ਚੋਣਾਂ ਮੌਕੇ ਸਿੱਧੂ ਜੋੜੇ ਦੇ ਬਾਗੀ ਸੁਰ

ਚੰਡੀਗੜ੍ਹ: ਚੋਣ ਮਾਹੌਲ ਵਿਚ ਵੀ ਧੜੇਬੰਦੀ ਕਾਂਗਰਸ ਦਾ ਖਹਿੜਾ ਨਹੀਂ ਛੱਡ ਰਹੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾਉਣ ਦਾ ਮਸਲਾ ਇਸ ਸਮੇਂ ਭਖਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂ ਭਾਵੇਂ ਇਸ ਗੱਲ ਉਤੇ ਪਰਦਾ ਪਾ ਰਹੇ ਸਨ ਪਰ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਹੁਣ ਇਸ ਮੁੱਦੇ ਉਤੇ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

ਨਵਜੋਤ ਕੌਰ ਸਿੱਧੂ ਨੇ ਤਾਂ ਕੈਪਟਨ ਨੂੰ ਵੱਡੇ ਉਲਾਂਭੇ ਦਿੱਤੇ ਹਨ। ਬੀਬੀ ਸਿੱਧੂ ਨੇ ਇਥੋਂ ਤੱਕ ਆਖ ਦਿੱਤਾ ਹੈ ਕਿ ਕੈਪਟਨ ਅਤੇ ਆਸ਼ਾ ਕੁਮਾਰੀ ਦੇ ਕਹਿਣ ਉਤੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ‘ਛੋਟਾ ਕੈਪਟਨ’ ਅਤੇ ਰਾਹੁਲ ਨੂੰ ‘ਵੱਡਾ ਕੈਪਟਨ’ ਆਖ ਕੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਉਧਰ, ਨਵਜੋਤ ਸਿੱਧੂ ਵੀ ਕੈਪਟਨ ਤੋਂ ਕਾਫੀ ਨਾਰਾਜ਼ ਹਨ। ਚੇਤੇ ਰਹੇ ਕਿ ਸਿੱਧੂ ਨੂੰ ਪੰਜਾਬ ਵਿਚ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਗਿਆ ਪਰ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਹ ਅਚਾਨਕ ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਪਹੁੰਚ ਗਏ ਤੇ ਆਖ ਦਿੱਤਾ ਕਿ ਉਹ ਸਿਰਫ ਪ੍ਰਿਅੰਕਾ ਦੇ ਕਹਿਣ ਉਤੇ ਪ੍ਰਚਾਰ ਲਈ ਆਏ ਹਨ। ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ ਪਰ ਸਿੱਧੂ ਨੇ ਨਜ਼ਰਾਂ ਮਿਲਾਉਣ ਦੀ ਥਾਂ 5 ਮਿੰਟ ਰੈਲੀ ਨੂੰ ਸੰਬੋਧਨ ਕੀਤਾ ਅਤੇ ਤੁਰਦੇ ਬਣੇ।
ਯਾਦ ਰਹੇ ਕਿ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਕਰਕੇ ਖਫਾ ਹਨ। ਉਨ੍ਹਾਂ ਦੀ ਪਤਨੀ ਨੇ ਸਪਸ਼ਟ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੇ ਵਿਰੋਧ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਕਰਕੇ ਸਿੱਧੂ ਨੇ ਪੰਜਾਬ ਦੀ ਬਜਾਏ ਦੇਸ਼ ਦੇ ਹੋਰ ਸੂਬਿਆਂ ਵਿਚ ਹੀ ਚੋਣ ਪ੍ਰਚਾਰ ਕੀਤਾ। ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਚੋਣ ਪ੍ਰਚਾਰ ਕਰਨ ਲਈ ਬੇਨਤੀ ਜ਼ਰੂਰ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਚੋਣ ਪ੍ਰਚਾਰ ਲਈ ਕੋਈ ਸੱਦਾ ਨਹੀਂ ਦਿੱਤਾ।
ਸੂਤਰਾਂ ਮੁਤਾਬਕ ਸੰਗਰੂਰ, ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਹੋਰਨਾਂ ਕਈ ਹਲਕਿਆਂ ਦੇ ਸਥਾਨਕ ਆਗੂਆਂ ਅਤੇ ਵਿਧਾਇਕਾਂ, ਇਥੋਂ ਤੱਕ ਕਿ ਕਈ ਉਮੀਦਵਾਰਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਚੋਣ ਪ੍ਰਚਾਰ ਕਰਾਉਣ ਦੀ ਮੰਗ ਰੱਖੀ ਸੀ ਜੋ ਪ੍ਰਵਾਨ ਨਹੀਂ ਚੜ੍ਹੀ। ਯਾਦ ਰਹੇ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਪਤਨੀ ਡਾæ ਨਵਜੋਤ ਕੌਰ ਸਿੱਧੂ ਨੇ ਕੁਝ ਦਿਨ ਬਠਿੰਡਾ ਅਤੇ ਖਡੂਰ ਸਾਹਿਬ ਸੰਸਦੀ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਉਹ ਸਰਕਾਰੀ ਦੀ ਢਿੱਲ ਖਿਲਾਫ ਕਈ ਵਾਰ ਕੈਪਟਨ ਨਾਲ ਨਾਰਾਜ਼ਗੀ ਦਿਖਾਈ ਸੀ; ਖਾਸ ਕਰਕੇ, ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਕੈਪਟਨ ਡਾਢੇ ਖਫਾ ਹਨ। ਉਸ ਸਮੇਂ ਕੈਪਟਨ ਨੇ ਸਾਫ ਕਹਿ ਦਿੱਤਾ ਸੀ ਕਿ ਰੋਕਣ ਦੇ ਬਾਵਜੂਦ ਸਿੱਧੂ ਨੇ ਪਾਕਿਸਤਾਨ ਜਾ ਕੇ ਚੰਗਾ ਨਹੀਂ ਕੀਤਾ।