ਪ੍ਰਾਈਵੇਸੀ

ਜਤਿੰਦਰ ਕੌਰ ਰੰਧਾਵਾ
ਫੋਨ: 647-982-2390
ਬਾਹਰੋਂ ਕੋਈ ਅਜੀਬ ਜਿਹੀ ਰੌਸ਼ਨੀ ਦਾ ਲਾਲ ਗੋਲਾ ਰਹਿ ਰਹਿ ਕਿ ਮੇਰੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿਚ ਲਿਸ਼ਕੋਰ ਪਾ ਰਿਹਾ ਸੀ ਤੇ ਘਬਰਾਹਟ ਵਿਚ ਮੇਰੀ ਅੱਖ ਖੁੱਲ੍ਹ ਗਈ। ਮਿੱਚਦੀਆਂ ਚੁੰਧਿਆਈਆਂ ਅੱਖਾਂ ਖੋਲ੍ਹ ਸੈਲ ਫੋਨ ਤੋਂ ਟਾਈਮ ਚੈਕ ਕਰਨ ਦੀ ਕੋਸ਼ਿਸ਼ ਕੀਤੀ, ਰਾਤ ਦੇ ਦੋ ਵੱਜਣ ਵਾਲੇ ਸਨ। ‘ਇਹ ਸਭ ਹੋ ਕੀ ਰਿਹਾ ਹੈ?’ ਮੈਂ ਅਣਮੰਨੇ ਮਨ ਨਾਲ ਉਠ ਕੇ ਖਿੜਕੀ ਤੋਂ ਬਾਹਰ ਝਾਕਣ ਲੱਗੀ। ਸਾਹਮਣੇ ਸਟਰੀਟ ‘ਤੇ ਪੁਲਿਸ ਦੀਆਂ ਤਿੰਨ-ਚਾਰ ਗੱਡੀਆਂ ਖੜ੍ਹੀਆਂ ਸਨ,

ਜਿਨ੍ਹਾਂ ਦੇ ਸਿਰਾਂ ‘ਤੇ ਲਾਲ ਲਾਲ ਅੱਗ ਦੇ ਗੋਲਿਆਂ ਵਰਗੀਆਂ ਬੱਤੀਆਂ ਜਿਵੇਂ ਕਾਰ ਦੀ ਪਰਿਕਰਮਾ ਕਰ ਰਹੀਆਂ ਹੋਣ, ਠੰਢੀ ਸਰਦ ਹੱਡ ਚੀਰਵੀਂ ਹਨੇਰੀ ਰਾਤ ਵਿਚ ਬਹੁਤ ਹੀ ਖਤਰਨਾਕ ਡਰਾਉਣਾ ਦ੍ਰਿਸ਼ ਪੈਦਾ ਕਰ ਰਹੀਆਂ ਸਨ। ਬਾਹਰ ਵੇਖ ਕੇ ਇੱਕ ਵਾਰ ਤਾਂ ਮਨ ਦਹਿਲ ਗਿਆ, ਪਰ ਦੂਜੇ ਹੀ ਪਲ ਖਿਆਲ ਉਭਰਿਆ ਕਿ ਐਸਾ ਕੀ ਹੋ ਗਿਆ, ਜੋ ਅੱਧੀ ਰਾਤ ਪੁਲਿਸ ਇੰਜ ਘੇਰਾ ਪਾਈ ਖੜ੍ਹੀ ਹੈ? ‘ਇਨ੍ਹਾਂ ਮੁਲਖਾਂ ‘ਚ ਪੁਲਿਸ ਵੀ ਹਰ ਥਾਂ ਆਹ ਲਾਲ-ਨੀਲੀਆਂ ਜਿਹੀਆਂ ਬੱਤੀਆਂ ਲਾਈ ਝੱਟ ਆ ਖੜ੍ਹਦੀ ਹੈ। ਜਮਦੂਤ ਜਿਹੇ!’ ਮਨ ਹੀ ਮਨ ਮੈਂ ਉਨ੍ਹਾਂ ਨੂੰ ਕੋਸਣ ਲੱਗੀ।
ਏਨੇ ਨੂੰ ਖੜਕਾ ਸੁਣ ਕੇ ਰੀਤ ਵੀ ਮੇਰੇ ਕੋਲ ਆ ਖੜ੍ਹੀ ਹੋਈ। “ਮਾਮ ਕੀ ਹੋਇਆ?” ਉਸ ਦੀਆਂ ਨਜ਼ਰਾਂ ਵੀ ਬਾਹਰ ਨੂੰ ਉਠ ਗਈਆਂ। ਐਂਬੂਲੈਂਸ ਵੀ ਆ ਗਈ ਤੇ ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਵੀ।
ਦੂਜੇ ਪਾਸੇ ਨਵੀ ਚੀਕਣ ਲੱਗੀ, “ਸੌਣ ਵੀ ਨਹੀਂ ਦਿੰਦੇ। ਚੁੱਪ ਕਰੋ, ਹੁਣ ਸੌਂ ਜਾਵੋ, ਮੈਂ ਸਵੇਰੇ ਸਕੂਲ ਵੀ ਜਾਣਾ।”
“ਸ਼ੱਟਅੱਪ ਨਵੀ, ਸਮ ਥਿੰਗ ਹੈਪਨਡ ਆਊਟਸਾਈਡ।” ਰੀਤ ਉਥੇ ਖੜ੍ਹੀ ਖੜ੍ਹੀ ਚੀਕੀ।
ਮੈਂ ਉਨ੍ਹਾਂ ਵੱਲ ਗੁੱਸੇ ਨਾਲ ਵੇਖਿਆ ਤੇ ਪੌੜੀਆਂ ਉਤਰ ਕਿਚਨ ਵਲ ਤੁਰ ਪਈ। ਮੇਰਾ ਗਲਾ ਸੁੱਕ ਰਿਹਾ ਸੀ, ਤੇ ਪਾਣੀ ਦਾ ਗਲਾਸ ਲੈ ਸੋਫੇ ‘ਤੇ ਬੈਠ ਗਈ। ਦਿਲ ਕਰੇ, ਦਰਵਾਜੇ ਦੀ ਝੀਥ ਵਿਚੋਂ ਬਾਹਰ ਹੁੰਦੇ ਘਟਨਾਕ੍ਰਮ ਦਾ ਜਾਇਜ਼ਾ ਲਵਾਂ ਜਾਂ ਪਰਦਾ ਪਰ੍ਹੇ ਕਰਕੇ ਵੇਖਾਂ-ਕੁਝ ਤਾਂ ਪਤਾ ਲੱਗੇ।
ਦੂਜੇ ਹੀ ਪਲ ਇਹ ਖਿਆਲ ਝਟਕ ਦਿੰਨੀ ਹਾਂ, ਬੱਚੇ ਕੀ ਕਹਿਣਗੇ? “ਮਾਮ ਯੂ ਟੂ? ਲਾਈਕ ਟਿਪੀਕਲ ਇੰਡੀਅਨ ਆਂਟੀਜ਼, ਦੂਜਿਆਂ ਦੇ ਘਰਾਂ ਵਲ ਕਿਉਂ ਝਾਕਦੇ ਹੋ। ਮਾਈਂਡ ਯੁਅਰ ਔਨ ਬਿਜਨਸ।”
ਚੰਗਾ ਨਹੀਂ ਲੱਗਦਾ, ਬਾਹਰ ਨਹੀਂ ਝਾਕਣਾ। ਠੰਢ ਬਾਹਲੀ ਹੋਣ ਕਾਰਨ ਦਰਵਾਜਾ ਖੋਲ੍ਹ ਬਾਹਰ ਵੀ ਨਹੀਂ ਸਾਂ ਜਾ ਸਕਦੀ, ਪਰ ਮਨ ਵਿਚ ਧੁੜਕੂ ਲੱਗਾ ਹੋਇਆ ਸੀ, ‘ਐਸਾ ਕੀ ਹੋ ਗਿਆ, ਜੋ ਅੱਧੀ ਰਾਤ ਇੰਨੀਆਂ ਗੱਡੀਆਂ ਸਟਰੀਟ ‘ਤੇ ਖੜ੍ਹੀਆਂ ਹਨ?’
ਸਾਰੀ ਰਾਤ ਨੀਂਦ ਨਾ ਆਈ। ਟਿੱਕ ਟਿੱਕ ਕਰਦੀ ਘੜੀ ਨੇ ਸਵੇਰ ਦੇ ਚਾਰ ਵਜਾ ਦਿੱਤੇ, ਪੁਲਿਸ ਦੀਆਂ ਗੱਡੀਆਂ ਵੀ ਲੱਗਦਾ, ਚਲੀਆਂ ਗਈਆਂ। ਲਿਸ਼ਕੋਰ ਪੈਣੋਂ ਹੱਟ ਗਈ।
“ਪੈ ਜਾਵੋ ਮੰਮਾ ਹੁਣ, ਸਵੇਰ ਕੰਮ ‘ਤੇ ਵੀ ਜਾਣਾ ਹੈ।” ਰੀਤ ਦੀ ਉਪਰੋਂ ਫਿਰ ਅਵਾਜ਼ ਆਈ।
ਨਵੀ ਆਪਣੇ ਕਮਰੇ ਵਿਚ ਸਭ ਕਾਸੇ ਤੋਂ ਬੇਖਬਰ ਘੁਰਾੜੇ ਮਾਰ ਰਹੀ ਸੀ।
ਫਿਰ ਸੋਚਿਆ, ‘ਕੋਈ ਛੋਟੀ ਮੋਟੀ ਪਰਿਵਾਰਕ ਲੜਾਈ ਹੋਣੀ ਹੈ, ਵਾਈਫ ਨੇ 911 ਘੁਮਾ ਦਿੱਤਾ ਹੋਣਾ। ਪਰਸੋਂ ਵੀ ਤਾਂ ਪਿਛਲੀ ਗਲੀ ਵਿਚ ਪੁਲਿਸ ਆਈ ਸੀ। ਕੋਈ ਬਰਥਡੇ ਪਾਰਟੀ ਸੀ ਸ਼ਾਇਦ। ਮੁੰਡੇ-ਕੁੜੀਆਂ ਖੱਪ ਪਾ ਰਹੇ ਸਨ, ਤੇ ਕੋਈ ਲੜਾਈ ਹੋ ਗਈ ਜਾਂ ਗਵਾਂਢੀਆਂ ਨੇ ਸ਼ਿਕਾਇਤ ਕਰ ਦਿੱਤੀ ਹੋਊ। ਰਾਤ ਨੂੰ ਪੁਲਿਸ ਆ ਗਈ, ਪਰ ਛੇਤੀ ਹੀ ਚਲੀ ਗਈ।’ ਇਸੇ ਦੁਚਿੱਤੀ ਵਿਚ ਪਈ ਦੀ ਕਦੋਂ ਸੋਫੇ ‘ਤੇ ਅੱਖ ਲੱਗ ਗਈ, ਪਤਾ ਹੀ ਨਾ ਲੱਗਾ। ਸਵੇਰੇ ਸਾਢੇ ਛੇ ਵਜੇ ਦੇ ਅਲਾਰਮ ਨੇ ਫਿਰ ਰੌਲਾ ਪਾ ਦਿੱਤਾ।
ਵਾਹੋ ਦਾਹੀ ਵਿਚ ਕੰਮ ‘ਤੇ ਤੁਰ ਗਈ। ਕਾਹਲੀ ਵਿਚ ਰਾਤ ਦੀ ਘਟਨਾ ਬਾਰੇ ਭੁੱਲ ਹੀ ਗਈ। ਕਾਰ ਵਿਚ ਰੇਡੀਓ ‘ਤੇ ਖਬਰ ਸੁਣੀ, “ਮੈਨ ਚਾਰਜਡ, ਆਫਟਰ ਵਾਈਫ, ਮਦਰ-ਇਨ-ਲਾ ਫਾਊਂਡ ਡੈਡ ਇਨ ਹੋਮ।”
“ਹੈਂ!” ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ, “ਇਹ ਤਾਂ ਸਾਡੀ ਹੀ ਸਟਰੀਟ ਦੀ ਗੱਲ ਕਰ ਰਹੇ ਨੇ ਤੇ ਹਾਦਸਾ ਵੀ ਰਾਤ ਦਾ ਹੀ ਦੱਸ ਰਹੇ ਨੇ।” ਮੇਰਾ ਸਿਰ ਚਕਰਾਉਣ ਲੱਗਾ, ਆਪਣੇ ਆਪ ‘ਤੇ ਸ਼ਰਮ ਜਿਹੀ ਵੀ ਆਈ ਕਿ ਬਾਹਰ ਐਨਾ ਕੁਛ ਹੋ ਗਿਆ, ਤੇ ਸਾਨੂੰ ਪਤਾ ਵੀ ਨਹੀਂ। ਅਸੀਂ ਕਿੰਨੇ ਖੁਦਗਰਜ਼ ਹੋ ਗਏ ਹਾਂ। ਪੈਸਾ, ਕੰਮ, ਟਾਈਮ-ਬੱਸ ਇਹ ਕੁਛ ਹੀ ਸਾਡੀ ਸੋਚ ਦੇ ਘੇਰੇ ਵਿਚ ਹਨ।
ਵਾਰ ਵਾਰ ਇਹੀ ਖਿਆਲ ਆ ਰਿਹਾ ਸੀ ਕਿ ਬੰਦੇ ਨੇ ਕਿਵੇਂ ਆਪਣੀ ਪਤਨੀ ਤੇ ਉਸ ਦੀ ਮਾਂ ਨੂੰ ਚਾਕੂ ਮਾਰ ਮਾਰ ਕੇ ਮਾਰ ਦਿੱਤਾ! ਕਿੰਜ ਐਨਾ ਬੇਰਹਿਮ ਹੋ ਜਾਂਦਾ ਹੈ ਬੰਦਾ ਕਿ ਆਪਣਿਆਂ ਨੂੰ ਹੀ ਕਸਾਈਆਂ ਵਾਂਗ ਵੱਢ ਸੁੱਟਦਾ ਹੈ?
ਸਾਰਾ ਦਿਨ ਸਰੀਰ ਟੁੱਟਿਆ ਰਿਹਾ, ਜਿਵੇਂ ਤਿਵੇਂ ਦਿਹਾੜੀ ਲਾ ਘਰੇ ਪਹੁੰਚੀ। ਅੱਖਾਂ ਮੱਲੋ ਮੱਲੀ ਸਟਰੀਟ ਦੇ ਸਾਹਮਣੇ ਵਾਲੇ ਘਰ ਵਲ ਉਠ ਗਈਆਂ। ਘਰ ਦੇ ਬਾਹਰ ਪੀਲੀ ਅਤੇ ਸੰਤਰੀ ਰੰਗ ਦੀ ਟੇਪ ਨਾਲ ਵਾੜ ਕੀਤੀ ਹੋਈ ਸੀ ਤੇ ਘਰ ਸੀਲ ਕਰ ਦਿੱਤਾ ਗਿਆ ਸੀ। ਸਾਹਮਣੇ ਉਹੀ ਛੋਟੀ ਜਿਹੀ ਪੋਰਚ, ਜਿੱਥੇ 60-62 ਵਰ੍ਹਿਆਂ ਦੀ ਔਰਤ ਨਿੱਕੇ ਜਿਹੇ ਬੱਚੇ ਨੂੰ ਕੁੱਛੜ ਚੁੱਕੀ ਦਿਸ ਜਾਂਦੀ ਸੀ। ਕਦੀ ਕਦੀ ਆਉਂਦਿਆਂ ਜਾਂਦਿਆਂ, ਗੱਡੀ ਵਿਚੋਂ ਸਮਾਨ ਲਾਹੁੰਦਿਆਂ ਜਾਂ ਬੱਚੇ ਦੀ ਸੀਟ ਲਾਹੁੰਦਿਆਂ, ਚੜ੍ਹਾਉਂਦਿਆ ਨਜ਼ਰਾਂ ਮਿਲ ਜਾਂਦੀਆਂ, ਪਰ ਕਦੀ ਦੁਆ ਸਲਾਮ ਨਹੀਂ ਸੀ ਹੋਈ। ਬੰਦੇ ਨੂੰ ਤੇ ਮੈਂ ਕਦੀ ਦੇਖਿਆ ਹੀ ਨਹੀਂ ਸੀ।
ਬੰਦ ਦਰਵਾਜਿਆਂ ਪਿੱਛੇ ਕੀ ਵਾਪਰਦਾ, ਕੋਈ ਕਿਵੇਂ ਜਾਣ ਸਕਦਾ ਹੈ? ਖਾਸ ਕਰਕੇ ਇਸ ਯੁੱਗ ਵਿਚ, ਜਿੱਥੇ ਹਰ ਇੱਕ ਦੀ ਆਪਣੀ ਪ੍ਰਾਈਵੇਸੀ ਹੈ।
ਮਨ ਭਰ ਆਇਆ, ਚੇਤਾ ਕੋਈ ਤੀਹ-ਪੈਂਤੀ ਵਰ੍ਹੇ ਪਿੱਛੇ ਚਲਾ ਗਿਆ। ਗਰਮੀਆਂ ਦੇ ਦਿਨ ਸਨ। ਅੱਤ ਦੀ ਗਰਮੀ ਸੀ ਉਨ੍ਹੀਂ ਦਿਨੀਂ। ਕੋਈ ਏ. ਸੀ. ਵਗੈਰਾ ਨਹੀਂ ਸਨ ਹੁੰਦੇ। ਸਭ ਦੀਆਂ ਮੰਜੀਆਂ ਕੋਠੇ ਚੜ੍ਹਾਈਆਂ ਜਾਂਦੀਆਂ। ਬਿਸਤਰੇ, ਪੱਖੇ ਆਦਿ ਛੱਤਾਂ ‘ਤੇ ਚੜ੍ਹਾਉਣੇ ਸ਼ੁਰੂ ਹੋ ਜਾਂਦੇ। ਸ਼ਾਮ ਨੂੰ ਛੱਤਾਂ ‘ਤੇ ਰੌਣਕਾਂ ਹੋ ਜਾਂਦੀਆਂ।
ਇੱਕ ਵਾਰ ਰਾਤੀਂ ਗਿਆਰਾਂ ਕੁ ਵਜੇ ਸਾਡੇ ਘਰ ਤੋਂ ਥੋੜ੍ਹਾ ਹਟਵੇਂ ਮਕਾਨ ਵਿਚ ਚੀਕ ਚਿਹਾੜਾ ਪੈ ਗਿਆ। ਤਾਈ ਰਾਮ ਕੌਰ ਉਚੀ ਉਚੀ ਰੋ ਰਹੀ ਸੀ ਤੇ ਛੱਤ ‘ਤੇ ਨਾਮਾ ਅੰਕਲ ਸ਼ਾਇਦ ਆਪਣੀ ਘਰ ਵਾਲੀ ਸੀਤੋ ਨੂੰ ਕੁੱਟ ਰਿਹਾ ਸੀ। ਉਸ ਘਰ ਦੇ ਬਨੇਰੇ ਕਾਫੀ ਉਚੇ ਸਨ, ਸਾਨੂੰ ਆਪਣੀ ਛੱਤ ਤੋਂ ਕੁਝ ਨਜ਼ਰ ਨਹੀਂ ਸੀ ਆ ਰਿਹਾ।
ਮੇਰੀ ਮਾਸੀ ਤੇ ਮਾਂ ਬਹੁਤ ਦੁਖੀ ਸਨ ਕਿ ਕਿਵੇਂ ਪਤਾ ਲੱਗੇ ਕਿ ਗਵਾਂਢੀਆਂ ਦੇ ਕੀ ਹੋ ਰਿਹਾ ਹੈ? ਤੇ ਕਿਵੇਂ ਗਰੀਬ ਔਰਤ ਨੂੰ ਬਚਾਇਆ ਜਾਵੇ? ਮਾਸੀ ਆਪਣੀ ਕੋਠੀ ਦੀ ਛੱਤ ਤੋਂ ਉਚੀ ਹੋ ਹੋ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਨਾਲੇ ਡਿੱਗਣੋਂ ਡਰ ਵੀ ਰਹੀ ਸੀ। ਉਧਰ ਉਨ੍ਹਾਂ ਦਾ ਦਰਵਾਜਾ ਵੀ ਅੰਦਰੋਂ ਬੰਦ ਸੀ, ਜਿਸ ਕਾਰਨ ਕੋਈ ਅੰਦਰ ਜਾ ਕੇ ਮਦਦ ਵੀ ਨਹੀਂ ਸੀ ਕਰ ਸਕਦਾ।
ਥੋੜ੍ਹਾ ਗਹੁ ਨਾਲ ਦੇਖਣ ‘ਤੇ ਪਤਾ ਲੱਗਾ ਕਿ ਨਾਮਾ ਅੰਕਲ ਸੀਤੋ ਦੀ ਹਿੱਕ ‘ਤੇ ਚੜ੍ਹਿਆ ਬੈਠਾ ਸੀ। ਹੋਰ ਬਹੁਤਾ ਨਾ ਦਿਸਿਆ। ਅਸੀਂ ਉਦੋਂ ਨਿਆਣੇ ਸਾਂ, ਕੋਈ ਗੱਲ ਸਮਝ ਨਾ ਲੱਗੀ। ਬਸ ਡਰ ਨਾਲ ‘ਕੱਠੇ ਹੋਏ ਬੈਠੇ ਸਾਂ। ਮੇਰੀ ਵੱਡੀ ਮਾਸੀ ਨੇ ਕੋਠੇ ਤੋਂ ਹੀ ਨਾਮੇ ਅੰਕਲ ਨੂੰ ਉਚੀ ਉਚੀ ਫਿਟਕਾਰਨਾ ਸ਼ੁਰੂ ਕਰ ਦਿੱਤਾ ਤੇ ਉਹ ਵੀ ਅੱਗੋਂ ਗਾਲ੍ਹਾਂ ਕੱਢਣ ਲੱਗ ਪਿਆ। ਐਨਾ ਰੌਲਾ ਸੁਣ ਹੇਠੋਂ ਮੇਰੇ ਮਾਸੜ ਜੀ ਉਪਰ ਆਏ ਤੇ ਮਾਸੀ ਨੂੰ ਗੁੱਸੇ ਹੁੰਦੇ ਥੱਲੇ ਲੈ ਗਏ ਕਿ ਐਵੇਂ ਲੋਕਾਂ ਦੇ ਘਰੀਂ ਦਖਲ ਦਿੰਦੀ ਫਿਰਦੀ ਹੈ।
ਸਵੇਰੇ ਪਤਾ ਲੱਗਾ ਕਿ ਸੀਤੋ ਦੀ ਗਲਾ ਘੁੱਟਣ ਨਾਲ ਮੌਤ ਹੋ ਗਈ, ਤੇ ਮੇਰੀ ਮਾਸੀ ਕਈ ਦਿਨ ਉਦਾਸ ਤੇ ਪ੍ਰੇਸ਼ਾਨ ਰਹੀ ਕਿ ਉਹ ਕੁਝ ਨਾ ਕਰ ਸਕੀ। ਜੇ ਭਲਾ ਉਹ ਉਨ੍ਹਾਂ ਦੇ ਘਰ ਧੱਕੇ ਨਾਲ ਚਲੀ ਜਾਂਦੀ ਤਾਂ ਪਤਾ ਲੱਗ ਜਾਣਾ ਸੀ ਕਿ ਉਥੇ ਕੀ ਹੋ ਰਿਹਾ ਹੈ, ਸੀਤੋ ਦੀ ਜਾਨ ਬਚ ਜਾਂਦੀ। ਪੁਲਿਸ ਨਾਮੇ ਅੰਕਲ ਨੂੰ ਲੈ ਗਈ, ਨਿਆਣੇ ਕਈ ਦਿਨ ਵਿਲਕਦੇ ਰਹੇ। ਫਿਰ ਪਤਾ ਨਹੀਂ ਕੀ ਬਣਿਆ, ਕੁਛ ਯਾਦ ਨਹੀਂ।
ਪਤਾ ਹੀ ਨਾ ਲੱਗਾ ਯਾਦਾਂ ਵਿਚ ਗਵਾਚਿਆਂ ਰਾਤ ਪੈ ਗਈ। ਕਾਹਲੀ ਕਾਹਲੀ ਰੋਟੀ ਤਿਆਰ ਕੀਤੀ ਅਤੇ ਰਸੋਈ ਸਾਂਭ ਕਮਰੇ ਵਿਚ ਜਾ ਪਈ। ਨੀਂਦ ਫਿਰ ਵੀ ਨਾ ਆਈ।
ਬਾਰਾਂ ਵੱਜ ਗਏ। ਮੈਂ ਫਿਕਰਮੰਦ ਹੋ ਗਈ, ਰੀਤ ਅਜੇ ਘਰ ਨਹੀਂ ਆਈ। ਕਹਿੰਦੀ ਸੀ, ਅੱਜ ਆਫਿਸ ਵਾਲਿਆਂ ਦੀ ਕ੍ਰਿਸਮਸ ਪਾਰਟੀ ਹੈ। ਪਾਰਟੀ ਲਈ ਕੱਪੜੇ ਵੀ ਪਰਸ ਵਿਚ ਪਾ ਕੇ ਲੈ ਗਈ ਸੀ। ਕੱਪੜੇ ਵੀ ਅੱਜਕਲ ਕੀ ਹਨ, ਛੋਟੀ ਜਿਹੀ ਗੋਡਿਆਂ ਤੋਂ ਉਚੀ ਡ੍ਰੈਸ। ਮੈਂ ਕਿਹਾ ਵੀ ਸੀ, “ਬੇਟੇ ਇੰਨੀ ਛੋਟੀ?”
“ਯੂ ਡੌਂਟ ਹੈਵ ਫੈਸ਼ਨ ਸੈਂਸ ਮਾਮ। ਪਾਰਟੀ ਡ੍ਰੈਸ ਐਡੀ ਹੀ ਹੁੰਦੀ ਹੈ।” ਆਖ ਜਿਵੇਂ ਹੱਸੀ, ਲੱਗਾ ਮੇਰਾ ਮਖੌਲ ਉਡਾ ਰਹੀ ਹੋਵੇ।
ਮੈਂ ਚੁੱਪ ਕਰਕੇ ਬੈਠ ਗਈ, ਹੋਰ ਕਰ ਵੀ ਕੀ ਸਕਦੀ ਸਾਂ? ਅਸੀਂ ਸਿਰਫ ਛਟਪਟਾ ਹੀ ਸਕਦੇ ਹਾਂ, ਇਸ ਸਦੀ ਦੇ ਬੱਚਿਆਂ ਦਾ ਵਿਰੋਧ ਨਹੀਂ ਕਰ ਸਕਦੇ। ‘ਸੋਚ ਦਾ ਫਰਕ’ ਇਹੋ ਜੁਮਲਾ ਹੀ ਸੁਣਨ ਨੂੰ ਮਿਲਦਾ ਹੈ। ਖੈਰ! ਸਮੇਂ ਦੇ ਨਾਲ ਨਾਲ ਮੇਰਾ ਫਿਕਰ ਵੀ ਵੱਧਦਾ ਜਾ ਰਿਹਾ ਸੀ। ਨੀਂਦ ਨਹੀਂ ਸੀ ਆ ਰਹੀ। ਦੂਜੇ ਕਮਰੇ ਵਿਚ ਪਿਆ ਪਾਲ (ਮੇਰਾ ਪਤੀ) ਦੋ ਪੈਗ ਲਾ ਕੇ ਘੁਰਾੜੇ ਮਾਰ ਰਿਹਾ ਸੀ-ਸਭ ਕਾਸੇ ਤੋਂ ਬੇਫਿਕਰ। ਉਸ ਨੂੰ ਵੀ ਪ੍ਰਾਈਵੇਸੀ ਚਾਹੀਦੀ ਹੈ। ਸ਼ਾਇਦ ਸਿਰਫ ਵੀਕ ਐਂਡ ‘ਤੇ ਹੀ ਸਾਡਾ ਕਮਰਾ ਸਾਂਝਾ ਹੁੰਦਾ ਹੈ, ਬਾਕੀ ਦਿਨ…। ਚਲੋ ਛੱਡੋ ਇਹ ਮੈਂ ਕੀ ਕਹਿਣ ਲੱਗੀ ਸਾਂ।
ਪਤਾ ਨਹੀਂ ਕਦੋਂ ਅੱਖ ਲੱਗ ਗਈ। ਥੋੜ੍ਹੀ ਕੁ ਦੇਰ ਬਾਅਦ ਮੇਨ ਦਰਵਾਜੇ ਦੇ ਖੁਲ੍ਹਣ ਦੀ ਅਵਾਜ਼ ਆਈ, ਮੈਂ ਘੇਸਲ ਮਾਰ ਕੇ ਪਈ ਰਹੀ। ਫਿਰ ਜ਼ੋਰ ਦੀ ਕੋਈ ਖੜਾਕ ਹੋਇਆ। ਜਿਵੇਂ ਕੋਈ ਡਿੱਗ ਪਿਆ ਹੋਵੇ। ਮੈਥੋਂ ਰਿਹਾ ਨਾ ਗਿਆ, ਉਥੇ ਪਈ ਨੇ ਉਚੀ ਅਵਾਜ਼ ‘ਚ ਪੁੱਛਿਆ, “ਕੀ ਹੋਇਆ? ਆਰ ਯੂ ਆਲਰਾਈਟ?”
ਅੱਗੋਂ ਜ਼ੋਰ ਦੀ ਅਵਾਜ਼ ਆਈ, “ਹਅਅਟ – ਵਾਹਟ?”
ਅੱਗੋਂ ਕੁਛ ਹੋਰ ਪੁੱਛਣ ਦੀ ਮੇਰੀ ਹਿੰਮਤ ਨਾ ਹੋਈ, ਪਰ ਲੱਗਾ, ਰੀਤ ਜ਼ਰੂਰ ਡਿੱਗੀ ਹੈ। ਮਨ ਦੇ ਘੋੜੇ ਦੌੜਨ ਲੱਗੇ। ਪਾਰਟੀ ‘ਤੇ ਗਈ ਸੀ, ਜ਼ਰੂਰ ਪੀ ਕੇ ਆਈ ਹੋਊ। ਸਭ ਕੁੜੀਆਂ ਹੀ ਪੀਂਦੀਆਂ ਅੱਜ ਕਲ। ਜਿਵੇਂ ਨਵੀ ਕਹਿੰਦੀ ਹੈ, “ਇੱਟਸ ਕਲਚਰ ਮਾਮ, ਨੱਥਿੰਗ ਰੌਂਗ ਇਨ ਇਟ। ਯੂ ਆਰ ਲੱਕੀ, ਆਈ ਡੌਂਟ ਲਾਈਕ ਡ੍ਰਿੰਕਸ।” ਤੇ ਅੱਗੋਂ ਹੱਸ ਪੈਂਦੀ ਹੈ, ਜਿਵੇਂ ਮੇਰੇ ‘ਤੇ ਕੋਈ ਅਹਿਸਾਨ ਕਰ ਰਹੀ ਹੋਵੇ।
ਮੇਰਾ ਮਨ ਹੋਰ ਡਰ ਗਿਆ। ਪੀ ਕੇ ਆਈ ਹੈ। ਡਿੱਗ ਵੀ ਪਈ ਹੈ ਤੇ ਹਾਇ ਰੱਬਾ! ਕਾਰ ਵੀ ਚਲਾ ਕੇ ਆਈ ਹੈ। ਜੇ ਡ੍ਰਿੰਕ ਤੇ ਡਰਾਈਵ ਦਾ ਕੇਸ ਬਣ ਜਾਂਦਾ? ਕਿੱਥੇ ਮੂੰਹ ਦਿਖਾਊਂ ਕਿ ਬੱਚਿਆਂ ਨੂੰ ਆਹ ਸੰਸਕਾਰ ਦਿੱਤੇ ਹਨ? ਡਰ ਲੱਗਣ ਲੱਗਾ-ਕੁਝ ਕੁੜੀ ਦੀ ਸੁੱਖ ਸਾਂਦ ਦਾ, ਤੇ ਬਾਹਲਾ ਲੋਕਾਂ ਦਾ।
ਉਠ ਕੇ ਬੈਡ ‘ਤੇ ਬਹਿ ਗਈ। ਥੱਲੇ ਦੀ ਬਿੜਕ ਲੈਣ ਲੱਗੀ। ਘੜੀ ‘ਤੇ ਪੌਣੇ ਚਾਰ ਵੱਜੇ ਨੇ। ਹਾਏ ਰੱਬਾ! ਸਾਰੀ ਰਾਤ ਬਾਹਰ। ਭੈੜੇ ਭੈੜੇ ਖਿਆਲ ਆਉਣ ਲੱਗੇ। ਪਤਾ ਨਹੀਂ ਬੱਚਿਆਂ ਨੂੰ ਕੀ ਹੋ ਗਿਆ, ਅੱਜ ਕਲ। ਹਰ ਵਕਤ ਡਰ ਜਿਹਾ ਲੱਗਾ ਰਹਿੰਦਾ। ਕਲ ਰੀਤ ਦੀ ਭੂਆ ਦਾ ਵੀ ਫੋਨ ਆਇਆ ਸੀ, ਦੱਸਦੀ ਸੀ ਕਿ ਉਸ ਦਾ ਬੇਟਾ ਆਵਦੀ ਗਰਲ ਫਰੈਂਡ (ਤਾਮਿਆ) ਨਾਲ ਵੈਕੇਸ਼ਨ ‘ਤੇ ਗਿਆ ਹੈ। “ਵਿਆਹ ਤੋਂ ਪਹਿਲਾਂ ਵੈਕੇਸ਼ਨ, ਦੋਹਾਂ ਦੀ ਇੱਕਠਿਆਂ!”
ਅੱਗੋਂ ਭੂਆ ਹੱਸ ਪਈ, “ਕਿੱਥੇ ਰਹਿਨੀ ਐਂ ਪ੍ਰੀਤ ਤੂੰ, ਅੱਜ ਕਲ ਸਭ ਚਲਦਾ। ਨਾਲੇ ਕਿੱਥੇ ਕਿੱਥੇ ਰਾਖੀ ਕਰ’ਲਾਂਗੇ ਬੱਚਿਆਂ ਦੀ?”
ਮੈਂ ਹੋਰ ਡਰ ਗਈ।
ਥੱਲਿਓਂ ਰੀਤ ਦੇ ਪੈਰਾਂ ਦੀ ਅਵਾਜ਼ ਆ ਰਹੀ ਸੀ। ਪਾਣੀ ਪੀਣ ਦੀ, ਸ਼ੂਜ਼ ਲਾਹ ਕੇ ਰੱਖਣ ਦੀ। ਰੋਜ਼ ਨਾਲੋਂ ਵੱਧ ਖੜਕਾ ਹੋ ਰਿਹਾ ਸੀ ਜਾਂ ਮੇਰਾ ਵਹਿਮ ਸੀ! ਮੈਨੂੰ ਇੰਜ ਨਹੀਂ ਸੋਚਣਾ ਚਾਹੀਦਾ। ਸਿਆਣੀ ਕੁੜੀ ਹੈ, ਉਸ ਪੀਤੀ ਨਹੀਂ ਹੋਣੀ, ਪਰ ਮਨ ‘ਚ ਉਠਦੇ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਦਾ ਕੀ?
ਜਦੋਂ ਉਸ ਦੀ ਪੌੜੀਆਂ ਚੜ੍ਹਨ ਦੀ ਅਵਾਜ਼ ਆਈ, ਮੈਂ ਕਮਰੇ ‘ਚੋਂ ਹੀ ਅਵਾਜ਼ ਮਾਰੀ, “ਰੀਤ ਇੱਧਰ ਆਈਂ।”
ਉਸ ਦੀ ਖਿੱਝੀ ਜਿਹੀ ਅਵਾਜ਼ ਆਈ, “ਵਾਏ?” ਤੇ ਧੜ ਧੜ ਕਰਦੀ ਹੋਈ ਆਈ, ਆਉਂਦਿਆਂ ਹੀ ਗੁੱਸੇ ਨਾਲ ਬੋਲੀ, “ਯੂ ਵਾਂਟ ਟੁ ਇਨਟੈਰੋਗੇਟ ਮੀ?…ਓ ਕੇ, ਆਸਕ ਵੱਟ ਯੂ ਵਾਂਟ?” ਉਹ ਤਾਂ ਆਕੜ ਹੀ ਪਈ।
ਮੇਰੀ ਜ਼ੁਬਾਨ ਸੁੱਕ ਗਈ। ਡਰ ਨਾਲ ਨਹੀਂ, ਗੁੱਸੇ ਨਾਲ ਤੇ ਅਪਮਾਨ ਨਾਲ। “ਇਹ ਕੋਈ ਟਾਈਮ ਹੈ, ਘਰ ਆਉਣ ਦਾ?” ਮੈਂ ਪੁੱਛਿਆ।
“ਸੋ, ਵੱਟ ਆਈ ਟੋਲਡ ਯੂ, ਐਲ ਬੀ ਲੇਟ?”
“ਹਾਂ, ਪਰ ਐਨਾ ਲੇਟ ਤੇ ਆਹ ਤੂੰ ਡ੍ਰਿੰਕ ਕੀਤੀ ਹੈ?”
“ਸੋ ਵਾਹਟ, ਆਈ ਹੈਡ ਸਮ ਵਾਈਨ, ਕਪਲ ਆਫ ਆਵਰਜ਼ ਅਗੋ।” ਉਹ ਬੇਪਰਵਾਹੀ ‘ਚ ਬੋਲੀ।
ਮੈਨੂੰ ਕੁਛ ਹੋਰ ਨਹੀਂ ਸੁਝਿਆ, “ਤੂੰ ਡਿੱਗੀ ਸੀ ਦਰਵਾਜੇ ਕੋਲ?”
ਉਹ ਹੋਰ ਗੜ੍ਹਕ ਕੇ ਬੋਲੀ, “ਸੀ ਮਾਮ, ਆਈ ਡੌਂਟ ਲਾਈਕ ਦਿਸ ਥਿੰਗ ਅਬਾਊਟ ਯੂ…ਆਪੇ ਹੀ ਗੈੱਸ ਕਰੀ ਜਾਣਗੇ। ਉਹ ਮੇਰਾ ਬੈਗ ਡਿੱਗਿਆ ਸੀ। ਇੱਕ ਗੱਲ ਸੁਣੋ…।” ਉਸ ਜਿਵੇਂ ਫੈਸਲਾਕੁਨ ਅਵਾਜ਼ ਵਿਚ ਆਖਿਆ, “ਪਲੀਜ਼ ਡੌਂਟ ਕਾਲ ਮੀ ਇਨ ਯੂਅਰ ਰੂਮ ਲਾਈਕ ਦਿਸ ਟੂ ਇਨਟੈਰੋਗੇਟ ਮੀ। ਐਮ ਨਾਟ ਏ ਕਿਡ! ਮੈਨੂੰ ਸਭ ਪਤਾ ਹੈ, ਕੀ ਠੀਕ, ਕੀ ਗਲਤ। ਮੈਨੂੰ ਸਿਖਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਮੇਰੀ ਮਰਜੀ, ਜਦੋਂ ਮਰਜੀ ਆਵਾਂ, ਓ ਕੇ।” ਮੈਨੂੰ ਜਿਵੇਂ ਡਾਂਟ ਕੇ ਚਲੀ ਗਈ।
ਮੇਰਾ ਜੀ ਉਚੀ ਉਚੀ ਰੋਣ ਨੂੰ ਕੀਤਾ, ਪਰ ਅੰਦਰ ਹੀ ਡੱਕ ਲਿਆ। ਦਿਨ ਚੜ੍ਹਨ ਵਾਲਾ ਹੈ ਤੇ ਨਾਲ ਦੇ ਕਮਰਿਆਂ ਵਿਚ ਬਾਕੀ ਜੀਅ ਵੀ ਸੁੱਤੇ ਹਨ, ਉਹ ਵੀ ਲੜਨਗੇ ਕਿ ਮੈਨੂੰ ਹੀ ਸ਼ਿਸ਼ਟਾਚਾਰ ਨਹੀਂ।
ਸਵੇਰੇ ਥੱਲੇ ਆ ਕੇ ਚਾਹ ਬਣਾਈ ਤੇ ਕੱਪ ‘ਚ ਪਾ ਕੇ ਬੈਠੀ ਸੋਚਣ ਲੱਗੀ, ‘ਜਦੋਂ ਰੀਤ ਹੇਠਾਂ ਆਊ, ਕਹਾਂਗੀ ਤੂੰ ਰਾਤ ਨੂੰ ਮਿਸਬਿਹੇਵ ਕੀਤਾ ਹੈ। ਥੋੜ੍ਹਾ ਗੁੱਸਾ ਦਿਖਾਵਾਂਗੀ। ਸ਼ਾਇਦ ਆਪੇ ਹੀ ਮਾਫੀ ਮੰਗ ਲਵੇ।’ ਅਜੇ ਸੋਚ ਹੀ ਰਹੀ ਸਾਂ, ਉਪਰੋਂ ਸ੍ਰੀਮਾਨ ਜੀ ਦਾ ਸੁਨੇਹਾ ਆ ਗਿਆ, “ਮੇਰੀ ਚਾਹ ਕਮਰੇ ਵਿਚ ਹੀ ਦੇ ਦਿਉ। ਅੱਜ ਕਲਾਇੰਟ ਨਾਲ ਬ੍ਰੇਕਫਾਸਟ ਹੈ, ਸੋ ਤਿਆਰ ਹੋ ਰਿਹਾ ਹਾਂ।”
ਮੈਂ ਕਿਚਨ ਵਿਚ ਖੜ੍ਹੀ ਸਾਂ ਕਿ ਰੀਤ ਪੌੜੀਆਂ ਉਤਰ ਸਿੱਧੀ ਕਿਚਨ ਵਿਚ ਆ ਗਈ ਤੇ ਬੋਲੀ, “ਲੁਕ ਮਾਮ, ਆਈ ਐਮ ਥਿੰਕਿੰਗ ਟੁ ਮੂਵ ਆਊਟ। ਆਈ ਡੌਂਟ ਵਾਂਟ ਦਿਸ ਕਿਚ ਕਿਚ ਐਵਰੀ ਡੇ, ਆਈ ਵਾਂਟ ਟੂ ਲਿਵ ਮਾਈ ਲਾਈਫ।”
ਮੈਂ ਚੁੱਪ, ਜਿਵੇਂ ਸਿਰ ਸੌ ਘੜਾ ਪਾਣੀ ਪੈ ਗਿਆ ਹੋਵੇ। ਉਸ ਗੱਲ ਅੱਗੇ ਤੋਰੀ, “ਹਾਉ ਕੈਨ ਯੂ ਡੂ ਦਿਸ ਵਿਦ ਮੀ? ਸਾਰਾ ਦਿਨ ਸਵਾਲ-ਜਵਾਬ। ਪਹਿਲਾਂ ਤੁਹਾਨੂੰ ਦੱਸੋ, ਕਿੱਥੇ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ? ਜੇ ਲੇਟ ਹੋ ਗਏ ਤੇ ਫਿਰ ਪ੍ਰੈਸ਼ਰ ਕਿ ਘਰ ਜਾ ਕਿ ਇਨਕਾਊਂਟਰ ਹੋਣਾ ਹੈ। ਨੋ ਮੋਰ ਮਾਮ।”
ਮੇਰਾ ਤਾਂ ਜਿਵੇਂ ਸਾਹ ਹੀ ਗਲ ‘ਚ ਅੜ ਗਿਆ ਹੋਵੇ, ਘਬਰਾ ਜੋ ਗਈ ਸਾਂ। ਰੌਲਾ ਸੁਣ ਮਿਸਟਰ ਸਿੰਘ ਵੀ ਥੱਲੇ ਆ ਗਏ ਤੇ ਬੋਲਣ ਲੱਗੇ, “ਹਾਉ ਆਰ ਯੂ ਯੰਗ ਲੇਡੀ! ਦੇ ਆਰ ਗਰੋਅਨ ਅੱਪ ਨਾਓ, ਯੂ ਲੇਡੀ ਸਮਝਦੀ ਹੀ ਨਹੀਂ।”
“ਪਿਓਰ ਦੇਸੀ।” ਜਿਵੇਂ ਮਨ ਹੀ ਮਨ ਆਖ ਰਹੇ ਹੋਣ।
ਮੈਨੂੰ ਲੱਗਾ, ਜਿਵੇਂ ਮੈਂ ਕੋਈ ਜੋਕਰ ਹੋਵਾਂ ਜਾਂ ਮਹਾਂ ਮੂਰਖ। ਠੱਗੀ ਜਿਹੀ ਮਹਿਸੂਸ ਕਰਨ ਲੱਗੀ। ਫਿਰ ਮਸੋਸੇ ਜਿਹੇ ਮਨ ਨਾਲ ਅੱਖਾਂ ਚੰਗੀ ਤਰ੍ਹਾਂ ਧੋ ਲਈਆਂ ਤੇ ਕੰਮ ‘ਤੇ ਜਾਣ ਲਈ ਤਿਆਰ ਹੋਣ ਲੱਗੀ।

ਅੱਜ ਰੀਤ ਬਹੁਤ ਉਦਾਸ ਸੀ। ਘਰ ਤਾਂ ਉਸ ਗੁੱਸੇ ਵਿਚ ਛੱਡ ਦਿੱਤਾ ਸੀ, ਪਰ ਹੁਣ ਸਮਝ ਨਹੀਂ ਸੀ ਆ ਰਹੀ ਕੇ ਕਿਧਰ ਨੂੰ ਜਾਵੇ। ਇੰਨੇ ਵੱਡੇ ਸ਼ਹਿਰ ਵਿਚ ਟਿਕਾਣਾ ਲੱਭਣਾ ਕਿਹੜਾ ਸੌਖਾ! ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਦੇ ਵਿਦਿਆਰਥੀ, ਕਾਮੇ ਅਤੇ ਮੁਲਖ ਭਰ ‘ਚੋਂ ਚੰਗੀਆਂ ਨੌਕਰੀਆਂ ਦੀ ਖੋਜ ਵਿਚ ਆਏ ਲੋਕਾਂ ਅਤੇ ਸੈਲਾਨੀਆਂ ਦੀ ਭੀੜ। ਸ਼ਹਿਰ ਜਿਵੇਂ ਕੁਰਬਲ-ਕੁਰਬਲ ਕਰ ਰਿਹਾ ਹੋਵੇ। ਰੰਗ ਬਿਰੰਗੀਆਂ ਪੁਸ਼ਾਕਾਂ, ਵੰਨ ਸੁਵੰਨੀਆਂ ਗੱਡੀਆਂ, ਮਨ ਭਾਉਂਦੀਆਂ ਖੁਸ਼ਬੂਆਂ ਤੇ ਚਕਾ ਚੌਂਧ ਨਾਲ ਭਰਿਆ ਇਹ ਸ਼ਹਿਰ ਵੇਖਣ ਨੂੰ ਸੋਹਣਾ ਤਾਂ ਬਹੁਤ ਲਗਦਾ ਹੈ, ਪਰ ਜਦੋਂ ਸਿਰ ‘ਤੇ ਨਿੱਘ ਭਰਿਆ ਹੱਥ ਤੇ ਪਿਆਰਾ ਜਿਹਾ ਘਰ ਹੋਵੇ।
ਆਫਿਸ ਜਾਣ ਲੱਗੀ ਰੀਤ ਬੈਗ ਨਾਲ ਹੀ ਲੈ ਗਈ, ਕੰਮ ‘ਤੇ ਵੀ ਉਸ ਦਾ ਜੀਅ ਨਾ ਲੱਗਾ, ਬਸ ਸ਼ਾਮ ਨੂੰ ਕੀ ਕਰਨਾ ਹੈ, ਕਿਧਰ ਜਾਣਾ ਹੈ? ਇਹੀ ਸੋਚ ਭਾਰੂ ਰਹੀ। ਡਾਊਨ ਟਾਊਨ ਦੀਆਂ ਉਚੀਆਂ ਇਮਾਰਤਾਂ ਵਿਚ ਇਕ ਇਮਾਰਤ ਹੈ, ਉਸ ਦੇ ਦਫਤਰ ਦੀ, 42ਵੀਂ ਮੰਜਿਲ ‘ਤੇ। ਛੋਟੇ ਜਿਹੇ ਸੋਹਣੇ ਦਫਤਰ ਵਿਚ ਵਖੋ ਵਖਰੇ ਲੱਕੜ ਦੇ ਕੈਬਿਨ ਬਣੇ ਹੋਏ ਹਨ, ਇਕੋ ਛੱਤ ਹੇਠਾਂ। ਸਭ ਤੋਂ ਜੂਨੀਅਰ ਅਤੇ ਨਵੀਂ ਮੁਲਾਜ਼ਮ ਹੋਣ ਕਾਰਨ ਉਸ ਨੂੰ ਹਾਲੇ ਕੈਬਿਨ ਨਹੀਂ ਮਿਲਿਆ। ਉਸ ਦਾ ਡੈਸਕ ਬਾਹਰਲੀ ਸਟਰੀਟ ਵਲ ਖੁਲ੍ਹਦੀ ਵੱਡੀ ਸਾਰੀ ਵਿੰਡੋ ਦੇ ਨਾਲ ਲਗਵਾਂ ਹੈ, ਜਿਥੋਂ ਕਈ ਕਈ ਮੰਜ਼ਿਲੇ ਵੱਡੇ ਵੱਡੇ ਫੈਸ਼ਨ ਸਟੋਰ, ਰੈਸਤੋਰਾਂ ਤੇ ਹੋਟਲ ਦਿਸਦੇ ਹਨ। ਬਾਹਰੋਂ ਲੋਕ ਕਿੰਨੇ ਖੁਸ਼ ਲੱਗ ਰਹੇ ਹਨ, ਖੂਬਸੂਰਤ ਲਿਬਾਸਾਂ ਵਿਚ ਸਜੇ ਰੈਸਤੋਰਾਂ ਵਿਚੋਂ ਭਾਫਾਂ ਛੱਡਦੀਆਂ ਕਾਫੀ ਦੀਆਂ ਚੁਸਕੀਆਂ ਲੈਂਦੇ। ਅੱਜ ਕੁਝ ਵੀ ਮਨ ਨਹੀਂ ਵਰਚਾ ਰਿਹਾ। ਦਫਤਰ ਵਿਚ ਸਾਥੀ ਕਈ ਵਾਰ ਪੁੱਛ ਚੁਕੇ ਹਨ, “ਵੇਅਰ ਆਰ ਯੂ ਗੋਇੰਗ ਰੀਤ?” ਪਰ ਜਵਾਬ ਲਏ ਬਿਨਾ ਅਗਾਂਹ ਨੂੰ ਵੱਧ ਜਾਂਦੇ ਹਨ ਜਿਵੇਂ ਜਵਾਬ ਦੀ ਕੋਈ ਲੋੜ ਹੀ ਨਹੀਂ, ਉਨ੍ਹਾਂ ਤਾਂ ਜਿਵੇਂ ਮਹਿਜ ਰਸਮ ਲਈ ਹੀ ਸਵਾਲ ਪੁੱਛਿਆ ਹੋਵੇ।
ਰਹਿ ਰਹਿ ਕੇ ਮਾਮ ਦੀ ਯਾਦ ਆਉਣ ਲੱਗੀ। ਸਵੇਰੇ ਸਵੇਰੇ ਚਾਹ ਬਣਾਉਂਦਿਆਂ, ਭੱਜ ਭੱਜ ਕੇ ਨਾਸ਼ਤੇ ਦੇ ਟਿਫਿਨ ਪੈਕ ਕਰਦਿਆਂ ਤੇ ਲੱਖਾਂ ਹਦਾਇਤਾਂ ਦਿੰਦਿਆਂ, ਜੋ ਉਹ ਅਕਸਰ ਅਣਸੁਣੀਆਂ ਕਰ ਦਿੰਦੀ, ਤੇ ‘ਟਿਪੀਕਲ ਮਾਮ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਬਣਾ ਦਿੰਦੀ। ਅੱਜ ਖਾਹ ਮਖਾਹ ਹੀ ਮਾਮ ਨਾਲ ਗੁੱਸਾ ਕਰ ਘਰ ਛੱਡ ਆਈ ਸੀ। ਹੁਣ ਜਾਵੇ ਕਿੱਥੇ? ਬੇਸਮੈਂਟ ਜਾਂ ਅਪਾਰਟਮੈਂਟ ਕਿਰਾਏ ‘ਤੇ ਲੈਣ ਲਈ ਕਿੰਨੀ ਮਗਜ਼ ਖਪਾਈ ਕਰਨੀ ਪੈਂਦੀ ਹੈ। ਅਖਬਾਰ ਜਾਂ ਕਜ਼ੀਜ਼ੀ ‘ਤੇ ਐਡਸ ਦੇਖੋ, ਘਰ ਵੇਖਣ ਜਾਓ, ਕਿਰਾਇਆ ਸੈਟ ਕਰੋ, ਐਡਵਾਂਸ ਦਿਓ, ਸਾਲ ਭਰ ਦੇ ਚੈਕ ਜਮਾ ਕਰਵਾਓ, ਲੀਗਲ ਡਾਕੂਮੈਂਟ ਤਿਆਰ ਕਰੋ।
“ਹਾਏ ਰੱਬਾ ਐਨਾ ਕੁਝ! ਮੈਂ ਘਰ ਛੱਡਣ ਲੱਗਿਆਂ ਕੁਝ ਸੋਚਿਆ ਕਿਉਂ ਨਾ? ਕਿੰਨੀ ਬੇਵਕੂਫ ਹਾਂ ਮੈਂ, ਬਸ ਇਕਦਮ ਹੀ ਘਰ ਛੱਡ ਦਿੱਤਾ। ਵੈਸੇ ਅੱਜ ਕੱਲ ਮਾਮ ਨੇ ਵੀ ਬਹੁਤ ਤੰਗ ਕਰ ਰਖਿਆ ਸੀ। ਆਹ ਨਹੀਂ ਕਰਨਾ, ਅਹੁ ਨਹੀਂ ਕਰਨਾ, ਕਿੱਥੇ ਗਈ ਸੀ? ਲੇਟ ਕਿਉਂ ਹੋ ਗਈ? ਡ੍ਰਿੰਕ ਤੇ ਨਹੀਂ ਕੀਤੀ? ਬਸ ਸਾਰਾ ਦਿਨ ਇੰਟੈਰੋਗੇਸ਼ਨ। ਜਿਵੇਂ ਮੈਂ ਕੋਈ ਕੈਦੀ ਹੋਵਾਂ। ਪੱਚੀ ਵਰ੍ਹਿਆਂ ਦੀ ਹੋ ਗਈ ਹਾਂ। ਜਾਬ ਵੀ ਕਰਦੀ ਹਾਂ। ਹਾਂ, ਹਾਲੇ ਬਾਹਲੇ ਪੈਸੇ ਨਹੀਂ ਮਿਲਦੇ, ਮਿਲ ਜਾਣਗੇ ਪਰ ਮੇਰੇ ਵੀ ਤੇ ਸ਼ੌਕ ਨੇ। ਬਸ ਐਵੇਂ ਹੀ ਵਾਧੂ ਪੁੱਛਗਿੱਛ। ਥੱਕ ਗਈ ਸਾਂ ਮੈਂ ਜਵਾਬ ਦੇ ਦੇ ਕੇ। ਬਸ ਅੱਜ ਗੁੱਸਾ ਆ ਗਿਆ ਤੇ ਬਹਿਸ ਹੋ ਗਈ…।” ਉਸ ਲੰਮਾ ਸਾਹ ਲਿਆ।
ਘੜੀ ਨੇ 4 ਵਜਾ ਦਿੱਤੇ ਸਨ। ਸਾਰੇ ਸਟਾਫ ਦਾ ਧਿਆਨ ਹੁਣ ਘੜੀਆਂ ਵੱਲ ਤੇ ਆਪੋ ਆਪਣੇ ਹਥਲੇ ਕੰਮ ਨਿਬੇੜਨ ਵੱਲ ਸੀ। ਰੀਤ ਵੀ ਕਾਗਜ਼ ਪੱਤਰ ਸਾਂਭਣ ਲੱਗੀ। ਕੰਪਿਊਟਰ ਵਿਚਲੀਆਂ ਖੁਲ੍ਹੀਆਂ ਫਾਈਲਾਂ ਇਕ ਇਕ ਕਰਕੇ ਬੰਦ ਕੀਤੀਆਂ। ਕਲਾਇੰਟਸ ਇਨਫਾਰਮੇਸ਼ਨ ਵਾਲੀ ਚਾਬੀ ਕੱਢੀ, ਬਾਸ ਦੇ ਡੈਸਕ ਵਿਚ ਰੱਖ ਕੇ ਲਾਕ ਕੀਤੀ ਤੇ ਆਪਣਾ ਹੈਂਡਬੈਗ ਚੁੱਕ ਐਲੀਵੇਟਰ ਵਲ ਹੋ ਤੁਰੀ। ਇਕ ਦੂਸਰੇ ਨੂੰ ‘ਬਾਏ, ਸੀ ਯੂ ਟੂਮਾਰੋ’ ਕਹਿੰਦੇ ਸਾਥੀ ਵੀ ਹੌਲੀ ਹੌਲੀ ਦਫਤਰ ਛੱਡ ਰਹੇ ਸਨ।
ਰੀਤ ਨੇ ਮਨ ਹੀ ਮਨ ਸੋਚ ਲਿਆ, ਅੱਜ ਲਿੱਲੀ ਨਾਲ ਰਹੇਗੀ, ਕੱਲ ਨੂੰ ਸੋਚਾਂਗੇ ਕੀ ਕਰਨਾ ਹੈ। ਸਬਵੇਅ ਦੀਆਂ ਪੌੜੀਆਂ ਉਤਰ ਉਸ ਨੇ ਟਰੇਨ ਫੜੀ। ਪੌਣੇ ਕੁ ਘੰਟੇ ਦੇ ਸਫਰ ਪਿਛੋਂ ਉਹ ਲਿੱਲੀ ਦੇ ਅਪਾਰਟਮੈਂਟ ਦੇ ਸਾਹਮਣੇ ਖੜੀ ਸੀ। ਛੋਟਾ ਜਿਹਾ ਅਪਾਰਟਮੈਂਟ, ਜਿਸ ਵਿਚ ਲਿੱਲੀ ਅਤੇ ਉਸ ਦੀ ਇਕ ਹੋਰ ਰੂਮ ਪਾਰਟਨਰ ਐਡਾ ਰਹਿੰਦੀ ਸੀ।
ਅਪਾਰਟਮੈਂਟ ਦਾ ਦਰਵਾਜਾ ਬੰਦ ਸੀ, ਉਸ ਲਿੱਲੀ ਨੂੰ ਫੋਨ ਲਾਇਆ। ਲਿੱਲੀ ਨੇ ਦੱਸਿਆ ਕੇ ਉਸ ਨੂੰ ਅੱਧਾ ਕੁ ਘੰਟਾ ਲਗ ਜਾਣਾ ਹੈ। ਉਹ ਡੋਰਬੈਲ ਵਜਾਵੇ, ਐਡਾ ਅੰਦਰ ਹੀ ਹੈ।
ਅੰਦਰ ਐਡਾ ਛੋਟੀ ਜਿਹੀ ਸ਼ਾਰਟਸ ਪਾਈ ਢਿੱਲ੍ਹੀ ਜਿਹੀ ਸ਼ਰਟ ਵਿਚ ਸਿਗਰਟ ਦੇ ਲੰਮੇ ਲੰਮੇ ਕਸ਼ ਖਿੱਚ ਰਹੀ ਸੀ। ਕਮਰਾ ਧੂੰਏ ਨਾਲ ਭਰਿਆ ਪਿਆ ਸੀ। ਕਿਚਨ ਦੀ ਸਿੰਕ ਵਿਚ ਕਿੰਨੇ ਹੀ ਜੂਠੇ ਭਾਂਡੇ ਡੰਪ ਕੀਤੇ ਪਏ ਸਨ। ਅਪਾਰਟਮੈਂਟ ਤੇ ਬਹੁਤ ਸੋਹਣਾ ਸੀ ਪਰ ਲਗਦਾ ਸੀ ਸਫਾਈ ਕਈ ਦਿਨਾਂ ਤੋਂ ਨਹੀਂ ਸੀ ਹੋਈ। ਫਰਸ਼ ‘ਤੇ ਗੰਦੀਆਂ ਜੁਰਾਬਾਂ ਅਤੇ ਬੈਡ ‘ਤੇ ਮੈਲੇ ਕੱਪੜੇ ਪਏ ਸਨ। ਕੱਪੜੇ ਪਰੇ ਕਰਦਿਆਂ ਰੀਤ ਨੇ ਬੈਡ ‘ਤੇ ਬੈਠਣ ਦੀ ਥਾਂ ਬਣਾਈ। ਉਸ ਨੂੰ ਆਵਦਾ ਸਾਫ ਸੁਥਰਾ ਸਲੀਕੇ ਨਾਲ ਸਜਿਆ ਘਰ ਯਾਦ ਆਇਆ। ਘਰ ਦਾ ਨਿੱਘ, ਮਾਮ ਵਲੋਂ ਉਸ ਦੇ ਆਉਣ ਤੋਂ ਪਹਿਲਾਂ ਹੀ ਕਾਫੀ ਦੇ ਤਿਆਰ ਕੀਤੇ ਦੋ ਮਗ ਯਾਦ ਆਏ, ਜੋ ਮੰਮੀ ਬਣਾ ਕੇ ਰਖਦੀ ਸੀ ਕਿ ਉਹ ਉਸ ਨਾਲ ਹੀ ਬੈਠ ਕੇ ਪੀਏਗੀ, ਪਰ ਮੈਂ (ਰੀਤ) ਹਮੇਸ਼ਾ ਕਾਫੀ ਦਾ ਮਗ ਚੁੱਕ ਆਪਣੇ ਕਮਰੇ ਵਿਚ ਆ ਜਾਂਦੀ, ਕਦੀ ਪਿਛੇ ਮੁੜ ਕੇ ਨਹੀਂ ਸੀ ਦੇਖਿਆ ਕਿ ਮਾਮ ਦਾ ਮੂੰਹ ਕਿਵੇਂ ਢਿੱਲਾ ਜਿਹਾ ਹੋ ਜਾਂਦਾ ਸੀ।
ਕਮਰੇ ਵਿਚ ਸਾਫ ਸੁਥਰੇ ਬੈਡ, ਸਲੀਕੇ ਨਾਲ ਸਜਿਆ ਫਰਨੀਚਰ ਤੇ ਬੈਕਯਾਰਡ ਵਲ ਖੁਲ੍ਹਦੀ ਖਿੜਕੀ ਉਸ ਨੂੰ ਕਿੰਨੀ ਚੰਗੀ ਲਗਦੀ ਸੀ। ਉਹ ਵੀ ਕੀ ਕਰਦੀ, ਦਿਨ ਭਰ ਕੰਮ ਦੀ ਥਕਾਨ ਅਤੇ ਕੂਲੀਗਸ ਵਲੋਂ ਮਿਲਿਆ ਸਟ੍ਰੈਸ, ਰੋਜ ਦੀ ਵਰਕ ਫਾਈਲਾਂ ਤੇ ਟਾਈਮ ਸ਼ੀਟਾਂ ਭਰਦਿਆਂ ਕਿੰਨਾ ਥੱਕ ਜਾਂਦੀ ਸਾਂ। ਮਾਮ ਨੂੰ ਕੀ ਪਤਾ ਇਸ ਕਾਰਪੋਰੇਟ ਕਲਚਰ ਦਾ। ਕਿੰਨਾ ਪ੍ਰੈਸ਼ਰ ਹੈ, ਟਾਈਮ ਲਾਈਨਜ਼, ਰੋਜ ਦੇ ਟਾਰਗੈਟ ਮੀਟ ਕਰਨਾ। ਨਵੀਂ ਜਾਬ, ਵਰਕ ਲੋਡ ਤੇ ਹਰ ਵੇਲੇ ਅਜੀਬ ਜਿਹਾ ਦਬਾਓ। ਉਪਰੋਂ ਦੋਸਤਾਂ ਦਾ ਪ੍ਰੈਸ਼ਰ ਤੇ ਹੋਰ ਕਿੰਨਾ ਹੀ ਕੁਝ। ਪੇਰੈਂਟਸ ਨੂੰ ਲਗਦਾ, ਐਵੇਂ ਵਿਹਲੇ ਹੀ ਬਹਿ ਕੇ ਆ ਜਾਂਦੇ ਨੇ। ਸੋਹਣੇ ਦਫਤਰ ਤੇ ਆਹ ਸੋਹਣੀਆਂ ਡਰੈਸਾਂ ਪਾ ਜਿਵੇਂ ਅਸੀਂ ਤਾਂ ਫਨ ਹੀ ਕਰਦੇ ਹਾਂ ਸਾਰਾ ਦਿਨ। ਉਤੋਂ ਆਹ ਦੋ ਘੰਟਿਆਂ ਦੀ ਕਮਿਊਟਿੰਗ। ਹਾਂ ਸੱਚ ਮੇਰੀ ਕਾਰ ਤਾਂ ਗੋ ਸਟੇਸ਼ਨ ‘ਤੇ ਹੀ ਖੜ੍ਹੀ ਹੈ। ਉਸ ਬਾਰੇ ਤੇ ਮੈਂ ਅਜੇ ਸੋਚਿਆ ਹੀ ਨਹੀਂ। ਚਲੋ ਕੱਲ ਦੇਖਾਂਗੇ।
ਅਜੇ ਸੋਚਾਂ ਵਿਚ ਹੀ ਸਾਂ ਕਿ ਲਿੱਲੀ ਵੀ ਖਟ ਖਟ ਕਰਦੀ ਆ ਗਈ। “ਹਾਏ ਰੀਤ, ਵਾਹਟ ਏ ਪਲੈਜ਼ੈਂਟ ਸਰਪ੍ਰਾਈਜ਼, ਯੂ ਆਰ ਸਟੇਇੰਗ ਵਿਦ ਮੀ ਟੂਡੇ।”
ਉਸ ਦੀ ਨਿਗ੍ਹਾ ਰੀਤ ਦੇ ਵੱਡੇ ਹੈਂਡ ਬੈਗ ‘ਤੇ ਪਈ ਤਾਂ ਪੁੱਛਣ ਲੱਗੀ, “ਆਰ ਯੂ ਗੋਇੰਗ ਸਮ ਵੇਅਰ?”
“ਨੋ, ਆਈ ਲੈਫਟ ਦਾ ਹਾਊਸ।” ਰੀਤ ਨੇ ਜਿਵੇਂ ਲਿੱਲੀ ਦੀ ਉਤਸੁਕਤਾ ਜਗਾ ਦਿਤੀ।
“ਵਾਹਟ ਹੈਪਨਡ?”
“ਨਥਿੰਗ, ਆਈ ਡਿਸਾਈਡਿਡ ਟੂ ਮੂਵ ਆਊਟ।”
ਲਿੱਲੀ ਹੈਰਾਨ ਸੀ ਕਿ ਅਚਾਨਕ ਰੀਤ ਨੂੰ ਕੀ ਹੋ ਗਿਆ। ਕੱਲ ਪਾਰਟੀ ਤੋਂ ਬਾਅਦ ਰੀਤ ਉਸ ਦੇ ਵਾਰ ਵਾਰ ਕਹਿਣ ‘ਤੇ ਵੀ ਉਸ ਕੋਲ ਨਹੀਂ ਸੀ ਰਹੀ, ਪਰ ਅੱਜ ਘਰ ਹੀ ਛੱਡ ਆਈ ਹੈ!
ਰੀਤ ਨੂੰ ਕੱਲ ਵਾਲੀਆਂ ਘਟਨਾਵਾਂ ਇਕ ਇਕ ਕਰਕੇ ਚੇਤੇ ਆਉਣ ਲੱਗੀਆਂ, ਕੱਲ ਸ਼ਾਮ ਜਦੋਂ ਪੰਜ ਵਜੇ ਕੰਮ ਛੱਡਿਆ। ਛੇ ਤੋਂ ਸੱਤ ਵਜੇ ਤਕ ਉਹ ਤੇ ਲਿੱਲੀ ਕਾਫੀ ਹਾਉਸ ਵਿਚ ਬੈਠੀਆਂ ਰਹੀਆਂ ਤੇ ਸੱਤ ਵਜੇ ਯੂਨੀਅਨ ਸਟੇਸ਼ਨ ‘ਤੇ ਬਣੇ ਵਾਸ਼ਰੂਮ ਵਿਚ ਸ਼ਾਮ ਦੀ ਪਾਰਟੀ ਲਈ ਤਿਆਰ ਹੋਈਆਂ। ਪਾਰਟੀ ਰਾਤ ਅੱਠ ਵਜੇ ਸ਼ੁਰੂ ਹੋਣੀ ਸੀ ਤੇ ਘਰ ਵਾਪਸ ਜਾ ਕੇ ਆਉਣ ਨਾਲ ਬਹੁਤ ਸਮਾਂ ਖਰਾਬ ਹੋਣਾ ਸੀ ਅਤੇ ਥਕਾਵਟ ਵਾਧੂ ਦੀ ਹੋ ਜਾਣੀ ਸੀ। ਤਿਆਰ ਹੋ ਕੇ ਉਹ ਹੋਟਲ ਪਲਾਜ਼ਾ ਪਹੁੰਚੀਆਂ। ਅੱਠ ਵਜੇ ਤਕ ਪਾਰਟੀ ਵਿਚ ਕੋਈ ਵੀ ਨਹੀਂ ਸੀ ਆਇਆ। ਪਾਰਟੀ ਦਸ ਕੁ ਵਜੇ ਸ਼ੁਰੂ ਹੋਈ। ਸਾਰੇ ਮੈਨੇਜਰ ਤੇ ਪਾਰਟਨਰ ਗਿਆਰਾਂ ਕੁ ਵਜੇ ਡਿਨਰ ਕਰ ਕੇ ਚਲੇ ਗਏ, ਪਰ ਯੰਗ ਇੰਪਲਾਈ ਅਤੇ ਕੋ-ਅਪ ਵਾਲੇ ਮੁੰਡੇ-ਕੁੜੀਆਂ ਲਈ ਤਾਂ ਪਾਰਟੀ ਉਨ੍ਹਾਂ ਦੇ ਜਾਣ ਪਿਛੋਂ ਸ਼ੁਰੂ ਹੋਈ ਸੀ। ਹੱਸਦੇ ਖੇਡਦਿਆਂ, ਡਾਂਸ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਰਾਤ ਦਾ ਡੇਢ ਵੱਜ ਗਿਆ। ਮਾਮ ਦੀਆਂ ਦਸ ਕਾਲਾਂ ਮਿਸ ਹੋ ਚੁਕੀਆਂ ਸਨ। ਡਾਂਸ ਫਲੋਰ ‘ਤੇ ਕੌਣ ਫੋਨ ਕੋਲ ਰਖਦਾ ਹੈ? ਮਾਮ ਸਮਝਦੀ ਹੀ ਨਹੀਂ। ਡੈਡ ਕਿੰਨੇ ਕੂਲ ਹਨ, ਮਾਮ ਉਹੀ ਦਕੀਆਨੂਸ। ਮੈਨੂੰ ਮਾਮ ‘ਤੇ ਬਹੁਤ ਗੁੱਸਾ ਆਇਆ ਸੀ। ਜਦੋਂ ਵੀ ਫਨ ਕਰਦੇ ਹੋਵੋ, ਦੋਸਤਾਂ ਨਾਲ ਬਾਹਰ ਹੋਵੋ, ਮੈਸੇਜ ‘ਤੇ ਮੈਸੇਜ, ਕਿਥੇ ਹੋ? ਕਦੋਂ ਆ ਰਹੇ ਹੋ? ਕੌਣ ਕੌਣ ਨਾਲ ਹੈ? ਤੰਗ ਹੀ ਕਰੀ ਜਾਣਗੇ। ਮੈਂ ਤੇ ਹੁਣ ਫੋਨ ਚੁੱਕਦੀ ਹੀ ਨਹੀਂ, ਪਰ ਮੈਸੇਜ ਕਰ ਕਰ ਕੇ ਬੈਡ ਫੀਲ ਕਰਵਾਉਂਦੇ ਰਹਿੰਦੇ ਨੇ, ਜਿਵੇਂ ਮੈਂ ਕੋਈ ਗੁਨਾਹ ਕਰ ਰਹੀ ਹੋਵਾਂ।
ਲਿੱਲੀ ਦੇ ਪੇਰੈਂਟਸ ਕਿੰਨੇ ਚੰਗੇ ਹਨ, ਕੁਝ ਨਹੀਂ ਕਹਿੰਦੇ। ਪਹਿਲਾਂ ਉਹ ਆਪਣੇ ਬੁਆਏ ਫਰੈਂਡ ਨਾਲ ਰਹਿੰਦੀ ਸੀ, ਜਦੋਂ ਦਾ ਬਰੇਕ-ਅਪ ਹੋਇਆ, ਆਹ ਨਵੀਂ ਰੂਮ ਮੇਟ ਐਡਾ ਮਿਲ ਗਈ।
ਰੀਤ ਬਿਲਕੁਲ ਭੁਲ ਗਈ ਕਿ ਲਿੱਲੀ ਉਸ ਨੂੰ ਕੁਝ ਪੁੱਛ ਰਹੀ ਹੈ। ਉਹ ਫਿਰ ਆਪਣੇ ਖਿਆਲਾਂ ਵਿਚ ਡੁੱਬ ਗਈ, “ਮਾਈ ਮਾਮ, ਸ਼ੀ ਡਜ਼ ਨਾਟ ਅੰਡਰਸਟੈਂਡ ਮੀ। ਸ਼ੀ ਇਜ਼ ਸੋ ਅਨੋਇੰਗ।”
ਲਿੱਲੀ ਖਿੜਖਿੜਾ ਕੇ ਹੱਸ ਪਈ, “ਦਿਸ ਇਜ਼ ਦਾ ਰੀਜ਼ਨ ਯੂ ਲੈਫਟ ਯੁਅਰ ਹਾਊਸ?” ਉਸ ਦਾ ਹਾਸਾ ਨਹੀਂ ਸੀ ਰੁਕ ਰਿਹਾ, “ਯੂ ਨੋ ਆਈ ਵਾਜ਼ ਜਸਟ ਏਟੀਨ, ਵੈਨ ਮਾਈ ਮਾਮ ਟੋਲਡ ਮੀ ਟੂ ਲੀਵ ਦਾ ਹਾਊਸ। ਬਿਕਾਜ਼ ਆਈ ਵਾਂਟਿਡ ਟੂ ਲਿਵ ਵਿਦ ਮਾਈ ਬੁਆਏ ਫਰੈਂਡ, ਬਟ ਇਟ’ਜ਼ ਵੈਰੀ ਹਾਰਡ, ਯੂ ਆਰ ਲੱਕੀ ਯੂ ਹੈਵ ਆ ਨਾਈਸ ਫੈਮਿਲੀ।” ਉਸ ਜਿਵੇਂ ਸਮਝਾਉਣਾ ਚਾਹਿਆ।
“ਨਹੀਂ, ਉਹ ਮੈਨੂੰ ਸਮਝਦੀ ਨਹੀਂ।” ਰੀਤ ਨੇ ਫਿਰ ਜ਼ੋਰ ਦੇ ਕੇ ਆਖਿਆ, “ਬੰਦਾ ਕੰਮ ਤੇ ਪੜ੍ਹਾਈ ਤੋਂ ਟੈਂਸ ਹੋਇਆ ਘਰ ਜਾਂਦਾ ਹੈ, ਪਰ ਮੇਰੀ ਮਾਮ ਬਸ ਸਵਾਲ ‘ਤੇ ਸਵਾਲ ਪੁੱਛੀ ਜਾਂਦੀ ਹੈ। ਆਈ ਵਾਂਟ ਮਾਈ ਸਪੇਸ, ਨੋ ਪ੍ਰਾਈਵੇਸੀ ਦੇਅਰ।”
“ਓ ਕੇ, ਓ ਕੇ।” ਲਿੱਲੀ ਨੇ ਗੱਲ ਮੁਕਾਉਂਦਿਆਂ ਕਿਹਾ, “ਸੋ, ਵਟ’ਜ਼ ਯੁਅਰ ਪਲੈਨ ਨਾਓ?”
“ਮੈਂ ਵੀ ਅਪਾਰਟਮੈਂਟ ਕਿਰਾਏ ‘ਤੇ ਲੈਣਾ ਹੈ।” ਰੀਤ ਨੇ ਜਿਵੇਂ ਫੈਸਲਾ ਸੁਣਾਇਆ।
“ਤੇਰੇ ਕੋਲ ਐਡਵਾਂਸ ਮਨੀ ਹੈ, ਤੇ ਰੂਮ ਮੇਟ?”
“ਰੂਮ ਮੇਟ ਕਿਸ ਲਈ?” ਰੀਤ ਨੇ ਪੁੱਛਿਆ
“ਯੂ ਕਾਂਟ ਅਫੋਰਡ ਅਲੋਨ। ਬਹੁਤ ਮਹਿੰਗਾ ਹੈ। ਲੀਜ਼ ਬਾਰੇ ਸੋਚਿਆ ਹੈ? ਨਾਲੇ ਇਕ ਮਹੀਨਾ ਤਾਂ ਲੱਗ ਹੀ ਜਾਏਗਾ, ਇਸ ਸਭ ਕਾਸੇ ਵਿਚ।”
“ਇਕ ਮਹੀਨਾ!” ਰੀਤ ਹੈਰਾਨ ਹੋ ਕੇ ਬੋਲੀ।
“ਹਾਂ, ਤੇ ਹੋਰ ਕੀ?”
“ਇਕ ਮਹੀਨੇ ਲਈ ਤੂੰ ਹੋਟਲ ਵਿਚ ਠਹਿਰ ਸਕਦੀ ਐਂ।” ਲਿੱਲੀ ਨੇ ਸਲਾਹ ਦਿੱਤੀ।
“ਹੋਟਲ?” ਹੋਟਲ ਸ਼ਬਦ ਸੁਣ ਰੀਤ ਕੁਝ ਸੋਚਣ ਲੱਗੀ, “ਮਾਮ ਨੂੰ ਚੰਗਾ ਨਹੀਂ ਲਗੇਗਾ। ਵੈਸੇ ਮਾਮ ਐਨੀ ਵੀ ਬੁਰੀ ਨਹੀਂ। ਬਸ ਥੋੜਾ ਪ੍ਰੇਸ਼ਾਨ ਕਰਦੀ ਹੈ। ਕਦੇ ਕਦੇ ਸ਼ੱਕ ਕਰਦੀ ਹੈ। ਐਵੇਂ ਹੀ ਵਾਧੂ ਸਵਾਲ ਜਿਹੇ ਕਰ ਕਰ ਕੇ ਤੰਗ ਕਰਦੀ ਹੈ, ਪਰ ਬੁਰੀ-ਨਹੀਂ ਬੁਰੀ ਤਾਂ ਬਿਲਕੁਲ ਨਹੀਂ। ਕਾਸ਼ ਥੋੜੀ ਸਮਝਦਾਰ ਹੋ ਜਾਏ।” ਸੋਚ ਉਹ ਮਨ ਹੀ ਮਨ ਹੱਸ ਪਈ।
ਮਾਮ ਬਾਰੇ ਸੋਚਦਿਆਂ ਧਿਆਨ ਫਿਰ ਕੱਲ ਦੀ ਪਾਰਟੀ ਵੱਲ ਚਲਾ ਗਿਆ। ਜਦੋਂ ਰਾਤ ਦੇ ਡੇਢ ਕੁ ਵਜੇ ਪਾਰਟੀ ਖਤਮ ਹੋਈ ਤੇ ਆਫਿਸ ਦਾ ਭਾਰਾ ਬੈਗ, ਜਿਸ ਵਿਚ ਉਸ ਦਾ ਵਰਕ ਲੈਪਟਾਪ, ਐਕਸਟਰਾ ਸਕਰੀਨ, ਦਿਨ ਵਾਲੇ ਕਪੜਿਆਂ ਨਾਲ ਤੁੰਨਿਆ ਹੈਂਡਬੈਗ। ਲਗਭਗ 15 ਪੌਂਡ ਭਾਰਾ ਹੋਵੇਗਾ ਉਸ ਦਾ ਬੈਗ, ਕਿਵੇਂ ਮੋਢੇ ‘ਤੇ ਚੁੱਕੀ ਪਲਾਜ਼ਾ ਹੋਟਲ ਤੋਂ ਬਾਹਰ ਆਈ ਸੀ। ਲਿੱਲੀ ਨੇ ਤਾਂ ਆਵਦੇ ਇਕ ਕੁਲੀਗ ਕੋਲੋਂ ਲਿਫਟ ਲੈ ਲਈ ਸੀ, ਪਰ ਰੀਤ ਦਾ ਦਿਲ ਨਾ ਕੀਤਾ ਕਿ ਉਹ ਅੱਧੀ ਰਾਤ ਕਿਸੇ ਕੋਲੋਂ ਇੰਜ ਲਿਫਟ ਲਵੇ। ਨਾਲੇ ਮਾਮ ਨੂੰ ਵੀ ਚੰਗਾ ਨਹੀਂ ਸੀ ਲਗਣਾ ਕੇ ਉਹ ਕਿਸੇ ਨਾਲ ਇੰਜ ਕਾਰ ਵਿਚ ਆਈ ਹੈ। ਉਸ ਊਬਰ ਲਈ ਕਈ ਵਾਰ ਕਾਲ ਕੀਤੀ, ਪਰ ਡਾਊਨ ਟਾਊਨ ਤੋਂ ਕੈਲਡੇਨ ਜਾਣ ਲਈ ਕੋਈ ਤਿਆਰ ਨਹੀਂ ਸੀ, ਰਾਤ ਦੇ ਦੋ ਵਜੇ। ਮਾਮ ਨੂੰ ਕੀ ਪਤਾ, ਕਿੰਨਾ ਸਟਰੈਸ ਹੁੰਦਾ ਹੈ, ਉਸ ਵੇਲੇ ਆਪਣੀਆਂ ਮੁਸ਼ਕਿਲਾਂ ਨਾਲ ਜੂਝਦਿਆਂ ਅਤੇ ਘਰ ਜਾ ਕੇ ਜਵਾਬ ਤਲਬੀ ਲਈ। ਭਾਰਾ ਬੈਗ ਚੁਕੀ ਉਹ ਯੂਨੀਅਨ ਸਟੇਸ਼ਨ ਪਹੁੰਚੀ। ਮੋਢਾ ਟੁੱਟਣ ਵਾਲਾ ਹੋ ਗਿਆ ਸੀ। ਪਾਰਟੀ ਵਿਚ ਪੀਤਾ ਵਾਈਨ ਦਾ ਗਲਾਸ ਤਾਂ ਕਦੋਂ ਦਾ ਉਤਰ ਚੁਕਾ ਸੀ। ਤਿੰਨ ਵਜੇ ਦੇ ਕਰੀਬ ਉਹ ਗੋ ਬਸ ਸਟਾਪ ਤੋਂ ਆਪਣੀ ਗੱਡੀ ਕੱਢ ਜਦੋਂ ਘਰ ਪਹੁੰਚੀ ਤਾਂ ਤੜਕੇ ਸਾਢੇ ਤਿੰਨ ਵੱਜ ਚੁਕੇ ਸਨ। ਠੰਡ ਤੇ ਥਕਾਨ ਨਾਲ ਉਸ ਦਾ ਬੁਰਾ ਹਾਲ ਸੀ। ਦਰਵਾਜਾ ਖੋਲ੍ਹਦਿਆਂ ਹੀ ਜਦੋਂ ਘਰ ਅੰਦਰ ਵੜੀ ਤਾਂ ਮੋਢੇ ‘ਤੇ ਲੱਦਿਆ ਭਾਰਾ ਬੈਗ ਉਸ ਥੱਲੇ ਸੁੱਟ ਦਿੱਤਾ। ਜਿਸ ਦੇ ਖੜਕੇ ਤੋਂ ਮਾਮ ਨੇ ਪਤਾ ਨਹੀਂ ਕੀ ਕੀ ਸੀਨ ਸਿਰਜ ਲਏ ਤੇ ਆਪਣੇ ਹੀ ਕਿਆਸ ਲਾ ਲਾ ਪ੍ਰੇਸ਼ਾਨ ਹੁੰਦੀ ਰਹੀ। ਮੈਂ ਤਾਂ ਪਹਿਲਾਂ ਹੀ ਖਿੱਝੀ ਪਈ ਸਾਂ ਤੇ ਮਾਮ ਉਪਰੋਂ ਹੀ ‘ਰੀਤ ਰੀਤ’ ਆਖ ‘ਵਾਜਾਂ ਮਾਰੀ ਜਾਣ, ਜਿਵੇਂ ਪਹਿਲਾਂ ਉਥੇ ਹਾਜ਼ਰੀ ਭਰਨੀ ਜਰੂਰੀ ਹੋਵੇ।
ਰੀਤ ਇਕੋ ਪਲ ਵਿਚ ਹੀ ਕਿੰਨਾ ਕੁਝ ਸੋਚ ਗਈ। ਗੁੱਸਾ ਤੇ ਪਹਿਲਾਂ ਦਾ ਹੀ ਬਹੁਤ ਸੀ, ਪਰ ਮਾਮ ਦੇ ਇੰਟੈਰੋਗੇਟ ਕਰਨ ‘ਤੇ ਸਭ ਕੁਝ ਉਨ੍ਹਾਂ ‘ਤੇ ਨਿਕਲ ਗਿਆ। ਨਾਲੇ ਇਹ ਕਿਹੜਾ ਪਹਿਲੀ ਵਾਰੀ ਸੀ, ਉਹ ਹਮੇਸ਼ਾ ਹੀ ਇੰਜ ਕਰਦੇ ਹਨ। ਸਾਡੀ ਕਿਸੇ ਗੱਲ ‘ਤੇ ਯਕੀਨ ਹੀ ਨਹੀਂ ਕਰਦੇ। ਅੱਜ ਮੈਨੂੰ ਗੁੱਸਾ ਆ ਗਿਆ ਤੇ ਮੈਂ ਵੀ ਬਹੁਤ ਕੁਝ ਸੁਣਾ ਦਿੱਤਾ। ਰੀਤ ਨੂੰ ਜਿਵੇਂ ਕੁਝ ਪਛਤਾਵਾ ਜਿਹਾ ਵੀ ਸੀ।
ਸਵੇਰੇ ਵੀ ਮੈਨੂੰ ਪਤਾ ਸੀ, ਮਾਮ ਕੁਝ ਵੱਡਾ ਸੀਨ ਕ੍ਰੀਏਟ ਕਰਨਗੇ, ਸੋ ਮੈਂ ਉਨ੍ਹਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਘਰ ਛੱਡਣ ਦਾ ਐਲਾਨ ਕਰ ਦਿੱਤਾ। ‘ਇਟਸ ਨਾਟ ਜਸਟ ਟੂਡੇ, ਐਵਰੀ ਡੇ ਦੀ ਸੇਮ ਸਟੋਰੀ।’ ਰੀਤ ਬੁੜ ਬੁੜਾ ਰਹੀ ਸੀ, ਪਰ ਘਰ ਛੱਡਣਾ ਵੀ ਕਿਹੜਾ ਸੌਖਾ ਹੈ। ਐਨੇ ਖਰਚੇ ਤੇ ਕੰਮ, ਸਫਾਈ, ਭਾਂਡੇ-ਨਾ ਬਾਬਾ ਨਾ, ਮੈਂ ਨਹੀਂ ਕਰ ਸਕਦੀ।
‘ਹੁਣ ਕੀ ਕਰਾਂ?’ ਰੀਤ ਨੇ ਜਿਵੇਂ ਆਪਣੇ ਆਪ ਨੂੰ ਸਵਾਲ ਕੀਤਾ।
ਸਵੇਰ ਦਾ ਫੋਨ ਵੀ ਬੰਦ ਕਰ ਰਖਿਆ ਸੀ। ਉਸ ਦਾ ਜੀਅ ਕੀਤਾ ਕਿ ਮਾਮ ਨਾਲ ਗੱਲ ਕਰੇ, ਮਾਮ ਦੇ ਹੱਥ ਦੀ ਗਰਮ ਗਰਮ ਚਾਹ ਮਿਲ ਜਾਵੇ। ਉਸ ਨੂੰ ਆਪਣੇ ਘਰ ਮਾਮ, ਡੈਡ ਤੇ ਨਵੀ ਦੀ ਯਾਦ ਆਉਣ ਲੱਗੀ। ਉਸ ਨੇ ਫੋਨ ਦਾ ਸਵਿਚ ਆਨ ਕੀਤਾ। ਕਿੰਨੇ ਹੀ ਮੈਸੇਜ, ਵਾਇਸ ਮੇਲ ਰਿਕਾਰਡ ਹੋਏ ਪਏ ਸਨ। ਮਾਮ ਵਾਰ ਵਾਰ ਉਸ ਨੂੰ ਘਰ ਆਉਣ ਦੀ ਤਾਕੀਦ ਕਰ ਰਹੀ ਸੀ। ਉਸ ਨੇ ਝੱਟ ਹੀ ਸਾਰੇ ਮੈਸੇਜ ਪੜ੍ਹ ਲਏ। ਰਾਤ ਦੇ ਨੌਂ ਵੱਜ ਚੁਕੇ ਸਨ। ਉਸ ਮਾਮ ਨੂੰ ਕਾਲ ਕੀਤੀ। ਉਧਰੋਂ ਘਬਰਾਈ ਤੇ ਫਿਕਰ ਭਰੀ ਹੈਲੋ ਦੀ ਅਵਾਜ਼ ਆਈ।
“ਆਈ ਐਮ ਸਾਰੀ ਮਾਮ।” ਰੀਤ ਦੀ ਭਿੱਜੀ ਜਿਹੀ ਅਵਾਜ਼ ਸੀ। “ਐਮ ਕਮਿੰਗ ਹੋਮ।” ਉਸ ਡਾਢੇ ਮੋਹ ਨਾਲ ਕਿਹਾ।