ਸਿਆਸੀ ਧਿਰਾਂ ਵੱਲੋਂ ਤੋਹਮਤਬਾਜ਼ੀ ਆਸਰੇ ਫਤਿਹ ਹਾਸਲ ਕਰਨ ‘ਤੇ ਜ਼ੋਰ

ਚੰਡੀਗੜ੍ਹ: ਪੰਜਾਬ ਦੀਆਂ 13 ਸੀਟਾਂ ਵਿਚੋਂ 10 ਤੋਂ ਵਧੇਰੇ ਸੀਟਾਂ ‘ਤੇ ਸਿੱਧਾ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦਰਮਿਆਨ ਮੰਨਿਆ ਜਾ ਰਿਹਾ ਹੈ। ਕਾਂਗਰਸ ਤੇ ਅਕਾਲੀ-ਭਾਜਪਾ ਵੱਲੋਂ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ। ‘ਆਪ’ ਤੇ ਪੰਜਾਬ ਜਮਹੂਰੀ ਗੱਠਜੋੜ ਵੀ ਲੋਕਾਂ ਦਾ ਚੰਗਾ ਹੁੰਗਾਰਾ ਮਿਲਣ ਦੀ ਆਸ ਵਿਚ ਹਨ। ਪੰਜਾਬ ‘ਚ ਚੋਣਾਂ ਦਾ ਰੰਗ ਪਹਿਲਾਂ ਨਾਲੋਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੇ ਜਿਥੇ ਉਮੀਦਵਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਉਥੇ ਹੀ ਇਨ੍ਹਾਂ ਚੋਣਾਂ ‘ਚ ਵੋਟਰਾਂ ਦੇ ਸਵਾਲ ਸਿਆਸੀ ਆਗੂਆਂ ਨੂੰ ਹਲੂਣਾਂ ਦੇਣ ਤੋਂ ਘੱਟ ਨਹੀਂ ਜਾਪ ਰਹੇ।

ਚੋਣ ਪ੍ਰਚਾਰ ਦੌਰਾਨ ਆਗੂਆਂ ਦੇ ਤੂਫਾਨੀ ਦੌਰਿਆਂ ‘ਚੋਂ ਲੋਕ ਮਸਲੇ ਕਿਤੇ ਨਾ ਕਿਤੇ ਅਣਗੌਲੇ ਨਜ਼ਰ ਆ ਰਹੇ ਹਨ। ਵਿਕਾਸ ਦੇ ਵੱਡੇ ਦਾਅਵਿਆਂ ਤੇ ਵਾਅਦਿਆਂ ਦੇ ਨਾਲ ਸਿਆਸੀ ਤੋਹਮਤਬਾਜ਼ੀ ਭਾਰੂ ਨਜ਼ਰ ਆ ਰਹੀ ਹੈ। ਲੋਕਾਂ ਦੀ ਸੋਚ ਨੂੰ ਗਲੀਆਂ, ਨਾਲੀਆਂ ਤੇ ਸੜਕਾਂ ਤੱਕ ਸਮੇਟਣ ਦੇ ਯਤਨ ਹੋ ਰਹੇ ਹਨ। ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਦੌਰਾਨ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਸਿੱਧੇ ਸਵਾਲ ਕਰ ਰਹੇ ਹਨ। ਵਕਤੀ ਅਤੇ ਲੋਕ-ਲੁਭਾਊ ਸਕੀਮਾਂ ਸ਼ੁਰੂ ਕਰਨ ਦੇ ਲਾਰਿਆਂ ‘ਚ ਮਨੁੱਖ ਜ਼ਿੰਦਗੀ ਨਾਲ ਸਬੰਧਤ ਅਹਿਮ ਲੋੜਾਂ ਸਿੱਖਿਆ ਅਤੇ ਸਿਹਤ ਕਿਸੇ ਦੇ ਏਜੰਡੇ ‘ਤੇ ਨਹੀਂ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਕੂਲ ਸਿੱਖਿਆ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ। ਸਕੂਲੀ ਸਿੱਖਿਆ ਨੂੰ ਪ੍ਰਫੁਲਿਤ ਕਰਨ ਦੀ ਬਜਾਏ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵਿੱਦਿਅਕ ਅਦਾਰਿਆਂ ਦੇ ਨਾਲ-ਨਾਲ ਜਨਤਕ ਸਿਹਤ ਸੰਸਥਾਵਾਂ ਦੀ ਕਾਰਗੁਜ਼ਾਰੀ ਵੀ ਬਿਹਤਰ ਨਹੀਂ ਜਾਪਦੀ। ਲੋੜੀਂਦੀਆਂ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਦੀ ਘਾਟ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਪੰਜਾਬ ਅੱਜ-ਕੱਲ੍ਹ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਦਾ ਸ਼ਿਕਾਰ ਹੈ। ਧਰਤੀ ਹੇਠਲੇ ਪਾਣੀ ਦੀ ਹਾਲਤ ਚਿੰਤਾਜਨਕ ਹੈ। ਬੇਤਹਾਸ਼ਾ ਨਦੀਨ ਨਾਸ਼ਕਾਂ ਕਾਰਨ ਧਰਤੀ ਰੋਗੀ ਹੁੰਦੀ ਜਾ ਰਹੀ ਹੈ। ਕਿਸਾਨੀ ਦੀ ਹਾਲਤ ਨਿਘਰਦੀ ਜਾ ਰਹੀ ਹੈ ਤੇ ਆਪਣੇ ਚੋਣ ਪ੍ਰਚਾਰ ਦੌਰਾਨ ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਲਈ ਚੋਣ ਪ੍ਰਚਾਰ ਜੁਟੇ ਸਿਆਸੀ ਆਗੂ ਇਨ੍ਹਾਂ ਸਮੱਸਿਆਵਾਂ ਦਾ ਕਿਧਰੇ ਜ਼ਿਕਰ ਤੱਕ ਨਹੀਂ ਕਰ ਰਹੇ। ਆਜ਼ਾਦੀ ਦੇ 70 ਸਾਲਾਂ ਬਾਅਦ ਲੱਗਦਾ ਹੈ ਕਿ ਜਨਤਾ ਨੇ ਨੀਂਦ ‘ਚੋਂ ਕਰਵਟ ਲਈ ਹੈ। ਇਸ ਗੱਲ ਦਾ ਸਬੂਤ ਪਿਛਲੇ ਦਿਨਾਂ ਦੌਰਾਨ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਵੋਟਾਂ ਮੰਗਣ ਵਾਲੇ ਸਿਆਸੀ ਆਗੂਆਂ ਨੂੰ ਸਵਾਲ ਕਰਨ ਤੋਂ ਸਾਬਤ ਹੋ ਗਿਆ ਹੈ। ਆਮ ਲੋਕਾਂ ਵਲੋਂ ਆਗੂਆਂ ਨੂੰ ਜਨਤਕ ਤੌਰ ‘ਤੇ ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਪੁੱਛਣੇ ਇਸ ਗੱਲ ਦਾ ਸੂਚਕ ਹੈ ਕਿ ਜੇ ਜਨਤਾ ਜਾਗ ਜਾਵੇ ਤਾਂ ਉਹ ਪਲਟੀ ਦੇ ਸਕਣ ਦੇ ਸਮਰੱਥ ਹੈ।
ਚੋਣ ਪ੍ਰਚਾਰ ਦੌਰਾਨ ਹੁਣ ਉਮੀਦਵਾਰਾਂ ਵੱਲੋਂ ਵੱਡੇ-ਵੱਡੇ ਵਾਅਦੇ ਕਰਨ ਦੀ ਬਜਾਏ ਸੀਮਤ ਭਾਸ਼ਣ ਰਾਹੀਂ ਲੋਕਾਂ ਨੂੰ ਆਪਣੇ ਹੱਕ ਵਿਚ ਲਾਮਬੰਦ ਕਰਨ ਦਾ ਵਤੀਰਾ ਅਪਣਾ ਲਿਆ ਹੈ। ਉਮੀਦਵਾਰ ਹੁਣ ਲੋਕ-ਲੁਭਾਉਣੇ ਵਾਅਦਿਆਂ ਤੋਂ ਸੰਕੋਚ ਕਰਦੇ ਨਜ਼ਰ ਆ ਰਹੇ ਹਨ।
______________________________
ਬਾਦਲਾਂ ਦੇ ਗੜ੍ਹ ‘ਚ ਹਰਸਿਮਰਤ ਨੂੰ ਘੇਰਾ
ਬਠਿੰਡਾ: ਬਠਿੰਡਾ ਸੰਸਦੀ ਹਲਕੇ ਵਿਚ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਬੇਅਦਬੀ ਮਾਮਲੇ ਨੂੰ ਲੈ ਕੇ ਉੱਠੀ ਵਿਰੋਧ ਦੀ ਸੁਰ ਹੁਣ ਤਣਾਅ ਤੇ ਟਕਰਾਅ ‘ਚ ਤਬਦੀਲ ਹੋ ਗਈ ਹੈ। ਹਲਕਾ ਮੌੜ ਦੇ ਪਿੰਡਾਂ ‘ਚ ਹਰਸਿਮਰਤ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌੜ ਦੇ ਪਿੰਡ ਬਾਲਿਆਂ ਵਾਲੀ ‘ਚੋਂ ਸੁਲਗਦਾ ਹੋਇਆ ਵਿਰੋਧ ਅਖੀਰ ਪਿੰਡ ਮੰਡੀ ਕਲਾਂ ‘ਚ ਏਨਾ ਤਿੱਖਾ ਹੋ ਗਿਆ ਕਿ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ।
ਉਨ੍ਹਾਂ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉਠ ਕੇ ਚੋਣ ਜਲਸੇ ਲਈ ਧਰਮਸ਼ਾਲਾ ‘ਚ ਪੁੱਜੇ ਤਾਂ ਵਿਰੋਧੀ ਧਿਰ ਨਾਲ ਟਕਰਾਅ ਹੋ ਗਿਆ। ਪੁਲਿਸ ਨੇ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਕੁਝ ਬੰਦੇ ਹਿਰਾਸਤ ‘ਚ ਲੈ ਲਏ। ਮੌਕੇ ਉਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੀ ਸ਼ਹਿ ‘ਤੇ ਹੋ ਰਿਹਾ ਹੈ ਜਦਕਿ ਅਸੀਂ ਅਮਨ ਅਮਾਨ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਅਕਾਲੀ ਵਰਕਰਾਂ ਨੇ ਰਾਮਪੁਰਾ ਮੌੜ ਮਾਰਗ ‘ਤੇ ਪਿੰਡ ਮੰਡੀ ਕਲਾਂ ਦੇ ਡਰੇਨ ਉਪਰ ਧਰਨਾ ਲਾ ਦਿੱਤਾ ਸੀ। ਧਰਨਾ ਸਮਾਪਤ ਕਰਨ ਮਗਰੋਂ ਉਨ੍ਹਾਂ ਪਿੰਡ ‘ਚ ਜਲਸਾ ਕੀਤਾ। ਇਸ ਟਕਰਾਅ ਕਰਕੇ ਹਰਸਿਮਰਤ ਦੇ ਹੋਰ ਪਿੰਡਾਂ ਤੇ ਬਠਿੰਡਾ ਸ਼ਹਿਰ ਵਿਚ ਉਲੀਕੇ ਪ੍ਰੋਗਰਾਮਾਂ ਵਿਚ ਦੇਰੀ ਹੋ ਗਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਕਿਸਾਨ ਯੂਨੀਅਨ (ਸਿੱਧੂ ਪੁਰ) ਤੇ ਭੁੱਲਰ ਭਾਈਚਾਰੇ ਨੇ ਪਿੰਡ ਦੇ ਲੋਕਲ ਗੁਰੂ ਘਰ ਵਿਚ ਇਕੱਠ ਬੁਲਾ ਕੇ ਹਰਸਿਮਰਤ ਦਾ ਵਿਰੋਧ ਸ਼ੁਰੂ ਕਰ ਦਿੱਤਾ।
ਸੈਂਕੜੇ ਲੋਕ ਕਾਲੀਆਂ ਝੰਡੀਆਂ ਸਮੇਤ ਗੁਰੂ ਘਰ ਵਿਚ ਆਉਣੇ ਸ਼ੁਰੂ ਹੋ ਗਏ ਸਨ। ਗੁਰੂ ਘਰ ਦੇ ਐਨ ਸਾਹਮਣੇ ਧਰਮਸ਼ਾਲਾ ਵਿਚ ਅਕਾਲੀ ਦਲ ਦੀ ਸਟੇਜ ਲੱਗੀ ਹੋਈ ਸੀ। ਅਕਾਲੀ ਦਲ ਦੇ ਆਗੂਆਂ ਨੇ ਇਕ ਦਫਾ ਤਾਂ ਅੰਦਰੋਂ ਸਟੇਜ ਤੋਂ ਹੰਭਲਾ ਮਾਰਿਆ ਪਰ ਵਿਰੋਧ ਨੂੰ ਦੇਖਦੇ ਹੋਏ ਆਗੂ ਮੱਠੇ ਪੈ ਗਏ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਧਰਮਸ਼ਾਲਾ ਦੇ ਦੋਵੇਂ ਗੇਟਾਂ ‘ਤੇ ਧਰਨਾ ਮਾਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਵਿਰੋਧ ਕਰਨ ਵਾਲਿਆਂ ਦੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ ਮੀਟਿੰਗ ਕਰਾਉਣੀ ਚਾਹੀ ਪਰ ਆਗੂ ਇਸ ਗੱਲ ‘ਤੇ ਅੜ ਗਏ ਕਿ ਮੀਟਿੰਗ ‘ਚ ਹਰਸਿਮਰਤ ਨੂੰ ਵੀ ਸ਼ਾਮਲ ਕੀਤਾ ਜਾਵੇ। ਜਦੋਂ ਚੋਣ ਜਲਸੇ ‘ਚੋਂ ਕੁਰਸੀਆਂ ਇਕੱਠੀਆਂ ਹੋਣ ਲੱਗ ਪਈਆਂ ਤਾਂ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਜੇਤੂ ਐਲਾਨ ਕੇ ਸਮਾਪਤ ਕਰ ਦਿੱਤਾ। ਦੂਜੇ ਪਾਸੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਮੁੱਖ ਸੜਕ ‘ਤੇ ਮਾਰੇ ਧਰਨੇ ਵਿਚ ਚੋਣ ਕਮਿਸ਼ਨ, ਪੁਲਿਸ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਖਿਲਾਫ ਮੁਰਦਾਬਾਦ ਦੇ ਜ਼ੋਰਦਾਰ ਢੰਗ ਨਾਲ ਨਾਅਰੇ ਲਗਾਏ।
______________________
ਗੈਰਸਮਾਜੀ ਤੱਤਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਕੈਪਟਨ: ਹਰਸਿਮਰਤ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਪੁਲਿਸ ਦੇ ਜ਼ਰੀਏ ਗੈਰਸਮਾਜੀ ਤੱਤਾਂ ਨੂੰ ਹੱਲਾਸ਼ੇਰੀ ਦੇ ਕੇ ਚੋਣਾਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਜਿੱਤ ਦੇਖ ਕੇ ਸਰਕਾਰ ਬੁਖਲਾਹਟ ਵਿਚ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਬਠਿੰਡਾ ਹਲਕੇ ਨੂੰ ਬੇਹੱਦ ਸੰਵੇਦਨਸ਼ੀਲ ਐਲਾਨਣ ਦੀ ਮੰਗ ਕਰਦਿਆਂ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਮੰਗੀ। ਦਲ ਨੇ ਆਖਿਆ ਕਿ ਕਾਂਗਰਸ ਸਰਕਾਰ ਪੁਲਿਸ ਦੀ ਤਾਕਤ ਨਾਲ ਚੋਣ ਜਿੱਤਣਾ ਚਾਹੁੰਦੀ ਹੈ।