‘ਆਪ’ ਨੇ ਪੰਜਾਬ ਲਈ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੋਕ ਸਭਾ ਚੋਣਾਂ ਲਈ ਆਪਣੇ ਕੌਮੀ ਮੈਨੀਫੈਸਟੋ ਤੋਂ ਹਟ ਕੇ ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਆਧਾਰਿਤ ਵੱਖਰਾ 11 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਜੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਣਗੇ ਤਾਂ ਉਹ 11 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਾਉਣ ਲਈ ਦਿਨ-ਰਾਤ ਇਕ ਕਰ ਦੇਣਗੇ ਕਿਉਂਕਿ ਇਹ ‘ਖੁਸ਼ਹਾਲ ਪੰਜਾਬ’ ਦਾ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਹਾਲਾਤ ਤੋਂ ਵਾਕਫ਼ ਹੈ ਅਤੇ ਕਿਸਾਨਾਂ ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਦਰਦ ਨੂੰ ਮਹਿਸੂਸ ਕਰਦੀ ਹੈ।

ਅਮਨ ਅਰੋੜਾ ਨੇ ਚੋਣ ਮਨੋਰਥ ਪੱਤਰ ਵਿਚਲੇ ਵਾਅਦਿਆਂ ਦੇ ਵੇਰਵੇ ਦੱਸਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਉਮੀਦਵਾਰ ਜਿੱਤੇ ਤਾਂ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਨਗੇ। ਉਨ੍ਹਾਂ ਆਖਿਆ ਕਿ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਸੂਬੇ ਲਈ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀਂ ਲਿਆਂਦੀ। ਇਸ ਤੋਂ ਇਲਾਵਾ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਦੇਣ ਕਾਰਨ ਪੰਜਾਬ ਦੀ ਇੰਡਸਟਰੀ ਤਬਾਹ ਕਰ ਦਿੱਤੀ ਹੈ ਕਿਉਂਕਿ ਇੱਥੋਂ ਦੇ 20 ਹਜ਼ਾਰ ਉਦਯੋਗ ਯੂਨਿਟ ਹਿਮਾਚਲ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਚਲੇ ਗਏ ਹਨ। ਨੋਟਬੰਦੀ ਅਤੇ ਜੀ.ਐਸ਼ਟੀ. ਨੇ ਹਰ ਪੱਧਰ ਦੇ ਵਪਾਰੀ-ਕਾਰੋਬਾਰੀ ਨੂੰ ਕਰਜ਼ਈ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਦਾ ਮਸਲਾ ਵੀ ਵੱਡਾ ਹੈ ਅਤੇ ਹਵਾ-ਪਾਣੀ ਜ਼ਹਿਰੀਲਾ ਹੋਣ ਨਾਲ ਜੀਵਨ ਹੀ ਦਾਅ ‘ਤੇ ਲੱਗ ਗਿਆ ਹੈ।
‘ਆਪ’ ਵੱਲੋਂ ਐਗਰੋ ਆਧਾਰਿਤ ਉਦਯੋਗ ਪੰਜਾਬ ਵਿਚ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੁਦਕੁਸ਼ੀਆਂ ਰੋਕਣ ਦਾ ਯਤਨ ਕੀਤਾ ਜਾਵੇਗਾ। ਪਹਾੜੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਦੇ ਉਦਯੋਗ ਲਈ ‘ਇਕ ਦੇਸ਼-ਇਕ ਟੈਕਸ’ ਤਹਿਤ ਸਪੈਸ਼ਲ ਪੈਕੇਜ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਵਿਚ ਵੱਡੀ ਪਬਲਿਕ ਸੈਕਟਰ ਅੰਡਰਟੇਕਿੰਗ (ਪੀ.ਐਸ਼ਯੂ.) ਇੰਡਸਟਰੀ ਲਿਆਉਣ ਲਈ ਯਤਨ ਕੀਤੇ ਜਾਣਗੇ। ਪੰਜਾਬ ਵਿਚ ਏਮਜ਼ ਅਤੇ ਪੀ.ਜੀ.ਆਈ. ਦੀ ਤਰਜ਼ ‘ਤੇ ਹੋਰ ਹਸਪਤਾਲ ਬਣਵਾਏ ਜਾਣਗੇ। ‘ਆਪ’ ਸੰਸਦ ਮੈਂਬਰ ਐਮ.ਪੀ.ਲੈਡ ਦਾ 2/3 ਫੰਡ ਲੋਕਾਂ ਦੀ ਸਲਾਹ ਨਾਲ ਇਲਾਕੇ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ‘ਤੇ ਖ਼ਰਚ ਕਰਨਗੇ।
________________________________
‘ਆਪ’ ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਨਵੀਨਰ ਵੱਲੋਂ ਅਸਤੀਫਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਨਵੀਨਰ ਤੇ ਸੇਵਾਮੁਕਤ ਆਈ.ਏ.ਐਸ਼ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਇਸੇ ਪਾਰਟੀ ਦੇ ਆਗੂਆਂ ਵਿਰੁੱਧ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ।
ਸ਼ ਸਿੱਧੂ ਨੇ ਫਿਲਮ ਨਿਰਮਾਤਾ ਤੇ ਅਦਾਕਾਰ ਮੰਗਲ ਢਿੱਲੋਂ, ਸਾਬਕਾ ਆਈ.ਏ.ਐਸ਼ ਅਧਿਕਾਰੀ ਕੁਲਬੀਰ ਸਿੰਘ ਸਿੱਧੂ, ਬ੍ਰਿਗੇਡੀਅਰ (ਸੇਵਾਮੁਕਤ) ਕੇ.ਐਸ਼ ਕਾਹਲੋਂ ਅਤੇ ‘ਆਪ’ ਨੂੰ ਅਲਵਿਦਾ ਕਹਿਣ ਵਾਲੇ ਆਨੰਦਪੁਰ ਸਾਹਿਬ ਦੇ ਤਰਲੋਚਨ ਸਿੰਘ ਚੱਠਾ ਆਦਿ ‘ਤੇ ਆਧਾਰਿਤ ਗੈਰ-ਸਿਆਸੀ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾਉਣ ਦਾ ਐਲਾਨ ਕਰਦਿਆਂ ਇਹ ਵੱਡੇ ਖੁਲਾਸੇ ਕੀਤੇ ਹਨ।
ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਇਨਕਲਾਬੀ ਪਾਰਟੀ ਸਮਝ ਕੇ ‘ਆਪ’ ‘ਚ ਸ਼ਾਮਲ ਹੋਏ ਸਨ ਪਰ ਇਸ ਦੀ ਲੀਡਰਸ਼ਿਪ ਵੀ ਹੋਰ ਪਾਰਟੀਆਂ ਵਰਗੀ ਹੀ ਨਿਕਲੀ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਬਣਨ ਦੇ ਸੁਫਨੇ ਲਏ ਸਨ। ਇਸੇ ਲਾਲਸਾ ਤਹਿਤ ਉਸ ਨੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਆਦਿ ਨੂੰ ਪਾਰਟੀ ਵਿਚੋਂ ਕਢਵਾਇਆ ਸੀ। ਉਨ੍ਹਾਂ ਉਸ ਵੇਲੇ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ, ਵਿਧਾਇਕ ਪ੍ਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ਆਦਿ ਨੂੰ ਪਾਰਟੀ ਵਿਚ ਸ਼ਾਮਲ ਹੋਣ ਤੋਂ ਰੋਕਿਆ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਉਸ ਕੋਲੋਂ ਚੋਣਾਂ ਦੌਰਾਨ 5 ਲੱਖ ਰੁਪਏ ਲਏ ਸਨ, ਜੋ ਅੱਜ ਤਕ ਵਾਪਸ ਨਹੀਂ ਕੀਤੇ। ਉਨ੍ਹਾਂ ਕੋਲ ਇਸ ਸਬੰਧੀ ਪੂਰੇ ਸਬੂਤ ਮੌਜੂਦ ਹਨ ਅਤੇ ਉਹ ਸਬੰਧਤ ਆਗੂਆਂ ਵਿਰੁੱਧ ਜਲਦੀ ਐਫ਼ਆਈ.ਆਰ. ਦਰਜ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚੋਂ ਆਏ ਫੰਡ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵੀ ਲੱਗੇ ਸਨ ਪਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਦੀ ਕੋਈ ਜਾਂਚ ਨਹੀਂ ਕਰਵਾਈ। ਇਸ ਮੌਕੇ ਤਰਲੋਚਨ ਸਿੰਘ ਚੱਠਾ ਨੇ ਵੀ ਦੋਸ਼ ਲਾਇਆ ਕਿ ਚੋਣਾਂ ਦੌਰਾਨ ਉਸ ਵੇਲੇ ਪੰਜਾਬ ਦੇ ਜਥੇਬੰਦਕ ਇੰਚਾਰਜ ਦੁਰਗੇਸ਼ ਪਾਠਕ ਤੇ ਹੋਰ ਆਗੂਆਂ ਨੇ ਉਸ ਕੋਲੋਂ 50 ਲੱਖ ਰੁਪਏ ਲਏ ਸਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।
ਨਵੇਂ ਸੰਗਠਨ ਦੇ ਕਨਵੀਨਰ ਬਣੇ ਹਰਕੇਸ਼ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਉਹ ਸੇਵਾਮੁਕਤ ਆਈ.ਏ.ਐਸ਼ ਅਧਿਕਾਰੀ ਪਿਰਥੀ ਚੰਦ, ਗੁਰਦੀਪ ਸਿੰਘ, ਵਕੀਲ ਹਰੀ ਚੰਦ ਅਰੋੜਾ, ਡਾ. ਰਵੀ ਭੂਸ਼ਣ, ਜਰਨੈਲ ਸਿੰਘ ਆਦਿ ਨਾਲ ਮਿਲ ਕੇ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਸੂਬੇ ਵਿਚੋਂ ਖਤਮ ਕਰਨ ਦੀ ਮੁਹਿੰਮ ਚਲਾਉਣਗੇ। ਫਿਲਮ ਨਿਰਮਾਤਾ ਮੰਗਲ ਢਿੱਲੋਂ ਨੇ ਕਿਹਾ ਕਿ ‘ਆਪ’ ਤੋਂ ਬੜੀਆਂ ਉਮੀਦਾਂ ਸਨ ਅਤੇ ਹੁਣ ਸਾਰੀਆਂ ਪਾਰਟੀਆਂ ਦੇ ਆਗੂ ਸਿਧਾਂਤਹੀਣ ਅਤੇ ਵਪਾਰੂ ਸਿਆਸਤ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਦਾ ਕਾਫਲਾ ਬਣਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸ਼ਿਆਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ। ਸੇਵਾਮੁਕਤ ਆਈ.ਏ.ਐਸ਼ ਅਧਿਕਾਰੀ ਕੁਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮੁੱਦੇ ਛੱਡ ਕੇ ਡੰਗ-ਟਪਾਊ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਇਹ ਸੰਗਠਨ ਪੰਜਾਬ ਦੇ ਦੁਖਾਂਤਾਂ ਦੀ ਜੜ ਲੱਭ ਕੇ ਉਸ ਨੂੰ ਖਤਮ ਕਰਨ ਦੇ ਯਤਨ ਕਰੇਗਾ।