ਤੀਜੇ ਫਰੰਟ ਦੀ ਨਾਕਾਮੀ ਪਿੱਛੋਂ ਸਿਆਸੀ ਬਾਜ਼ੀ ਮੁੜ ਰਵਾਇਤੀ ਧਿਰ ਹੱਥ

ਚੰਡੀਗੜ੍ਹ: ਬੀਤੇ ਸਮੇਂ ਦੌਰਾਨ ਪੰਜਾਬ ‘ਚ ਕਈ ਪਾਰਟੀਆਂ ਹੋਂਦ ‘ਚ ਆਈਆਂ ਪਰ ਜਿਆਦਾ ਸਮਾਂ ਕਾਇਮ ਨਹੀਂ ਰਹਿ ਸਕੀਆਂ ਅਤੇ ਕਈ ਆਪਣਾ ਜਨ ਆਧਾਰ ਨਹੀਂ ਵਧਾ ਸਕੀਆਂ। ਇਹੋ ਜਿਹਾ ਮਾਹੌਲ ਹੀ ਇਕ ਵਾਰ ਫਿਰ ਲੋਕ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦੇ ਇਸ ਸਮੇਂ ਦੌਰਾਨ ਉਹ ਵੋਟਰ ਜੋ ਨਵੀਆਂ ਪਾਰਟੀਆਂ ਵੱਲ ਆਕਰਸ਼ਿਤ ਹੋਏ ਸਨ, ਹੁਣ ਫਿਰ ਤੋਂ ਰਵਾਇਤੀ ਪਾਰਟੀਆਂ ਵੱਲ ਮੁੜ ਰਹੇ ਹਨ।

ਇਸ ਕਾਰਨ ਕਈ ਨਵੀਆਂ ਤੇ ਪੁਰਾਣੀਆਂ ਪਾਰਟੀਆਂ ਦੇ ਜਨ ਆਧਾਰ ਨੂੰ ਚੋਣਾਂ ਦੌਰਾਨ ਵੱਡਾ ਖੋਰਾ ਲੱਗ ਰਿਹਾ ਹੈ। ਇਥੋਂ ਤੱਕ ਕਿ ਇਨ੍ਹਾਂ ਪਾਰਟੀਆਂ ਲਈ ਸਰਗਰਮ ਹੋਏ ਅਨੇਕਾਂ ਆਗੂ ਵੀ ਹੁਣ ਅਕਾਲੀ ਦਲ ਬਾਦਲ, ਭਾਜਪਾ ਤੇ ਕਾਂਗਰਸ ‘ਚ ਸ਼ਾਮਲ ਹੋ ਰਹੇ ਹਨ, ਜਿਸ ਤੋਂ ਪੰਜਾਬ ‘ਚ ਇਕ ਵਾਰ ਫਿਰ ਤੋਂ ਕੋਈ ਵੀ ਮਜ਼ਬੂਤ ਤੀਸਰੀ ਧਿਰ ਉਸਰਨ ਦੀ ਉਮੀਦ ਦੂਰ ਤੱਕ ਦਿਖਾਈ ਨਹੀਂ ਦੇ ਰਹੀ। ਇਸ ਵਾਰ ਫਿਰ ਤੋਂ ਮੁੱਖ ਮੁਕਾਬਲਾ ਅਕਾਲੀ-ਭਾਜਪਾ ਅਤੇ ਕਾਂਗਰਸ ਦਰਮਿਆਨ ਹੀ ਦਿਖਾਈ ਦੇ ਰਿਹਾ ਹੈ। ਜੇਕਰ ਪਿਛਲੇ ਇਤਿਹਾਸ ‘ਤੇ ਝਾਤੀ ਮਾਰੀ ਜਾਵੇ ਤਾਂ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਬਸਪਾ ਦੇ 9 ਉਮੀਦਵਾਰ ਜਿੱਤੇ ਸਨ ਤਾਂ ਉਸ ਸਮੇਂ ਲੋਕਾਂ ‘ਚ ਇਸ ਦਾ ਚੰਗਾ ਪ੍ਰਭਾਵ ਗਿਆ ਸੀ। ਫਿਰ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ 3 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਪਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਵੱਲੋਂ ਖੜ੍ਹੇ ਕੀਤੇ ਕਿਸੇ ਵੀ ਉਮੀਦਵਾਰ ਦੀ ਜ਼ਮਾਨਤ ਵੀ ਨਹੀਂ ਬਚੀ। ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਰਟੀ ਦੇ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ 7 ਉਮੀਦਵਾਰ ਜਿੱਤੇ ਸਨ ਪਰ ਫਿਰ 1999 ‘ਚ ਸਿਰਫ ਸੰਗਰੂਰ ਤੋਂ ਇਕ ਸੀਟ ਹੀ ਮਿਲੀ ਜਦੋਂ ਕਿ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਨੂੰ ਕੋਈ ਸੀਟ ਨਹੀਂ ਮਿਲੀ। ਇਸ ਦੇ ਨਾਲ ਹੀ ਖੱਬੀਆਂ ਪਾਰਟੀਆਂ ਵੀ ਪੰਜਾਬ ‘ਚ ਤੀਸਰੀ ਵਿਰੋਧੀ ਧਿਰ ਬਣਨ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਪੀਪਲਜ਼ ਪਾਰਟੀ ਆਫ ਪੰਜਾਬ, ਲੋਕ ਭਲਾਈ ਪਾਰਟੀ, ਅਕਾਲੀ ਦਲ ਲੌਂਗੋਵਾਲ ਅਤੇ ਅਵਾਜ਼-ਏ-ਪੰਜਾਬ ਆਦਿ ਪਾਰਟੀਆਂ ਕੁਝ ਹਾਸਲ ਨਾ ਹੁੰਦਾ ਦੇਖ ਕੇ ਦੂਸਰੀਆਂ ਪਾਰਟੀਆਂ ‘ਚ ਰਲੇਵਾਂ ਕਰ ਚੁੱਕੀਆਂ ਹਨ।
ਇਸ ਦੇ ਨਾਲ ਹੀ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਬੇਸ਼ੱਕ ਅਜੇ ਚੱਲ ਰਹੀ ਹੈ ਪਰ ਇਹ ਵੀ ਤੀਸਰੀ ਧਿਰ ਬਣਨ ਦੇ ਨੇੜੇ-ਤੇੜੇ ਵੀ ਦਿਖਾਈ ਨਹੀਂ ਦਿੰਦੀਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਜਦੋਂ 2014 ਦੌਰਾਨ ਹੋਈਆਂ ਲੋਕ ਸਭਾ ਚੋਣਾਂ ਮੌਕੇ ਦੇਸ਼ ਅੰਦਰ ਆਪਣੇ 434 ਉਮੀਦਵਾਰ ਖੜ੍ਹੇ ਕੀਤੇ ਸਨ ਤਾਂ ਇਨ੍ਹਾਂ ‘ਚੋਂ ਸਿਰਫ 4 ਉਮੀਦਵਾਰ ਪੰਜਾਬ ਤੋਂ ਹੀ ਜਿੱਤੇ ਸਨ। ਫਿਰ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੁੱਲ 177 ਸੀਟਾਂ ਵਿਚੋਂ 20 ਸੀਟਾਂ ਹਾਸਲ ਕਰਕੇ ਇਹ ਪਾਰਟੀ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਵਜੋਂ ਖੜ੍ਹੀ ਹੋ ਗਈ ਪਰ ਹੁਣ ਇਸ ਪਾਰਟੀ ਦਾ ਜਨ ਆਧਾਰ ਬਹੁਤ ਜ਼ਿਆਦਾ ਘੱਟ ਚੁੱਕਾ ਹੈ। ਸਿਰਫ ਵਰਕਰ ਹੀ ਨਹੀਂ ਸਗੋਂ ਇਸ ਦੀਆਂ ਟਿਕਟਾਂ ‘ਤੇ ਲੋਕ ਸਭਾ ਅਤੇ ਖਾਸ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਵਾਲੇ ਕਰੀਬ ਸਾਰੇ ਹੀ ਆਗੂ ਰਵਾਇਤੀ ਪਾਰਟੀਆਂ ‘ਚ ਸ਼ਾਮਲ ਹੋ ਚੁੱਕੇ ਹਨ। ਇਸ ਤਰ੍ਹਾਂ ਮਜ਼ਬੂਤ ਤੀਸਰੀ ਧਿਰ ਖੜ੍ਹੀ ਨਾ ਹੁੰਦੀ ਵੇਖਦੇ ਹੋਏ ਆਮ ਵੋਟਰ ਜਿਹੜੇ ਉਕਤ ਪਾਰਟੀਆਂ ਵੱਲ ਆਕਰਸ਼ਿਤ ਹੋਏ ਸਨ ਰਵਾਇਤੀ ਪਾਰਟੀਆਂ ਦੇ ਵੱਲ ਮੁੜ ਰਹੇ ਹਨ।