ਸਿਆਸੀ ਧਿਰਾਂ ਵਲੋਂ ਸਿੱਖ ਮਸਲਿਆਂ ਦੀ ਓਟ

ਪ੍ਰਾਪਤੀਆਂ ਗਿਣਾਉਣ ਲਈ ਕਿਸੇ ਕੋਲ ਕੁਝ ਵੀ ਨਹੀਂ
ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਵਿਚ ਸਿਆਸੀ ਧਿਰਾਂ ਨੇ ਸਿੱਖ ਮਸਲਿਆਂ ਨੂੰ ਸਿਆਸੀ ਢਾਲ ਬਣਾਇਆ ਹੋਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੇਂਦਰੀ ਸਿਆਸਤ ਇਨ੍ਹਾਂ ਮਸਲਿਆਂ ਦੀ ਓਟ ਲੈ ਰਹੀ ਹੈ। ਆਮ ਕਰਕੇ ਚੋਣਾਂ ਵੇਲੇ ਇਹ ਮਸਲੇ ਪੰਜਾਬ ਦੀ ਸਿਆਸਤ ਤੱਕ ਸੀਮਤ ਰਹਿੰਦੇ ਸਨ ਪਰ ਇਸ ਵਾਰ ਦਿੱਲੀ ਤੋਂ ਪ੍ਰਚਾਰ ਲਈ ਆਏ ਸਿਆਸੀ ਆਗੂ ਪੰਜਾਬ ਦਾ ਕੋਈ ਹੋਰ ਮੁੱਦਾ ਚੁੱਕਣ ਦੀ ਥਾਂ ਸਿੱਖਾਂ ਲਈ ਆਪਣੀਆਂ ਪ੍ਰਾਪਤੀਆਂ ਗਿਣਵਾ ਰਹੇ ਹਨ।

ਪੰਜ ਸਾਲ ਕੇਂਦਰੀ ਸੱਤਾ ਵਿਚ ਰਹੀ ਭਾਜਪਾ ਦਾਅਵਾ ਕਰ ਰਹੀ ਹੈ ਕਿ ਉਸ ਨੇ 1984 ਸਿੱਖ ਕਤਲੇਆਮ ਪੀੜਤਾਂ ਨੂੰ ਨਿਆਂ ਦਿਵਾਇਆ ਹੈ। ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹ ਕੇ ਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਉਧਰ, ਕਾਂਗਰਸ ਬੇਅਦਬੀ ਦੇ ਮੁੱਦੇ ਚੁੱਕ ਕੇ ਅਕਾਲੀਆਂ ਨੂੰ ਘੇਰ ਰਹੀ ਹੈ। ਦਰਅਸਲ, ਭਾਜਪਾ ਨੇ ਇਨ੍ਹਾਂ ਸਿੱਖ ਮਸਲਿਆਂ ਨੂੰ ਪਹਿਲਾਂ ਹੀ ਚੋਣ ਪ੍ਰਚਾਰ ਦਾ ਹਿੱਸਾ ਬਣਾਉਣ ਦੀ ਤਿਆਰੀ ਕੀਤੀ ਹੋਈ ਸੀ ਪਰ ਕਾਂਗਰਸ ਆਗੂ ਸੈਮ ਪਿਤਰੋਦਾ ਦੇ 84 ਦੇ ਸਿੱਖ ਕਤਲੇਆਮ ਬਾਰੇ ‘ਹੂਆ ਤੋ ਹੂਆ’ ਬਿਆਨ ਨੇ ਭਾਜਪਾ ਨੂੰ ਵੱਡਾ ਮੌਕਾ ਦੇ ਦਿੱਤਾ। ਇਹ ਬਿਆਨ ਉਸ ਸਮੇਂ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਆਉਣਾ ਸੀ। ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਹਰ ਰੈਲੀ ਨੂੰ 84 ਸਿੱਖ ਕਤਲੇਆਮ ਦੁਆਲੇ ਘੁਮਾਇਆ ਅਤੇ ਕਾਂਗਰਸ ਨੂੰ ਰੱਜ ਕੇ ਭੰਡਿਆ।
ਉਨ੍ਹਾਂ ਦਾਅਵਾ ਕੀਤਾ ਕਿ ‘ਚੌਕੀਦਾਰ’ ਨੇ 84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਦੋਂਕਿ ਨਾਮਦਾਰ (ਰਾਹੁਲ ਗਾਂਧੀ) ਨੇ ਸਿਰਫ ਦਿਖਾਵਾ ਕਰ ਛੱਡਿਆ। ਨਾਮਦਾਰ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਨੇ 84 ਬਾਰੇ ‘ਹੂਆ ਤੋ ਹੂਆ’ ਆਖ ਕੇ ਘਰ ਦਾ ਭੇਤ ਜਨਤਕ ਤੌਰ ‘ਤੇ ਖੋਲ੍ਹ ਦਿੱਤਾ ਹੈ। ਦਰਅਸਲ, ਕਾਂਗਰਸ ਨੇ ਅਕਾਲੀਆਂ ਤੇ ਭਾਜਪਾ ਨੂੰ ਘੇਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਨੂੰ ਹਥਿਆਰ ਬਣਾਇਆ ਹੋਇਆ ਸੀ। ਅਕਾਲੀ ਤੇ ਉਨ੍ਹਾਂ ਦੇ ਭਾਈਵਾਲ ਇਸ ਮਸਲੇ ਉਤੇ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਹੇ ਸਨ ਪਰ ਕਾਂਗਰਸੀ ਆਗੂ ਦੇ ਬਿਆਨ ਨੇ ਭਾਜਪਾ ਨੂੰ ਵੱਡਾ ਮੌਕਾ ਦੇ ਦਿੱਤਾ। ਦਰਅਸਲ, ਚੋਣ ਮਾਹੌਲ ਵਿਚ ਕਾਂਗਰਸ ਅਜਿਹੀਆਂ ਕੁਤਾਹੀਆਂ ਕਰਨ ਵਿਚ ਹਮੇਸ਼ਾ ਚਰਚਾ ਵਿਚ ਰਹੀ ਹੈ ਅਤੇ ਭਾਜਪਾ ਨੇ ਅਜਿਹਾ ਮੌਕਾ ਕਦੇ ਨਹੀਂ ਖੁੰਝਾਇਆ। ਪਿਤਰੋਦਾ ਦੇ ਬਿਆਨ ਨੇ ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਕੋਤਾਹੀਆਂ ਚੇਤੇ ਕਰਵਾ ਦਿੱਤੀਆਂ। ਸੀਨੀਅਰ ਆਗੂ ਮਨੀ ਸ਼ੰਕਰ ਅਈਅਰ ਨੇ 2014 ‘ਚ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ‘ਚਾਹ ਵਾਲਾ’ ਆਖੇ ਜਾਣ ‘ਤੇ ਕਾਂਗਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।
ਇਸੇ ਤਰ੍ਹਾਂ 2017 ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਵੇਲੇ ਅਈਅਰ ਵਲੋਂ ਸ੍ਰੀ ਮੋਦੀ ‘ਤੇ ਜਾਤ ਨਾਲ ਸਬੰਧਤ ਟਿੱਪਣੀ ਕਰਨ ‘ਤੇ ਕਾਂਗਰਸ ਨੂੰ ਨਮੋਸ਼ੀ ਹੋਈ ਸੀ। ਐਤਕੀਂ ਸੈਮ ਪਿਤਰੋਦਾ ਦੇ ‘ਹੂਆ ਤੋ ਹੂਆ’ ਬਿਆਨ ਦੇ ਕੇ ਹੁਕਮਰਾਨ ਧਿਰ ਨੂੰ ਮੁੱਦਾ ਫੜਾ ਦਿੱਤਾ। ਉਂਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਨਤਕ ਤੌਰ ‘ਤੇ ਆਪਣੇ ਸਲਾਹਕਾਰ ਪਿਤਰੋਦਾ ਦੀ ਝਾੜ-ਝੰਬ ਕਰਦਿਆਂ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਪਰ ਭਾਜਪਾ ਇਸ ਮੁੱਦੇ ਨੂੰ ਕਿਸੇ ਵੀ ਕੀਮਤ ਉਤੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ। ਯਾਦ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਜਦੋਂ ਮੋਦੀ ਚੋਣ ਪ੍ਰਚਾਰ ਲਈ ਪੰਜਾਬ ਆਏ ਸਨ ਤਾਂ ਉਨ੍ਹਾਂ ਨੇ ਕਿਸਾਨ ਮਸਲਿਆਂ ਤੇ ਰੁਜ਼ਗਾਰ ਦੇਣ ਨੂੰ ਪਹਿਲ ਦਿੱਤੀ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਐਲਾਨ ਕੀਤੇ। ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਪੰਜ ਸਾਲ ਸੱਤਾ ਭੋਗਦੇ ਹੋਏ ਭਾਜਪਾ ਨੇ ਇਨ੍ਹਾਂ ਮੁੱਦਿਆਂ ਦਾ ਕਦੇ ਜ਼ਿਕਰ ਨਹੀਂ ਕੀਤਾ। ਉਹੀ ਗੁਜਰਾਤ ਦੇ ਪੰਜਾਬੀ ਕਿਸਾਨ ਹੁਣ ਬਠਿੰਡਾ ਵਿਚ ਬਾਦਲਾਂ ਖਿਲਾਫ ਮੋਰਚਾ ਲਾਈ ਬੈਠੇ ਹਨ। ਰੁਜ਼ਗਾਰ ਦੇ ਮੁੱਦੇ ਉਤੇ ਮੋਦੀ ਸਰਕਾਰ ਪੂਰੇ ਦੇਸ਼ ਵਿਚ ਘਿਰੀ ਹੋਈ ਹੈ। ਹੁਣ ਜਦੋਂ ਮੋਦੀ ਇਹ ਸੋਚ ਰਿਹਾ ਸੀ ਕਿ ਉਹ ਕਿਹੜਾ ਮੂੰਹ ਲੈ ਕੇ ਪੰਜਾਬ ਜਾਵੇ ਤਾਂ ਕਾਂਗਰਸ ਨੇ ਸਿੱਖ ਕਤਲੇਆਮ ਦਾ ਮੁੱਦਾ ਉਨ੍ਹਾਂ ਦੀ ਝੋਲੀ ਪਾ ਦਿੱਤਾ।