ਪੰਜਾਬ ਦੇ 14 ਫੀਸਦੀ ਉਮੀਦਵਾਰਾਂ ‘ਤੇ ਅਪਰਾਧਿਕ ਮਾਮਲੇ

ਚੰਡੀਗੜ੍ਹ: ਪੰਜਾਬ ਦੀਆਂ ਸੰਸਦੀ ਸੀਟਾਂ ਲਈ ਚੋਣ ਮੈਦਾਨ ਵਿਚ ਨਿੱਤਰੇ 278 ਉਮੀਦਵਾਰਾਂ ਵਿਚੋਂ 14 ਫੀਸਦੀ ‘ਤੇ ਅਪਰਾਧਿਕ ਮਾਮਲੇ ਦਰਜ ਹਨ ਤੇ 6 ਫੀਸਦੀ ਪੜ੍ਹਾਈ ਦੇ ਪੱਖ ਤੋਂ ਕੋਰੇ ਹਨ। ਸੂਬੇ ਦੇ ਸਿਆਸਤਦਾਨਾਂ ਦੇ ਅਸਾਸਿਆਂ ਵਿਚ ਹੋ ਰਹੇ ਵਾਧੇ ਦੌਰਾਨ 24 ਫੀਸਦੀ ਅਜਿਹੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਕਰੋੜਪਤੀ ਮੰਨਿਆ ਗਿਆ ਹੈ।

ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਉਮੀਦਵਾਰ ਹੀ ਕਰੋੜਪਤੀਆਂ ਵਿਚ ਸ਼ੁਮਾਰ ਹਨ। ਕੌਮੀ ਪੱਧਰ ‘ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਕੇ ਇਹ ਤੱਥ ਜਾਰੀ ਕੀਤੇ ਗਏ ਹਨ। ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ 39 (14 ਫੀਸਦੀ) ਉਮੀਦਵਾਰਾਂ ਨੇ ਮੰਨਿਆ ਕਿ ਉਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ 29 (10 ਫੀਸਦੀ) ‘ਤੇ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਕੇਸ ਦਰਜ ਹਨ। ਪਾਰਟੀ ਦੇ ਆਧਾਰ ‘ਤੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ 10 ਵਿਚੋਂ 7, ਆਮ ਆਦਮੀ ਪਾਰਟੀ ਦੇ 13 ਵਿਚੋਂ 4, ਕਾਂਗਰਸ ਦੇ 13 ‘ਚੋਂ 1 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਭਾਜਪਾ ਦੇ ਤਿੰਨ ਉਮੀਦਵਾਰਾਂ ‘ਚੋਂ ਕਿਸੇ ‘ਤੇ ਕੋਈ ਵੀ ਮਾਮਲਾ ਦਰਜ ਨਹੀਂ ਹੈ। ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ 3-3 ਉਮੀਦਵਾਰਾਂ ‘ਚੋਂ 1-1 ਉਤੇ ਅਪਰਾਧਿਕ ਮਾਮਲੇ ਦਰਜ ਹਨ।
ਭਾਰਤੀ ਕਮਿਊਨਿਸਟ ਪਾਰਟੀ ਦੇ 2 ‘ਚੋਂ 1 ਉਮੀਦਵਾਰ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਅਮੀਰੀ ਪੱਖੋਂ ਦੇਖਿਆ ਜਾਵੇ ਤਾਂ 67 (24 ਫੀਸਦੀ) ਦੀ ਜਾਇਦਾਦ ਕਰੋੜਾਂ ਵਿਚ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ। ‘ਆਪ’ ਦੇ 13 ਵਿਚੋਂ 8 (62 ਫੀਸਦੀ), ਬਸਪਾ, ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਤਿੰਨ-ਤਿੰਨ ਉਮੀਦਵਾਰਾਂ ਵਿਚੋਂ ਦੋ-ਦੋ (67 ਫੀਸਦੀ) ਉਮੀਦਵਾਰ ਕਰੋੜਪਤੀ ਹਨ। ਦੇਣਦਾਰੀਆਂ ਦੇ ਮਾਮਲੇ ਵਿਚ ਸਭ ਤੋਂ ਉਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (95 ਕਰੋੜ) ਅਤੇ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸਨੀ ਦਿਓਲ (53 ਕਰੋੜ) ਆਉਂਦੇ ਹਨ। ਆਮਦਨ ਦਿਖਾਉਣ ‘ਚ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਉਪਰ ਹਨ।
ਕਾਂਗਰਸ ਦੇ ਇਸ ਉਮੀਦਵਾਰ ਨੇ ਤਾਜ਼ਾ ਇਨਕਮ ਟੈਕਸ ਰਿਟਰਨ ਵਿਚ ਆਪਣੀ ਆਮਦਨ 2 ਕਰੋੜ 82 ਲੱਖ ਦਿਖਾਈ ਹੈ। ਹਾਲਾਂਕਿ ਉਨ੍ਹਾਂ ਦੀ ਆਪਣੀ ਆਮਦਨ 65 ਲੱਖ ਸਾਲਾਨਾ ਹੈ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਇਨਕਮ ਟੈਕਸ ਰਿਟਰਨ 2 ਕਰੋੜ 62 ਲੱਖ ਭਰੀ ਹੈ। ਹਾਲਾਂਕਿ ਸੁਖਬੀਰ ਨੇ ਆਪਣੀ ਆਮਦਨ 2 ਕਰੋੜ 42 ਲੱਖ ਰੁਪਏ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਆਮਦਨ 18 ਲੱਖ 86 ਹਜ਼ਾਰ ਰੁਪਏ ਸਾਲਾਨਾ ਦਿਖਾਈ ਹੈ। ਸਭ ਤੋਂ ਵੱਧ ਜਾਇਦਾਦ ਦਿਖਾਉਣ ਵਾਲੇ ਤਿੰਨ ਉਮੀਦਵਾਰਾਂ ‘ਚ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਬਠਿੰਡਾ ਤੋਂ ਹਰਸਿਮਰਤ ਬਾਦਲ (218 ਕਰੋੜ) ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੋਢੀ ਵਿਕਰਮ ਸਿੰਘ (140 ਕਰੋੜ) ਆਉਂਦੇ ਹਨ।
ਜੇਕਰ ਸਾਰੇ ਉਮੀਦਵਾਰਾਂ ਦੀ ਔਸਤਨ ਜਾਇਦਾਦ ਦੀ ਕੀਮਤ ਕੱਢੀ ਜਾਵੇ ਤਾਂ ਇਹ 5 ਕਰੋੜ ਬਣਦੀ ਹੈ ਜਦਕਿ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣੀ ਜਾਇਦਾਦ ਦੀ ਕੀਮਤ ਕ੍ਰਮਵਾਰ 5 ਹਜ਼ਾਰ, 3 ਹਜ਼ਾਰ ਤੇ ਸਿਰਫ 295 ਰੁਪਏ ਵੀ ਦੱਸੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਔਸਤਨ ਜਾਇਦਾਦ 51 ਕਰੋੜ ਰੁਪਏ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ 47 ਕਰੋੜ, ਬੀ.ਜੇ.ਪੀ. ਦੇ ਉਮੀਦਵਾਰਾਂ ਦੀ 41 ਕਰੋੜ, ਕਾਂਗਰਸ ਦੇ ਉਮੀਦਵਾਰਾਂ ਦੀ 23 ਕਰੋੜ, ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰਾਂ ਦੀ 20 ਕਰੋੜ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ 3 ਕਰੋੜ ਰੁਪਏ ਬਣਦੀ ਹੈ। ਉਮਰ ਦੇ ਆਧਾਰ ‘ਤੇ ਉਮੀਦਵਾਰਾਂ ਨੂੰ ਦੇਖਿਆ ਜਾਵੇ ਤਾਂ 25 ਤੋਂ 30 ਸਾਲ ਤੱਕ ਦੇ 24 ਉਮੀਦਵਾਰ ਹਨ। ਇਸੇ ਤਰ੍ਹਾਂ 31 ਤੋਂ 40 ਤੱਕ ਦੇ 75, 41 ਤੋਂ 50 ਤੱਕ ਦੇ 71, 51 ਤੋਂ 60 ਤੱਕ ਦੇ 49, 61 ਤੋਂ 70 ਤੱਕ ਦੇ 44 ਤੇ 71 ਤੋਂ 80 ਉਮਰ ਵਰਗ ਦੇ 10 ਉਮੀਦਵਾਰ ਮੈਦਾਨ ‘ਚ ਹਨ। ਇਕ ਵਿਅਕਤੀ 81 ਸਾਲ ਤੋਂ ਵੀ ਉਪਰ ਦਾ ਹੈ।