ਉਡੀਕ ਦੀ ਆਰਸੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਰਦੇਸਾਂ ਵਿਚ ਆ ਕੇ ਵੱਸੇ ਪੰਜਾਬੀਆਂ, ਖਾਸ ਕਰ ਨਵੀਂ ਪੀੜ੍ਹੀ ਨੂੰ ਦਸਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਭੈੜੀ ਸੰਗਤ ਵਿਚ ਪੈਣ ਤੇ ਨਸ਼ਿਆਂ ਦਾ ਸ਼ਿਕਾਰ ਹੋਣ ਦਾ ਜ਼ਿਕਰ ਕਰਦਿਆਂ ਕੁਝ ਬਹੁਮੁੱਲੇ ਸੁਝਾਅ ਦਿੱਤੇ ਸਨ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਆਸ ਦਾ ਵਿਖਿਆਨ ਕੀਤਾ ਹੈ ਕਿ ਆਸ ਬਿਨਾ ਜ਼ਿੰਦਗੀ ਨਿਭ ਨਹੀਂ ਸਕਦੀ। ਕਿਆਸ ਕਰੋ, ਬ੍ਰਿਹਣ ਨੂੰ ਮਾਹੀ ਦੀ ਉਡੀਕ ਦੀ! ਇਹ ਵੱਖਰੀ ਗੱਲ ਹੈ ਕਿ ਅੱਜ ਕੱਲ ਲੋਕਾਂ ਨੂੰ ਧੀਰਜ ਨਾਲ ਉਡੀਕਣਾ ਗਵਾਰਾ ਨਹੀਂ। ਉਹ ਤੱਤਫੱਟ ਨਤੀਜਿਆਂ ਦੀ ਆਸ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਉਡੀਕਹੀਣ ਹੋ ਜਾਂਦੇ, ਜੋ ਅਜਿਹੇ ਲੋਕਾਂ ਲਈ ਅਰਥਹੀਣਤਾ ਬਣ ਜਾਂਦੇ। ਡਾ. ਭੰਡਾਲ ਦਸਦੇ ਹਨ ਕਿ ਕਦੇ ਇਕ ਪਲ ਦੀ ਉਡੀਕ ਉਮਰਾਂ ਜੇਡ ਹੁੰਦੀ, ਪਰ ਕਦੇ ਕਦਾਈਂ ਉਮਰਾਂ ਲੰਮੀਂ ਉਡੀਕ ਪਲ ਵਿਚ ਹੀ ਬੀਤ ਜਾਂਦੀ। ਉਨ੍ਹਾਂ ਦੀ ਨਸੀਹਤ ਹੈ, “ਕਿਸੇ ਕ੍ਰਿਸ਼ਮੇ ਦੀ ਆਸ ਵਿਚ ਜੀਵਨ ਨੂੰ ਵਿਅਰਥ ਨਾ ਗਵਾਓ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਉਡੀਕ ਇਕ ਵਿਸਮਾਦ, ਅਕਹਿ ਅਨੰਦ, ਇਲਾਹੀ ਅਹਿਸਾਸ, ਮਿਲਣ ਦੀ ਆਸ ਅਤੇ ਕੁਝ ਪਾਉਣ ਦਾ ਧਰਵਾਸ।
ਉਡੀਕ, ਉਮੀਦ ਦੀ ਜਗਦੀ ਲੋਅ, ਉਡਾਣ ਨੂੰ ਅਵਾਰਗੀ ਦੀ ਕਾਹਲ, ਉਤਸੁਕਤਾ ਵਿਚ ਪਨਪੀ ਆਸਵੰਦ ਲੋਰ ਅਤੇ ਆਪਣੇ ਤੋਂ ਆਪ ਤੀਕ ਦੀ ਮਟਕਵੀਂ ਤੋਰ।
ਉਡੀਕ, ਅਰਥਾਂ ਦੀ ਝੋਲੀ ਵਿਚ ਦਗਦੇ ਸੂਰਜਾਂ ਦੀ ਖੈਰ, ਅੰਬਰਾਂ ਦੇ ਛੱਜ ਵਿਚ ਤਾਰਿਆਂ ਦੀ ਲੋਰ, ਵਰਕਿਆਂ ‘ਤੇ ਉਗ ਰਹੀ ਤਹਿਰੀਕ ਦਾ ਸ਼ੋਰ ਅਤੇ ਇਸ ਸ਼ੋਰ ਵਿਚ ਚੁੱਪ ਹੋਠਾਂ ‘ਤੇ ਧੜਕਦੀ ਅਮੂਰਤ ਅਤੇ ਅਮੁੱਲੀ ਘਣਘੋਰ।
ਉਡੀਕ, ਵਕਤ ਨੂੰ ਠਹਿਰ ਜਾਣ ਦਾ ਸੁਝਾਅ, ਦਰਿਆ ਦੀ ਰਵਾਨਗੀ ‘ਚ ਪੰਧ ਮੁਕਾਉਣ ਦਾ ਸ਼ੁਦਾ ਅਤੇ ਹਵਾਵਾਂ ਦੇ ਪਿੰਡੇ ‘ਤੇ ਤੈਰਦੀ ਮੂਕ ਵੇਦਨਾ ਦੀ ਘਟਾ।
ਉਡੀਕ, ਕਿਸੇ ਦੇ ਨੈਣਾਂ ਵਿਚ ਦੇਖਣ ਦੀ ਚਾਹਤ, ਗਲੇ ਲਾਉਣ ਦੀ ਤਮੰਨਾ, ਚੁੱਪ ਗੁਫਤਗੂ ਦੀ ਤਾਂਘ ਜਾਂ ਦਿਲਲਗੀ ਕਰਨ ਦੀ ਤੜਪ।
ਉਡੀਕ, ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਚਾਹਨਾ, ਸੁਪਨਿਆਂ ਦੀ ਪੂਰਤੀ ਨੂੰ ਕਿਆਸ, ਸੁਪਨਿਆਂ ‘ਚ ਸੰਧੂਰੀ ਰੰਗ ਭਰਦਿਆਂ, ਜੀਵਨ ਨੂੰ ਰਾਂਗਲੀ ਦਿੱਖ ਪ੍ਰਦਾਨ ਕਰਨਾ।
ਉਡੀਕ, ਸਮਿਆਂ ਦੀ ਤੰਦੀ ‘ਤੇ ਆਸ ਦੀਆਂ ਤੰਦਾਂ, ਵਿਸ਼ਵਾਸ ਹੀਣਤਾ ‘ਚੋਂ ਵਿਸ਼ਵਾਸ ਪੂਰਤੀ ਨੂੰ ਆਪਣੇ ਨਾਂ ਕਰਨ ਦੀ ਲੋਚਾ ਅਤੇ ਕਦਮਹੀਣਾਂ ਨੂੰ ਨਵੀਆਂ ਮੰਜ਼ਿਲਾਂ ਸਰ ਕਰਨ ਲਈ ਉਤਸ਼ਾਹਿਤ ਕਰਨਾ।
ਉਡੀਕ, ਪੈਰ ਦੇ ਨਿਸ਼ਾਨਾਂ ਨੂੰ ਪੈੜ, ਪੈੜ ਨੂੰ ਮਾਰਗ ਅਤੇ ਮਾਰਗ ਨੂੰ ਮੰਜ਼ਿਲਾਂ ਵੰਨੀਂ ਜਾਂਦੀ ਰਾਹ-ਰਵਾਨਗੀ ਦਾ ਨਾਂ ਦੇਣ ਦੀ ਸਾਰਥਕਤਾ।
ਉਡੀਕ, ਕਲਮ ਨੂੰ ਹਰਫ ਦੀ, ਹਰਫਾਂ ਨੂੰ ਵਾਕ-ਬਣਤਰ ਦੀ, ਵਾਕਾਂ ਵਿਚੋਂ ਉਦੈ ਹੁੰਦੀ ਅਰਥ-ਲੋਅ ਨਾਲ ਜਿੰਦ-ਬੀਹੀ ਨੂੰ ਰੁਸ਼ਨਾਉਣ ਦੀ ਸਿਦਕ ਸਾਧਨਾ।
ਉਡੀਕ, ਬਰੇਤਿਆਂ ਨੂੰ ਪਾਣੀਆਂ ਦੀ ਤਾਂ ਕਿ ਪਾਣੀਆਂ ਦੀ ਹਿੱਕ ਵਿਚ ਉਗ ਆਏ ਬਰੇਤੇ ਫਿਰ ਦਰਿਆ ਬਣ ਕੇ ਜੀਵਨ-ਕੰਢੇ ‘ਤੇ ਮੌਲਦੀਆਂ ਬਰਕਤਾਂ ਦੀ ਧਰਾਤਲ ਸਿਰਜਣਾ।
ਉਡੀਕ, ਜੋਤ-ਹੀਣ ਲਈ ਚੰਨ-ਚਿਰਾਗ, ਵਿਯੋਗੇ ਲਈ ਮਿਲਣ ਦੀ ਆਸ ਅਤੇ ਰਿਸਦੇ ਜਖਮ ਲਈ ਮਲ੍ਹਮ ਅਤੇ ਕੋਸੀ-ਕੋਸੀ ਟਕੋਰ ਕਰਨ ਦਾ ਉਦਮ।
ਉਡੀਕ, ਬੋਰੀ ਦੇ ਬਸਤਿਆਂ ਨੂੰ ਕਿਤਾਬਾਂ ਦੀ, ਕੱਚ ਦੀ ਦਵਾਤ ਨੂੰ ਗੂੜ੍ਹੀ ਸਿਆਹੀ ਦੀ, ਕਾਨੇ ਨੂੰ ਕਲਮ ਬਣਨ ਦੀ ਅਤੇ ਸਿਆਹੀ ‘ਚ ਭਿੱਜੀ ਕਲਮ ਨੂੰ ਕੋਰੀ ਫੱਟੀ ‘ਤੇ ਉਕਰੇ ਪੂਰਨਿਆਂ ਵਿਚ ਆਪਾ ਉਲਥਾਉਣ ਦੀ।
ਉਡੀਕ, ਪੱਤਹੀਣ ਬਿਰਖ ਨੂੰ ਹਰੇ ਲਿਬਾਸ ਦੀ, ਕੂਲੀਆਂ ਕਰੁੰਬਲਾਂ ਦੀ, ਰੇਸ਼ਮੀ ਪੱਤੀਆਂ ਦੀ, ਲਹਿਰਾਉਂਦੀਆਂ ਟਾਹਣੀਆਂ ਦੀ, ਪੁੰਗਾਰਿਆਂ ਵਿਚੋਂ ਫੁੱਲ-ਪੱਤੀਆਂ ਅਤੇ ਇਨ੍ਹਾਂ ਵਿਚ ਫਲਾਂ ਦੀ ਆਮਦ ਦੀ, ਜਿਸ ਨੇ ਜੀਵਨ ਨੂੰ ਫਲਾਂ ਲੱਦੀਆਂ ਰੁੱਤਾਂ ‘ਚ ਤਬਦੀਲ ਕਰਨ ਦਾ ਉਦਮ ਬਣਨਾ।
ਉਡੀਕ, ਖੇਤ ਦੀ ਹਿੱਕ ਨੂੰ ਚੀਰਦੇ ਸਿਆੜਾਂ ਦੀ, ਪੋਰ ਰਾਹੀਂ ਕੇਰੇ ਜਾ ਰਹੇ ਬੀਜ ਦੀ ਅਤੇ ਇਸ ਬੀਜ ਨੂੰ ਵੱਤਰ ਧਰਤੀ ਵਿਚ ਉਗਣ ਤੇ ਭੁੱਖਮਰੀ ਨੂੰ ਦੂਰ ਕਰਨ ਦੀ ਦਲੇਰੀ ਤੇ ਦਰਿਆ-ਦਿਲੀ ਦੀ।
ਉਡੀਕ, ਬੁੱਢੀ ਮਾਂ ਲਈ ਆਪਣੇ ਪੁੱਤਰ ਨੂੰ ਮਿਲਣ ਵਾਲੀ ਡਿਗਰੀ ਅਤੇ ਡਿਗਰੀਨੁਮਾ ਕਾਗਜ਼ ‘ਚੋਂ ਝਲਕਦੀ ਰੋਟੀ, ਰੁਤਬੇ ਅਤੇ ਰਸਾਈ। ਇਸ ਨੇ ਹੀ ਜੱਗ-ਹਸਾਈ ਨੂੰ ਜੀਵਨ-ਧਰਾਤਲ ਦੇ ਨਵੇਂ ਕੀਰਤੀਮਾਨਾਂ ਲਈ ਕਿਰਤ-ਸਾਧਨਾ ਬਣਨਾ।
ਉਡੀਕ, ਭੈਣ ਨੂੰ ਗੁੱਟ ‘ਤੇ ਸਜਣ ਵਾਲੀ ਰੱਖੜੀ ਦੀ, ਬਾਪ ਲਈ ਸੱਗਵੇਂ ਮੋਢੇ ਦੀ, ਮਾਂ ਲਈ ਨਰੋਈ ਆਸ ਦੀ ਅਤੇ ਮਾਪਿਆਂ ਦੇ ਦੀਦਿਆਂ ਵਿਚ ਮੁਰਝਾ ਚੁਕੇ ਚਮਨ ਨੂੰ ਮੁੜ ਅਬਾਦ ਕਰਨ ਦੀ ਤਮੰਨਾਈ ਆਸ ਦੀ।
ਉਡੀਕ, ਬੇਆਸ ਹੋ ਚੁਕੀਆਂ ਸਰਦਲਾਂ ਨੂੰ ਪਰਦੇਸੋਂ ਆਉਂਦੀ ਪੈੜਚਾਲ ਦੀ, ਦਰਾਂ ‘ਤੇ ਉਡੀਕਦੀ ਮਾਂ ਦੇ ਦੀਦਿਆਂ ਵਿਚ ਮੱਧਮ ਪੈ ਰਹੀ ਲੋਅ ਨੂੰ ਜਗਣ ਦੀ ਅਤੇ ਹਟਕੋਰੇ ਭਰਦੀ ਲੋਅ ਦੀ ਸੰਕੇਤਕਤਾ ‘ਚੋਂ ਕੁਝ ਅਚੇਤ ਤੇ ਸੁਚੇਤ ਰੂਪ ਵਿਚ ਆਪਣੀ ਹੋਣੀ ‘ਤੇ ਉਕਰਨ ਦਾ ਆਸਰਾ।
ਉਡੀਕ, ਆਬ-ਓ-ਹਵਾ ਵਿਚ ਘੁਲ ਗਏ ਜ਼ਹਿਰੀਲੇ ਤੱਤਾਂ ਨੂੰ ਪਛਾਣ ਕੇ ਖਤਮ ਕਰਨ ਦੀ ਸੋਝੀ, ਹਟਕੋਰੇ ਭਰਦੀ ਪੌਣ ਲਈ ਦੁਆਵਾਂ, ਪਾਣੀ ਦੀ ਤਰਸੇਵੇਂ-ਭਰੀ ਜੋਦੜੀ ਅਤੇ ਮੌਤ-ਧਰਾਤਲ ਬਣੀ ਮਿੱਟੀ ਲਈ ਹੂਕ ਲਈ ਜੋ ਬੇ-ਖਸਮੀ ਅਤੇ ਬੇ-ਬਰਕਤੀ ਬਣ, ਬੰਜਰ-ਰੱਕੜ ਬਣਨ ਲਈ ਕਬਰਾਂ ਵੰਨੀਂ ਤੁਰੀ ਜਾ ਰਹੀ ਏ।
ਉਡੀਕ, ਖੁਦ ਨਾਲ ਕਰਨ ਵਾਲੇ ਸੰਵਾਦ ਦੀ, ਆਪੇ ਨੂੰ ਸ਼ਬਦਾਂ ਵਿਚ ਉਲਥਾਉਣ ਅਤੇ ਇਸ ਨੂੰ ਪਰਿਭਾਸ਼ਤ ਕਰਨ ਦੀ। ਅਦਿੱਖ ਕਿਰਤ ‘ਚੋਂ ਬਹੁਤ ਕੁਝ ਅਣਬੋਲਿਆ ਵਰਕਿਆਂ ‘ਤੇ ਧਰਨ ਦੀ, ਖੁਦ ਨੂੰ ਅਰਪਿੱਤ ਕਰਨ ਦੀ ਅਤੇ ਆਪਣੀ ਝੋਲੀ ਆਪਣੀਆਂ ਅਲਾਮਤਾਂ, ਨਹੋਰਿਆਂ, ਉਲਾਹਮਿਆਂ ਅਤੇ ਊਣਤਾਈਆਂ ਨਾਲ ਭਰਦਿਆਂ, ਆਪੇ ਨੂੰ ਨਿਖਾਰ ਕੇ ਸੁੱਚਮ ਬਣਨ ਦੀ।
ਉਡੀਕ ਦੀ ਉਡੀਕ ਕਰਨਾ, ਸਭ ਤੋਂ ਔਖਾ ਅਤੇ ਅਸਾਨ। ਜਦ ਉਡੀਕ ਲੰਮੇਰੀ ਹੋ, ਸਾਹਾਂ ਵਿਚ ਤਿੜਕਣ ਰੁੱਤ ਬਣਦੀ ਤਾਂ ਉਡੀਕ ਵੀ ਰੜਕਣ ਬਣ ਜਾਂਦੀ।
ਉਡੀਕ ਕਰਨਾ, ਜੀਵਨ ਦਾ ਅਸੂਲ। ਕੁਝ ਵੀ ਉਡੀਕ ਕਰਨ ਤੋਂ ਬਿਨਾ ਨਹੀਂ ਮਿਲਦਾ। ਬੇਸਬਰੇ ਲੋਕ ਕਾਹਲ ਵਿਚ ਬਹੁਤ ਕੁਝ ਗਵਾ ਬਹਿੰਦੇ। ਪਰ ਆਸਵੰਦ ਲੋਕ ਉਡੀਕ ਦੌਰਾਨ ਆਪਣੀ ਖੁਦੀ ਅਤੇ ਖੁਦ ਨੂੰ ਬੁਲੰਦਗੀ ਦੀ ਅਜਿਹੀ ਉਚਾਣ ‘ਤੇ ਲੈ ਜਾਂਦੇ ਕਿ ਉਡੀਕ ਖੁਦ ਹੀ ਉਨ੍ਹਾਂ ਨੂੰ ਉਡੀਕਣ ਲੱਗ ਪੈਂਦੀ। ਅਜਿਹੇ ਲੋਕ ਜਦ ਉਡੀਕ ਨੂੰ ਉਡੀਕਣ ਲਾ ਦੇਣ ਤਾਂ ਬਹੁਤ ਕੁਝ ਤੁਹਾਡਾ ਮਾਣਮੱਤਾ ਇਤਿਹਾਸ ਬਣਨ ਲਈ ਕਾਹਲਾ ਹੁੰਦਾ।
ਅੱਜ ਕੱਲ ਲੋਕਾਂ ਨੂੰ ਧੀਰਜ ਨਾਲ ਉਡੀਕਣਾ ਗਵਾਰਾ ਨਹੀਂ। ਉਹ ਤੱਤਫੱਟ ਨਤੀਜਿਆਂ ਦੀ ਆਸ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਉਡੀਕਹੀਣ ਹੋ ਜਾਂਦੇ, ਜੋ ਅਜਿਹੇ ਲੋਕਾਂ ਲਈ ਅਰਥਹੀਣਤਾ ਬਣ ਜਾਂਦੇ। ਮਹਾਨ ਵਿਅਕਤੀ ਨੇ ਦੁਰਲੱਭ ਪ੍ਰਾਪਤੀਆਂ ਇਕ ਦਿਨ ਜਾਂ ਪਲ ਵਿਚ ਪ੍ਰਾਪਤ ਨਹੀਂ ਕੀਤੀਆਂ। ਉਮਰਾਂ ਲੱਗ ਜਾਂਦੀਆਂ ਸਫਲਤਾ ਦਾ ਸਿਖਰ ਸਿਰਜਣ ਲਈ। ਮਿਹਨਤ ਅਤੇ ਲਗਨ ਦਾ ਕਿਆਸ ਕੀਤੇ ਤੋਂ ਬਿਨਾ ਕੀਰਤੀ ਨੂੰ ਅਦਬ ਅਤੇ ਸਤਿਕਾਰ ਦੇਣ ਦੇ ਕੋਈ ਅਰਥ ਨਹੀਂ ਹੁੰਦੇ।
ਕਿਸੇ ਵੀ ਉਪਲਬਧੀ ਅਤੇ ਕਿਰਤ ‘ਤੇ ਓਪਰਾ ਧਿਆਨ ਨਾ ਦਿਓ ਸਗੋਂ ਇਸ ਕਿਰਤ ਨੂੰ ਅੰਜਾਮ ਦੇਣ ਲਈ ਕੀਤੀ ਸਾਧਨਾ, ਕਿਰਤ-ਕਮਾਈ, ਪ੍ਰਤੀਬਧਤਾ ਸਮਰਪਣ ਅਤੇ ਸਿਰੜ ਨੂੰ ਸਿਰ ਨਿਵਾਉਣਾ, ਤੁਹਾਨੂੰ ਕਿਰਤ ਤੋਂ ਪਹਿਲਾਂ ਕਿਰਤ ਨਾਲ ਮੋਹ ਹੋ ਜਾਵੇਗਾ।
ਉਡੀਕ ਜਦ ਮੌਤ ਦੀ ਕਰਨੀ ਪਵੇ ਤਾਂ ਅਲਾਹੁਣੀਆਂ, ਵੈਣ, ਸਿਆਪੇ ਅਤੇ ਕੀਰਨੇ, ਸੋਗੀ ਸੋਚ ‘ਚ ਕੁਰਬਲ ਕੁਰਬਲ ਕਰਦੇ। ਇਹ ਉਡੀਕ ਖੁਦ ਦੀ ਮੌਤ ਦੀ ਹੋਵੇ ਜਾਂ ਕਿਸੇ ਆਪਣੇ ਦੀ। ਕਦੇ ਵੀ ਮੌਤ ਨੂੰ ਨਾ ਉਡੀਕੋ। ਸਗੋਂ ਜੀਵਨ ਨੂੰ ਉਡੀਕਣਾ, ਤੁਹਾਡੀਆਂ ਜੀਵਨ ਪ੍ਰਤੀ ਤੁਹਾਡੀ ਦ੍ਰਿ.ਸ਼ਟੀ ਹੀ ਬਦਲ ਜਾਵੇਗੀ। ਜਿਉਣ ਨਾਲੋਂ ਮਰਨਾ ਬਹੁਤ ਅਸਾਨ ਹੁੰਦਾ। ਬੇਹਿੰਮਤੇ ਤੇ ਬੁਜ਼ਦਿਲ ਹੀ ਮੌਤ ਵਿਚੋਂ ਮਰਨ-ਬੰਦਗੀ ਨੂੰ ਤਰਜ਼ੀਹ ਦਿੰਦੇ।
ਉਡੀਕ ਜਦ ਚੰਨ ਦੀ ਹੋਵੇ, ਚਾਨਣੀ ਵਿਚ ਚੰਨ ਦੇ ਚਾਨਣ ਵਿਚ ਭਿੱਜਣ ਦੀ ਰੀਝ ਹੋਵੇ। ਉਸ ਚੰਦ ਦੀ ਆਰਤੀ ਉਤਾਰਦਿਆਂ ਖੁਦ ਹੀ ਆਰਤੀ ਬਣ ਜਾਣ ਦੀ ਹੋਵੇ ਤਾਂ ਚੰਨ ਤੁਹਾਡੀ ਮਨ-ਦਹਿਲੀਜ਼ ‘ਤੇ ਦਸਤਕ ਦਿੰਦਾ, ਤੁਹਾਡੇ ਸੁਪਨਿਆਂ ਨੂੰ ਆਪਣੇ ਰੰਗ ਵਿਚ ਰੰਗ, ਤੁਹਾਡੀਆਂ ਤ੍ਰਿਸ਼ਨਾਵਾਂ, ਤਮੰਨਾਵਾਂ ਅਤੇ ਤਾਂਘਾਂ ਦੀ ਤ੍ਰਿਪਤੀ ਬਣ ਜਾਂਦਾ।
ਕਦੇ ਇਕ ਪਲ ਦੀ ਉਡੀਕ ਉਮਰਾਂ ਜੇਡ ਹੁੰਦੀ, ਪਰ ਕਦੇ ਕਦਾਈਂ ਉਮਰਾਂ ਲੰਮੀਂ ਉਡੀਕ ਪਲ ਵਿਚ ਹੀ ਬੀਤ ਜਾਂਦੀ। ਇਹ ਤਾਂ ਉਡੀਕ ਦੀ ਤਾਸੀਰ, ਤੁਸੱਵਰ ਅਤੇ ਤਰਜ਼ੀਹ ‘ਤੇ ਨਿਰਭਰ।
ਉਡੀਕ ਨੂੰ ਉਡੀਕ ਹੀ ਨਾ ਰਹਿਣ ਦਿਓ। ਇਸ ਦੀ ਝੋਲੀ ਵਿਚ ਹਿੰਮਤ, ਹੌਸਲੇ, ਹੱਠਧਰਮੀ, ਹੁੰਦੜਹੇਲਤਾ ਅਤੇ ਹਮਜੋਲਤਾ ਦੀ ਦਾਤ ਪਾਓਗੇ ਤਾਂ ਉਡੀਕ ਨੂੰ ਰਹਿਮਤਾਂ ਦੀ ਬਖਸ਼ਿਸ਼ ਹੋਵੇਗੀ। ਉਡੀਕ ਵਿਚ ਉਤਪੰਨ ਹੋਵੇਗੀ ਆਸਵੰਦੀ ਉਮੀਦ।
ਕਦੇ ਵੀ ਰੱਬ ਦੀ ਉਡੀਕ ਨਾ ਕਰੋ, ਜੋ ਤੁਹਾਡੇ ਲਈ ਪੂਰਨਤਾ ਦਾ ਸਬੱਬ ਬਣੇ। ਸਗੋਂ ਆਪਣੇ ਅੰਤਰੀਵ ਵਿਚ ਬੈਠੇ ਖੁਦਾ ਰੂਪੀ ਖੁਦ ਨੂੰ ਜਗਾਓ, ਸੰਵਾਦ ਰਚਾਓ, ਸੁੱਤੀਆਂ ਕਲਾਂ ਜਗਾਓ ਅਤੇ ਫਿਰ ਮਨਚਾਹਿਆ ਫਲ ਪਾਓ।
ਸੱਚੀ ਉਡੀਕ ਕਦੇ ਵੀ ਅਰਥਹੀਣ ਨਹੀਂ ਹੁੰਦੀ। ਬਸ਼ਰਤੇ ਉਡੀਕ ਦੀ ਬੀਹੀ ਵਿਚ ਉਮੀਦਾਂ, ਆਸਾਂ, ਅਰਥਾਂ ਅਤੇ ਆਲ੍ਹਣੇ ਗੁਣਗੁਣਾਉਂਦੇ ਹੋਣ। ਬੋਲ-ਹੋਠਾਂ ‘ਤੇ ਕੁਝ ਨਵਾਂ ਅਤੇ ਨਰੋਇਆ ਸਿਰਜਣ ਦੀ ਤਮੰਨਾ ਟਹਿਕਦੀ ਹੋਵੇ।
ਬੇਫਜ਼ੂਲ ਉਡੀਕ ਹਮੇਸ਼ਾ ਅਕਾਰਥ ਹੁੰਦੀ ਜਦ ਕਿ ਕੁਝ ਚੰਗੇਰੇ ਅਤੇ ਬਿਹਤਰੀ ਲਈ ਕੀਤੀ ਜਾ ਰਹੀ ਉਡੀਕ ਹਮੇਸ਼ਾ ਹੀ ਅਰਥ ਭਰਪੂਰ ਅਤੇ ਸਾਰਥਕ ਹੁੰਦੀ।
ਕੁਝ ਵਧੀਆ ਅਤੇ ਵਡੇਰਾ ਅਰਥਾਂ ਵਾਲਾ ਕਾਰਜ ਕਰਨ ਲਈ ਜ਼ਿੰਦਗੀ ਭਰ ਸਿਰਫ ਉਡੀਕ ਕਰਨ ਨਾਲ ਕੁਝ ਵੀ ਪੱਲੇ ਨਹੀਂ ਪੈਣਾ। ਸਗੋਂ ਬੇਲੋੜੀ ਉਡੀਕ ਕਰਨ ਦੀ ਥਾਂ ਹੁਣ ਤੋਂ ਹੀ ਦਲਿੱਦਰ ਦੂਰ ਕਰ, ਹਿੰਮਤੀ ਕਦਮ ਉਠਾਓ, ਮੰਜ਼ਿਲਾਂ ਤੁਹਾਡੇ ਧੰਨਭਾਗ ਦਾ ਬਿੰਬ ਬਣਨਗੀਆਂ।
ਸਹੀ ਮੌਕਿਆਂ ਦੀ ਉਡੀਕ ਵਿਚ ਜੀਵਨ ਨੂੰ ਵਿਅਰਥ ਗਵਾਉਣ ਵਾਲੇ ਗੰਵਾਰ ਲੋਕ, ਪਰ ਸਹੀ ਮੌਕਿਆਂ ਨੂੰ ਪੈਦਾ ਕਰਨ ਵਾਲੇ ਲੋਕ ਉਡੀਕ ਨੂੰ ਵੀ ਉਡੀਕ ਕਰਵਾਉਂਦੇ ਅਤੇ ਹਾਰ ਕੇ ਉਡੀਕ ਵਾਪਸ ਹੀ ਪਰਤ ਜਾਂਦੀ। ਹਿੰਮਤ ਸਾਹਵੇਂ ਕੌਣ ਅਤੇ ਕਿਸ ਲਈ ਉਡੀਕ ਕਰੇ।
ਕਾਰਜ ਵਿਚ ਰੁੱਝੇ ਅਤੇ ਉਡੀਕ ਨੂੰ ਭੁਲਾ ਕੇ, ਧੀਰਜ ਰੱਖਣ ਵਾਲੇ ਆਖਰ ਨੂੰ ਮਨ ਮੰਗੀਆਂ ਮੁਰਾਦਾਂ ਪਾ ਹੀ ਲੈਂਦੇ। ਕਾਹਲੇਪਣ ਵਿਚ ਸਿਰਫ ਗਵਾਉਣ ਲਈ ਹੁੰਦਾ, ਪਾਉਣ ਲਈ ਕੁਝ ਨਹੀਂ ਬਚਦਾ।
ਉਡੀਕ
ਜਦ ਤਾਰਿਆਂ ਦੀਆਂ ਖਿੱਤੀਆਂ
ਗਿਣਨ ਵਿਚ ਰੁੱਝ ਜਾਵੇ,
ਕੰਧਾਂ ‘ਤੇ ਮਾਰੀਆਂ ਲਕੀਰਾਂ ਦੀ
ਉਲਝਣ ਵਿਚ ਉਲਝ ਜਾਵੇ
ਚੁੱਲੇ ਮੂਹਰੇ ਬੈਠਿਆਂ ਧੂੰਏਂ ਦੇ
ਪੱਜ ਰੋਣ ਨੂੰ ਜੀਅ ਕਰੇ
ਤਾਂ ਦਿਲ ਦੀ ਵੇਦਨਾ ਕੌਣ ਕਿਸ ਦੇ ਨਾਮ ਕਰੇ।
ਜਦ
ਵਾਅ ਦਾ ਬੁੱਲਾ ਵੀ ਹੁੰਗਾਰਾ ਨਾ ਭਰੇ
ਰਾਤ ਦੀ ਚੁੱਪ ਤੜਫਦੀ ਹੀ ਮਰੇ
ਅਤੇ ਦੀਦਿਆਂ ਵਿਚ ਖਾਰਾ ਸਾਗਰ ਤਰੇ
ਤਾਂ ਕਿਹੜਾ ਮੋਢਾ ਗਮ-ਗਾਥਾ ਦਾ ਦਰਦ ਹਰੇ।
ਜਦ
ਕਾਗਜ਼ ਦੀ ਡਿਗਰੀ ਅੱਥਰੂ ਤੇ ਹੌਕਿਆਂ ਨੂੰ
ਖਾਲੀ ਪੇਟ ਦੇ ਨਾਮ ਕਰੇ
ਅੰਨ ਦੇ ਅੰਬਾਰ ਉਸਾਰਨ ਵਾਲਾ ਹੀ ਭੁੱਖਾ ਮਰੇ
ਮੌਤ-ਮੁਹਾਣ ਨੂੰ ਮੋੜਨ ਵਾਲਾ
ਖੁਦਕੁਸ਼ੀ ਦੇ ਰਾਹੀਂ ਤੁਰੇ
ਪਰ ਕੋਈ ਵੀ ਨਾ ਉਸ ਦੀ
ਖੁਦਕੁਸ਼ੀ ‘ਤੇ ਹਉਕਾ ਭਰੇ।
ਜਦ
ਬੁੱਢੇ ਮਾਪਿਆਂ ਦੀ ਉਡੀਕ
ਸਰਦਲਾਂ ‘ਚ ਔਂਸੀਆਂ ਭਰੇ
ਘਰ ਦੀ ਹਰ ਨੁੱਕਰੇ
ਮਾਤਮੀ ਚੁੱਪ ਦਾ ਆਲਮ ਤਰੇ
ਖਾਲੀ ਕਮਰਾ ਵੀ ਹੁੰਗਾਰਾ ਭਰਨ ਤੋਂ ਡਰੇ
ਬੱਚਿਆਂ ਦੀਆਂ ਕਾਪੀਆਂ ਦਾ ਤੱਕਣਾ
ਪੂਰਨਿਆਂ ‘ਚ ਰੋਣਾ ਧਰੇ
ਯਾਦਾਂ ਦੀ ਮਮਟੀ ‘ਤੇ ਚਿਰਾਗ ਹਟਕੋਰਾ ਭਰੇ
ਤਾਂ ਕੌਣ ਦੂਰ ਤੁਰ ਗਿਆਂ ਨੂੰ
ਵਾਪਸ ਪਰਤਣ ਦੀ ਅਰਜੋਈ ਕਰੇ।
ਜਦ
ਕਲਮ ਨੂੰ ਆਹਾਂ ਦੀ ਸਿਆਹੀ ਮਿਲੇ
ਵਰਕਿਆਂ ਦੀ ਇਬਾਰਤ ਹੰਝੂਆਂ ਦੀ ਨੈਂਅ ਤਰੇ
ਅਤੇ ਹਰ ਹਰਫ ਹਰਦਮ ਰੋਣ-ਰੋਣ ਕਰੇ
ਤਾਂ ਕੌਣ ਉਨ੍ਹਾਂ ਦੀਆਂ ਗਰਾਲਾਂ ਨੂੰ
ਤਹਿਰੀਕ ‘ਚੋਂ ਮਨਫੀ ਕਰੇ।
ਜਦ
ਹਰ ਵੇਲੇ ਉਡੀਕ ਵਿਚੋਂ ਹੀ
ਉਡੀਕ ਦਰ ਉਡੀਕ ਆਪਣਾ ਮੁਹਾਂਦਰਾ ਸਿਰਜਦੀ ਰਹੇ
ਤਾਂ ਉਡੀਕ ‘ਚੋਂ ਭਲੇ ਵਕਤਾਂ ਦੀ
ਆਸ ਅਣਿਆਈ ਮੌਤ ਮਰੇ
ਤਦ ਅਜਿਹੇ ਮੌਕਿਆਂ ‘ਤੇ
ਸੂਹੀ, ਸੰਗਰਾਮੀ, ਸਿਰੜੀ
ਅਤੇ ਸੰਤੁਲਿਤ ਸੋਚ ਦਾ ਦੀਵਾ
ਜੀਵਨ ਓਟੇ ‘ਤੇ ਮਨ-ਮਜਬੂਤੀ ਦਾ ਚਾਨਣ ਕਰੇ
ਤਾਂ ਜੀਵਨ ਦਾ ਅੰਧਕਾਰ
ਖੁਦ ਹੀ ਆਪਣੀ ਮੌਤੇ ਮਰੇ
ਫਿਰ ਸਾਹ-ਸੂਤਵੀਂ ਫਿਜ਼ਾ ਵਿਚ
ਜਿਉਣ-ਨਾਦ ਚਰੇ
ਜੋ ਯੁੱਗ-ਜਿਉਣ ਦੀਆਂ ਗੱਲਾਂ ਕਰੇ
ਅਤੇ
ਜੀਵਨ-ਜੋਤ ਨੂੰ ਹਰ ਸਾਹੇ ਹੀ
ਹੋਰ ਉਜਵਲ ਕਰੇ।
ਅਜਿਹੀ ਉਡੀਕ ਵਿਚੋਂ ਉਪਜੀ ਨਰੋਈ ਨਵੀਨਤਮ ਆਸ ਦਾ ਹਰ ਕੋਈ ਪਾਣੀ ਭਰੇ ਅਤੇ ਜਿਉਣ-ਅਦਬ ਨੂੰ ਜੀਵਨ ਦਾ ਸੱਚ ਕਰੇ।
ਰਾਤ ਦੀ ਉਡੀਕ ਵਿਚ ਹਮੇਸ਼ਾ ਸਰਘੀ ਦੀ ਆਸ। ਸਰਗੀ ਦੀ ਕੁੱਖ ਵਿਚ ਤਿੱਖੜ ਦੁਪਹਿਰਾ ਅਤੇ ਦੁਪਹਿਰ ਨੂੰ ਢਲਦੀ ਸ਼ਾਮ ਦਾ ਅਹਿਸਾਸ। ਢਲਦੀ ਸ਼ਾਮ ਹੀ ਰਾਤ ਦਾ ਅਚੇਤ ਸੁਨੇਹਾ। ਹਰ ਵਕਤ ਨੂੰ ਸੁਹੰਢਣੇ ਅਤੇ ਸਾਰਥਕ ਤਰੀਕੇ ਨਾਲ ਜਿਉਣ ਦੀ ਕਲਾ ਆ ਜਾ ਜਾਵੇ ਤਾਂ ਢਲਦੀ ਸ਼ਾਮ ਜਾਂ ਉਤਰਦੀ ਰਾਤ ਦਾ ਡਰ ਮਨ ਵਿਚ ਪੈਦਾ ਨਹੀਂ ਹੁੰਦਾ। ਇਕ ਆਸ-ਉਡੀਕ ਤੁਹਾਡੀ ਮਨ-ਮਮਟੀ ‘ਤੇ ਹਮੇਸ਼ਾ ਜਗਦੀ ਰਹਿੰਦੀ।
ਕਿਸੇ ਕ੍ਰਿਸ਼ਮੇ ਦੀ ਆਸ ਵਿਚ ਜੀਵਨ ਨੂੰ ਵਿਅਰਥ ਨਾ ਗਵਾਓ। ਯਾਦ ਰੱਖਣਾ! ਜ਼ਿੰਦਗੀ ਇਕ ਕ੍ਰਿਸ਼ਮਾ। ਇਸ ਨਾਲ ਹੋਰ ਕ੍ਰਿਸ਼ਮਿਆਂ ਨੂੰ ਸਿਰਜਣ ਦੀ ਮਨੁੱਖ ਵਿਚ ਸਮਰੱਥਾ ਅਤੇ ਸੰਭਾਵਨਾ। ਕ੍ਰਿਸ਼ਮੇ ਅਕਸਰ ਹੀ ਮਹਾਨ ਮਨੁੱਖ ਸਿਰਜਦੇ।
ਉਮਰ ਭਰ ਬੇਅਰਥੀ ਉਡੀਕ ਕਰਨ ਨਾਲੋਂ ਪਲ ਭਰ ਲਈ ਕੁਝ ਅਜਿਹਾ ਕਰ ਜਾਓ ਕਿ ਉਡੀਕ ਨੂੰ ਸ਼ਰਮਸ਼ਾਰ ਹੋਣਾ ਪਵੇ ਅਤੇ ਉਹ ਤੁਹਾਡੀਆਂ ਬਰੂਹਾਂ ਵਿਚ ਜਾਚਨਾ ਕਰਦੀ ਫਿਰੇ।
ਉਡੀਕ ਵਿਚਲਾ ਆਪਣਾਪਨ, ਅਪਣੱਤ, ਅਦਾਇਗੀ, ਅਰਾਧਨਾ, ਆਸਥਾ, ਆਸ ਅਤੇ ਆਤਮਿਕਤਾ ਜਦ ਅੰਤਰੀਵ ਨੂੰ ਅਪਨਾਉਂਦੇ ਤਾਂ ਮਨੁੱਖ ਲਈ ਇਨਸਾਨੀਅਤ ਦੇ ਦਰ ਖੁਲ੍ਹ ਜਾਂਦੇ। ਇਹ ਦਰ ਤੁਹਾਡੀ ਹੀ ਉਡੀਕ ਕਰ ਰਹੇ ਨੇ।
ਅਜਿਹੀ ਉਡੀਕ ਨੂੰ ਨਿਰਾਸ਼ ਤਾਂ ਨਹੀਂ ਕੀਤਾ ਜਾ ਸਕਦਾ।