ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਦੇ ਨਤੀਜਿਆਂ ‘ਚ ਵੀ ਛਾ ਗਈਆਂ ਕੁੜੀਆਂ

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.86 ਜਦੋਂਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 82.08 ਫੀਸਦੀ ਹੈ। ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ 2,69,228 ਵਿਦਿਆਰਥੀ ਅਪੀਅਰ ਹੋਏ ਸਨ, ਇਨ੍ਹਾਂ ਵਿਚੋਂ 2,32,639 ਵਿਦਿਆਰਥੀ ਪਾਸ ਹੋਏ ਹਨ। ਸੂਬੇ ਦੀ ਪਾਸ ਪ੍ਰਤੀਸ਼ਤਤਾ 86.41 ਫੀਸਦੀ ਬਣਦੀ ਹੈ।

ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਅਕਾਦਮਿਕ ਸ਼੍ਰੇਣੀ ਵਿਚ ਪੰਜਾਬ ਭਰ ਵਿਚ ਮੋਹਰੀ ਰਹੇ ਤਿੰਨ ਵਿਦਿਆਰਥੀਆਂ ਨੇ 445 ਬਰਾਬਰ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਚ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦਾ ਸਰਵਜੋਤ ਸਿੰਘ ਬਾਂਸਲ (ਕਾਮਰਸ ਗਰੁੱਪ), ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਅਮਨ (ਹਿਊਮੈਨਿਟੀਜ਼ ਗਰੁੱਪ) ਅਤੇ ਕੇ.ਆਰ.ਐਮ.ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਮੁਸਕਾਨ ਸੋਨੀ (ਸਾਇੰਸ ਗਰੁੱਪ) ਸ਼ਾਮਲ ਹਨ। ਆਰ.ਐਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਲਵਲੀਨ ਵਰਮਾ (ਸਾਇੰਸ ਗਰੁੱਪ) ਨੇ 444 ਅੰਕ ਲੈ ਕੇ ਦੂਜਾ ਅਤੇ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੇਰਾ ਖੇੜਾ, ਫਾਜ਼ਿਲਕਾ ਦੀ ਨਾਜ਼ੀਆ ਕੰਬੋਜ (ਹਿਊਮੈਨਿਟੀਜ਼ ਗਰੁੱਪ) ਅਤੇ ਆਰ.ਐਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਮੁਸਕਾਨ (ਹਿਊਮੈਨਿਟੀਜ਼ ਗਰੁੱਪ) ਨੇ 443 ਬਰਾਬਰ ਅੰਕ ਲੈ ਕੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਖੇਡ ਕੋਟੇ ‘ਚੋਂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਘ, ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ (ਹਿਊਮੈਨਿਟੀਜ਼ ਗਰੁੱਪ) ਅਤੇ ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਭੁਨ, ਫਾਜ਼ਿਲਕਾ ਦੀ ਖੁਸ਼ਦੀਪ ਕੌਰ (ਹਿਊਮੈਨਿਟੀਜ਼ ਗਰੁੱਪ) ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਰਵਜੀਤ ਕੌਰ (ਕਾਮਰਸ ਗਰੁੱਪ) ਨੇ 100 ਫੀਸਦੀ ਅੰਕਾਂ ਨਾਲ ਸਾਂਝੇ ਤੌਰ ‘ਤੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੁੱਡੀਆਂ, ਸੰਗਰੂਰ ਦੀ ਲਵਪ੍ਰੀਤ ਕੌਰ 448 (99.56 ਫੀਸਦੀ) ਅੰਕ ਲੈ ਕੇ ਦੂਜਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਮਨਪ੍ਰੀਤ ਕੌਰ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਕੋਟ ਸੁਖੀਆ, ਫਰੀਦਕੋਟ ਦੀ ਹਰਮਨਪ੍ਰੀਤ ਕੌਰ ਨੇ 445 ਬਰਾਬਰ (98.89 ਫੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਬੋਰਡ ਮੁਖੀ ਨੇ ਦੱਸਿਆ ਕਿ ਓਪਨ ਸਕੀਮ ਤਹਿਤ 21690 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 12694 ਬੱਚੇ ਪਾਸ ਹੋਏ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.52 ਫੀਸਦੀ ਹੈ। ਉਨ੍ਹਾਂ ਦੱਸਿਆ ਕਿ 1,20,022 ਲੜਕੀਆਂ ਬਾਰ੍ਹਵੀਂ ਦੀ ਪ੍ਰੀਖਿਆ ‘ਚ ਅਪੀਅਰ ਹੋਈਆਂ ਸਨ, ਜਿਨ੍ਹਾਂ ਵਿਚੋਂ 1,09,053 (90.86 ਫੀਸਦੀ) ਪਾਸ ਹੋਈਆਂ ਹਨ ਜਦੋਂਕਿ 1,49,206 ਲੜਕਿਆਂ ‘ਚੋਂ 1,23,586 (82.83 ਫੀਸਦੀ) ਪਾਸ ਹੋਏ ਹਨ। ਸ਼ਹਿਰੀ ਖੇਤਰ ਵਿਚ 85.73 ਫੀਸਦੀ ਪਾਸ ਹਨ ਜਦੋਂਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 86.94 ਹੈ। ਇਸੇ ਤਰ੍ਹਾਂ ਐਫੀਲੀਏਟਿਡ ਅਤੇ ਆਦਰਸ਼ ਸਕੂਲਾਂ ਦੇ 87,386 ਵਿਦਿਆਰਥੀਆਂ ‘ਚੋਂ 85.35 ਫੀਸਦੀ ਪਾਸ ਹੋਏ ਹਨ। ਐਸੋਸੀਏਟਿਡ ਸਕੂਲਾਂ ਦੇ 15,963 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਜਿਨ੍ਹਾਂ ਵਿਚੋਂ 83.69 ਫੀਸਦੀ ਪਾਸ ਹੋਏ। ਸਰਕਾਰੀ ਮੈਰੀਟੋਰੀਅਸ ਸਕੂਲਾਂ ਦੇ 2,615 ਵਿਦਿਆਰਥੀਆਂ ‘ਚੋਂ 99.46 ਫੀਸਦੀ, ਸਰਕਾਰੀ ਸਕੂਲਾਂ ਦੇ 1,32,126 ਵਿਦਿਆਰਥੀਆਂ ‘ਚੋਂ 1,16,460 (88.14 ਫੀਸਦੀ), ਏਡਿਡ ਸਕੂਲਾਂ ਦੇ 31,138 ਵਿਦਿਆਰਥੀਆਂ ਵਿਚੋਂ 25,639 (82.34 ਫੀਸਦੀ) ਪਾਸ ਹੋਏ ਹਨ।
______________________________
ਮੈਰਿਟ ਸੂਚੀ ‘ਚ ਲੁਧਿਆਣਾ ਦਾ ਕਬਜ਼ਾ
ਮੁਹਾਲੀ: ਬਾਰ੍ਹਵੀਂ ਦੇ ਨਤੀਜਿਆਂ ਦੀ ਮੈਰਿਟ ਅਨੁਸਾਰ ਜ਼ਿਲ੍ਹਾ ਲੁਧਿਆਣਾ ਐਤਕੀਂ ਫਿਰ 108 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਭਰ ‘ਚੋਂ ਮੋਹਰੀ ਰਿਹਾ। ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ 19 ਪੁਜ਼ੀਸ਼ਨਾਂ ਲੈ ਕੇ 5ਵੇਂ ਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਜ਼ਿਲ੍ਹਾ ਅੰਮ੍ਰਿਤਸਰ 9ਵੇਂ ਸਥਾਨ ‘ਤੇ ਰਿਹਾ। ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਜ਼ਿਲ੍ਹਾ ਵਾਈਜ਼ ਰੈਂਕਿੰਗ ਵਿਚ ਲੁਧਿਆਣਾ 108 ਪੁਜ਼ੀਸ਼ਨਾਂ ਲੈ ਕੇ ਪਹਿਲੇ ਸਥਾਨ ‘ਤੇ ਰਿਹਾ ਹੈ ਜਦੋਂਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ ਨੇ 26-26 ਪੁਜ਼ੀਸ਼ਨਾਂ ਲੈ ਕੇ ਦੂਜਾ ਅਤੇ ਜ਼ਿਲ੍ਹਾ ਜਲੰਧਰ ਨੇ 25 ਪੁਜ਼ੀਸ਼ਨਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਫਾਜ਼ਿਲਕਾ ਨੇ 22 ਪੁਜ਼ੀਸ਼ਨਾਂ ਨਾਲ ਚੌਥਾ, ਪਟਿਆਲਾ ਨੇ 19 ਪੁਜ਼ੀਸ਼ਨਾਂ ਨਾਲ 5ਵਾਂ, ਸੰਗਰੂਰ ਨੇ 13 ਪੁਜ਼ੀਸ਼ਨਾਂ ਨਾਲ ਛੇਵਾਂ ਸਥਾਨ, ਫਰੀਦਕੋਟ ਨੇ 12 ਪੁਜ਼ੀਸ਼ਨਾਂ ਨਾਲ 7ਵਾਂ, ਫਿਰੋਜ਼ਪੁਰ ਨੇ 9 ਪੁਜ਼ੀਸ਼ਨਾਂ ਨਾਲ ਅੱਠਵਾਂ ਸਥਾਨ, ਅੰਮ੍ਰਿਤਸਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਨੇ 8-8 ਪੁਜ਼ੀਸ਼ਨਾਂ ਨਾਲ 9ਵਾਂ ਸਥਾਨ ਹਾਸਲ ਕੀਤਾ।
______________________________
ਸਰਕਾਰੀ ਸਕੂਲਾਂ ਦੀ ਪਾਸ ਫੀਸਦੀ ਨਿੱਜੀ ਸਕੂਲਾਂ ਤੋਂ ਵਧੀਆ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਸਰਕਾਰੀ ਸਕੂਲ ਦੀ ਪਾਸ ਫੀਸਦੀ ਨਿੱਜੀ ਸਕੂਲਾਂ ਨਾਲੋਂ ਵਧੀਆ ਰਹਿਣ ਕਾਰਨ ਸਿੱਖਿਆ ਅਧਿਕਾਰੀ ਬਾਗੋ ਬਾਗ ਹਨ। ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਦਸਵੀਂ ਦੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ ਨਿੱਜੀ ਸਕੂਲਾਂ ਨਾਲੋਂ 8.70 ਪ੍ਰਤੀਸ਼ਤ ਜ਼ਿਆਦਾ 88.21 ਪ੍ਰਤੀਸ਼ਤ ਰਹੀ ਹੈ। ਸਰਕਾਰੀ ਸਕੂਲਾਂ ਦਾ ਨਤੀਜਾ ਪਿਛਲੇ ਸਾਲ ਨਾਲੋਂ 30.07 ਪ੍ਰਤੀਸ਼ਤ ਵਧਿਆ ਹੈ। ਲੜਕੀਆਂ ਦਾ ਨਤੀਜਾ ਪਿਛਲੇ ਸਾਲ ਨਾਲੋਂ 21.50 ਪ੍ਰਤੀਸ਼ਤ ਅਤੇ ਲੜਕਿਆਂ ਦਾ 28.99 ਪ੍ਰਤਿਸ਼ਤ ਵਧਿਆ ਹੈ।