅਗਲੇ ਸਾਲ ਮੈਂ ਦਸਵੀਂ ਵਿਚ ਹੋ ਗਿਆ। ਬੀ. ਏ. ਵਾਲੀ ਦਾ ਇਕ ਭਰਾ ਵੀ ਇਸੇ ਕਲਾਸ ਵਿਚ ਪੜ੍ਹਦਾ ਸੀ, ਸਿਆਲਕੋਟ ਵਿਚ। ਉਸ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਤਾਂ ਜੋ ਪੜ੍ਹਾਈ ਵਿਚ ਉਸ ਦੀ ਮਦਦ ਕਰ ਸਕੇ। ਅੰਮ੍ਰਿਤਸਰ ਆ ਕੇ ਉਸ ਨੂੰ ਸਾਡੇ ਸਕੂਲ ਵਿਚ ਹੀ ਦਾਖਲਾ ਮਿਲ ਗਿਆ, ਬਲਕਿ ਮੇਰੇ ਵਾਲੇ ਸੈਕਸ਼ਨ ਵਿਚ ਹੀ। ਸੱਤ ਦੇ ਆਉਣ ਨਾਲ ਏਨਾ ਜ਼ਰੂਰ ਹੋਇਆ ਕਿ ਗਰਮੀਆਂ ਵਿਚ ਉਹ ਦੋਵੇਂ ਜਣੀਆਂ ਇਕੋ ਮੰਜੀ ਉਤੇ ਪੈ ਜਾਂਦੀਆਂ ਅਤੇ ਸੱਤ ਵੱਖਰੀ ਮੰਜੀ ਉਤੇ। ਮੇਰੀ ਮੰਜੀ ਸੱਤ ਦੇ ਨਾਲ ਹੀ ਹੁੰਦੀ ਸੀ, ਇਸ ਲਈ ਕਿੰਨੀ ਕਿੰਨੀ ਦੇਰ ਅਸੀਂ ਗੱਲਾਂ ਕਰਦੇ ਰਹਿੰਦੇ। ਜਦੋਂ ਕਦੀ ਕੈਲਾਸ਼ੋ ਅਤੇ ਬੀ. ਏ. ਵਾਲੀ ਇਕ ਦੂਜੇ ਨਾਲ ਰੁੱਸ ਜਾਂਦੀਆਂ ਤਾਂ ਬੀ. ਏ. ਵਾਲੀ ਸੱਤ ਦੀ ਮੰਜੀ ਉਤੇ ਆ ਜਾਂਦੀ। ਉਦੋਂ ਉਹ ਮੇਰੇ ਵਾਲੇ ਪਾਸੇ ਦੀ ਹੀਂਅ ਨਾਲ ਲੱਗ ਜਾਂਦਾ ਅਤੇ ਆਪਣੀ ਸੱਜੀ ਲੱਤ ਮੇਰੀ ਮੰਜੀ ਉਤੇ ਰੱਖ ਲੈਂਦਾ।
ਸਵੇਰੇ ਉਠਦਿਆਂ ਹੀ ਘਰ ਵਿਚ ਗਹਿਮਾ-ਗਹਿਮੀ ਸ਼ੁਰੂ ਹੋ ਜਾਂਦੀ। ਇਕ ਲੈਟਰਿਨ ਸੀ ਕੋਠੇ ਉਤੇ ਅਤੇ ਇਕੋ ਗੁਸਲਖਾਨਾ ਸੀ ਥੱਲੇ, ਡਿਉੜੀ ਦੇ ਪਿਛਲੇ ਪਾਸੇ। ਕੋਈ ਹਿਸਾਬ-ਕਿਤਾਬ ਨਹੀਂ ਸੀ, ਜਿਸ ਦਾ ਦਾਅ ਲੱਗਦਾ, ਉਪਰ ਚਲਿਆ ਜਾਂਦਾ ਜਾਂ ਥੱਲੇ ਉਤਰ ਆਉਂਦਾ। ਸਕੂਲ ਜਾਣ ਵਾਲੇ ਬਹੁਤ ਜਣੇ ਸਨ ਘਰ ਵਿਚ। ਮੇਰੇ ਦੋਵੇਂ ਛੋਟੇ ਭਰਾ ਅਤੇ ਦੋਵੇਂ ਛੋਟੀਆਂ ਭੈਣਾਂ ਵੀ ਸਕੂਲ ਜਾਂਦੀਆਂ ਸਨ। ਮੈਂ ਅਤੇ ਸੱਤ ਤਾਂ ਸਕੂਲ ਜਾਂਦੇ ਹੀ ਸਾਂ। ਫੇਰ ਕੈਲਾਸ਼ੋ ਅਤੇ ਬੀ. ਏ. ਵਾਲੀ ਨੇ ਵੀ ਸਕੂਲ ਜਾਣਾ ਹੁੰਦਾ ਸੀ। ਸਾਡੇ ਬਾਊ ਜੀ ਅਤੇ ਝਾਈ ਜੀ ਜ਼ਰਾ ਸਵਖਤੇ ਉਠ ਕੇ ਇਸ਼ਨਾਨ ਵਗੈਰਾ ਕਰ ਲੈਂਦੇ। ਬਾਕੀ ਦੇ ਸਭ ਲੋਕ ਇਕੋ ਵੇਲੇ ਉਠਦੇ ਅਤੇ ਇਕੋ ਵੇਲੇ ਤਿਆਰ ਹੋਣ ਲਈ ਉਪਰ ਥੱਲੇ ਜਾਣ ਲੱਗਦੇ।
ਦਿੱਲੀ ਚਾਚਾ ਜੀ ਦੇ ਘਰ ਉਪਰਲੀ ਛੱਤ ਉਤੇ ਲੇਟੇ ਹੋਏ ਨੂੰ ਮੈਨੂੰ ਇਹ ਸਭ ਗੱਲਾਂ ਪਤਾ ਨਹੀਂ ਕਿਉਂ ਯਾਦ ਆ ਰਹੀਆਂ ਸਨ। ਇਨ੍ਹਾਂ ਨੂੰ ਯਾਦ ਕਰਕੇ ਇਕ ਵਾਰ ਤਾਂ ਮੇਰੇ ਬੁੱਲ੍ਹਾਂ ਉਤੇ ਮੁਸਕਾਨ ਫੈਲ ਗਈ। ਦੂਜੇ ਪਾਸੇ ਵੱਲ ਜਦੋਂ ਮੈਂ ਮੂੰਹ ਕੀਤਾ ਤਾਂ ਮੇਰੇ ਜੀਅ ਵਿਚ ਆਇਆ ਕਿ ਮੈਂ ਖੁੱਲ੍ਹ ਕੇ ਹੱਸਾਂ ਪਰ ਮੈਂ ਇੰਜ ਨਾ ਕਰ ਸਕਿਆ। ਉਹ ਵੀ ਦਿਨ ਸਨ ਕਿ ਜੇ ਕੋਈ ਅੰਦਰ ਜ਼ਰਾ ਜ਼ਿਆਦਾ ਸਮਾਂ ਲਾ ਦੇਵੇ ਤਾਂ ਬਾਹਰ ਖੜ੍ਹਾ ਬੰਦਾ ਬੂਹਾ ਖੜਕਾ ਦਿੰਦਾ ਸੀ। ਨਹਾਉਣ ਲੱਗਿਆਂ ਤਾਂ ਮੇਰੇ ਅਤੇ ਸੱਤ ਵਿਚ ਦੌੜ ਜਿਹੀ ਲੱਗ ਜਾਂਦੀ ਸੀ। ਜਿਹੜਾ ਦੌੜ ਕੇ ਗੁਸਲਖਾਨੇ ਵਿਚ ਜਾ ਵੜਦਾ, ਉਹ ਵੇਲੇ ਸਿਰ ਤਿਆਰ ਹੋ ਜਾਂਦਾ। ਉਂਜ ਸਕੂਲ ਅਸੀਂ ਦੋਵੇਂ ਇਕੱਠੇ ਹੀ ਜਾਂਦੇ ਅਤੇ ਦੇਰ ਨਾਲ ਪਹੁੰਚਣ ਕਰਕੇ ਕਦੀ-ਕਦੀ ਮਾਰ ਵੀ ਖਾ ਲੈਂਦੇ ਸੀ, ਪਰ ਇਹ ਨਹੀਂ ਸੀ ਹੋਇਆ ਕਿ ਜਿਹੜਾ ਜਲਦੀ ਤਿਆਰ ਹੋ ਜਾਏ, ਉਹ ਪਹਿਲਾਂ ਸਕੂਲ ਚਲਾ ਜਾਏ।
ਉਦੋਂ ਰਾਤੀਂ ਪਤਾ ਨਹੀਂ ਕਦੋਂ ਮੈਨੂੰ ਨੀਂਦ ਆਈ ਪਰ ਜਦੋਂ ਜਾਗ ਖੁੱਲ੍ਹੀ ਤਾਂ ਚਿੱਟਾ ਦਿਨ ਚੜ੍ਹਿਆ ਹੋਇਆ ਸੀ। ਉਥੋਂ ਉਠ ਕੇ ਪਹਿਲਾਂ ਮੈਂ ਬਾਥਰੂਮ ਵਿਚ ਗਿਆ ਅਤੇ ਫਿਰ ਥੱਲੇ ਉਤਰ ਗਿਆ। ਰਸੋਈ ਵਿਚ ਚਾਚੀ ਜੀ ਚਾਹ ਬਣਾ ਰਹੇ ਸਨ। ਮੈਂ ਅੰਦਰ ਕਮਰੇ ਵਿਚ ਚਾਚਾ ਜੀ ਦੇ ਕੋਲ ਬੈਠ ਗਿਆ।
“ਚੰਗੀ ਨੀਂਦ ਆਈ ਰਾਤ ਨੂੰ?”
“ਹਾਂ, ਚਾਚਾ ਜੀ, ਬਹੁਤ ਗੂੜ੍ਹੀ।”
“ਮੱਛਰ ਤਾਂ ਨਹੀਂ ਲੜਿਆ।”
“ਪਤਾ ਹੀ ਨਹੀਂ ਲੱਗਾ। ਉਂਜ ਮੇਰਾ ਖੂਨ ਕੌੜਾ ਹੈ, ਮੱਛਰ ਲਾਗੇ ਨਹੀਂ ਲੱਗਦਾ।”
“ਖੂਨ ਭਾਵੇਂ ਕੌੜਾ ਹੋਵੇ”, ਚਾਚੀ ਜੀ ਨੇ ਕਮਰੇ ਵਿਚ ਆਉਂਦਿਆਂ ਕਿਹਾ, “ਪਰ ਸੁਭਾਅ ਨਹੀਂ ਕੌੜਾ ਹੋਣਾ ਚਾਹੀਦਾ।”
“ਪਰ ਚਾਚੀ ਜੀ, ਕਹਿੰਦੇ ਨੇ ਜਿਸ ਦਾ ਸੁਭਾਅ ਕੌੜਾ ਹੁੰਦੈ, ਉਹ ਦਿਲ ਦਾ ਮਾੜਾ ਨਹੀਂ ਹੁੰਦਾ।” ਮੇਰੇ ਮੂੰਹੋਂ ਨਿਕਲਿਆ।
“ਦਿਲ ਨੂੰ ਦੇਖਣ ਦਾ ਕੀਹਦੇ ਕੋਲ ਵਿਹਲ ਏ, ਰੰਜਨ।” ਇਹ ਕਹਿੰਦੇ ਹੋਏ ਚਾਚੀ ਜੀ ਨੇ ਚਾਹ ਦਾ ਕੱਪ ਮੈਨੂੰ ਫੜਾ ਦਿੱਤਾ।
ਹਾਂ, ਗੱਲ ਦਿਲ ਦੀ ਨਹੀਂ, ਵਿਹਲ ਦੀ ਸੀ। ਕੁਝ ਦੇਰ ਇਧਰ-ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ, ਫੇਰ ਅਖਬਾਰ ਆ ਗਈ। ਇਕੋ ਭਾਂਤ ਦੀਆਂ ਖਬਰਾਂ ਛਪਦੀਆਂ ਸਨ, ਰੋਜ਼ ਦਿਹਾੜੇ। ਪੜ੍ਹਨ ਜਾਂ ਨਾ ਪੜ੍ਹਨ ਨਾਲ ਬਹੁਤਾ ਫਰਕ ਨਹੀਂ ਸੀ ਪੈਂਦਾ। ਅਖਬਾਰ ਦੇ ਵਰਕੇ ਫੋਲ ਕੇ ਮੈਂ ਉਪਰਲੇ ਕਮਰੇ ਵਿਚ ਚਲਾ ਗਿਆ। ਪਲੰਘ ਨੂੰ ਖਿੱਚ ਕੇ ਮੈਂ ਕਮਰੇ ਵਿਚ ਲੈ ਆਇਆ। ਕੁਝ ਦੇਰ ਮੈਂ ਛੱਤ ਉਤੇ ਟਹਿਲਦਾ ਰਿਹਾ। ਮੈਨੂੰ ਕੋਈ ਕਾਹਲੀ ਨਹੀਂ ਸੀ, ਕਿਸੇ ਕਿਸਮ ਦੀ। ਬੜੇ ਆਰਾਮ ਨਾਲ ਮੈਂ ਤਿਆਰ ਹੁੰਦਾ ਰਿਹਾ। ਕਿਸੇ ਵਲੋਂ ਬਾਥਰੂਮ ਦਾ ਬੂਹਾ ਖੜਕਾਏ ਜਾਣ ਦਾ ਡਰ ਨਹੀਂ ਸੀ ਅਤੇ ਨਾ ਹੀ ਇਹ ਖਦਸ਼ਾ ਸੀ ਕਿ ਮੇਰੇ ਕੋਲੋਂ ਪਹਿਲਾਂ ਕੋਈ ਉਸ ਵਿਚ ਜਾ ਵੜੇਗਾ। ਆਪਣੇ ਆਪ ਵਿਚ, ਆਪਣੇ ਹੀ ਆਪ ਵਿਚ, ਅਲਮਸਤ ਸੀ ਮੈਂ। ਭਾਵੇਂ ਮੈਂ ਹੌਲੀ-ਹੌਲੀ ਤਿਆਰ ਹੋ ਰਿਹਾ ਸੀ ਪਰ ਮੈਨੂੰ ਇੰਜ ਲੱਗਾ ਜਿਵੇਂ ਮੈਂ ਬਹੁਤ ਜਲਦੀ ਤਿਆਰ ਹੋ ਗਿਆ ਹੋਵਾਂ।
ਥੱਲੇ ਉਤਰਿਆ ਤਾਂ ਰਸੋਈ ਵਿਚ ਕੋਈ ਨਹੀਂ ਸੀ। ਮੈਂ ਸਿੱਧਾ ਚਾਚਾ ਜੀ ਦੇ ਕਮਰੇ ਵਿਚ ਚਲਾ ਗਿਆ। ਉਹ ਅਖਬਾਰ ਉਤੇ ਨਜ਼ਰ ਮਾਰ ਰਹੇ ਸਨ। ਮੈਂ ਇਕ ਪਾਸੇ ਜਿਹੇ ਬੈਠ ਕੇ ‘ਗੈਟ ਵੈੱਲ ਸੂਨ’ ਵਾਲੇ ਕਾਰਡਾਂ ਨੂੰ ਉਲਟ-ਪੁਲਟ ਕੇ ਦੇਖਣ ਲੱਗ ਪਿਆ। ਢੇਰ ਸਾਰੇ ਕਾਰਡ ਸਨ ਅਤੇ ਉਨ੍ਹਾਂ ਉਤੇ ਛਪੀ ਹੋਈ ਭਾਂਤ-ਭਾਂਤ ਦੀ ਇਬਾਰਤ ਬਹੁਤ ਦਿਲਕਸ਼ ਸੀ। ਥੋੜ੍ਹੀ ਦੇਰ ਬਾਅਦ ਦਰਵਾਜੇ ਉਤੇ ਦਸਤਕ ਹੋਈ ਅਤੇ ਫਿਰ ਉਹ ਥੋੜ੍ਹਾ ਜਿਹਾ ਖੁੱਲ੍ਹਿਆ। ਉਥੇ ਚਾਚਾ ਜੀ ਦੀ ਵੱਡੀ ਲੜਕੀ ਗੋਗੀ ਖੜ੍ਹੀ ਸੀ। ਉਸ ਨੇ ਧੀਮੀ ਅਵਾਜ਼ ਵਿਚ ਕਿਹਾ, “ਗੁੱਡ ਮਾਰਨਿੰਗ, ਪਾਪਾ।”
“ਮਾਰਨਿੰਗ ਬੇਟੇ।” ਚਾਚਾ ਜੀ ਨੇ ਅਖਬਾਰ ਪਰ੍ਹੇ ਰੱਖ ਦਿੱਤਾ।
“ਹਾਊ ਆਰ ਯੂ ਫੀਲਿੰਗ ਟੂਡੇ?” ਉਹੀ ਅਵਾਜ਼ ਫਿਰ ਕਮਰੇ ਵਿਚ ਫੈਲੀ।
“ਫਾਈਨ, ਥੈਂਕ ਯੂ।” ਚਾਚਾ ਜੀ ਨੇ ਅਖਬਾਰ ਨੂੰ ਦੁਬਾਰਾ ਚੁੱਕਦਿਆਂ ਜਵਾਬ ਦਿੱਤਾ।
ਫੇਰ ਉਹ ਦਰਵਾਜਾ ਬੰਦ ਹੋ ਗਿਆ, ਬਿਲਕੁਲ ਹੌਲੀ ਜਿਹੇ। ਮੈਂ ਉਨ੍ਹਾਂ ਕਾਰਡਾਂ ਨੂੰ ਤਰਤੀਬ ਵਿਚ ਲਾ ਦਿੱਤਾ। ਥੋੜ੍ਹੀ ਦੇਰ ਬਾਅਦ ਚਾਚੀ ਜੀ ਅਟੈਚਡ ਬਾਥਰੂਮ ਵਿਚੋਂ ਬਾਹਰ ਆ ਗਏ। ਮੈਨੂੰ ਉਥੇ ਬੈਠਾ ਦੇਖ ਕੇ ਪੁੱਛਣ ਲੱਗੇ, “ਤੇਰਾ ਨਾਸ਼ਤਾ ਤਿਆਰ ਕਰ ਦਿਆਂ, ਰੰਜਨ?”
“ਕੋਈ ਜਲਦੀ ਨਹੀਂ, ਸਾਰਿਆਂ ਦੇ ਨਾਲ ਹੀ…।”
“ਫੇਰ ਤਾਂ ਤੂੰ ਭੁੱਖਾ ਬੈਠਾ ਰਹੇਂਗਾ, ਦੋ ਘੰਟੇ।”
“ਉਹ ਕਿਵੇਂ, ਚਾਚੀ ਜੀ?”
“ਦੇਖ, ਗੋਗੀ ਨੇ ਦੁੱਧ ਦਾ ਇਕ ਕੱਪ ਪੀਣੈ ਤਾਂ ਉਹਦਾ ਨਾਸ਼ਤਾ ਹੋ ਗਿਆ। ਮਿੰਨੀ ਅਜੇ ਘੰਟੇ ਕੁ ਤਕ ਉਠੇਗੀ, ਫੇਰ ਤਿਆਰ ਹੋਏਗੀ ਅਤੇ ਬਟਰ-ਟੋਸਟ ਲੈ ਕੇ ਚਾਹ ਦਾ ਕੱਪ ਪੀ ਲਵੇਗੀ।”
“ਚਲੋ ਕੋਈ ਨਹੀਂ, ਤੁਸੀਂ ਤੇ ਚਾਚਾ ਜੀ ਜਦੋਂ ਨਾਸ਼ਤਾ ਕਰੋਗੇ, ਮੈਂ ਵੀ ਕਰ ਲਵਾਂਗਾ।”
“ਤੇਰੇ ਚਾਚਾ ਜੀ ਨੇ ਤਾਂ ਪਹਿਲਾਂ ਨਖਰੇ ਕਰਨੇ ਨੇ ਕਿੰਨੀ ਹੀ ਦੇਰ ਕਿ ਮੈਂ ਅਹਿ ਨਹੀਂ ਖਾਣਾ, ਉਹ ਨਹੀਂ ਖਾਣਾ। ਫੇਰ ਓਟਸ ਦਾ ਦਲੀਆ ਅਤੇ ਅੱਧਾ ਗਿਲਾਸ ਦੁੱਧ ਦਾ।”
“ਤੁਸੀਂ ਤਾਂ…?”
“ਮੈਂ ਲਵਾਂਗੀ ਇਕ ਸਲਾਈਸ ਤੇ ਜ਼ਰਦੀ ਤੋਂ ਬਗੈਰ ਇਕ ਅੰਡਾ।”
“ਸੱਚ ਪੁੱਛੋ ਤਾਂ ਚਾਚੀ ਜੀ, ਮੈਨੂੰ ਅੰਡੇ ਦੀ ਜ਼ਰਦੀ ਬਹੁਤ ਚੰਗੀ ਲੱਗਦੀ ਏ।”
“ਨਹੀਂ ਨਹੀਂ, ਰੰਜਨ”, ਚਾਚਾ ਜੀ ਅੱਬੜਵਾਹੇ ਬੋਲ ਪਏ, “ਅੰਡੇ ਦੀ ਜ਼ਰਦੀ ਤਾਂ ਨਿਰਾ ਕੋਲੈਸਟਰੋਲ, ਹਾਰਟ ਲਈ ਬਹੁਤ ਹੀ ਹਾਨੀਕਾਰਕ।”
ਏਨੇ ਵਿਚ ਬੱਬੀ ਉਪਰ ਆ ਗਿਆ। ਉਸ ਨੇ ਆਉਂਦਿਆਂ ਹੀ ਪੁੱਛਿਆ, “ਹਾਊ ਆਰ ਯੂ ਪਾਪਾ?” ਅਤੇ ਫਿਰ ਚਾਚਾ ਜੀ ਦਾ ਜਵਾਬ ਸੁਣਨ ਤੋਂ ਪਹਿਲਾਂ ਹੀ ਚਾਚਾ ਜੀ ਨੂੰ ਕਹਿਣ ਲੱਗਾ, “ਕੋਈ ਦਵਾਈ ਮੰਗਵਾਣੀ ਹੋਵੇ ਤਾਂ ਦੱਸੋ, ਮੈਂ ਸ਼ਾਮੀਂ ਲੈ ਆਵਾਂਗਾ।”
“ਹਾਂ… ਇਹ ਦਵਾਈਆਂ ਲੈਂਦਾ ਆਈਂ।” ਚਾਚਾ ਜੀ ਨੇ ਇਕ ਪਰਚੀ ਉਸ ਨੂੰ ਫੜਾ ਦਿੱਤੀ।
“ਚੰਗਾ, ਭਾਜੀ”, ਉਸ ਨੇ ਮੇਰੇ ਵੱਲ ਤੱਕਦਿਆਂ ਕਿਹਾ, “ਮੈਂ ਹੁਣ ਨਹਾ ਕੇ ਦਫਤਰ ਚਲੇ ਜਾਣੈ। ਸ਼ਾਮੀਂ ਮਿਲਾਂਗੇ, ਅੱਠ ਵਜੇ ਤੋਂ ਬਾਅਦ।” ਏਨਾ ਕਹਿ ਕੇ ਉਹ ਚਲਾ ਗਿਆ, ਦਰਵਾਜਾ ਆਪਣੇ ਪਿੱਛੇ ਭੀੜਦਾ ਹੋਇਆ।
ਅਚਨਚੇਤ ਮੇਰਾ ਜੀਅ ਕੀਤਾ ਕਿ ਮੈਂ ਦੌੜ ਕੇ ਪੌੜੀਆਂ ਉਤਰ ਜਾਵਾਂ ਅਤੇ ਬੱਬੀ ਤੋਂ ਪਹਿਲਾਂ ਗੁਸਲਖਾਨੇ ਵਿਚ ਜਾ ਵੜਾਂ।