‘ਟਾਈਮ’ ਵਿਚ ਮੋਦੀ ਨੂੰ ‘ਵੰਡ ਪਾਊ’ ਦੱਸਣ ‘ਤੇ ਭੜਕੀ ਭਾਜਪਾ

ਨਵੀਂ ਦਿੱਲੀ: ਟਾਈਮ ਮੈਗਜ਼ੀਨ ਵਿਚ ਲਿਖੇ ਗਏ ਲੇਖ ਦੀ ਆਲੋਚਨਾ ਕਰਦਿਆਂ ਭਾਜਪਾ ਨੇ ਕਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਭਾਜਪਾ ਨੇ ਲੇਖਕ ‘ਤੇ ਦੋਸ਼ ਲਾਇਆ ਕਿ ਉਹ ਪਾਕਿਸਤਾਨੀ ਏਜੰਡੇ ‘ਤੇ ਅਮਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਟਾਈਮ ਮੈਗਜ਼ੀਨ ਦੇ ਕਵਰ ਪੇਜ ‘ਤੇ ਸ੍ਰੀ ਮੋਦੀ ਨੂੰ ‘ਵੰਡੀਆਂ ਪਾਉਣ ਵਾਲਾ ਮੁਖੀ’ ਕਰਾਰ ਦਿੱਤਾ ਸੀ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਲੇਖ ਪਾਕਿਸਤਾਨੀ ਨੇ ਲਿਖਿਆ ਹੈ ਅਤੇ ਪਾਕਿਸਤਾਨ ਤੋਂ ਬਿਹਤਰੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ।

ਉਨ੍ਹਾਂ ਲੇਖ ਨੂੰ ਰੀਟਵੀਟ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨੁਕਤਾਚੀਨੀ ਵੀ ਕੀਤੀ। ਸ੍ਰੀ ਮੋਦੀ ਦੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਨ ਵਾਲਾ ਲੇਖ ਭਾਰਤੀ ਪੱਤਰਕਾਰ ਤਵਲੀਨ ਸਿੰਘ ਅਤੇ ਪਾਕਿਸਤਾਨ ਦੇ ਕਾਰੋਬਾਰੀ ਸਵਰਗੀ ਸਲਮਾਨ ਤਾਸੀਰ ਦੇ ਪੁੱਤਰ ਆਤਿਸ਼ ਤਾਸੀਰ ਨੇ ਲਿਖਿਆ ਹੈ। ਸ੍ਰੀ ਪਾਤਰਾ ਨੇ ਕਿਹਾ ਕਿ 2014 ‘ਚ ਵੀ ਕਈ ਵਿਦੇਸ਼ੀ ਮੈਗਜ਼ੀਨਾਂ ਨੇ ਸ੍ਰੀ ਮੋਦੀ ਦੀ ਆਲੋਚਨਾ ਵਾਲੇ ਕਈ ਲੇਖ ਲਿਖੇ ਸਨ। ਪ੍ਰਧਾਨ ਮੰਤਰੀ ਨੂੰ ਜੋੜਨ ਵਾਲਾ ਕਰਾਰ ਦਿੰਦਿਆਂ ਭਾਜਪਾ ਤਰਜਮਾਨ ਨੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕਈ ਭਲਾਈ ਕੰਮਾਂ ਨੂੰ ਗਿਣਾਇਆ। ਉਨ੍ਹਾਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਸ੍ਰੀ ਮੋਦੀ ਖਿਲਾਫ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦੀ ਮਾਨਸਿਕਤਾ ਨਜ਼ਰ ਆਉਂਦੀ ਹੈ। ਉਨ੍ਹਾਂ ਸੈਮ ਪਿਤਰੋਦਾ ਵੱਲੋਂ ਸਿੱਖ ਕਤਲੇਆਮ ਸਬੰਧੀ ਕੀਤੀ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਨੇ ਇਸ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਹੈ।
ਦੱਸ ਦਈਏ ਕਿ ਅਮਰੀਕਨ ਰਸਾਲੇ ਦੇ ਕੌਮਾਂਤਰੀ ਐਡੀਸ਼ਨ ਵਿਚ ਮੋਦੀ ਦੀ ਕਵਰ ਸਟੋਰੀ (ਮੁੱਖ ਲੇਖ) ਦੀ ਮੁੱਖ ਹੈੱਡਲਾਈਨ ਹੈ ‘ਇੰਡੀਆ’ਜ਼ ਡਿਵਾਈਡਰ ਇਨ ਚੀਫ’ (ਭਾਰਤ ‘ਚ ਵੰਡੀਆਂ ਪਾਉਣ ਵਾਲਾ)। ਇਕ ਵੱਖਰਾ ਲੇਖ ‘ਮੋਦੀ ਦਿ ਰਿਫਾਰਮਰ’ (ਸੁਧਾਰਕ ਮੋਦੀ) ਦੇ ਸਿਰਲੇਖ ਹੇਠ ਛਪਿਆ ਹੈ। ਮੋਦੀ ‘ਤੇ ਆਧਾਰਿਤ ਇਹ ਕਵਰ ਸਟੋਰੀ (ਲੇਖ) ਭਾਰਤੀ ਮਹਿਲਾ ਪੱਤਰਕਾਰ ਤਵਲੀਨ ਸਿੰਘ ਤੇ ਮਰਹੂਮ ਪਾਕਿਸਤਾਨੀ ਸਿਆਸਤਦਾਨ ਸਲਮਾਨ ਤਾਸੀਰ ਦੇ ਪੁੱਤਰ ਆਤਿਸ਼ ਤਾਸੀਰ ਨੇ ਲਿਖੀ ਹੈ। ਇਸ ‘ਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਨਿੰਦਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਕਾਂਗਰਸ ਕੋਲ ਵੰਸ਼ਵਾਦ ਦੀ ਸਿਆਸਤ ਤੋਂ ਇਲਾਵਾ ਹੋਰ ਕੁਝ ਪਰੋਸਣ ਲਈ ਘੱਟ ਹੀ ਹੈ। ‘ਮੋਦੀ ਦਿ ਰਿਫਾਰਮਰ’ ਨੂੰ ਯੂਰੇਸ਼ੀਆ ਗਰੁੱਪ ਦੇ ਪ੍ਰਧਾਨ ਤੇ ਬਾਨੀ ਇਯਾਨ ਬ੍ਰੈਮਰ ਨੇ ਲਿਖਿਆ ਹੈ। ਤਾਸੀਰ ਦੇ ਲੇਖ ਵਿਚ ਹੋਰ ਸਵਾਲਾਂ ਨੂੰ ਵੀ ਉਭਾਰਿਆ ਗਿਆ ਹੈ- ਜਿਵੇਂ ਕਿ ‘ਕੀ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਦੇ ਪੰਜ ਹੋਰ ਸਾਲ ਸਹਿ ਸਕੇਗਾ?’ ਜਦਕਿ ਬ੍ਰੈਮਰ ਨੇ ਲਿਖਿਆ ਹੈ ਕਿ ਮੋਦੀ ‘ਆਰਥਿਕ ਸੁਧਾਰਾਂ ਲਈ ਭਾਰਤ ਲਈ ਵੱਡੀ ਆਸ ਹਨ’। ਤਾਸੀਰ ਨੇ ਲਿਖਿਆ ਹੈ ਕਿ ਮੋਦੀ ਦਾ ਕੋਈ ਧਾਰਮਿਕ ਚਮਤਕਾਰ ਸਾਕਾਰ ਨਹੀਂ ਹੋਇਆ ਤੇ ਉਨ੍ਹਾਂ ਦੇਸ਼ ‘ਚ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦੇ ਪਾਸਾਰ ਵਿਚ ਮਦਦ ਕੀਤੀ ਹੈ। ਵਿਕਾਸ ਦੇ ਵਾਅਦਿਆਂ ਤੋਂ ਦੂਰ, ਮੋਦੀ ਨੇ ਇਕ ਅਜਿਹਾ ਮਾਹੌਲ ਬਣਾਇਆ ਹੈ ਜਿਥੇ ਭਾਰਤੀ ਆਪਣੇ ਵਖਰੇਵਿਆਂ ਨਾਲ ਨਾਕਾਰਾਤਮਕ ਮੋਹ ਪਾਲ ਰਹੇ ਹਨ। ਤਾਸੀਰ ਨੇ ਪ੍ਰਿਯੰਕਾ-ਰਾਹੁਲ ਜੋੜੀ ਦੀ ਤੁਲਨਾ ਹਿਲੇਰੀ-ਚੈਲਸੀ ਦੀ ਜੋੜੀ ਨਾਲ ਕੀਤੀ। ਤਾਸੀਰ ਨੇ ਲਿਖਿਆ ਹੈ ਕਿ ਮੋਦੀ ਨੂੰ ਵਿਰੋਧੀ ਵੀ ਕਮਜ਼ੋਰ ਮਿਲੇ। ਜਦਕਿ ਬ੍ਰੈਮਰ ਨੇ ਮੋਦੀ ਨੂੰ ਆਰਥਿਕ ਸੁਧਾਰਾਂ ਦਾ ਸਿਹਰਾ ਦਿੱਤਾ ਹੈ ਤੇ ਵਿਦੇਸ਼ ਨੀਤੀ ਵਿਚ ਵੀ ਚੰਗਾ ਦੱਸਿਆ ਹੈ।