ਲੋਕ ਸਭਾ ਚੋਣਾਂ ਬੁਨਿਆਦੀ ਮੁੱਦਿਆਂ ਤੋਂ ਸੱਖਣੀਆਂ

ਸੁਕੰਨਿਆ ਭਾਰਦਵਾਜ
ਭਾਰਤ ਦੀ ਪਾਰਲੀਮੈਂਟ ਦੀਆਂ ਚੋਣਾਂ ਇਸ ਤੋਂ ਪਹਿਲਾਂ ਇਨ੍ਹਾਂ ਚੋਣਾਂ ਵਿਚ ਇੰਨੀ ਦਿਲਚਸਪੀ ਨਹੀਂ ਸੀ ਲੈਂਦੀ, ਜਿੰਨੀ ਇਸ ਵਾਰ ਲੈ ਰਹੀ ਹੈ। ਇਸ ਮੁੱਦਾ ਵਿਹੂਣੀ ਚੋਣ ਪ੍ਰਕ੍ਰਿਆ ਵਿਚ ਲੋਕਾਂ ਦਾ ਇੰਨੀ ਸਰਗਰਮੀ ਨਾਲ ਹਿੱਸਾ ਲੈਣਾ ਹੈਰਾਨੀਜਨਕ ਤੇ ਚਰਚਾ ਦਾ ਵਿਸ਼ਾ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਤਾਕਤ ਵਿਚ ਆਉਣ ਲਈ ਕੀਤੇ ਵਾਅਦਿਆਂ-ਕਾਲੇ ਧਨ ਦੀ ਵਾਪਸੀ, ਹਰ ਸਾਲ ਦੋ ਕਰੋੜ ਨੌਕਰੀਆਂ, ਹਰ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ਆਉਣ ਵਰਗੇ ਲੁਭਾਉਣੇ ਵਾਇਦੇ ਸਚਮੁੱਚ ਹੀ ਚੋਣ ਜੁਮਲੇ ਸਾਬਤ ਹੋਏ। ਨੋਟਬੰਦੀ, ਜੀ. ਐਸ਼ ਟੀ., ਕਾਲਾ ਧਨ, ਔਰਤ ਸਸ਼ਕਤੀਕਰਣ, ਭ੍ਰਿਸ਼ਟਾਚਾਰ, ਬੇਰੁਜਗਾਰੀ, ਮਹਿੰਗਾਈ ਵਰਗੇ ਮੁੱਦਿਆਂ ਦਾ ਭਾਜਪਾ ਅੱਜ ਚੋਣ ਪ੍ਰਚਾਰ ਵਿਚ ਜ਼ਿਕਰ ਵੀ ਨਹੀਂ ਕਰ ਰਹੀ। ਉਲਟਾ ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਮਾਰੇ ਗਏ 44 ਨੌਜਵਾਨਾਂ ਨੂੰ ਚੋਣ ਪ੍ਰਕਿਆ ਵਿਚ ਪ੍ਰਮੁਖਤਾ ਨਾਲ ਪ੍ਰਚਾਰ ਕੇ ਰਾਜਸੀ ਲਾਹਾ ਲੈਣ ਦੇ ਯਤਨਾਂ ਵਿਚ ਹੈ। ਹੋਰ ਤਾਂ ਹੋਰ ਫੌਜ ਦੇ ਰੂਟੀਨ ਦੇ ਸਰਜੀਕਲ ਸਟਰਾਈਕ ਵਰਗੇ ਵਰਤਾਰਿਆਂ ਨੂੰ ਆਪਣੇ ਖਾਤੇ ਵਿਚ ਪਾ ਕੇ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ, ਕਿਸਾਨ ਖੁਦਕੁਸ਼ੀਆਂ, ਸਿਹਤ, ਸਿੱਖਿਆ ਵਰਗੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਕੇ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਵੱਡੀ ਰਖਿਅਕ ਦੱਸਣ ਤੋਂ ਵੀ ਗੁਰੇਜ ਨਹੀਂ ਕਰ ਰਹੀ। 2014 ਦੇ ਵਾਅਦਿਆਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਹੁਣ ਇਸ ਵਾਰੀ ਰਾਸ਼ਟਰਵਾਦੀ, ਫਿਰਕੂ, ਹਿੰਦੂਵਾਦੀ ਪੱਤਾ ਖੇਡ ਕੇ ਬਹੁਗਿਣਤੀ ਹਿੰਦੂਆਂ ਦਾ ਭਰੋਸਾ ਹਾਸਲ ਕਰਨ ਲਈ ਯਤਨਸ਼ੀਲ ਹੈ।
ਨਾ ਕੇਵਲ ਭਾਜਪਾ ਸਗੋਂ ਚੋਣ ਪ੍ਰਕ੍ਰਿਆ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਹੀ ਲੋਕ ਮੁੱਦਿਆਂ ਨੂੰ ਵਿਸਾਰ ਹੀ ਚੁਕੀਆਂ ਹਨ। ਦੇਸ਼ ਵਿਚ ਬੇਭਰੋਸਗੀ ਦਾ ਆਲਮ ਹੈ। ਇਹੋ ਕਾਰਨ ਹੈ ਕਿ ਲੋਕ ਭਾਵੇਂ ਛੋਟੇ ਛੋਟੇ ਟੁਕੜਿਆਂ ਵਿਚ ਹੀ ਆਪੋ ਆਪਣੇ ਵਰਗ ਦੀ ਨੁਮਾਇੰਦਗੀ ਕਰਨ ਹਿਤ ਇਸ ਮਹਿੰਗੀ ਤੇ ਜਟਿਲ ਚੋਣ ਪ੍ਰਕ੍ਰਿਆ ਵਿਚ ਆਪਣੇ ਆਪ ਨੂੰ ਝੋਕ ਰਹੇ ਹਨ। ਕਿਤੇ ਨਾ ਕਿਤੇ ਉਨ੍ਹਾਂ ਨੂੰ ਲਗਦਾ ਹੈ ਕਿ ਸੰਸਦੀ ਪ੍ਰਕ੍ਰਿਆ ਹੀ ਉਨ੍ਹਾਂ ਦੇ ਦੁਖਾਂ ਦਾ ਹੱਲ ਹੈ। ਇਸੇ ਕੜੀ ਵਿਚ ਨਾਗਪੁਰ ਤੋਂ 111 ਕਿਸਾਨਾਂ ਨੇ ਆਪਣੀ ਅਵਾਜ਼ ਕੇਂਦਰ ਤਕ ਪਹੁੰਚਾਉਣ ਲਈ ਆਪਣੇ ਕਾਗਜ਼ ਭਰੇ। ਬੀ. ਐਸ਼ ਐਫ਼ ਦਾ ਬਰਖਾਸਤ ਚਰਚਿਤ ਜੁਆਨ ਤੇਗ ਬਹਾਦਰ ਸਿੰਘ ਹਰਿਆਣਾ ਤੋਂ ਬਨਾਰਸ ਪਹੁੰਚ ਗਿਆ, ਉਥੋਂ ਦੇ ਚੋਣ ਅਖਾੜੇ ਵਿਚ ‘ਚੌਕੀਦਾਰ’ ਨੂੰ ਸ਼ਿਕਸਤ ਦੇਣ ਲਈ, ਤਾਂ ਜੋ ਅਸਲੀ-ਨਕਲੀ ਚੌਕੀਦਾਰ ਦਾ ਨਿਤਾਰਾ ਕੀਤਾ ਜਾਵੇ। ਉਸ ਨੇ ਭਾਵੇਂ ਅਜ਼ਾਦ ਤੌਰ ‘ਤੇ ਚੋਣ ਮੈਦਾਨ ਵਿਚ ਨਿਤਰਨ ਦਾ ਫੈਸਲਾ ਕੀਤਾ ਸੀ, ਪਰ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਆਪਣੇ ਅਧਿਕਾਰਤ ਉਮੀਦਵਾਰ ਨੂੰ ਹਟਾ ਕੇ ਉਸ ਦੇ ਕਾਗਜ਼ ਭਰਾਏ ਪਰ ਸਾਡੀ ਭ੍ਰਿਸ਼ਟ ਗੰਧਲੀ ਰਾਜਨੀਤੀ ਨੇ ਉਸ ਦੀ ਉਮੀਦਵਾਰੀ ਦੋਹਾਂ ਪਾਸਿਆਂ ਤੋਂ ਰੱਦ ਕਰਾ ਦਿੱਤੀ। ਹੁਣ ਉਹ ਸਮਾਜਵਾਦੀ-ਬਸਪਾ ਗਠਬੰਧਨ ਦੇ ਉਮੀਦਵਾਰ ਦੀ ਮਦਦ ਲਈ ਆਪਣੇ ਸਾਥੀਆਂ ਸਣੇ ਡਟ ਗਿਆ ਹੈ। ਉਸ ਨੇ ਇਸ ਧੱਕੇਸ਼ਾਹੀ ਲਈ ਕੋਰਟ ਵਿਚ ਵੀ ਅਪੀਲ ਕੀਤੀ ਹੈ।
ਬੇਗੂਸਰਾਏ (ਬਿਹਾਰ) ਤੋਂ ਜੇ. ਐਨ. ਯੂ. ਦੇ ਸਾਬਕਾ ਵਿਦਿਆਰਥੀ ਆਗੂ ਘਨੱਈਆ ਕੁਮਾਰ ਆਪਣੇ ਨਾਲ ਹੋਈ ਜਿਆਦਤੀ ਦਾ ਬਦਲਾ ਲੈਣ ਲਈ ਸੀ. ਪੀ. ਆਈ. ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਡਟ ਗਿਆ ਹੈ। ਆਪਣੀਆਂ ਧੂੰਆਂਧਾਰ ਤਕਰੀਰਾਂ ਨਾਲ ਉਸ ਨੇ ਆਪਣੇ ਵਿਰੋਧੀਆਂ ਨੂੰ ਵਖਤ ਪਾਇਆ ਹੋਇਆ ਹੈ ਤੇ ਉਸ ਨੂੰ ਬੇਗੂਸਰਾਏ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਇਸੇ ਤਰ੍ਹਾਂ ਪੰਜਾਬ ਦੇ ਬਠਿੰਡਾ ਸੰਸਦੀ ਹਲਕੇ ਤੋਂ ਰਵਾਇਤੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਟੱਕਰ ਦੇਣ ਲਈ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਦੋ ਵਿਧਵਾਵਾਂ ਵੀਰਪਾਲ ਕੌਰ ਰੱਲਾ (40) ਤੇ ਕਵਰਿੰਗ ਮਨਜੀਤ ਕੌਰ ਖਿਆਲਾ (52) ਚੋਣ ਮੈਦਾਨ ਵਿਚ ਹਨ। ਇਹ ਬੀਬੀਆਂ ‘ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ’ ਵਲੋਂ ਚੋਣ ਮੈਦਾਨ ਵਿਚ ਹਨ। ਪੰਜਾਬ ਵਿਚ ਤੀਜੀ ਧਿਰ (ਸਾਬਕਾ ਵਿਰੋਧੀ ਧਿਰ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਾਥੀਆਂ ਦੀ ਦੂਜੀ ਧਿਰ) ਲਈ ਸਿਆਸੀ ਜ਼ਮੀਨ ਤਲਾਸ਼ਣ ਲਈ ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ ਪਟਿਆਲਾ, ਸਿਮਰਨਜੀਤ ਸਿੰਘ ਬੈਂਸ ਲੁਧਿਆਣਾ, ਜੱਸੀ ਜਸਰਾਜ ਸਿੰਘ ਸੰਗਰੂਰ, ਮਾਸਟਰ ਬਲਦੇਵ ਸਿੰਘ ਫਿਰੋਜਪੁਰ ਵੀ ਚੋਣ ਮੈਦਾਨ ਵਿਚ ਹਨ। ਭਾਵੇਂ ਸੂਬੇ ਦੀ ਜਨਤਾ ਤੇ ਐਨ. ਆਰ. ਆਈ. ਇਸ ਵਾਰੀ ਤੀਜੀ ਧਿਰ ਪ੍ਰਤੀ ਬਹੁਤੇ ਉਤਸ਼ਾਹਿਤ ਨਹੀਂ ਹਨ। ਦੇਸ਼ ਦੇ ਪੂਰੇ ਚੋਣ ਵਰਤਾਰੇ ਵਿਚ ਪੀੜਤਾਂ ਵਲੋਂ ਇਸ ਸੰਸਦੀ ਚੋਣ ਨੂੰ ਰਵਾਇਤੀ ਸਿਆਸੀ ਪਾਰਟੀਆਂ ਤੇ ਟੇਕ ਛੱਡ ਕੇ ਆਪਣੀ ਦਾਸਤਾਨ ਨੂੰ ਲੋਕਾਂ ਤੇ ਸਰਕਾਰਾਂ ਤਕ ਪਹੁੰਚਾਉਣ ਲਈ ਇੱਕ ਪਲੇਟਫਾਰਮ ਦੇ ਤੌਰ ‘ਤੇ ਵਰਤਿਆ ਗਿਆ ਹੈ। ਉਨ੍ਹਾਂ ਵਲੋਂ ਇਹ ਰਾਜ ਕਰਦੀਆਂ ਪਾਰਟੀਆਂ ਤੇ ਆਪਣੀ ਕਿਸਮ ਦਾ ਇਕ ਨਿਵੇਕਲਾ ਬੇਭਰੋਸਗੀ ਦਾ ਝਲਕਾਰਾ ਹੈ। ਦੇਸ ਵਾਸੀਆਂ ਨੂੰ ਇਨ੍ਹਾਂ ਦੇ ਚੋਣ ਵਾਅਦਿਆਂ ‘ਤੇ ਯਕੀਨ ਨਹੀਂ ਰਿਹਾ। ਇਹੋ ਕਾਰਨ ਹੈ ਕਿ ਲੋਕ ਪਾਰਟੀਆਂ ਦੇ ਝੋਲੀ ਚੁੱਕ ਬਣਨ ਦੀ ਥਾਂ ਉਕਤ ਢੰਗ ਤਰੀਕੇ ਅਪਨਾ ਰਹੇ ਹਨ। ਉਨ੍ਹਾਂ ਲਈ ਜਿੱਤ ਹਾਰ ਕੋਈ ਮਾਅਨੇ ਨਹੀਂ ਰੱਖਦੀ।
ਸੋਸ਼ਲ ਮੀਡੀਏ ‘ਤੇ ਨਸ਼ਰ ਖਬਰਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਸਿਆਸੀ ਲੋਕਾਂ ਉਤੇ ਬੇਯਕੀਨੀ ਦਾ ਇੱਕ ਹੋਰ ਵਰਤਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿਚ ਲੋਕ ਆਪਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਸਿਆਸੀ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦਾ ਬਾਈਕਾਟ ਕਰ ਰਹੇ ਹਨ। ਨਾਭਾ (ਪਟਿਆਲਾ) ਦੀਆਂ ਹੀਰਾ ਕਾਲੋਨੀ, ਟੀਚਰ ਤੇ ਵਿਕਾਸ ਕਾਲੋਨੀ ਦੇ ਬਾਸ਼ਿੰਦਿਆਂ ਨੇ ਕਾਲੋਨੀਆਂ ਦੇ ਬਾਹਰ ਬਾਕਾਇਦਾ ਬੈਨਰ ਲਾ ਕੇ ਸਾਰੀਆਂ ਚੋਣ ਲੜ ਰਹੀਆਂ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਕਾਲੋਨੀਆਂ ਦੇ ਵਿਕਾਸ ਲਈ ਆਏ ਫੰਡਾਂ ਨੂੰ ਇਹ ਮਿਲ ਮਿਲਾ ਕੇ ਛਕ ਜਾਂਦੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਰਹਿੰਦੀਆਂ ਨੇ।
ਇਸੇ ਤਰ੍ਹਾਂ ਬਰਨਾਲਾ ਜਿਲੇ ਦੇ ਪਿੰਡ ਝਾੜੋਂ ਦੇ ਟੈਟ ਪਾਸ ਨੌਜਵਾਨਾਂ ਨੇ ਵੀ ਕਾਂਗਰਸ ਉਮੀਦਵਾਰ ਦਾ ਲਿਖਤੀ ਬੈਨਰ ਲਾ ਕੇ ਬਾਈਕਾਟ ਕੀਤਾ ਹੈ ਕਿ ਉਨ੍ਹਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਲੋਕਾਂ ਵਿਚ ਨੇਤਾਵਾਂ ਨੂੰ ਆਪਣੀਆਂ ਮੰਗਾਂ ਸਬੰਧੀ ਸੁਆਲ ਕਰਨ ਦਾ ਵੀ ਰੁਝਾਨ ਵਧਿਆ ਹੈ। ਸੰਗਰੂਰ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਬਠਿੰਡਾ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਸਿਮਰਤ ਕੌਰ ਬਾਦਲ, ਭਗਵੰਤ ਮਾਨ ਸੰਗਰੂਰ ਵਲੋਂ ਪ੍ਰਸ਼ਨ ਕਰਤਾ ਨਾਲ ਦੁਰਵਿਹਾਰ ਕਰਨ ਤੇ ਥੱਪੜ ਮਾਰਨ ਵਰਗੀਆਂ ਘਟਨਾਵਾਂ ਵਾਪਰ ਚੁਕੀਆਂ ਹਨ। ਜਦੋਂ ਕਿ ਪਿਛਲੇ ਸਮਿਆਂ ਵਿਚ ਵੋਟਾਂ ਮੰਗਣ ਵਾਲੇ ਇਹ ਨੇਤਾ ਵਕਤੀ ਤੌਰ ‘ਤੇ ਹੀ ਸਹੀ ਵੋਟਰ ਨੂੰ ਭਗਵਾਨ ਦਾ ਦਰਜਾ ਦਿੰਦੇ ਸਨ। ਵਾਅਦੇ ਪੂਰੇ ਨਾ ਕਰ ਸਕਣ ‘ਤੇ ਨਿਮਰਤਾ ਨਾਲ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕਰਕੇ ਵੋਟਰ ਨੂੰ ਭਰਮਾ ਲੈਂਦੇ ਸਨ। ਅੱਜ ਉਕਤ ਕਿਸਮ ਦੀਆਂ ਭੜਕਾਊ ਤੇ ਦਾਦਾਗਿਰੀ ਵਾਲੀਆਂ ਘਟਨਾਵਾਂ ਚੋਣ ਮੈਦਾਨ ਵਿਚ ਉਤਰੀਆਂ ਪਾਰਟੀਆਂ, ਸਰਕਾਰਾਂ, ਵੋਟਰ ਤੇ ਖੁਦ ਜਮਹੂਰੀਅਤ ਲਈ ਵੱਡਾ ਖਤਰਾ ਹਨ।
ਦੂਜੇ ਪਾਸੇ ਚੋਣ ਲੜ ਰਹੀਆਂ ਧਿਰਾਂ ਦੀ ਹਾਲਤ ਪੰਜਾਬ ਵਿਚ ਵੀ ਦੇਸ਼ ਪੱਧਰ ਤੋਂ ਵੱਖਰੀ ਨਹੀਂ। ਉਹ ਵੀ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਤਿਲਾਂਜਲੀ ਦੇ ਕੇ ਧਾਰਮਿਕ ਮੁੱਦਿਆਂ ਤੇ ਵਿਰੋਧੀਆਂ ਨੂੰ ਭੰਡ ਕੇ ਹੀ ਆਪਣਾ ਕੰਮ ਕੱਢਣ ਨੂੰ ਤਰਜੀਹ ਦੇ ਰਹੀਆਂ ਨੇ। ਕਾਂਗਰਸ ਸਰਕਾਰ ਨੂੰ ਲਗਦਾ ਹੈ ਕਿ ਬਰਗਾੜੀ ਬੇਅਦਬੀ ਕਾਂਡ ‘ਤੇ ਬਾਦਲਕਿਆਂ ਨੂੰ ਭਜਾ ਕੇ ਉਸ ਨੇ ਮੈਦਾਨ ਮਾਰ ਲਿਆ ਹੈ। ਉਸ ਨੂੰ ਦੋ ਸਾਲ ਪਹਿਲਾਂ ਦੇ ਵਿਧਾਨ ਸਭਾ ਚੋਣ ਵੇਲੇ ਕੀਤੇ ਵਾਅਦੇ ਪੂਰਾ ਨਾ ਕਰਨ ਦਾ ਜਰਾ ਵੀ ਮਲਾਲ ਨਹੀਂ। ਇਨ੍ਹਾਂ ਚੋਣਾਂ ਵਿਚ ਗੁਟਕਾ ਸਾਹਿਬ ਦੀ ਸੌਂਹ ਨਾਲ ਕੀਤੇ ਮੁਖ ਵਾਅਦੇ ਨਸ਼ਾ, ਕਿਸਾਨ-ਮਜ਼ਦੂਰ-ਜਵਾਨ ਖੁਦਕਸ਼ੀਆਂ, ਬੇਰੁਜਗਾਰੀ ਆਦਿ ਇਨ੍ਹਾਂ ਦੀਆਂ ਚੋਣ ਰੈਲੀਆਂ ਵਿਚੋਂ ਗਾਇਬ ਹਨ। ਮੌਸਮੀ ਚੋਣ ਵਾਅਦਿਆਂ ਚੰਡੀਗੜ੍ਹ, ਪਾਣੀਆਂ, ਭਾਸ਼ਾ, ਪੰਜਾਬੀ ਬੋਲਦੇ ਇਲਾਕੇ, ਸਤਲੁਜ ਯਮੁਨਾ ਲਿੰਕ ਨਹਿਰ ਆਦਿ ਨੂੰ ਤਾਂ ਹਵਾ ਵੀ ਨਹੀਂ ਲਾਈ ਗਈ। ਉਹ ਸੂਬੇ ਦੀਆਂ 13 ਸੀਟਾਂ ਨੂੰ ਆਪਣੀ ਜੇਬ ਵਿਚ ਮੰਨ ਕੇ ਚਲ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਲੋਕਾਂ ਕੋਲ ਕਾਂਗਰਸ ਦਾ ਕੋਈ ਬਦਲ ਨਹੀਂ। ਉਧਰ ਬਿਨਾ ਕਿਸੇ ਨਤੀਜੇ ‘ਤੇ ਪਹੁੰਚਿਆਂ ਮੋਰਚਾ ਚੁਕ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਬਰਗਾੜੀ ਮੋਰਚੇ ਦੀ ਆਗੂ ਧਿਰ ਵਲੋਂ ਮੁੜ ਮੋਰਚੇ ਦੇ ਨਾਂ ਉਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਰੋਸ ਮਾਰਚ ਕੱਢਿਆ ਗਿਆ ਹੈ, ਜਿਸ ਨੂੰ ਉਸ ਨੇ ਮੋਰਚੇ ਦਾ ਦੂਜਾ ਪੜਾਅ ਗਰਦਾਨਦਿਆਂ ਲੋਕਾਂ ਨੂੰ ਫਿਰ ਤੋਂ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਬਾਦਲ ਪਿੰਡ ਜਾ ਕੇ ਇਹ ਮੋਰਚੇ ਵਾਲੇ ਆਪਸ ਵਿਚ ਹੀ ਛਿਤਰੋ ਛਿਤਰੀ ਹੋ ਗਏ, ਜਿਸ ਦੀਆਂ ਵੀਡੀਓ ਅੱਜ ਕਲ ਸੋਸ਼ਲ ਮੀਡੀਏ ਉਤੇ ਘੁੰਮ ਰਹੀਆਂ ਹਨ।
ਬਾਦਲ ਹੋਰੀਂ ਵੀ ਆਪਣੇ ਉਤੇ ਲੱਗੇ ਦੋਸ਼ਾਂ ਦੇ ਜੁਆਬ ਦਿੱਤੇ ਬਿਨਾ ਚੋਣ ਮੈਦਾਨ ਵਿਚ ਹਨ। ਉਹ ਆਪਣੀਆਂ ਚੋਣ ਰੈਲੀਆਂ ਵਿਚ ਕਾਂਗਰਸ ਤੇ ਬਰਗਾੜੀ ਬੇਅਦਬੀ ਮੋਰਚਾ ਤੇ ਜੁਆਬੀ ਕਈ ਕਿਸਮ ਦੇ ਦੋਸ਼ ਲਾ ਕੇ ਮੁੜ ਦਲ ਨੂੰ ਸਥਾਪਤ ਕਰਨ ਲਈ ਹੱਥ ਪੈਰ ਮਾਰ ਰਹੇ ਹਨ। ਭਾਜਪਾ ਵਲੋਂ ਮੋਦੀ ਦੇ ਮੁੜ ਆਉਣ ਦੇ ਨਾਂ ‘ਤੇ ਵੋਟ ਮੰਗੀ ਜਾ ਰਹੀ ਹੈ। ਤੀਜੇ ਬਦਲ ਨੂੰ ਨਵਾਂ ਰੂਪ ਦੇਣ ਲਈ ਸੱਤ ਪਾਰਟੀਆਂ ਦੇ ਰਲੇਵੇਂ ਨਾਲ ਬਣੀ ਪੰਜਾਬ ਜਮਹੂਰੀ ਪਾਰਟੀ, ਜਿਸ ਵਿਚ ਟਕਸਾਲੀ ਅਕਾਲੀ ਦਲ, ਬੈਂਸ ਭਰਾ, ਖਹਿਰਾ, ਗਾਂਧੀ, ਬਸਪਾ ਤੇ ਹੋਰ ਸ਼ਾਮਲ ਹਨ, ਦਾ ਵੀ ਬਹੁਤਾ ਵਜੂਦ ਨਹੀਂ ਦਿਖਾਈ ਦੇ ਰਿਹਾ ਤੇ ਨਾ ਹੀ ਕੋਈ ਪੈਂਤੜਾ।
ਅਤਿਵਾਦ ਸਮੇਂ ਪੁਲਿਸ ਵਲੋਂ ਮਾਰੇ ਗਏ ਨੌਜਵਾਨਾਂ ਦੀ ਨਿਸ਼ਾਨਦੇਹੀ ਦੀ ਅਵਾਜ਼ ਉਠਾਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਵਿਧਵਾ ਬੀਬੀ ਪਰਮਜੀਤ ਕੌਰ ਖਾਲੜਾ ਵੀ ਚੋਣ ਮੈਦਾਨ ਵਿਚ ਹਨ, ਜਿਸ ਦੀ ਹਮਾਇਤ ਵਜੋਂ ਪੰਜਾਬ ਜਮਹੂਰੀ ਗੱਠਜੋੜ ਨੇ ਆਪਣੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੂੰ ਚੋਣ ਮੈਦਾਨ ਵਿਚੋਂ ਹਟਾ ਲਿਆ ਹੈ। ਹੋਂਦ ਚਿੱਲੜ (ਹਰਿਆਣਾ) ਸਿੱਖਾਂ ਦੀ ਨਸਲਕੁਸ਼ੀ ਨੂੰ ਉਜਾਗਰ ਕਰਨ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਵਾਲਾ ਮਨਵਿੰਦਰ ਸਿੰਘ ਗਿਆਸਪੁਰਾ ਵੀ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿਚ ਹੈ। ਫਿਲਮੀ ਐਕਟਰਾਂ ਤੇ ਪੰਜਾਬੋਂ ਬਾਹਰਲੇ ਉਮੀਦਵਾਰਾਂ ਨੂੰ ਲਿਆ ਕੇ ਪੰਜਾਬ ਵਾਸੀਆਂ ਦੇ ਹੱਕਾਂ ਨੂੰ ਦਰਕਿਨਾਰ ਕਰਕੇ ਸਿਆਸੀ ਪਾਰਟੀਆਂ ਲੋਕਤੰਤਰ ਦੀ ਖਾਨਾਪੂਰਤੀ ਕਰ ਰਹੀਆਂ ਹਨ।
ਦੇਸ਼ ਪੱਧਰ ‘ਤੇ ਸਾਰੀਆਂ ਮੁਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਸਿਰਕੱਢ ਨੇਤਾਵਾਂ ਨੂੰ ਟਿਕਟਾਂ ਨਾ ਦੇ ਕੇ ਆਪਣੇ ਚਹੇਤਿਆਂ ਨੂੰ ਦਿੱਤੀਆਂ ਹਨ। ਇਹੋ ਕਾਰਨ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਜਸਵੰਤ ਸਿੰਘ, ਅਰੁਣ ਸ਼ੋਰੀ ਜਿਹੇ ਨੇਤਾ ਚੋਣ ਪ੍ਰਕ੍ਰਿਆ ਤੋਂ ਬਾਹਰ ਹਨ।
ਦੇਸ਼ ਦੇ ਸੰਵਿਧਾਨ ‘ਤੇ ਪਹਿਰਾ ਦਿੰਦਿਆਂ ਪਰਜਾਤੰਤਰ ਨੂੰ ਬਣਾਈ ਰੱਖਣ ਦੀ ਜੋ ਜਿੰਮੇਵਾਰੀ ਰਾਜਨੀਤਕ ਪਾਰਟੀਆਂ ਉਤੇ ਹੈ, ਉਹ ਕਿਤੇ ਦਿਖਾਈ ਨਹੀਂ ਦਿੰਦੀ ਜਿਵੇਂ ਇਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਸੱਤਾ ਹਥਿਆਉਣਾ ਹੈ। ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਮੁਖ ਸਿਆਸੀ ਪਾਰਟੀਆਂ ਵਲੋਂ ਨਸ਼ਾ, ਪੈਸਾ, ਨਿੱਜੀ ਕਿਰਦਾਰਕੁਸ਼ੀ, ਬਾਹੂਬਲ ਤੇ ਹਰ ਹਥਕੰਡਾ ਵਰਤਿਆ ਜਾ ਰਿਹਾ ਹੈ। ਨੇਤਾਵਾਂ ਦੇ ਭਾਸ਼ਣਾਂ ਵਿਚੋਂ ਰਾਜਨੀਤਕ ਚੋਣ ਮਰਿਆਦਾ, ਨੈਤਿਕਤਾ, ਜਮਹੂਰੀ ਕਦਰਾਂ ਕੀਮਤਾਂ, ਸੰਵੇਦਨਸ਼ੀਲਤਾ ਤੇ ਜਿੰਮੇਵਾਰੀ ਦੀ ਘਾਟ ਰੜਕਦੀ ਹੈ। ਕਿਸਾਨ ਖੁਦਕੁਸ਼ੀਆਂ, ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀਆਂ ਮੌਤਾਂ, ਰੋਜ਼ਗਾਰ ਦੀ ਭਾਲ ਵਿਚ ਦੂਜੇ ਦੇਸ਼ਾਂ ਵਿਚ ਰੁਲ ਰਹੇ ਨੌਜਵਾਨ, ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਕਿਸੇ ਵੀ ਪਾਰਟੀ ਦਾ ਏਜੰਡਾ ਨਹੀਂ।