ਪੰਜਾਬ ਟਾਈਮਜ਼ ਦੀ 19ਵੀਂ ਵਰ੍ਹੇਗੰਢ ਦੇ ਸਮਾਗਮ ‘ਤੇ ਖੂਬ ਲੱਗੀਆਂ ਰੌਣਕਾਂ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਬਿਊਰੋ): ਪੰਜਾਬ ਟਾਈਮਜ਼ ਦੀ 19ਵੀਂ ਵਰ੍ਹੇਗੰਢ 4 ਮਈ ਨੂੰ ਇਥੋਂ ਦੀ ਇਕ ਸਬਰਬ ਆਰਲਿੰਗਟਨ ਹਾਈਟਸ ਦੇ ਅਟਲਾਂਟਿਸ ਬੈਂਕੁਇਟ ਹਾਲ ਵਿਚ ਮਨਾਈ ਗਈ। ਗੀਤ-ਸੰਗੀਤ ਭਰੀ ਇਸ ਸ਼ਾਮ ਵਿਚ ਮਿਡਵੈਸਟ ਦੀਆਂ ਧਾਰਮਿਕ, ਸਭਿਆਚਾਰਕ ਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਅਤੇ ਪੰਜਾਬ ਟਾਈਮਜ਼ ਦੇ ਪ੍ਰਸ਼ੰਸਕ ਹੁਮਹੁਮਾ ਕੇ ਪਹੁੰਚੇ।
ਗੀਤ-ਸੰਗੀਤ ਦੇ ਦੌਰ ਵਿਚ ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ Ḕਵਾਇਸ ਆਫ ਪੰਜਾਬḔ ਗਾਇਕਾ ਜਸਪਿੰਦਰ ਰੈਣਾ ਤੇ ਰਾਜਨ ਸੰਧੂ, ਸਥਾਨਕ ਗਾਇਕ ਤਾਰਾ ਮੁਲਤਾਨੀ, ਦਵਿੰਦਰ ਧਨੋਆ, ਸੁਖਪਾਲ ਗਿੱਲ ਤੇ ਸੰਨੀ ਨੇ ਆਏ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਤਾਰਾ ਮੁਲਤਾਨੀ ਨੇ ਗੁਰਦਾਸ ਮਾਨ ਦੇ ਮਸ਼ਹੂਰ ਗੀਤ Ḕਕੀ ਬਣੂੰ ਦੁਨੀਆਂ ਦਾḔ ਨਾਲ ਕੀਤੀ। ਜਸਪਿੰਦਰ ਰੈਣਾ ਨੇ ḔਛੱਲਾḔ ਪੇਸ਼ ਕਰ ਕੇ ਝਟ ਹੀ ਸਰੋਤਿਆਂ ਦੇ ਮਨਾਂ ਵਿਚ ਆਪਣੀ ਥਾਂ ਬਣਾ ਲਈ। ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ Ḕਅਲੜ੍ਹਪੁਣੇ ਵਿਚ ਲੱਗੀਆਂḔ ਫਿਰ ਤਾਰਾ ਮੁਲਤਾਨੀ ਨਾਲ ਮਿਲ ਕੇ Ḕਤੇਰੇ ਨੀ ਕਰਾਰਾਂ ਮੈਨੂੰ ਪਟਿਆḔ ਗਾ ਕੇ ਯਮਲਾ ਜੱਟ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਜਨ ਸੰਧੂ ਨੇ ਵੀ ਗੀਤ Ḕਪੰਜਾਂ ਦਰਿਆਵਾਂ ਵਾਲੀ ਧਰਤੀ ਸ਼ਹੀਦਾਂ ਦੀḔ, Ḕਅੰਬਰਾਂ ਦੀ ਗੋਦੀ ਵਿਚ ਚੰਨ ਪਿਆਰੇ ਦੇਖੇ ਨੇḔ ਅਤੇ Ḕਤੇਰੇ ਚਿਹਰੇ ਦੀ ਉਦਾਸੀ ਮੈਥੋਂ ਝੱਲੀ ਨਹੀਂ ਜਾਂਦੀḔ ਤੇ ਹੋਰ ਕਈ ਗੀਤ ਪੇਸ਼ ਕਰ ਕੇ ਖੂਬ ਰੰਗ ਬੰਨਿਆ।
ਜਸਪਿੰਦਰ ਰੈਣਾ ਨੇ ਮਾਹੌਲ ਨੂੰ ਇਕ ਵੱਖਰਾ ਰੰਗ ਦਿੰਦਿਆਂ Ḕਬਾਜਰੇ ਦਾ ਸਿੱਟਾ ਅਸਾਂ ਤਲੀ ‘ਤੇ ਮਰੋੜਿਆḔ, Ḕਚੰਨ ਵੇ ਕਿ ਸ਼ੌਕਣ ਮੇਲੇ ਦੀḔ, Ḕਇਨ੍ਹਾਂ ਅੱਖੀਆਂ ਵਿਚ ਪਾਵਾਂ ਕਿਵੇਂ ਕਜਲਾ, ਅੱਖੀਆਂ ‘ਚ ਤੂੰ ਵੱਸਦਾḔ ਅਤੇ Ḕਕਮਲੀ ਮੈਂ ਯਾਰ ਦੀ ਕਮਲੀḔ ਪੇਸ਼ ਕਰ ਕੇ ਆਪਣੀ ਸਭਿਆਚਾਰਕ ਗਾਇਕੀ ਰਾਹੀਂ ਸਰੋਤਿਆਂ ਨੂੰ ਪੁਰਾਣੇ ਦਿਨ ਚੇਤੇ ਕਰਵਾ ਦਿੱਤੇ। ਉਸ ਨੇ ਤੇਜ ਬੀਟ ‘ਤੇ Ḕਜੁਗਨੀ, ਵੀਰ ਮੇਰਿਆ ਵੇ ਜੁਗਨੀḔ ਸਮੇਤ ਕਈ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਡਿਟਰਾਇਟ ਤੋਂ ਆਏ ਦਰਸ਼ਨ ਸਿੰਘ ਗਰੇਵਾਲ ਦਾ ਕਹਿਣਾ ਸੀ, ਬਈ ਇਸ ਕੁੜੀ ਨੇ ਤਾਂ ਕਮਾਲ ਕਰ ਦਿੱਤੀ। ਇਉਂ ਲੱਗਦੈ ਜਿਵੇਂ 30 ਸਾਲ ਪਹਿਲਾਂ ਦੇ ਪਿੰਡ ਵਿਚ ਬੈਠੇ ਹੋਈਏ।
ਤਾਰਾ ਮੁਲਤਾਨੀ ਨੇ ਜਦੋਂ ਜਸਪਿੰਦਰ ਰੈਣਾ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ ਕਿ Ḕਮੇਰੀ ਇਸ ਭੈਣ ਨੇ ਬਹੁਤ ਉਮਦਾ ਗਾਇਆ ਹੈ। ਇਸ ਲਾਜਵਾਬ ਪਰਫਾਰਮੈਂਸ ਲਈ ਵਧਾਈ ਦਿੰਦਾ ਹਾਂ, ਭਵਿਖ ਵਿਚ ਜਸਪਿੰਦਰ ਹੋਰ ਵੀ ਵਧੀਆ ਗਾਇਕਾ ਬਣੇਗੀḔ ਤਾਂ ਦਰਸ਼ਕਾਂ ਨੇ ਜੋਰਦਾਰ ਤਾਲੀਆਂ ਵਜਾ ਕੇ ਇਸ ਗੱਲ ‘ਤੇ ਮੋਹਰ ਲਾਈ।
ਜਸਪਿੰਦਰ ਰੈਣਾ ਨੇ ਰਾਜਨ ਸੰਧੂ ਨਾਲ ਮਿਲ ਕੇ ਦੋ-ਗਾਣੇ ਪੇਸ਼ ਕਰ ਕੇ ਹੋਰ ਵੀ ਕਮਾਲ ਕਰ ਦਿੱਤੀ। ਗੀਤਾਂ ਦੇ ਬੋਲ ਸਨ, Ḕਤੂੰ ਤੇ ਕਹਿੰਦਾ ਸੀ ਪੀਣੀ ਛੱਡ ਦਿੱਤੀ, ਇਹ ਖਾਲੀ ਬੋਤਲ ਘਰ ਵਿਚ ਕਿਥੋਂ ਆਈḔ, Ḕਭਾਬੀ ਨੀ ਟੀਚਰ ਅੰਗਰੇਜ਼ੀ ਦੀæææḔ ਅਤੇ Ḕਜਿਨ੍ਹਾਂ ਲਈ ਖੜ੍ਹਦੇ ਹਾਂ, ਉਨ੍ਹਾਂ ਲਈ ਮਰਦੇ ਹਾਂ।Ḕ
ਤਾਰਾ ਮੁਲਤਾਨੀ ਨੇ ਆਪਣੇ ਦੂਜੇ ਦੌਰ ਵਿਚ Ḕਮੇਰਾ ਦੇਸ਼ ਪੰਜਾਬḔ, Ḕਸਭ ਤੋਂ ਸੋਹਣਾ ਸ਼ਹਿਰḔ, Ḕਦੁਨੀਆਂ ਮੇਲੇ ਜਾਂਦੀ ਏḔ, Ḕਦੋ ਤਾਰਾ ਵਜਦਾ ਵੇḔ ਅਤੇ ਸੁਖਪਾਲ ਗਿੱਲ ਨਾਲ ਮਿਲ ਕੇ ਗੀਤ Ḕਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂḔ ਪੇਸ਼ ਕੀਤਾ।
ਗਾਇਕ ਸੰਨੀ ਨੇ Ḕਸੋਹਣੀ ਲਗਦੀ, ਮੈਨੂੰ ਸੋਹਣੀ ਲਗਦੀḔ, Ḕਅੱਜ ਹੋਣਾ ਦੀਦਾਰ ਮਾਹੀ ਦਾḔ ਅਤੇ Ḕਕਦੀ ਸਾਡੀ ਗਲੀ ਵੀ ਆਇਆ ਕਰੋḔ ਗਾ ਕੇ ਭਰਵੀਂ ਦਾਦ ਹਾਸਿਲ ਕੀਤੀ। ਦਵਿੰਦਰ ਧਨੋਆ ਨੇ Ḕਲੀਡਰਾਂ ਦੇ ਪੁੱਤ ਔਡੀ ਵਿਚ ਘੁੰਮਦੇḔ ਅਤੇ ਇਕ ਹੋਰ ਗੀਤ ਰਾਹੀਂ ਹਾਜ਼ਰੀ ਲੁਆਈ। ਸਥਾਨਕ ਗਜ਼ਲਗੋ ਰਾਜ ਲਾਲੀ ਬਟਾਲਾ ਨੇ ਇਕ ਗਜ਼ਲ ਨਾਲ ਹਾਜ਼ਰੀ ਲੁਆਈ। ਸਾਜ਼ ਤੇ ਸੰਗੀਤ ਦੀ ਜਿੰਮੇਵਾਰੀ ਮਾਸਟਰ ਹਿਤੇਸ਼ ਨੇ ਬਾਖੂਬੀ ਨਿਭਾਈ।
ਪ੍ਰੋਗਰਾਮ ਦਾ ਮੰਚ ਸੰਚਾਲਨ ਕੈਲੀਫੋਰਨੀਆ ਤੋਂ ਪਹੁੰਚੇ ਲੇਖਕ ਤੇ ਪੱਤਰਕਾਰ ਐਸ਼ ਅਸ਼ੋਕ ਭੌਰਾ ਤੇ ਸਥਾਨਕ ਸ਼ਖਸੀਅਤ ਡਾæ ਹਰਜਿੰਦਰ ਸਿੰਘ ਖਹਿਰਾ ਨੇ ਵਾਰੋ ਵਾਰੀ ਕੀਤਾ। ਐਸ਼ ਅਸ਼ੋਕ ਭੌਰਾ ਨੇ ਆਪਣੀ ਸ਼ੇਅਰੋ ਸ਼ਾਇਰੀ ਅਤੇ ਚੁਟਕਲਿਆਂ ਨਾਲ ਆਏ ਮਹਿਮਾਨਾਂ ਦੀ ਖੂਬ ਵਾਹ ਵਾਹ ਖੱਟੀ। ਅਸ਼ੋਕ ਭੌਰਾ ਨੇ ਛੜ੍ਹਿਆਂ ਬਾਬਤ ਕਵਿਤਾ Ḕਦੋ ਛੜ੍ਹੇḔ ਸੁਣਾ ਕੇ ਸਰੋਤਿਆਂ ਨੂੰ ਖੂਬ ਹਸਾਇਆ। ਡਾæ ਖਹਿਰਾ ਨੇ ਆਪਣੇ ਖਾਸ ਅੰਦਾਜ਼ ਵਿਚ ਸਟੇਜ ਸਕੱਤਰ ਦਾ ਰੋਲ ਬਾਖੂਬੀ ਨਿਭਾਇਆ।
ਭਾਰਤ ਤੋਂ ਆਏ Ḕਪੰਜਾਬੀ ਟ੍ਰਿਬਿਊਨḔ ਵਿਚ ਸਬ ਐਡੀਟਰ ਅਤੇ ਅਖਬਾਰ ḔਸਪੋਕਸਮੈਨḔ ਦੇ ਐਡੀਟਰ ਵਜੋਂ ਕੰਮ ਕਰ ਚੁਕੇ ਬਲਵਿੰਦਰ ਸਿੰਘ ਜੰਮੂ ਜ਼ੀਰਕਪੁਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਪ੍ਰਿੰਟ ਮੀਡੀਆ ਔਖੇ ਦੌਰ ਵਿਚੋਂ ਲੰਘ ਰਿਹਾ ਹੈ। ਸਭ ਤੋਂ ਵੱਡਾ ਚੈਲੰਜ ਸੋਸ਼ਲ ਮੀਡੀਏ ਦਾ ਹੈ। ਪੰਜਾਬੀ ਅਖਬਾਰ ਤਾਂ ਕੀ ਅੰਗਰੇਜ਼ੀ ਅਖਬਾਰ ਵੀ ਇਸ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ਸੋਸ਼ਲ ਮੀਡੀਆ ਹੱਥਾਂ ਦੀ ਖੇਡ ਹੈ, ਪੋਸਟ ਤੇ ਡਿਲੀਟ ਦਾ ਕੰਮ ਹੈ, ਪਰ ਪਿੰ੍ਰਟ ਮੀਡੀਏ ਦੀ ਆਪਣੀ ਅਹਿਮੀਅਤ ਹੈ, ਇਹ ਇਕ ਦਸਤਾਵੇਜ਼ ਹੈ।
ਸ਼ ਜੰਮੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬ ਟਾਈਮਜ਼ ਦੀ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬੀ ਅਖਬਾਰ ਭਾਈਚਾਰੇ ਦੀ ਮਦਦ ਤੋਂ ਬਿਨਾ ਨਹੀਂ ਚੱਲ ਸਕਦੇ। ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਟਾਈਮਜ਼ ਨੂੰ ਇਹ ਸਮਰਥਨ ਲਗਾਤਾਰ ਮਿਲ ਰਿਹਾ ਹੈ।
ਮੁਖ ਮਹਿਮਾਨ ਅੰਮ੍ਰਿਤਪਾਲ ਸਿੰਘ ਗਿੱਲ ਨੇ ਪੰਜਾਬ ਟਾਈਮਜ਼ ਦੇ ਪਾਠਕਾਂ ਤੇ ਸਹਿਯੋਗੀਆਂ ਨੂੰ ਅਖਬਾਰ ਦੀ 19ਵੀਂ ਵਰ੍ਹੇਗੰਢ ‘ਤੇ ਵਧਾਈ ਦਿੰਦਿਆਂ ਆਪਣੇ ਵਲੋਂ ਪੰਜਾਬ ਟਾਈਮਜ਼ ਨੂੰ ਭਰਵੇਂ ਸਮਰਥਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਟਾਈਮਜ਼ ਇਕੋ ਇਕ ਅਖਬਾਰ ਹੈ, ਜੋ ਸਭ ਦੀ ਅਵਾਜ਼ ਨਿਧੜਕ ਹੋ ਕੇ ਸਭ ਤੱਕ ਪਹੁੰਚਾਉਂਦਾ ਹੈ, ਸਮਾਜ ਤੇ ਲੋਕਾਂ ਦੇ ਦੁਖ ਦਰਦ ਨੂੰ ਅਖਬਾਰ ਰਾਹੀਂ ਜੁਬਾਨ ਦਿੰਦਾ ਹੈ। ਇਸ ਹਿੰਮਤ ਤੇ ਹੌਸਲੇ ਤੇ ਵਿਸ਼ਵਾਸ ਨੂੰ ਦਾਦ ਦੇਣੀ ਬਣਦੀ ਹੈ। ਮੇਰੀ ਕਾਮਨਾ ਹੈ ਕਿ ਅਖਬਾਰ ਹੋਰ ਤਰੱਕੀ ਕਰੇ। ਪੰਜਾਬ ਟਾਈਮਜ਼ ਦੇ ਸਲਾਹਾਕਾਰ ਬੋਰਡ ਨੇ ਪਲੇਕ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਅਦਾਰੇ ਨੇ ਆਪਣੇ ਵੱਡੇ ਹਮਦਰਦ, ਸ਼ੁਭਚਿੰਤਕ ਅਤੇ ਸਲਾਹਕਾਰ ਬੋਰਡ ਦੇ ਸੀਨੀਅਰ ਮੈਂਬਰ ਪ੍ਰੋæ ਜੋਗਿੰਦਰ ਸਿੰਘ ਰਮਦੇਵ ਸਿੰਘ ਦੇ ਤੁਰ ਜਾਣ ਦਾ ਹਉਕਾ ਭਰਿਆ। ਪ੍ਰੋæ ਰਮਦੇਵ ਪ੍ਰਤੀ ਜਾਣਕਾਰੀ ਠਾਕਰ ਸਿੰਘ ਬਸਾਤੀ ਨੇ ਭਾਵ ਭਿੰਨੇ ਸ਼ਬਦਾਂ ਵਿਚ ਦਿੱਤੀ। ਸਲਾਹਕਾਰ ਬੋਰਡ ਨੇ ਆਪਣੇ ਮੈਂਬਰ ਸ਼ ਸਵਰਨਜੀਤ ਸਿੰਘ ਢਿੱਲੋਂ ਦੀ ਸਿਹਤਯਾਬੀ ਦੀ ਅਰਦਾਸ ਵੀ ਕੀਤੀ। ਕਾਲਮਨਵੀਸ ਡਾæ ਗੁਰਬਖਸ਼ ਸਿੰਘ ਭੰਡਾਲ ਦੇ ਪਿਤਾ ਦੇ ਚਲਾਣੇ ‘ਤੇ ਦੁੱਖ ਜਾਹਰ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਪੰਜਾਬੀਆਂ ਦਾ ਇਹ ਇਕੱਠ ਵੇਖ ਕੇ ਲੱਗਦਾ ਹੈ ਕਿ ਅਮਰੀਕਾ ਹੁਣ ਇਸਾਈਆਂ ਦਾ ਹੀ ਨਹੀਂ, ਸਗੋਂ ਭਾਰਤੀ ਅਤੇ ਖਾਸਕਰ ਪੰਜਾਬੀ ਕੌਮ ਦਾ ਵੀ ਦੇਸ਼ ਹੈ।
ਪੰਜਾਬ ਟਾਈਮਜ਼ ਅਦਾਰੇ ਵੱਲੋਂ ਮਨਦੀਪ ਸਿੰਘ ਜੰਮੂ ਅਤੇ ਬੀਬੀ ਸੰਦੀਪ ਕੌਰ ਜੰਮੂ ਨੇ ਹੋਰਨਾਂ ਨਾਲ ਰਲ ਕੇ ਰਾਜਾ ਕ੍ਰਿਸ਼ਨਾਮੂਰਤੀ ਦਾ ਸਵਾਗਤ ਕੀਤਾ। ਸ੍ਰੀ ਕ੍ਰਿਸ਼ਨਾਮੂਰਤੀ ਨੇ ਪੰਜਾਬ ਟਾਈਮਜ਼ ਦੇ ਸੰਪਾਦਕ ਸ਼ ਅਮੋਲਕ ਸਿੰਘ ਜੰਮੂ ਨੂੰ ਅਦਾਰੇ ਦੀ 19ਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕੀਤੀ।
ਇਸ ਇਕੱਤਰਤਾ ਵਿਚ ਪੰਜਾਬੀਆਂ ਵੱਲੋਂ ਮਿਲੇ ਪਿਆਰ, ਸਤਿਕਾਰ ਤੇ ਮਾਣ ਤੋਂ ਗਦਗਦ ਹੁੰਦਿਆਂ ਕ੍ਰਿਸ਼ਨਾਮੂਰਤੀ ਨੇ ਜਦੋਂ ਕਿਹਾ ਕਿ ਮੇਰਾ ਨਾਂ ਵੀ ਰਾਜਾ ਸਿੰਘ ਕਰ ਦਿਓ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਮਰੀਕਾ ਵਿਚ ਭਾਰਤੀ ਲੋਕਾਂ ਸਦਕਾ ਕਾਂਗਰਸਮੈਨ ਹਾਂ। ਮੇਰੇ ਦਰਵਾਜੇ ਪੰਜਾਬੀਆਂ ਅਤੇ ਭਾਰਤੀ ਲੋਕਾਂ ਲਈ ਹਮੇਸ਼ਾ ਖੁਲ੍ਹੇ ਹਨ ਤੇ ਕੋਈ ਵੀ ਮੇਰੇ ਦਫਤਰ ਆ ਕੇ ਮੈਨੂੰ ਮਿਲ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਯੂ ਐਸ ਏ ਵਿਚ ਪੰਜਾਬੀ ਲੋਕਾਂ ਨੂੰ ਵੀਜ਼ਿਆਂ ਸਬੰਧੀ ਆਉਂਦੀਆਂ ਦਿੱਕਤਾਂ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।
ਸ਼ਾਮਬਰਗ ਵਿਲੇਜ ਦੇ ਪ੍ਰੈਜ਼ੀਡੈਂਟ ਦੀ ਚੋਣ ਲੜ ਚੁਕੇ ਨਫੀਸ ਰਹਿਮਾਨ ਨੇ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਵੇਂ ਉਹ ਚੋਣ ਨਹੀਂ ਜਿੱਤ ਸਕੇ, ਪਰ ਪੰਜਾਬੀ ਭਾਈਚਾਰੇ ਵਲੋਂ ਮਿਲਿਆ ਪਿਆਰ ਤੇ ਸਹਿਯੋਗ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ। ਉਹ ਪੰਜਾਬੀ ਭਾਈਚਾਰੇ ਦੇ ਦਿਲੋਂ ਧੰਨਵਾਦੀ ਹਨ।
ਇਸ ਮੌਕੇ ਸ਼ਿਕਾਗੋ ਦੇ ਉਘੇ ਬਿਜਨਸਮੈਨ ਰਵਿੰਦਰਪਾਲ (ਰਵੀ) ਹੰਜਰਾ ਦਾ Ḕਬਿਜਨਸਮੈਨ ਆਫ ਦੀ ਯੀਅਰḔ ਅਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਟਾਈਮਜ਼ ਵਲੋਂ ਗਾਇਕਾ ਜਸਪਿੰਦਰ ਰੈਣਾ, ਗਾਇਕ ਰਾਜਨ ਸੰਧੂ ਅਤੇ ਦਵਿੰਦਰ ਧਨੋਆ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
ਸਥਾਨਕ ਜਿਊਲਰ Ḕਰੀਗਲ ਜਿਊਲਰਜ਼Ḕ ਦੇ ਰਾਹੁਲ ਗਿੱਲ ਵਲੋਂ ਇਕ ਤੋਲਾ ਸੋਨੇ ਦੇ ਇਨਾਮ ਦਾ ਰੈਫਲ ਡਰਾਅ ਵੀ ਕੱਢਿਆ ਗਿਆ, ਜੋ ਪੰਮੀ ਸੰਘਾ ਦੇ ਹਿੱਸੇ ਆਇਆ। ਰੈਫਲ ਲਈ ਜੋ ਵੀ ਟਕਾ ਰੁਪਈਆ ਇਕੱਠਾ ਹੋਇਆ, ਉਹ Ḕਪੰਜਾਬ ਟਾਈਮਜ਼Ḕ ਦੀ ਝੋਲੀ Ḕਚ ਪਾ ਦਿੱਤਾ।
ਮਨਦੀਪ ਸਿੰਘ ਜੰਮੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਵਿਚ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਦਰਸ਼ਨ ਸਿੰਘ ਗਰੇਵਾਲ, ਗੁਰਦਿਆਲ ਸਿੰਘ ਬਸਰਾਨ, ਡਾæ ਹਰਗੁਰਮੁਖਪਾਲ ਸਿੰਘ, ਹਰਦਿਆਲ ਸਿੰਘ ਦਿਉਲ, ਜੈਦੇਵ ਸਿੰਘ ਭੱਠਲ, ਗੁਲਜ਼ਾਰ ਸਿੰਘ ਮੁਲਤਾਨੀ, ਨਵਦੀਪ ਕੌਰ ਸੰਧੂ, ਨਿੱਕੀ ਸੇਖੋਂ ਪਰਿਵਾਰਾਂ ਸਮੇਤ ਅਤੇ ਡਾæ ਤੇਜਿੰਦਰ ਸਿੰਘ ਮੰਡੇਰ, ਜਗਦੀਸ਼ਰ ਸਿੰਘ ਕਲੇਰ, ਡਾæ ਗੁਰਚਰਨ ਸਿੰਘ ਗਰੇਵਾਲ, ਮਨਦੀਪ ਸਿੰਘ ਭੂਰਾ, ਰਾਜਿੰਦਰ ਸਿੰਘ ਬੈਂਸ, ਗੁਰਵੀਰ ਸਿੰਘ ਗਿੱਲ ਆਪਣੇ ਸਾਥੀਆਂ ਨਾਲ ਪਹੁੰਚੇ ਹੋਏ ਸਨ। ਸਲਾਹਕਾਰ ਬੋਰਡ ਦੇ ਮੈਂਬਰ ਕੈਲੀਫੋਰਨੀਆ ਤੋਂ ਅਮੋਲਕ ਸਿੰਘ ਗਾਖਲ ਅਤੇ ਜਸਵਿੰਦਰ ਸਿੰਘ (ਜੱਸੀ) ਗਿੱਲ; ਇੰਡੀਆਨਾ ਤੋਂ ਹਰਜੀਤ ਸਿੰਘ ਸਾਹੀ, ਦਰਸ਼ਨ ਸਿੰਘ ਦਰੜ, ਸ਼ਿਕਾਗੋ ਤੋਂ ਅਯੁਧਿਆ ਸਲਵਾਨ ਤੇ ਬਲਵਿੰਦਰ ਸਿੰਘ ਸੰਧੂ, ਟੈਕਸਸ ਤੋਂ ਰਘਬੀਰ ਸਿੰਘ ਘੁੰਨ, ਓਹਾਇਓ ਤੋਂ ਅਵਤਾਰ ਸਿੰਘ ਸਪਰਿੰਗਫੀਲਡ ਅਤੇ ਸਰਵਣ ਸਿੰਘ ਟਿਵਾਣਾ ਜਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ। ਸਵਰਨਜੀਤ ਸਿੰਘ ਢਿੱਲੋਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੀ ਜੀਵਨ ਸਾਥਣ ਜਸਬੀਰ ਕੌਰ ਢਿਲੋਂ ਨੇ ਕੀਤੀ।
ਸਮਾਗਮ ਵਿਚ ਵੱਖ ਵੱਖ ਧਾਰਮਿਕ, ਸਮਾਜਕ, ਸਭਿਆਚਾਰਕ ਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਇਨ੍ਹਾਂ ਸੰਸਥਾਵਾਂ ਵਿਚ ਸਿੱਖ ਰਿਲੀਜੀਅਸ ਸੁਸਾਇਟੀ, ਸ਼ਿਕਾਗੋ, ਗੁਰਦੁਆਰਾ ਵ੍ਹੀਟਨ; ਪੰਜਾਬੀ ਕਲਚਰਲ ਸੁਸਾਇਟੀ, ਸ਼ਿਕਾਗੋ; ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ, ਸ਼ਿਕਾਗੋ; ਪੰਜਾਬੀ ਅਮਰੀਕਨ ਆਰਗੇਨਾਈਜੇਸ਼ਨ, ਸ਼ਿਕਾਗੋ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ (ਮਿਡਵੈਸਟ); ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ (ਮਿਡਵੈਸਟ) ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ; ਪੰਜਾਬੀ ਹੈਰੀਟੇਜ ਸੁਸਾਇਟੀ, ਕੈਲਮਜ਼ੂ (ਮਿਸ਼ੀਗਨ) ਸ਼ਾਮਲ ਸਨ।
ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ), ਸ਼ਿਕਾਗੋ ਦੇ ਬੋਰਡ ਮੈਂਬਰ ਜੈ ਰਾਮ ਸਿੰਘ ਕਾਹਲੋਂ, ਅਮਰਦੇਵ ਸਿੰਘ ਬਦੇਸ਼ਾ, ਗੁਰਮੀਤ ਸਿੰਘ ਬੈਂਸ ਤੇ ਸਾਬਕਾ ਪ੍ਰਧਾਨ ਜਸਬੀਰ ਕੌਰ ਸਲੂਜਾ, ਅੰਮ੍ਰਿਤਪਾਲ ਸਿੰਘ ਸੰਘਾ, ਅਮੋਲਕ ਸਿੰਘ ਗਿੱਧਾ, ਇਕਬਾਲ ਸਿੰਘ ਚੋਪੜਾ, ਹਰਕੀਰਤ ਸਿੰਘ ਸੰਧੂ ਤੇ ਸਤਵੰਤ ਸਿੰਘ ਅਟੱਲ; ਸਾਬਕਾ ਬੋਰਡ ਮੈਂਬਰ ਗਿਆਨ ਸਿੰਘ ਸੀਹਰਾ, ਨਰਿੰਦਰਪਾਲ ਸਿੰਘ ਮਰਵਾਹਾ, ਹਰਜੀਤ ਸਿੰਘ ਗਿੱਲ, ਜਸਦੇਵ ਸਿੰਘ ਤੇ ਸੁਰਿੰਦਰ ਕੌਰ ਸੈਣੀ; ਸੀæ ਆਈæ ਸੀæ ਮੈਂਬਰ ਬਲਵੰਤ ਸਿੰਘ ਹੰਸਰਾ, ਸਾਬਕਾ ਮੈਂਬਰ ਹਰਵਿੰਦਰਪਾਲ ਸਿੰਘ ਲੈਲ ਤੇ ਹਰਜਿੰਦਰ ਸਿੰਘ ਸੰਧੂ ਤੋਂ ਇਲਾਵਾ ਕਾਰ ਸੇਵਾ ਜਥੇ ਦੇ ਸਤਨਾਮ ਸਿੰਘ ਔਲਖ, ਪਾਲ ਧਾਲੀਵਾਲ, ਲਖਬੀਰ ਸਿੰਘ ਸੰਧੂ, ਸਤਨਾਮ ਸਿੰਘ ਗਿੱਲ, ਕੁਲਬੀਰ ਸਿੰਘ ਦਿਉਲ, ਤਰਲੋਚਨ ਸਿੰਘ ਗਿੱਲ, ਗੁਰਮੀਤ ਸਿੰਘ ਢਿੱਲੋਂ ਤੇ ਸਾਥੀ ਪਹੁੰਚੇ। ਗੁਰਦੁਆਰਾ ਵ੍ਹੀਟਨ ਦੇ ਹੈਡ ਗ੍ਰੰਥੀ ਭਾਈ ਮਹਿੰਦਰ ਸਿੰਘ ਵੀ ਪਧਾਰੇ।
ਪੰਜਾਬੀ ਕਲਚਰਲ ਸੁਸਾਇਟੀ, ਸ਼ਿਕਾਗੋ ਵਲੋਂ ਰਾਜਿੰਦਰਬੀਰ ਸਿੰਘ ਮਾਗੋ, ਭਿੰਦਰ ਸਿੰਘ ਪੰਮਾ, ਪਰਮਜੋਤ ਸਿੰਘ ਪਰਮਾਰ ਤੇ ਗੁਰਲਾਲ ਸਿੰਘ ਭੱਠਲ; ਸ਼ੇਰੇ ਪੰਜਾਬ ਸਪੋਰਟਸ ਕਲੱਬ ਐਂਡ ਕਲਚਰਲ ਕਲੱਬ ਮਿਡਵੈਸਟ (ਸ਼ਿਕਾਗੋ) ਵਲੋਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਗਿੱਲ, ਮੀਡੀਆ ਸਲਾਹਕਾਰ ਜਸਰੂਪ ਸਿੰਘ, ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਵਾਲੀਆ, ਹਰਦੀਪ ਬਦੇਸ਼ਾ, ਬਲਵਿੰਦਰ ਸਿੰਘ ਚੱਠਾ, ਗੁਰਦੇਵ ਸਿੰਘ ਗਿੱਲ, ਜਸਵਿੰਦਰ ਗਿੱਲ, ਦਰਸ਼ਨ ਸਿੰਘ ਪੰਮਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਧਾਲੀਵਾਲ ਤੋਂ ਇਲਾਵਾ ਸੰਤੋਖ ਸਿੰਘ ਡੀæਸੀæ ਤੇ ਸਾਥੀ; ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ ਵਲੋਂ ਗੁਲਜ਼ਾਰ ਸਿੰਘ ਮੁਲਤਾਨੀ, ਮਿਨੀ ਮੁਲਤਾਨੀ, ਸਿਮ ਮੁਲਤਾਨੀ, ਇੰਦਰ ਹੁੰਜਣ ਤੇ ਕਮਲ ਹੁੰਜਣ; ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੰਘਾ, ਲੱਕੀ ਸਹੋਤਾ, ਯਾਦਵਿੰਦਰ ਸਿੰਘ ਗਰੇਵਾਲ, ਹਰਦੀਪ ਗਿੱਲ, ਜਸਪਾਲ ਸਿੰਘ ਮਿੱਡਾ ਤੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਸ਼ਿਕਾਗੋ; ਸ਼ੇਰੇ ਪੰਜਾਬ ਸਪੋਰਟਸ ਕਲੱਬ, ਸ਼ਿਕਾਗੋ ਦੇ ਪ੍ਰਧਾਨ ਜਿੰਦਰ ਬੈਨੀਪਾਲ, ਮੀਤ ਪ੍ਰਧਾਨ ਕਾਬਲ ਸਿੰਘ ਭੁੱਲਰ, ਜੋਧ ਸਿੰਘ ਸਿੱਧੂ, ਜਿੰਦੀ ਘੰਗੂੜਾ, ਓਂਕਾਰ ਸਿੰਘ ਸਹੋਤਾ, ਜਤਿੰਦਰ ਸਿੰਘ ਖੰਗੂੜਾ, ਬਲਜੀਤ ਸਿੰਘ ਟਿਵਾਣਾ, ਹਰਪ੍ਰੀਤ ਸਿੰਘ ਗਿੱਲ, ਦੀਪਇੰਦਰ ਸਿੰਘ ਵਿਰਕ, ਨੰਨਾ ਸਹੋਤਾ ਤੇ ਲਖਵਿੰਦਰ ਬਿਹਾਰੀਪੁਰੀਆ ਹਾਜ਼ਰ ਸਨ।
ਹੋਰ ਮੁਅਜ਼ਜ਼ ਮਹਿਮਾਨਾਂ ਵਿਚ ਸਵਰਨ ਸਿੰਘ ਸੇਖੋਂ, ਸੁਰਿੰਦਰ ਸਿੰਘ ਕਾਲੜਾ, ਸੁਰਜੀਤ ਕੌਰ ਗਿੱਲ, ਨਛੱਤਰ ਸਿੰਘ ਤੂਰ, ਮਨਜੀਤ ਸਿੰਘ ਗਿੱਲ ਤੇ ਪੰਮੀ ਗਿੱਲ, ਡਾæ ਅਮਰਜੀਤ ਸਿੰਘ, ਗੁਰਦੀਪ ਸਿੰਘ ਸੈਣੀ, Ḕਧੀਆਂ ਪੁਕਾਰਦੀਆਂḔ ਸੰਸਥਾ ਦੇ ਕੁਲਦੀਪ ਸਿੰਘ ਸਰਾਂ; ਨਰਿੰਦਰਪਾਲ ਸਿੰਘ ਸੂਦ, ਡਾæ ਵਿਕਰਮਜੀਤ ਸਿੰਘ ਗਿੱਲ, ਹਰਬੀਰ ਸਿੰਘ ਵਿਰਕ, ਸੰਨੀ ਢਿੱਲੋਂ, ਜੁਗਾੜ ਸਿੰਘ ਸਿੱਧੂ; ਮਨਮਿੰਦਰ ਸਿੰਘ ਹੀਰ, ਦਰਸ਼ਨ ਸਿੰਘ ਬੈਨੀਪਾਲ, ਰੋਨੀ ਕੁਲਾਰ, ਸੰਨੀ ਕੁਲਾਰ, ਸਵਰਨਜੀਤ ਸਿੰਘ, ਓਂਕਾਰ ਸਿੰਘ ਸੰਘਾ; ਮਨਜੀਤ ਕੌਰ, ਸ਼ਾਨ ਕਪੂਰ, ਪ੍ਰਦੀਪ ਸਲਵਾਨ, ਪਰਦੀਪ ਸਿੰਘ ਕਾਹਲੋਂ, ਕਮਲਜੀਤ ਸਿੰਘ ਵਿਰਦੀ, ਲਾਡੀ ਸਿੰਘ, ਮੱਖਣ ਸਿੰਘ ਕਲੇਰ, ਗੁਰਬਚਨ ਸਿੰਘ, ਡਾæ ਗੁਰਬਖਸ਼ ਸਿੰਘ ਸੈਣੀ, ਸੰਤੋਖ ਸਿੰਘ ਦੀਵਾਨ ਵਾਲੇ, ਜੀਵਨ ਕੌਰ ਮਾਨ, ਮਨਜੀਤ ਕੌਰ ਚੌਧਰੀ, ਬਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਕਲਸੀ, ਭੁਪਿੰਦਰ ਸਿੰਘ ਬਾਵਾ, ਇੰਦਰਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਸੱਜਣ ਮੌਜੂਦ ਸਨ।
ਇੰਡੀਅਨਐਪੋਲਿਸ, ਇੰਡੀਆਨਾ ਤੋਂ ਮਨਜੀਤ ਸਿੰਘ ਨਾਗਰਾ ਤੇ ਸਾਥੀ; ਪੰਜਾਬੀ ਹੈਰੀਟੇਜ ਸੁਸਾਇਟੀ, ਕੈਲਮਜ਼ੂ (ਮਿਸ਼ੀਗਨ) ਦੇ ਰਾਜਬੀਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਗਿੱਲ, ਮਨਜਿੰਦਰ ਸਿੰਘ ਬੈਨੀਪਾਲ, ਗੁਰਦੀਪ ਸਿੰਘ ਧਾਲੀਵਾਲ ਤੇ ਅਜੀਤਪਾਲ ਸਿੰਘ ਬੈਨੀਪਾਲ; ਫੋਰਟਵੇਨ, ਇੰਡੀਆਨਾ ਤੋਂ ਰਾਜਬੀਰ ਸਿੰਘ (ਰਾਣਾ) ਸੇਖੋਂ, ਮੁਖਤਿਆਰ ਸਿੰਘ ਗਿੱਲ, ਗੋਖੀ ਸੇਖੋਂ, ਕੁਲਵਿੰਦਰ ਸਿੰਘ ਨਾਗਰਾ, ਲਖਵਿੰਦਰ ਸਿੰਘ ਚੌਹਾਨ ਤੇ ਅਮਰਜੀਤ ਸਿੰਘ ਧਾਲੀਵਾਲ; ਡਿਟਰਾਇਟ, ਮਿਸ਼ੀਗਨ ਤੋਂ ਬਲਬੀਰ ਸਿੰਘ ਗਰੇਵਾਲ ਤੇ ਸਾਥੀ; ਵਿਸਕਾਨਸਿਨ ਤੋਂ ਅਮਰਜੀਤ ਸਿੰਘ ਸੰਧਰ, ਲਾਲੀ ਸਿੱਧੂ, ਦਲਜੀਤ ਸਿੰਘ ਕਲੇਰ, ਦਰਸ਼ਨ ਸਿੰਘ ਗਰੇਵਾਲ, ਰਣਜੋਧ ਸਿੰਘ ਰੇਹਲ ਤੇ ਸਾਥੀਆਂ ਨੇ ਹਾਜ਼ਰੀ ਭਰੀ।
ਸ਼ਿਕਾਗੋ ਤੋਂ ਬਜੁਰਗ ਦੌੜਾਕ ਕੁਲਦੀਪ ਸਿੰਘ ਸਿੱਬਲ, ਨਿਊ ਯਾਰਕ ਤੋਂ ਗੁਰਦੁਆਰਾ ਸੰਤ ਸਾਗਰ ਦੇ ਮੁੱਖ ਸੇਵਾਦਾਰ ਭਾਈ ਸੱਜਣ ਸਿੰਘ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ) ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਅਟਵਾਲ ਅਤੇ ਕੈਲੀਫੋਰਨੀਆ ਤੋਂ ਲੇਖਿਕਾ ਲਾਜ ਨੀਲਮ ਸੈਣੀ ਨੇ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ ਤੇ ਮਾਲੀ ਮਦਦ ਵੀ।

‘ਪੰਜਾਬ ਟਾਈਮਜ਼ ਨਾਈਟ 2019’ ਦੇ ਅੰਗ-ਸੰਗ
ਐਸ਼ ਅਸ਼ੋਕ ਭੌਰਾ
ਸ਼ਿਕਾਗੋ: ਜਿਸ ਦੌਰ ਵਿਚ ਮੀਡੀਏ ‘ਤੇ ਵਿਕਾਊ ਹੋਣ ਦੇ ਦੋਸ਼ ਲੱਗਦੇ ਹੋਣ, ਜਦੋਂ ਖਬਰਾਂ ‘ਤੇ ‘ਪੇਡ’ ਦਾ ਟੈਗ ਲੱਗਦਾ ਹੋਵੇ ਤੇ ਜਦੋਂ ਖਬਰਾਂ ਦੀ ਇਸ਼ਤਿਹਾਰਾਂ ਨਾਲ ਸੌਦੇਬਾਜੀ ਕੀਤੀ ਜਾਂਦੀ ਹੋਵੇ, ਉਸ ਦੌਰ ਵਿਚ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਸਿਹਤਮੰਦ ਅਖਬਾਰ ਚਲਾਉਣਾ, ਇਹ ਸਿਰਫ ਅਮੋਲਕ ਸਿੰਘ ਜੰਮੂ ਨੂੰ ਹੀ ਪਤਾ ਹੋ ਸਕਦਾ ਹੈ ਕਿ ਏਦਾਂ ਸਾਰਾ ਕੁਝ ਕਿਵੇਂ ਕਰੀਦਾ ਹੈ, ਜਾਂ ਇਉਂ ਕਿ ਲਾਹੌਰ ਦੇ ਉਚੇ ਬੁਰਜ ‘ਤੇ ਚੜ੍ਹ ਕੇ ਕੇਸ ਸੁਕਾਉਣ ਦਾ ਹੁਨਰ ਕਿਵੇਂ ਆ ਸਕਦਾ ਹੈ?
ਸ਼ਿਕਾਗੋ ਤੋਂ ਇਕ ਮੈਗਜ਼ੀਨ ਸਾਈਜ਼ ਪਰਚੇ ਤੋਂ ਸ਼ੁਰੂ ਹੋ ਕੇ ‘ਪੰਜਾਬ ਟਾਈਮਜ਼’ ਅਖਬਾਰ ਨੇ 19 ਵਰ੍ਹੇ ਪੂਰੇ ਕਰ ਲਏ ਹਨ ਤੇ ਹੁਣ ਇਸ ਦੇ ਸ਼ਿਕਾਗੋ (ਮਿਡਵੈਸਟ) ਤੋਂ ਇਲਾਵਾ ਨਿਊ ਯਾਰਕ ਅਤੇ ਕੈਲੀਫੋਰਨੀਆ ਤੋਂ ਇਕੋ ਸਮੇਂ ਤਿੰਨ ਐਡੀਸ਼ਨ ਛਪਦੇ ਹਨ। ਛਪਣ ਗਿਣਤੀ ਪੱਖੋਂ ਇਹ ਅਮਰੀਕਾ ਵਿਚ ਸਭ ਤੋਂ ਵੱਡਾ ਪੰਜਾਬੀ ਅਖਬਾਰ ਹੈ।
ਇਸ ਵਾਰ ਕਰੀਬ ਪੰਜ ਵਰ੍ਹਿਆਂ ਪਿੱਛੋਂ ‘ਪੰਜਾਬ ਟਾਈਮਜ਼ ਨਾਈਟ’ ਸ਼ਿਕਾਗੋ ਵੇਖਣ ਦਾ ਮੌਕਾ ਮਿਲਿਆ। ਕਈ ਨਵੇਂ ਰੰਗ ਚੜ੍ਹੇ, ਕਈ ਪੁਰਾਣੇ ਵੀ ਵੇਖਣ ਨੂੰ ਮਿਲੇ, ਕਈ ਚੜ੍ਹੇ ਹੀ ਨਹੀਂ। ਕਈ ਨਵੇਂ ਹਮਦਰਦ ਆਏ, ਕਈ ਪੁਰਾਣਿਆਂ ਨੇ ਰੁਝੇਵਿਆਂ ਦਾ ਬਹਾਨਾ ਘੜ੍ਹ ਲਿਆ; ਕੁਝ ਰੁੱਸ ਗਏ, ਕੁਝ ਮੰਨ ਗਏ ਤੇ ਏਦਾਂ ਅੱਗੜ-ਪਿੱਛੜ ਘਟਨਾਵਾਂ ਇਸ ਨਾਈਟ ਦਾ ਹਿੱਸਾ ਬਣੀਆਂ ਰਹੀਆਂ। ਇਸ ਵਾਰ ਮੁੱਖ ਮਹਿਮਾਨ ਅੰਮ੍ਰਿਤਪਾਲ ਸਿੰਘ ਗਿੱਲ ਸਨ।
ਕੈਲੀਫੋਰਨੀਆ ਤੋਂ ਆਏ ਰਾਜਨ ਸੰਧੂ ਨੇ ਆਪਣੇ ਸੋਲੋ ਤੇ ‘ਟੀਚਰ ਅੰਗਰੇਜ਼ੀ’ ਵਰਗੇ ਦੋਗਾਣੇ ਜਸਪਿੰਦਰ ਰੈਣਾ ਨਾਲ ਪੇਸ਼ ਕਰਕੇ ‘ਪੰਜਾਬ ਟਾਈਮਜ਼ ਨਾਈਟ’ ਨੂੰ ਸੰਗੀਤਕ ਰੰਗੀਨਮਈ ਬਣਾ ਦਿੱਤਾ। ਗਾਇਕਾ ਸ਼ਰੂਤੀ ਉਰਫ ਜਸਪਿੰਦਰ ਰੈਣਾ ਨੇ ਜੁਗਨੀ ਵੀ ਸੁਣਾਈ, ਮਾਹੀਆ ਵੀ ਤੇ ਟੱਪੇ ਵੀ। ਤਾਰਾ ਮੁਲਤਾਨੀ ਨੇ ਗੀਤਾਂ ਦਾ ਖੂਬਸੂਰਤ ਰੰਗ ਬਿਖੇਰਿਆ ਅਤੇ ਦਵਿੰਦਰ ਧਨੋਆ ਤੇ ਸੰਨੀ ਵੀ ਨਵਿਆਂ ‘ਚੋਂ ਨਿੱਖਰੇ।
ਅਦਾਰੇ ਨੇ ਨਵਿਆਂ ਨੂੰ ਜੀ ਆਇਆਂ ਕਿਹਾ, ਪੁਰਾਣਿਆਂ ਨੂੰ ਵਡਿਆਇਆ, ਜਿਹੜੇ ਨਹੀਂ ਵੀ ਪਹੁੰਚ ਸਕੇ, ਧੰਨਵਾਦ ਉਨ੍ਹਾਂ ਦਾ ਵੀ ਕੀਤਾ।
ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਵਾਲੀ ਬਿਮਾਰੀ ਏæ ਐਲ਼ ਐਸ਼ ਨਾਲ ਜੂਝ ਰਹੇ ਅਮੋਲਕ ਸਿੰਘ ਜੰਮੂ ਦੀ ਤੰਦਰੁਸਤੀ ਲਈ ਪੰਜਾਬ ਟਾਈਮਜ਼ ਦੇ ਚਹੇਤਿਆਂ ਤੇ ਹਮਦਰਦਾਂ ਨੇ ਦੁਆਵਾਂ ਵੀ ਮੰਗੀਆਂ ਤੇ ਉਸ ਦੀ ਧਰਮ ਪਤਨੀ ਵਲੋਂ ਅਖਬਾਰ ਦੇ ਸੰਚਾਲਨ ਲਈ ਨਿਭਾਏ ਜਾ ਰਹੇ ਰੋਲ ਦੇ ਨਾਲ ਨਾਲ ਪਤੀ ਦੀ ਸਾਂਭ-ਸੰਭਾਲ ਦੀ ਵਡਿਆਈ ਵੀ ਕੀਤੀ।
ਚਲੋ! ਮਿਸ਼ੀਗਨ ਤੋਂ ਦਰਸ਼ਨ ਸਿੰਘ ਗਰੇਵਾਲ ਵੀ ਆਇਆ, ਸ਼ਿਕਾਗੋ ਦੇ ਨਿੱਘੇ ਮਿੱਤਰਾਂ ‘ਚੋਂ ਡਾæ ਨਵਦੀਪ ਕੌਰ ਸੰਧੂ, ਡਾæ ਹਰਮਗੁਰਮੁਖ ਪਾਲ ਸਿੰਘ, ਡਾæ ਤੇਜਿੰਦਰ ਸਿੰਘ ਮੰਡੇਰ, ਹਰਦਿਆਲ ਸਿੰਘ ਦਿਓਲ, ਡਾæ ਗੁਰਦਿਆਲ ਸਿੰਘ ਬਸਰਾਨ ਵੀ ਹਾਜ਼ਰ ਹੋਏ। ਗੁਰਮੁਖ ਸਿੰਘ ਭੁੱਲਰ ਕਿਸੇ ਵਿਆਹ ‘ਚ ਰੁੱਝਿਆ ਰਿਹਾ, ਡਾæ ਖਹਿਰਾ ਦੇਰ ਨਾਲ ਆਇਆ, ਰੇਡੀਓ ਚੰਨ ਪਰਦੇਸੀ ਵਾਲਾ ਸਰਵਣ ਟਿਵਾਣਾ ਆਇਆ ਹੀ ਨਹੀਂ, ਦਰਸ਼ਨ ਸਿੰਘ ਦਰੜ ਇੰਡੀਆ ਗਿਆ ਹੋਇਆ ਸੀ-ਜਿਹੜੇ ਆ ਗਏ ਵਾਹ ਭਲਾ! ਜਿਹੜੇ ਨਹੀਂ ਆਏ ਉਨ੍ਹਾਂ ਦਾ ਵੀ ਭਲਾ ਕਹਿ ਕੇ ਅਖਬਾਰ ਨੇ ਆਉਂਦੇ ਵਰ੍ਹਿਆਂ ‘ਚ ਵੀ ਉਨ੍ਹਾਂ ਤੋਂ ਸਹਿਯੋਗ ਲਈ ਆਸਾਂ ਦੀ ਬੁਣਤੀ ਬੁਣ ਕੇ ਰੱਖੀ। ਲਗਤਾਰ ਕੰਮ ਕਰਦੇ ਰਹਿਣ ਨਾਲ ਕੰਮ ਮੁੱਕਦਾ ਨਹੀਂ, ਸਗੋਂ ਕੰਮ ਦਾ ਪੱਧਰ ਜੇ ਬਣਾਈ ਰੱਖਿਆ ਜਾਵੇ ਤਾਂ ਯਤਨ ਵੱਡੇ ਹੋ ਜਾਂਦੇ ਹਨ।
ਅਮਰੀਕਾ ਵਰਗੀ ਧਰਤੀ ‘ਤੇ ਮੀਡੀਏ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ, ਪਾਠਕਾਂ ਨੂੰ ਵਧੀਆ ਤੇ ਸਿਹਤਮੰਦ ਸਮਗਰੀ ਪੜ੍ਹਨ ਨੂੰ ਦੇਣਾ ਤੇ ਅੰਦਰ ਤੱਕ ਲੋਕਾਂ ਦਾ ਦਿਲ ਜਿੱਤ ਲੈਣਾ, ਸ਼ਾਇਦ ਇਸੇ ਹੀ ਅਖਬਾਰ ਦੇ ਹਿੱਸੇ ਆਇਆ ਹੈ। ਇਸ ਗੱਲ ਨੂੰ ਸਰਬਪ੍ਰਵਾਨਤ ਮੰਨਿਆ ਜਾਂਦਾ ਹੈ ਕਿ ਅਖਬਾਰ ਦੇ ਸੰਪਾਦਕ ਨੇ ਘਾਟੇ ਤਾਂ ਖਾਧੇ ਹੋਣਗੇ ਪਰ ਮੁਨਾਫਿਆਂ ਲਈ ਸਮਝੌਤੇ ਨਹੀਂ ਕੀਤੇ। ਇਸੇ ਕਰਕੇ ਅਖਬਾਰ ਚਾਰੇ ਕੂੰਟਾਂ ‘ਚ ਪ੍ਰਵਾਨ ਹੀ ਨਹੀਂ ਸਗੋਂ ਇਸ ਦੀਆਂ ਅਮਰੀਕਾ ਦੀ ਧਰਤੀ ‘ਤੇ ਪੰਜਾਬੀ ਅਖਬਾਰੀ ਖੇਤਰ ਵਿਚ ਵਿਲੱਖਣ ਪੈੜਾਂ ਹਨ। ਇਹ ਗੱਲ ਮੰਨਣੀ ਪਵੇਗੀ ਅਤੇ ਦੋਖੀ ਵੀ ਇਸ ਗੱਲ ‘ਤੇ ਮੋਹਰ ਲਾਉਂਦੇ ਹਨ ਕਿ ਆਪਣੇ ਨਾਅਰੇ ‘ਬੇਲਾਗ, ਬੇਬਾਕ ਤੇ ਨਿਰਪੱਖ ਪੱਤਰਕਾਰੀ ਦਾ ਮੁੱਦਈ’ ਨੂੰ ਇਸ ਅਖਬਾਰ ਨੇ ਕਾਇਮ ਰੱਖਿਆ ਹੋਇਆ ਹੈ। ਇਸ ਅਖਬਾਰ ਵਿਚ ਤੁਹਾਨੂੰ ਤਾਂਤਰਿਕਾਂ ਤੇ ਪੀਰ ਬਾਬਿਆਂ, ਮੁੰਡੇ ਜਾਂ ਕੁੜੀ ਜਿਹੇ ਮਿਆਰੋਂ ਲੱਥੇ ਇਸ਼ਤਿਹਾਰ ਨਹੀਂ ਮਿਲਣਗੇ। ਇਹ ਗੱਲ ਕਹਿਣ ਵਿਚ ਵੀ ਕੋਈ ਹਰਜ ਨਹੀਂ ਕਿ ਇਹ ਉਹੀ ਅਖਬਾਰ ਹੈ, ਜੋ ਪੰਜਾਬੀ ਦੀਆਂ ਰੋਜ਼ਾਨਾ ਅਖਬਾਰਾਂ ਦੇ ਮੁਕਾਬਲੇ ਪਾਠਕਾਂ ਨੂੰ ਭਰਵੀਂ ਸਮੱਗਰੀ ਪੜ੍ਹਨ ਲਈ ਦੇ ਰਿਹਾ ਹੈ।
ਤਕਰੀਬਨ ਸਾਢੇ ਸੱਤ ਵਜੇ ਸ਼ੁਰੂ ਹੋਈ ‘ਪੰਜਾਬ ਟਾਈਮਜ਼ ਨਾਈਟ’ ਜਦੋਂ 11 ਕੁ ਵਜੇ ਮੁੱਕਦੀ ਹੈ ਤਾਂ ਚੁੰਝ ਚਰਚਾ ਇਹ ਵੀ ਚੱਲਦੀ ਹੈ ਕਿ ਅਮੋਲਕ ਸਿੰਘ ਜੰਮੂ ਦੀ ਥਾਂ ਕੋਈ ਹੋਰ ਸੰਪਾਦਕ ਹੁੰਦਾ ਤੇ ਉਹਦੀ ਸਿਹਤ ਏਨਾ ਸਾਥ ਨਾ ਦਿੰਦੀ ਹੁੰਦੀ ਤਾਂ ਸ਼ਾਇਦ ਵੱਡੇ ਤੋਂ ਵੱਡੇ ਸਰਮਾਏਦਾਰਾਂ ਦੀ ਅਖਬਾਰ ਵੀ ਢਾਈ ਦਿਨ ਦੀ ਪ੍ਰਾਹੁਣੀ ਬਣ ਕੇ ਰਹਿ ਜਾਂਦੀ। ਰੱਬ ਤੋਂ ਡਰ ਕੇ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਜੰਮੂ ਨੇ ਨਾ ਸਿਹਤ ਪੱਖੋਂ ਹੱਥ ਖੜ੍ਹੇ ਕੀਤੇ ਹਨ ਅਤੇ ਨਾ ਇਕ ਸੰਤੁਲਿਤ ਮੀਡੀਆ ਦੇ ਪੱਖੋਂ। ਇਸੇ ਕਰਕੇ ਨਾਰਾਜ਼ ਲੋਕ ਵੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ, ਵਾਧੇ ਘਾਟੇ ਤਾਂ ਹੁੰਦੇ ਈ ਰਹਿੰਦੇ ਨੇ, ਪਰ ਪੰਜਾਬੀ ਜ਼ੁਬਾਨ ਨੂੰ, ਬੋਲੀ ਨੂੰ ਤੇ ਮੀਡੀਏ ਨੂੰ ਸਹੀ ਅਰਥਾਂ ‘ਚ ਜਿਉਂਦੇ ਰੱਖਣ ਲਈ ਅਮੋਲਕ ਸਿੰਘ ਜੰਮੂ ਦੇ ਹੱਕ ਵਿਚ ਸਹੀ ਪਾਉਣਾ ਕੋਈ ਗੁਨਾਹ ਨਹੀਂ। ਚਰਖਾ ਤਾਂ ਚੱਪਾ ਚੱਪਾ ਚੱਲਦਾ ਹੋਵੇ ਜਾਂ ਨਾ ਪਰ ਇਹ ਅਖਬਾਰ ਦੋਵੇਂ ਕਦਮਾਂ ਨਾਲ ਹਮੇਸ਼ਾ ਅੱਗੇ ਵਧੀ ਹੈ। ਅਖਬਾਰ ਨੇ ਦੋ ਦਰਜਨ ਤੋਂ ਵੱਧ ਲੇਖਕਾਂ ਨੂੰ ਛਾਪਿਆ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਹਿਤਕ ਕੱਦ ਨੂੰ ਵੀ ਕੋਠੇ ਜਿੱਡਾ ਕਰਕੇ ਰੱਖਿਆ ਹੈ। ਚਲੋ! ਲੋਕ ਟੁੱਟ ਜਾਂਦੇ ਨੇ, ਜੁੜ ਜਾਂਦੇ ਨੇ, ਕਈ ਹੋਰ ਟੁੱਟਣਗੇ, ਕਈ ਹੋਰ ਜੁੜਨਗੇ, ਕਈ ਨੀਵੇਂ ਪੱਧਰ ਦੀ ਆਲੋਚਨਾ ਕਰਨਗੇ, ਕਈ ਨਾਰਾਜ਼ਗੀਆਂ ਦੇ ਢੇਰ ਲਾਉਣਗੇ, ਕਈ ਗਿਲੇ ਸ਼ਿਕਵੇ ਦੀਆਂ ਪੰਡਾਂ ਬੰਨ੍ਹੀਂ ਬੈਠੇ ਹੋਣਗੇ, ਕਈ ‘ਮੇਰਾ ਨਾਂ ਨੀ ਛਪਦਾ’ ਤੋਂ ਨਾਰਾਜ਼ ਹੋਣਗੇ, ਪਰ ਸੱਚ ਇਹ ਹੈ ਕਿ ਸੂਈ ਦੇ ਨੱਕੇ ਥਾਣੀਂ ਅੱਖਰਾਂ ਨੂੰ ਲੰਘਾਉਣ ਦਾ ਹੁਨਰ ਇਸੇ ਅਖਬਾਰ ਦੇ ਹਿੱਸੇ ਆਇਆ ਹੈ।
ਹਮਦਰਦਾਂ ਨੇ ਬੜੇ ਵਿਚਾਰ ਪੇਸ਼ ਕੀਤੇ, ਜਿਹੜੇ ਆਏ ਨ੍ਹੀਂ, ਉਹ ਅੰਦਰੋਂ ਇਕ ਵਾਰ ਸੋਚਦੇ ਜਰੂਰ ਹੋਣਗੇ ਕਿ ਜਾਣਾ ਚਾਹੀਦਾ ਸੀ, ਜਿਹੜੇ ਆਏ ਸਨ, ਉਨ੍ਹਾਂ ਦੇ ਦਿਲ ‘ਚ ਸੀ ਚੰਗਾ ਹੋਇਆ ਘਰ ਨਹੀਂ ਰਹੇ। ਕਿਉਂਕਿ ਇਹ ਅਖਬਾਰ ਦੀਆਂ ਹੀ ਰੌਣਕਾਂ ਨਹੀਂ, ਸਗੋਂ ‘ਪੰਜਾਬੀਅਤ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਇਕ ਕਾਫਲਾ ਹੈ।
ਕੈਲੀਫੋਰਨੀਆ ਦੇ ਉਘੇ ਕਾਰੋਬਾਰੀ, ਖੇਡ ਪ੍ਰੋਮੋਟਰ ਅਤੇ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਮੋਲਕ ਸਿੰਘ ਗਾਖਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਸੀਂ ਹਰ ਤਰ੍ਹਾਂ ਇਸ ਅਖਬਾਰ ਤੇ ਅਮੋਲਕ ਸਿੰਘ ਜੰਮੂ ਦੇ ਨਾਲ ਹਾਂ। ਕਦੇ ਵੀ ਇਸ ਅਖਬਾਰ ਦੇ ਡਾਵਾਂਡੋਲ ਹੋਣ ਦੀ ਸਥਿਤੀ ਆਈ ਤਾਂ ਗਾਖਲ ਭਰਾ ਥੰਮ੍ਹ ਬਣ ਕੇ ਖੜ੍ਹੇ ਰਹੇ ਨੇ, ਖੜ੍ਹੇ ਰਹਿਣਗੇ। ਉਹ ਅਮੋਲਕ ਸਿੰਘ ਜੰਮੂ ਨੂੰ ਆਪਣਾ ਭਰਾ ਵੀ ਸਵੀਕਾਰ ਕਰਦੇ ਹਨ। ਲੇਖਿਕਾ ਨੀਲਮ ਸੈਣੀ, ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਦੇ ਅਹਿਮ ਕਾਰਕੁਨ ਚਰਨ ਸਿੰਘ ਜੱਜ, ਜਸਵਿੰਦਰ (ਜੱਸੀ) ਗਿੱਲ ਅਤੇ ਹੋਰ ਬਹੁਤ ਸਾਰੇ ਹਮਦਰਦਾਂ ਨੇ ਸ਼ੁਭ ਕਾਮਨਾਵਾਂ ਭੇਜੀਆਂ।
ਮੈਂ ਮਾਣ ਨਾਲ ਕਹਾਂਗਾ ਕਿ ਪਾਠਕਾਂ ਨੂੰ ਜਾਂ ਸ਼ਿਕਾਗੋ ਵਸਦੇ ਲੋਕਾਂ ਨੂੰ ਇਹ ਤਾਂ ਲੱਗਦਾ ਸੀ ਕਿ ਮੈਨੂੰ ਸ਼ਬਦਾਂ ਦੀ ਬੁਣਤੀ ਬੁਣਨੀ ਆਉਂਦੀ ਹੈ, ਪਰ ਸ਼ਾਇਦ ਕਈਆਂ ਨੂੰ ਪਹਿਲੀ ਵਾਰ ਲੱਗਾ ਕਿ ਅਸ਼ੋਕ ਭੌਰਾ ਨੂੰ ਸ਼ਾਇਰੀ ਵੀ ਆਉਂਦੀ ਹੈ, ਬੋਲਣਾ ਵੀ ਆਉਂਦਾ ਹੈ, ਮੰਚ ਸੰਚਾਲਨ ਕਰਨਾ ਅਤੇ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਮਜਬੂਰ ਕਰਨਾ ਵੀ ਆਉਂਦਾ ਹੈ। ਮੈਂ ਮੰਨਦਾ ਹਾਂ ਕਿ ‘ਅਜੀਤ’ ਤੋਂ ਬਾਅਦ ਜੇ ਕੌਮਾਂਤਰੀ ਪੱਧਰ ਦੇ ਕਿਸੇ ਅਖਬਾਰ ਨੇ ਮੇਰੀ ਮਾਣ ਵਡਿਆਈ ਵਿਚ ਵਾਧਾ ਕੀਤਾ ਹੈ ਤਾਂ ਉਹ ਪੰਜਾਬ ਟਾਈਮਜ਼ ਹੈ ਤੇ ਬਰਜਿੰਦਰ ਸਿੰਘ ਹਮਦਰਦ ਤੋਂ ਬਾਅਦ ਜੇ ਮੇਰੇ ਪੱਤਰਕਾਰੀ ਦੇ ਕੈਰੀਅਰ ‘ਚ ਕਿਸੇ ਵਿਅਕਤੀ ਵਿਸ਼ੇਸ਼ ਦਾ ਯੋਗਦਾਨ ਹੈ ਤਾਂ ਉਹ ਅਮੋਲਕ ਸਿੰਘ ਜੰਮੂ ਦਾ ਹੈ।
ਜੈ ਰਾਮ ਸਿੰਘ ਕਾਹਲੋਂ ਅਤੇ ਸੁਰਿੰਦਰ ਸਿੰਘ ਭਾਟੀਆ ਦੀ ‘ਪੰਜਾਬ ਟਾਈਮਜ਼ ਨਾਈਟ’ ਦੀ ਸਫਲਤਾ ਲਈ ਨਿਭਾਈ ਭੂਮਿਕਾ ‘ਤੇ ਮੋਹਰ ਲੱਗਦੀ ਰਹੇਗੀ। ਮੰਨਣਾ ਪਵੇਗਾ ਕਿ ਪੰਜਾਬ ਟਾਈਮਜ਼ ਦੇ ਹਮਦਰਦਾਂ ਦੀ ਸੂਚੀ ਲੰਬੀ ਹੈ ਅਤੇ ਇਸ ਸੂਚੀ ‘ਚ ਹਾਲੇ ਹੋਰ ਲੋਕ ਜੁੜਦੇ ਰਹਿਣਗੇ।
ਸ਼ਾਲਾ! ਅਖਬਾਰ ਦੀਆਂ ਉਮਰਾਂ ਲੰਮੀਆਂ ਹੋਣ, ਇਹ ਕਹਿ ਕੇ,
ਕੀ ਹੋਇਆ ਜੇ ਕੁਝ ਕਹਿ ਦਿੱਤਾ ਸੀ
ਪਰ ਆਪਣੇ ਲਈ ਨਹੀਂ ਕਹਿੰਦਾ ਸੀ
ਮੈਂ ਜਿਉਂਦੀ ਪੰਜਾਬੀਅਤ ਰੱਖਣੀ ਸੀ
ਤਾਂ ਦਿਲ ‘ਤੇ ਬੜਾ ਕੁਝ ਸਹਿੰਦਾ ਸੀ।
‘ਪੰਜਾਬ ਟਾਈਮਜ਼ ਨਾਈਟ’ ਹਰ ਸਾਲ ਹੁੰਦੀ ਰਹੇ ਤੇ ਵਸਦਾ ਰਹੇ ‘ਪੰਜਾਬ ਟਾਈਮਜ਼’ ਦਾ ਭਰ ਵਗਦਾ ਪੱਤਰਕਾਰੀ ਦਾ ਵਹਿਣ।