ਕਿੰਗ ਆਫ ਫੁੱਟਬਾਲ-ਪੇਲੇ

ਪਰਦੀਪ ਠੱਕਰਵਾਲ, ਸੈਨ ਹੋਜੇ
ਫੋਨ: 408-540-4547
ਪਿਛਲੇ ਦਿਨੀਂ ਖਬਰ ਪੜ੍ਹੀ ਕਿ ਪੈਰਿਸ ਦੇ ਇੱਕ ਹਸਪਤਾਲ ਵਿਚ ਪੇਲੇ ਕਿਸੇ ਬੀਮਾਰੀ ਕਾਰਨ ਦਾਖਲ ਹੈ ਤਾਂ ਮਨ ਬਹੁਤ ਦੁਖੀ ਹੋਇਆ, ਪਰ ਫਿਰ ਉਸ ਬਾਰੇ ਬ੍ਰਾਜ਼ੀਲ ਦੇ ਇਕ ਹਸਪਤਾਲ ਵਿਚ ਠੀਕ ਹੋਣ ਵਾਲੀ ਖਬਰ ਨੇ ਖੁਸ਼ੀ ਵੀ ਦਿੱਤੀ। ਇਨ੍ਹਾਂ ਗੱਲਾਂ ਕਰਕੇ ਉਸ ਦੀ ਜ਼ਿੰਦਗੀ ‘ਤੇ ਨਜ਼ਰ ਮਾਰਨ ਅਤੇ ਚੇਤੇ ਕਰਨ ਨੂੰ ਦਿਲ ਕੀਤਾ।

ਪੇਲੇ ਦਾ ਜਨਮ 23 ਅਕਤੂਬਰ 1940 ਨੂੰ ਬ੍ਰਾਜ਼ੀਲ ਦੇ ਨਿੱਕੇ ਜਿਹੇ ਸ਼ਹਿਰ ਟਰੇਸ ਕੋਰਾਕੋ ਵਿਚ ਹੋਇਆ। ਉਸ ਦਾ ਅਸਲ ਨਾਂ ਐਡਸਨ ਅਰਾਂਟੇਸ ਡੋ ਨਸਾਈਮੈਂਟੋ ਸੀ। ਉਸ ਦੇ ਪਿਉ ਦਾ ਨਾਂ ਡੋਨਡੀਨਓ ਅਤੇ ਮਾਂ ਦਾ ਨਾਂ ਸੈਲੋਮਟਾ ਡੋਨਾ ਸੀ। ਉਹ ਬਹੁਤ ਹੀ ਗਰੀਬ ਪਰਿਵਾਰ ਵਿਚ ਪੈਦਾ ਹੋਇਆ। ਉਸ ਦੀ ਇੱਕ ਛੋਟੀ ਭੈਣ ਅਤੇ ਭਰਾ ਵੀ ਸਨ। ਉਸ ਦਾ ਪਿਉ ਇੱਕ ਵਧੀਆ ਫੁੱਟਬਾਲ ਖਿਡਾਰੀ ਸੀ, ਪਰ ਇਸ ਨਾਲ ਘਰ ਦਾ ਗੁਜ਼ਾਰਾ ਔਖਾ ਹੀ ਚਲਦਾ ਸੀ। ਜਦ ਉਸ ਦੇ ਪਿਉ ਦੇ ਸੱਟ ਲੱਗ ਗਈ ਤਾਂ ਹੋਰ ਵੀ ਮੁਸੀਬਤ ਖੜ੍ਹੀ ਹੋ ਗਈ ਅਤੇ ਉਸ ਨੇ ਫੁੱਟਬਾਲ ਖੇਡਣਾ ਛੱਡ ਦਿੱਤਾ।
1944 ਵਿਚ ਪੇਲੇ ਦੇ ਪਿਉ ਨੂੰ ਸਾਓ ਪਾਲੋ ਨੇੜੇ ਬੇਅਰੂ ਸ਼ਹਿਰ ਵਿਚ ਨੌਕਰੀ ਮਿਲ ਗਈ ਅਤੇ ਪਰਿਵਾਰ ਉਥੇ ਹੀ ਜਾ ਕੇ ਰਹਿਣ ਲੱਗਾ। ਇਸ ਨੌਕਰੀ ਨਾਲ ਵੀ ਘਰ ਦੀ ਹਾਲਤ ਵਧੀਆ ਨਾ ਹੋਈ, ਇਸ ਕਰਕੇ ਉਸ ਦੀ ਮਾਂ ਨੂੰ ਵੀ ਲੋਕਾਂ ਦੇ ਘਰਾਂ ਵਿਚ ਜਾ ਕੇ ਕੰਮ ਕਰਨਾ ਪਿਆ। ਪੇਲੇ ਵੀ ਲੋਕਾਂ ਦੇ ਘਰਾਂ, ਸਟੇਡੀਅਮ ਅਤੇ ਟਰੇਨ ਸਟੇਸ਼ਨ ‘ਤੇ ਜਾ ਕੇ ਬੂਟ ਪਾਲਿਸ਼ ਕਰਦਾ।
ਪੇਲੇ ਨੇ ਅੱਠ ਸਾਲ ਦੀ ਉਮਰ ਵਿਚ ਸਕੂਲ ਜਾਣਾ ਸ਼ੁਰੂ ਕੀਤਾ, ਪਰ ਪੜ੍ਹਾਈ ਵਿਚ ਉਸ ਦਾ ਮਨ ਨਾ ਲੱਗਾ। ਉਹ ਸ਼ਰਾਰਤੀ ਸੀ ਅਤੇ ਹਮੇਸ਼ਾ ਟੀਚਰਾਂ ਕੋਲੋਂ ਕੁੱਟ ਖਾਂਦਾ। ਉਹ ਆਪਣੇ ਦੋਸਤਾਂ ਨਾਲ ਫੁੱਟਬਾਲ ਖੇਡਦਾ ਰਹਿੰਦਾ, ਭਾਵੇਂ ਉਸ ਦੀ ਮਾਂ ਨੂੰ ਇਹ ਪਸੰਦ ਨਹੀਂ ਸੀ। ਉਹ ਸੋਚਦੀ ਕਿ ਉਸ ਦੇ ਪਿਉ ਨੂੰ ਖੇਡ ਵਿਚ ਨਿਰਾਸ਼ ਹੀ ਹੋਣਾ ਪਿਆ, ਇਸ ਕਰਕੇ ਪੇਲੇ ਨੂੰ ਇਸ ਪਾਸੇ ਨਹੀਂ ਜਾਣਾ ਚਾਹੀਦਾ। ਪਰ ਪੇਲੇ ਨੇ ਆਪਣੇ ਦੋਸਤਾਂ ਨਾਲ ਗਲੀ ਵਿਚ ਫੁੱਟਬਾਲ ਖੇਡਣਾ ਜਾਰੀ ਰੱਖਿਆ। ਉਨ੍ਹਾਂ ਕੋਲ ਫੁੱਟਬਾਲ ਖਰੀਦਣ ਲਈ ਪੈਸੇ ਨਹੀਂ ਸਨ ਹੁੰਦੇ। ਉਹ ਪੁਰਾਣੀ ਜੁਰਾਬ ਵਿਚ ਕੱਪੜੇ ਪਾ ਕੇ ਉਸ ਦਾ ਫੁੱਟਬਾਲ ਬਣਾ ਲਿਆ ਕਰਦੇ। ਉਸ ਦੀ ਮਾਂ ਤੋਂ ਚੋਰੀ ਪੇਲੇ ਦਾ ਪਿਉ ਉਸ ਨੂੰ ਤਕਨੀਕ ਸਿਖਾਉਂਦਾ।
ਪੇਲੇ ਅਤੇ ਉਸ ਦੇ ਸਾਥੀਆਂ ਨੇ ਇੱਕ ਟੀਮ ਬਣਾਉਣ ਦੀ ਸੋਚੀ ਤਾਂ ਪੈਸਿਆਂ ਦੀ ਕਮੀ ਫਿਰ ਆਈ। ਉਨ੍ਹਾਂ ਨੇ ਇੱਕ ਰੇਲਵੇ ਦੀ ਬੋਗੀ ਵਿਚੋਂ ਮੂੰਗਫਲੀ ਚੋਰੀ ਕਰਕੇ ਉਸ ਨੂੰ ਭੁੰਨ ਕੇ ਸਿਨੇਮਾ ਘਰਾਂ ਅੱਗੇ ਵੇਚਿਆ। ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਨੇ ਜਰਸੀਆਂ ਲਈਆਂ। ਉਹ ਨੰਗੇ ਪੈਰੀਂ ਖੇਡਦੇ। ਪੇਲੇ ਟੀਮ ਦਾ ਕਪਤਾਨ ਸੀ। ਕਈ ਵਾਰ ਉਨ੍ਹਾਂ ਨੇ ਖਿੜਕੀਆਂ ਦੇ ਸ਼ੀਸ਼ੇ ਵੀ ਤੋੜੇ। ਇਸੇ ਸਮੇਂ ਸਾਥੀ ਉਸ ਨੂੰ ‘ਪੇਲੇ’ ਦੇ ਨਾਂ ਨਾਲ ਬੁਲਾਉਣ ਲੱਗ ਪਏ। ਇਹ ਨਾਂ ਕਿਸ ਤਰ੍ਹਾਂ ਪਿਆ, ਇਸ ਬਾਰੇ ਕਈ ਤਰ੍ਹਾਂ ਦੇ ਵਿਚਾਰ ਹਨ।
1950 ਵਿਚ ਪੇਲੇ ਨੌਂ ਸਾਲ ਦਾ ਸੀ, ਜਦੋਂ ਫੀਫਾ ਵਰਲਡ ਕੱਪ ਬ੍ਰਾਜ਼ੀਲ ਵਿਚ ਹੋਇਆ। ਫਾਈਨਲ ਮੈਚ ਬ੍ਰਾਜ਼ੀਲ ਅਤੇ ਉਰੂਗਵੇ ਵਿਚਾਲੇ ਸੀ। ਬ੍ਰਾਜ਼ੀਲ ਦੇ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਅਸੀਂ ਇਹ ਕੱਪ ਜਿੱਤ ਲੈਣਾ ਹੈ। ਪੇਲੇ ਦਾ ਪਰਿਵਾਰ ਇਸ ਮੈਚ ਨੂੰ ਰੇਡੀਓ ‘ਤੇ ਸੁਣ ਰਿਹਾ ਸੀ। ਬ੍ਰਾਜ਼ੀਲ ਇਹ ਮੈਚ ਹਾਰ ਗਿਆ ਅਤੇ ਚਾਰੇ ਪਾਸੇ ਨਿਰਾਸ਼ਾ ਤੇ ਖਾਮੋਸ਼ੀ ਛਾ ਗਈ। ਸਾਰਾ ਦੇਸ਼ ਉਦਾਸ ਸੀ। ਇਸ ਦਿਨ ਪਹਿਲੀ ਵਾਰ ਪੇਲੇ ਨੇ ਆਪਣੇ ਪਿਉ ਨੂੰ ਰੋਂਦੇ ਹੋਏ ਵੇਖਿਆ। ਉਸ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਇੱਕ ਦਿਨ ਮੈਂ ਬ੍ਰਾਜ਼ੀਲ ਲਈ ਕੱਪ ਜਿੱਤਾਂਗਾ, ਜੋ ਬਾਅਦ ਵਿਚ ਉਸ ਨੇ ਤਿੰਨ ਵਾਰ ਜਿੱਤਿਆ ਵੀ।
ਸ਼ਹਿਰ ਵਿਚ ਇੱਕ ਟੂਰਨਾਮੈਂਟ ਹੋਇਆ ਤਾਂ ਕਿਸੇ ਦਾਨੀ ਸੱਜਣ ਨੇ ਉਨ੍ਹਾਂ ਨੂੰ ਬੂਟ ਲੈ ਕੇ ਦਿੱਤੇ। ਪੇਲੇ ਆਪਣੀ ਟੀਮ ਦਾ ਕੈਪਟਨ ਸੀ। ਉਨ੍ਹਾਂ ਨੇ ਇਹ ਟੂਰਨਾਮੈਂਟ ਜਿੱਤ ਲਿਆ ਅਤੇ ਪੇਲੇ ਇਸ ਦਾ ਵੈਸਟ ਸਕੋਰਰ ਬਣਿਆ। ਉਸ ਦਾ ਨਾਂ ਸ਼ਹਿਰ ਵਿਚ ਮਸ਼ਹੂਰ ਹੋ ਗਿਆ। 1954 ਵਿਚ ਉਹ ਸ਼ਹਿਰ ਦੀ ਹੀ ਬਕਿਨੀਉ ਕਲੱਬ ਲਈ ਖੇਡਣ ਲੱਗ ਪਿਆ, ਜੋ ਉਸ ਨੂੰ ਥੋੜੇ ਪੈਸੇ ਵੀ ਦੇਣ ਲੱਗ ਪਏ। ਉਸ ਦਾ ਕੋਚ ਵਾਲਡਮਰ ਸੀ, ਜੋ 1934 ਵਿਚ ਬ੍ਰਾਜ਼ੀਲ ਲਈ ਵਰਲਡ ਕੱਪ ਖੇਡ ਚੁਕਾ ਸੀ। ਸੋ, ਕੋਚ ਦੀ ਨਿਗਰਾਨੀ ਵਿਚ ਉਸ ਨੇ ਆਪਣੀ ਖੇਡ ਤਕਨੀਕ ਨੂੰ ਸੁਧਾਰਿਆ ਅਤੇ ਸ਼ਹਿਰ ਦਾ ਉਭਰਦਾ ਖਿਡਾਰੀ ਬਣ ਗਿਆ। ਉਸ ਨੂੰ ਨਿਰਾਸ਼ਾ ਹੋਈ, ਜਦ ਉਸ ਦਾ ਕੋਚ ਛੱਡ ਕੇ ਕਿਸੇ ਹੋਰ ਵੱਡੀ ਕਲੱਬ ਵਿਚ ਚਲਾ ਗਿਆ। ਉਸ ਦੇ ਤਿੰਨ ਸਾਥੀ ਵੀ ਕਿਸੇ ਹੋਰ ਕਲੱਬ ਲਈ ਖੇਡਣ ਲੱਗ ਪਏ। ਪੇਲੇ ਨੂੰ ਵੀ ਵੱਡੀਆਂ ਕਲੱਬਾਂ ਵਲੋਂ ਬੁਲਾਇਆ ਗਿਆ, ਪਰ ਉਸ ਦੇ ਮਾਪੇ ਉਸ ਨੂੰ ਵੱਡੇ ਸ਼ਹਿਰ ਵਿਚ ਇਕੱਲੇ ਨੂੰ ਨਹੀਂ ਸਨ ਭੇਜਣਾ ਚਾਹੁੰਦੇ।
ਇੱਕ ਦਿਨ ਪੇਲੇ ਦਾ ਪੁਰਾਣਾ ਕੋਚ ਵਲਡਮਰ ਉਸ ਦੇ ਮਾਪਿਆਂ ਨੂੰ ਮਿਲ ਕੇ, ਉਨ੍ਹਾਂ ਦੀ ਸਹਿਮਤੀ ਨਾਲ ਉਸ ਨੂੰ ਸੰਤੋਜ਼ ਕਲੱਬ ਲਈ ਟਰਾਈ-ਆਊਟ ਲਈ ਲੈ ਗਿਆ। ਕਲੱਬ ਦੇ ਕੋਚ ਉਸ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਟੀਮ ਵਿਚ ਸ਼ਾਮਿਲ ਕਰ ਲਿਆ। ਸੰਤੋਜ਼ ਵਿਚ ਖੇਡਣ ਵਾਲੇ ਕਈ ਮਸ਼ਹੂਰ ਖਿਡਾਰੀ ਸਨ ਅਤੇ ਉਨ੍ਹਾਂ ਦੇ ਕੋਚ ਦਾ ਨਾਂ ਲੂਲਾ ਸੀ। ਪੇਲੇ ਨੇ 15 ਸਾਲ ਦੀ ਉਮਰ ਵਿਚ ਹੀ 20 ਸਾਲ ਵਾਲੀ ਟੀਮ ਲਈ ਖੇਡਣਾ ਸ਼ੁਰੂ ਕੀਤਾ। ਉਸ ਦੀ ਖੇਡ ਤੋਂ ਕੋਚ ਇੰਨਾ ਪ੍ਰਭਾਵਿਤ ਹੋਇਆ ਕਿ ਪੇਲੇ ਨੂੰ ਸੀਨੀਅਰ ਟੀਮ ਵਿਚ ਸ਼ਾਮਿਲ ਕਰ ਲਿਆ।
ਪੇਲੇ ਨੇ 7 ਸਤੰਬਰ 1956 ਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਪੇਸ਼ੇਵਰ ਮੈਚ ਖੇਡਿਆ ਅਤੇ ਉਸ ਵਲੋਂ ਕੀਤੇ ਕੁੱਲ 1281 ਗੋਲਾਂ ਦਾ ਪਹਿਲਾ ਗੋਲ ਵੀ ਇਸੇ ਦਿਨ ਕੀਤਾ। ਸੋਲਾਂ ਸਾਲ ਦੀ ਉਮਰੇ ਉਹ ਪਹਿਲੀ ਵਾਰ ਬ੍ਰਾਜ਼ੀਲ ਦੀ ਟੀਮ ਲਈ ਖੇਡਿਆ ਅਤੇ ਅਰਜਨਟਾਈਨਾ ਵਿਰੁਧ ਗੋਲ ਕੀਤਾ। ਇਹ ਮੈਚ ਮਸ਼ਹੂਰ ਮਾਰਾਕਾਨਾ ਸਟੇਡੀਅਮ ਵਿਚ ਹੋਇਆ ਅਤੇ ਇਸ ਪਿਛੋਂ ਪੇਲੇ ਦੇ ਨਾਂ ਦੀ ਚਰਚਾ ਘਰ-ਘਰ ਹੋਣ ਲੱਗੀ।
1958 ਵਿਚ ਫੀਫਾ ਵਰਲਡ ਕੱਪ ਸਵੀਡਨ ਵਿਚ ਹੋਣਾ ਸੀ ਅਤੇ ਬ੍ਰਾਜ਼ੀਲ ਦੀ ਟੀਮ ਲਈ ਉਸ ਨੂੰ ਸ਼ਾਮਿਲ ਕੀਤਾ ਗਿਆ। ਉਹ ਸਿਰਫ 17 ਸਾਲ ਦਾ ਸੀ। ਭਾਵੇਂ ਜਾਣ ਤੋਂ ਪਹਿਲਾਂ ਉਸ ਦੇ ਸੱਟ ਲੱਗ ਗਈ ਸੀ, ਫਿਰ ਵੀ ਉਸ ਨੂੰ ਟੀਮ ਵਿਚ ਹੀ ਰੱਖਿਆ ਗਿਆ। ਇਹ ਪਹਿਲੀ ਵਾਰ ਸੀ, ਜਦੋਂ ਉਸ ਨੇ ਹਵਾਈ ਜਹਾਜ ਵਿਚ ਸਫਰ ਕੀਤਾ, ਬਾਅਦ ਵਿਚ ਸਾਰੀ ਜ਼ਿੰਦਗੀ ਉਹ ਜਹਾਜਾਂ ਦੇ ਸਫਰ ਦਾ ਅਨੰਦ ਮਾਣਦਾ ਰਿਹਾ। ਸੱਟ ਲਗਣ ਕਰਕੇ ਉਹ ਪਹਿਲੇ ਦੋ ਮੈਚ ਖੇਡ ਨਾ ਸਕਿਆ। ਸੈਮੀ ਫਾਈਨਲ ਵਿਚ ਬ੍ਰਾਜ਼ੀਲ ਦਾ ਮੁਕਾਬਲਾ ਫਰਾਂਸ ਦੀ ਤਕੜੀ ਟੀਮ ਨਾਲ ਸੀ। ਉਨ੍ਹਾਂ ਦੇ ‘ਜਸਟ ਫਾਊਂਟੇਨ’ ਨਾਂ ਦੇ ਖਿਡਾਰੀ ਨੇ ਇਸ ਟੂਰਨਾਮੈਂਟ ਵਿਚ 13 ਗੋਲ ਕੀਤੇ, ਜੋ ਅੱਜ ਵੀ (ਇੱਕ ਵਰਲਡ ਕੱਪ ਵਿਚ) ਰਿਕਾਰਡ ਹੈ। ਬ੍ਰਾਜ਼ੀਲ ਨੇ ਇਹ ਮੈਚ 5-2 ਦੇ ਅੰਕ ਨਾਲ ਜਿੱਤ ਲਿਆ ਅਤੇ ਪੇਲੇ ਨੇ ਇਸ ਵਿਚ ਤਿੰਨ ਗੋਲ ਕਰਕੇ ਹੈਟਟ੍ਰਿਕ ਬਣਾਇਆ। 29 ਜੂਨ 1958 ਨੂੰ ਬ੍ਰਾਜ਼ੀਲ ਦਾ ਫਾਈਨਲ ਮੈਚ ਮੇਜ਼ਬਾਨ ਸਵੀਡਨ ਨਾਲ ਸੀ। ਬ੍ਰਾਜ਼ੀਲ ਇਸ ਮੈਚ ਨੂੰ 5-2 ਨਾਲ ਜਿੱਤ ਕੇ ਪਹਿਲੀ ਵਰਲਡ ਚੈਂਪੀਅਨ ਬਣ ਗਿਆ। ਪੇਲੇ ਫਾਈਨਲ ਵਿਚ ਗੋਲ ਕਰਨ ਵਾਲਾ ਪਹਿਲਾ 17 ਸਾਲਾ ਖਿਡਾਰੀ ਬਣਿਆ। ਉਸ ਨੇ ਇਸ ਟੂਰਨਾਮੈਂਟ ਵਿਚ ਕੁੱਲ ਛੇ ਗੋਲ ਕੀਤੇ।
ਜਦੋਂ ਪੇਲੇ ਵਰਲਡ ਕੱਪ ਜਿੱਤ ਕੇ ਵਾਪਸ ਆਇਆ ਤਾਂ ਸਾਰੇ ਪਾਸੇ ਉਸ ਦਾ ਸਨਮਾਨ ਕੀਤਾ ਗਿਆ। ਉਹ ਬ੍ਰਾਜ਼ੀਲ ਦਾ ਹੀਰੋ ਬਣ ਗਿਆ ਅਤੇ ਲੋਕ ਉਸ ਦੇ ਦੀਵਾਨੇ ਹੋ ਗਏ। ਉਸ ਨੇ ਆਪਣੀ ਕਲੱਬ ਸੰਤੋਜ਼ ਲਈ ਫਿਰ ਤੋਂ ਖੇਡਣਾ ਸ਼ੁਰੂ ਕੀਤਾ ਤਾਂ ਇੱਕ ਹੋਰ ਮੁਸੀਬਤ ਆਣ ਖੜ੍ਹੀ ਹੋਈ। ਪੇਲੇ ਹੁਣ 18 ਸਾਲ ਦਾ ਹੋ ਗਿਆ ਸੀ ਅਤੇ ਦੇਸ਼ ਦੇ ਕਾਨੂੰਨ ਮੁਤਾਬਕ ਹਰ 18 ਸਾਲ ਦੇ ਲੜਕੇ ਨੂੰ ਮਿਲਟਰੀ ਟਰੇਨਿੰਗ ਕਰਨੀ ਜ਼ਰੂਰੀ ਸੀ। ਪੇਲੇ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵਰਲਡ ਕੱਪ ਜਿੱਤ ਕੇ ਦੇਸ਼ ਦੀ ਸੇਵਾ ਕਰ ਚੁਕਾ ਹਾਂ, ਪਰ ਉਸ ਦੀ ਇਹ ਦਲੀਲ ਨਾ ਮੰਨੀ ਗਈ। ਇਸ ਕਰਕੇ 1959 ਵਾਲਾ ਸਾਲ ਉਸ ਲਈ ਰੁਝਾਨ ਵਾਲਾ ਸੀ। ਉਹ ਮਿਲਟਰੀ ਦੀ ਟਰੇਨਿੰਗ ਦੇ ਨਾਲ-ਨਾਲ ਉਨ੍ਹਾਂ ਲਈ ਫੁੱਟਬਾਲ ਵੀ ਖੇਡਦਾ ਸੀ। ਇਸ ਦੇ ਨਾਲ ਸੰਤੋਜ਼ ਕਲੱਬ ਅਤੇ ਬ੍ਰਾਜ਼ੀਲ ਲਈ ਵੀ ਖੇਡਦਾ ਸੀ।
1962 ਦਾ ਵਰਲਡ ਕੱਪ ਚਿੱਲੀ ਵਿਚ ਹੋਣਾ ਸੀ ਅਤੇ ਇੱਕ ਵਾਰ ਫਿਰ ਬ੍ਰਾਜ਼ੀਲ ਦੀ ਟੀਮ ਵਰਲਡ ਕੱਪ ਜਿੱਤਣ ਦੀ ਦਾਅਵੇਦਾਰ ਸੀ। ਪੇਲੇ ਦੀ ਬਦਕਿਸਮਤੀ ਕਿ ਗਰੁਪ ਸਟੇਜ ਵਿਚ ਹੀ ਉਸ ਦੇ ਸੱਟ ਲੱਗ ਗਈ। ਵਿਰੋਧੀ ਟੀਮਾਂ ਦੇ ਖਿਡਾਰੀ ਉਸ ਤੋਂ ਡਰਦੇ ਸਨ, ਇਸ ਕਰਕੇ ਉਹ ਉਸ ਨੂੰ ਜਖਮੀ ਕਰਨ ਦਾ ਯਤਨ ਕਰਦੇ। ਇਸ ਟੂਰਨਾਮੈਂਟ ਵਿਚ ਪੇਲੇ ਸਿਰਫ ਇੱਕ ਹੀ ਗੋਲ ਕਰ ਸਕਿਆ, ਪਰ ਉਸ ਦੇ ਸਾਥੀ ਅਤੇ ਮਿੱਤਰ ਗਰਿਚਾਂ ਨੇ ਖੂਬਸੂਰਤ ਖੇਡ ਦਾ ਪ੍ਰਦਰਸ਼ਨ ਕਰਕੇ, ਬ੍ਰਾਜ਼ੀਲ ਨੂੰ ਫੇਰ ਚੈਂਪੀਅਨ ਬਣਾ ਦਿੱਤਾ। ਬ੍ਰਾਜ਼ੀਲ ਨੇ ਚੈਕੋਸਲੋਵਾਕੀਆ ਨੂੰ 3-1 ਦੇ ਫਰਕ ਨਾਲ ਜਿੱਤ ਲਿਆ। ਇਸ ਨਾਲ ਪੇਲੇ ਹੁਣ ਦੋ ਵਾਰ ਚੈਂਪੀਅਨ ਬਣ ਗਿਆ ਸੀ। ਉਹ ਆਪਣੀ ਕਲੱਬ ਸੰਤੋਜ਼ ਲਈ ਖੇਡਦਾ ਰਿਹਾ ਅਤੇ ਬਹੁਤ ਗੋਲ ਕਰਦਾ ਰਿਹਾ। ਯੂਰਪ ਦੀਆਂ ਕਲੱਬਾਂ ਦੀ ਦਿਲਚਸਪੀ ਉਸ ਨੂੰ ਖਰੀਦਣ ਲਈ ਵਧਣ ਲੱਗੀ। ਬ੍ਰਾਜ਼ੀਲ ਵਾਲੇ ਨਹੀਂ ਸਨ ਚਾਹੁੰਦੇ ਕਿ ਪੇਲੇ ਕਿਸੇ ਹੋਰ ਦੇਸ਼ ਵਿਚ ਜਾ ਕੇ ਖੇਡੇ। ਕਿਹਾ ਜਾਂਦਾ ਹੈ ਕਿ ਬ੍ਰਾਜ਼ੀਲ ਦੀ ਸਰਕਾਰ ਨੇ ਉਸ ਨੂੰ ‘ਦੇਸ਼ ਦਾ ਨਾ ਵੇਚੇ ਜਾਣ ਵਾਲਾ ਖਜਾਨਾ’ ਘੋਸ਼ਿਤ ਕਰ ਦਿੱਤਾ ਸੀ।
1966 ਵਿਚ ਪੇਲੇ ਨੇ ਆਪਣੀ ਗਰਲ ਫਰੈਂਡ ਰੋਜ਼ ਮੈਰੀ ਨਾਲ ਸ਼ਾਦੀ ਕਰ ਲਈ, ਜੋ ਗੋਰੀ ਨਸਲ ਦੀ ਸੀ। ਇਸ ਸਾਲ ਹੀ ਵਰਲਡ ਕੱਪ ਇੰਗਲੈਂਡ ਵਿਚ ਹੋਣਾ ਸੀ। ਪੇਲੇ ਟੀਮ ਦੀ ਚੋਣ ਤੋਂ ਖੁਸ਼ ਨਹੀਂ ਸੀ, ਕਿਉਂਕਿ ਪਿਛਲੇ ਕਈ ਜੇਤੂ ਖਿਡਾਰੀ ਟੀਮ ਵਿਚੋਂ ਬਾਹਰ ਕਰਕੇ ਡਿਕਟੇਟਰ ਸਰਕਾਰ ਨੇ ਨਵੇਂ ਖਿਡਾਰੀ ਸ਼ਾਮਿਲ ਕਰ ਲਏ ਸਨ। ਟੀਮ ਦਾ ਮਨੋਬਲ ਡਿੱਗਾ ਹੋਇਆ ਸੀ। ਪਹਿਲੇ ਹੀ ਮੈਚ ਵਿਚ ਬੁਲਗਾਰੀਆ ਸਿਰ ਪੇਲੇ ਨੇ ਗੋਲ ਕੀਤਾ ਅਤੇ ਮੈਚ ਵੀ ਜਿੱਤ ਲਿਆ, ਪਰ ਉਸ ਦੇ ਸੱਟ ਲੱਗ ਗਈ। ਪੁਰਤਗਾਲ ਨਾਲ ਮੈਚ ਵਿਚ ਉਸ ਨੂੰ ਵਾਰ-ਵਾਰ ਸੱਟਾਂ ਮਾਰ ਕੇ ਜਖਮੀ ਕੀਤਾ ਗਿਆ। ਉਸ ਸਮੇਂ ਰੈਫਰੀ ਅਤੇ ਨਿਯਮ ਸਖਤ ਨਾ ਹੋਣ ਕਰਕੇ ਪੇਲੇ ਨੂੰ ਬਹੁਤ ਵਾਰ ਸੱਟਾਂ ਮਾਰ ਕੇ ਧਰਤੀ ‘ਤੇ ਸੁਟਿਆ ਗਿਆ। ਇੱਕ ਹੋਰ ਗੱਲ ਇਹ ਵੀ ਸੀ ਕਿ ਉਹ ਜਖਮੀ ਹੋਣ ਦੇ ਬਾਵਜੂਦ ਬਾਹਰ ਨਹੀਂ ਸੀ ਆ ਸਕਦਾ, ਕਿਉਂਕਿ ਉਸ ਸਮੇਂ ਖਿਡਾਰੀ ਬਦਲਣ ਦਾ ਨਿਯਮ ਲਾਗੂ ਨਹੀਂ ਸੀ ਹੋਇਆ। ਇਸ ਪਿਛੋਂ ਫੀਫਾ ਨੇ ਆਪਣੇ ਨਿਯਮਾਂ ਵਿਚ ਸੁਧਾਰ ਕਰਕੇ ਖੇਡ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਬ੍ਰਾਜ਼ੀਲ ਅਤੇ ਪੇਲੇ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ਤੇ ਇੰਗਲੈਂਡ ਚੈਂਪੀਅਨ ਬਣ ਗਿਆ।
1970 ਵਿਚ ਵਰਲਡ ਕੱਪ ਮੈਕਸੀਕੋ ਵਿਚ ਹੋਣਾ ਸੀ ਅਤੇ ਬ੍ਰਾਜ਼ੀਲ 1966 ਦੀ ਨਮੋਸ਼ੀ ਪਿਛੋਂ ਇੱਕ ਵਾਰ ਫਿਰ ਤਿਆਰ ਸੀ। ਕਈ ਨਵੇਂ ਖਿਡਾਰੀਆਂ ਨਾਲ ਪੇਲੇ ਦੀ ਟੀਮ ਬਹੁਤ ਉਤਸ਼ਾਹਿਤ ਸੀ। ਪੇਲੇ ਦਾ ਪੁਰਾਣਾ ਸਾਥੀ ਅਤੇ ਦੋਸਤ ‘ਮਾਰੀਓ ਜ਼ਗਾਲੋ’ ਟੀਮ ਦਾ ਕੋਚ ਸੀ, ਜੋ ਉਸ ਨਾਲ 1958 ਅਤੇ 1962 ਵਿਚ ਕੱਪ ਜਿੱਤ ਚੁਕਾ ਸੀ। ਇਸ ਟੂਰਨਾਮੈਂਟ ਵਿਚ ਪੇਲੇ ਨੇ ਸਾਰੇ ਹੀ ਮੈਚ ਖੇਡੇ ਅਤੇ ਚਾਰ ਗੋਲ ਵੀ ਕੀਤੇ। ਬ੍ਰਾਜ਼ੀਲ ਨੇ ਫਾਈਨਲ ਵਿਚ ਇਟਲੀ ‘ਤੇ 4-1 ਜਿੱਤ ਪ੍ਰਾਪਤ ਕਰਕੇ, ਇਸ ਕੱਪ ਨੂੰ ਤੀਜੀ ਵਾਰ ਜਿੱਤ ਲਿਆ। ਪੇਲੇ ਤਿੰਨ ਵਾਰ ਵਰਲਡ ਕੱਪ ਜਿੱਤਣ ਵਾਲਾ ਪਹਿਲਾ ਅਤੇ ਇੱਕੋ-ਇੱਕ ਖਿਡਾਰੀ ਬਣ ਗਿਆ, ਜੋ ਅੱਜ ਵੀ ਕਾਇਮ ਹੈ।
1970 ਦੇ ਵਰਲਡ ਕੱਪ ਪਿਛੋਂ ਪੇਲੇ ਨੇ ਬ੍ਰਾਜ਼ੀਲ ਦੀ ਟੀਮ ਤੋਂ ਤਿਆਗ ਲੈਣ ਲਈ ਆਪਣਾ ਮਨ ਬਣਾ ਲਿਆ ਸੀ। ਉਹ ਦੁਨੀਆਂ ਦਾ ਮਹਾਨ ਫੁੱਟਬਾਲਰ ਬਣ ਚੁਕਾ ਸੀ, ਤਿੰਨ ਵਾਰ ਵਰਲਡ ਕੱਪ ਦਾ ਚੈਂਪੀਅਨ ਸੀ। ਉਹ ਮੈਚ ਖੇਡ-ਖੇਡ ਕੇ ਥੋੜ੍ਹਾ ਥੱਕ ਵੀ ਗਿਆ ਸੀ। ਉਂਜ ਵੀ ਉਸ ਨੂੰ ਕੁਝ ਹੋਰ ਸਾਬਿਤ ਕਰਨ ਦੀ ਲੋੜ ਨਹੀਂ ਸੀ। 18 ਜੁਲਾਈ 1971 ਨੂੰ ਉਸ ਨੇ ਬ੍ਰਾਜ਼ੀਲ ਲਈ ਆਪਣੀ ਜ਼ਿੰਦਗੀ ਦਾ ਆਖਰੀ ਮੈਚ ਯੁਗੋਸਲਾਵੀਆ ਨਾਲ ਖੇਡਿਆ। ਮਾਰਾਕਾਨਾ ਸਟੇਡੀਅਮ ਵਿਚ ਖੇਡੇ ਗਏ, ਇਸ ਮੈਚ ਨੂੰ ਅਤੇ ਆਪਣੇ ਮਹਿਬੂਬ ਫੁੱਟਬਾਲਰ ਨੂੰ ਵੇਖਣ ਲਈ 180,000 ਲੋਕਾਂ ਦਾ ਪਹੁੰਚਣਾ ਆਪਣੇ ਆਪ ਵਿਚ ਇੱਕ ਮਿਸਾਲ ਹੈ। ਉਦੋਂ ਉਹ ਸਿਰਫ ਤੀਹ ਸਾਲ ਦਾ ਸੀ। ਉਹ ਕੁਝ ਹੋਰ ਸਾਲ ਆਪਣੀ ਕਲੱਬ ਸੰਤੋਜ਼ ਲਈ ਖੇਡਿਆ ਅਤੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਸੰਤੋਜ਼ ਨੇ ਪੇਲੇ ਨੂੰ ਅਮੀਰ ਬਣਾਇਆ ਅਤੇ ਆਪ ਵੀ ਉਸ ਦੇ ਨਾਂ ‘ਤੇ ਬਹੁਤ ਪੈਸੇ ਕਮਾਏ। 2 ਅਕਤੂਬਰ 1974 ਨੂੰ ਉਸ ਨੇ ਆਪਣੀ ਪਿਆਰੀ ਕਲੱਬ ਸੰਤੋਜ਼ ਨੂੰ ਵੀ ਅਲਵਿਦਾ ਆਖ ਦਿੱਤੀ।
ਪੇਲੇ ਨੇ ਬ੍ਰਾਜ਼ੀਲ ਅਤੇ ਸੰਤੋਜ਼ ਤੋਂ ਤਾਂ ਅਲਵਿਦਾ ਲੈ ਲਈ ਸੀ, ਪਰ ਫੁੱਟਬਾਲ ਤੋਂ ਅਜੇ ਸਨਿਆਸ ਨਹੀਂ ਸੀ ਲਿਆ। 11 ਜੂਨ 1975 ਨੂੰ ਉਸ ਨੇ ਅਮਰੀਕਾ ਦੀ ਕਲੱਬ ਨਿਊ ਯਾਰਕ ਕਾਸਮੋਸ ਲਈ ਖੇਡਣਾ ਸ਼ੁਰੂ ਕੀਤਾ। ਇਹ ਫੈਸਲਾ ਖੇਡ ਦੇ ਨਾਲ-ਨਾਲ ਪੈਸਾ ਕਮਾਉਣ ਦਾ ਵੀ ਸੀ। ਇਸ ਕਲੱਬ ਨੇ ਦੁਨੀਆਂ ਭਰ ਵਿਚ ਪੇਲੇ ਦੇ ਨਾਂ ‘ਤੇ ਮੈਚ ਖੇਡ ਕੇ ਪੈਸੇ ਕਮਾਏ। ਇਸੇ ਸਮੇਂ ਪੇਲੇ ਇੰਡੀਆ ਵੀ ਗਿਆ ਅਤੇ ਕਲਕੱਤੇ ਦੀ ਮੋਹਨ ਬਾਗਾਨ ਟੀਮ ਨਾਲ ਖੇਡਿਆ, ਪਰ ਹੁਣ ਪੇਲੇ ਪੂਰੀ ਤਰ੍ਹਾਂ ਨਾਲ ਥੱਕ ਗਿਆ ਸੀ। ਉਸ ਨੇ ਕਾਸਮੋਸ ਲਈ 111 ਮੈਚ ਖੇਡੇ ਤੇ 65 ਗੋਲ ਕੀਤੇ। ਉਸ ਨੇ ਆਪਣੀ ਜ਼ਿੰਦਗੀ ਦਾ ਆਖਰੀ ਪੇਸ਼ੇਵਰ ਮੈਚ 10 ਅਕਤੂਬਰ 1977 ਨੂੰ ਨਿਊ ਯਾਰਕ ਦੇ ਜੈਂਟਸ ਸਟੇਡੀਅਮ ਵਿਚ ਖੇਡਿਆ। ਉਸ ਸਮੇਂ 75,000 ਲੋਕ ਇਸ ਮਹਾਨ ਫੁੱਟਬਾਲਰ ਨੂੰ ਵਿਦਾਇਗੀ ਦੇਣ ਲਈ ਆਏ।
ਪੇਲੇ ਆਪਣੇ ਆਖਰੀ ਮੈਚ ਦਾ ਅੱਧਾ ਸਮਾਂ ਕਾਸਮੋਸ ਲਈ ਅਤੇ ਅੱਧਾ ਸਮਾਂ ਆਪਣੀ ਮਾਂ ਵਰਗੀ ਪਿਆਰੀ ਤੇ ਸਤਿਕਾਰੀ ਕਲੱਬ ਸੰਤੋਜ਼ ਲਈ ਖੇਡਿਆ। ਆਪਣੇ ਇਸ ਆਖਰੀ ਮੈਚ ਵਿਚ ਵੀ ਉਸ ਨੇ ਗੋਲ ਕੀਤਾ ਅਤੇ ਕਿੰਗ ਪੇਲੇ ਅਲਵਿਦਾ ਆਖ ਕੇ ਚਲਾ ਗਿਆ।
ਪੇਲੇ ਬਾਰੇ ਬਹੁਤ ਕਹਾਣੀਆਂ ਹਨ। ਉਸ ਬਾਰੇ ਫਿਲਮਾਂ ਵੀ ਬਣੀਆਂ ਅਤੇ ਕਿਤਾਬਾਂ ਵੀ ਲਿਖੀਆਂ ਗਈਆਂ, ਇਸ ਲਈ ਉਸ ਦੀਆਂ ਪ੍ਰਾਪਤੀਆਂ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ, ਪਰ ਕਈਆਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ। ਰੋਮ ਵਿਚ 11 ਦਸੰਬਰ 2000 ਨੂੰ ਪੇਲੇ ਅਤੇ ਮਾਰਾਡੋਨਾ ਨੂੰ 20ਵੀਂ ਸਦੀ ਦੇ ਮਹਾਨ ਫੁੱਟਬਾਲਰ ਐਲਾਨਿਆ ਗਿਆ। ਮਾਰਾਡੋਨਾ ਇੰਟਰਨੈਟ ਵੋਟਾਂ ਨਾਲ ਜੇਤੂ ਸੀ ਅਤੇ ਪੇਲੇ ਫੀਫਾ ਅਧਿਕਾਰੀ, ਪੱਤਰਕਾਰ ਅਤੇ ਕੋਚਾਂ ਰਾਹੀਂ ਜੇਤੂ ਐਲਾਨਿਆ ਗਿਆ ਸੀ। (ਇਹ ਗੱਲ ਸਾਫ ਹੈ ਕਿ ਪੇਲੇ ਦੇ ਸਮੇਂ ਟੈਲੀਵਿਜ਼ਨ ਨਾਂਮਾਤਰ ਹੀ ਸਨ) ਇਸ ਸਾਲ ਹੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਪੇਲੇ ਨੂੰ ਸਦੀ ਦਾ ਮਹਾਨ ਅਥਲੀਟ ਐਲਾਨਿਆ। (ਭਾਵੇਂ ਪੇਸ਼ੇਵਰ ਖਿਡਾਰੀ ਹੋਣ ਕਰਕੇ ਓਲੰਪਿਕ ਵਿਚ ਉਸ ਨੇ ਕਦੀ ਵੀ ਹਿੱਸਾ ਨਹੀਂ ਲਿਆ)। ਉਸ ਨੇ ਆਪਣੀ ਪੇਸ਼ੇਵਰ ਖਿਡਾਰੀ ਦੀ ਜ਼ਿੰਦਗੀ ਵਿਚ 1363 ਮੈਚ ਖੇਡ ਕੇ 1281 ਗੋਲ ਕੀਤੇ, ਜੋ ਅੱਜ ਦੇ ਮਸ਼ਹੂਰ ਫੁੱਟਬਾਲਰ ਰੋਨਾਲਡੋ ਅਤੇ ਮੈਸੀ ਦੋਨਾ ਤੋਂ ਵੱਧ ਹਨ। ਉਹ ਇੱਕੋ-ਇੱਕ ਖਿਡਾਰੀ ਹੈ, ਜੋ ਤਿੰਨ ਵਾਰ ਫੀਫਾ ਵਰਲਡ ਕੱਪ ਜਿਤਿਆ। ਉਸ ਨੇ ਵਰਲਡ ਕੱਪ ਵਿਚ ਕੁੱਲ ਬਾਰਾਂ ਗੋਲ ਕੀਤੇ।
27 ਸਤੰਬਰ 1977 ਨੂੰ ਯੂ. ਐਨ. ਓ. ਨੇ ਉਸ ਨੂੰ ਸਿਟੀਜ਼ਨ ਆਫ ਦਾ ਵਰਲਡ ਐਲਾਨਿਆ। ਉਹ ਪੋਪ ਜੌਨ ਪਾਲ ਛੇਵੇਂ, ਇੰਗਲੈਂਡ ਦੀ ਰਾਣੀ ਅਤੇ ਨੈਲਸਨ ਮੰਡੇਲਾ ਨੂੰ ਮਿਲਿਆ। ਅਮਰੀਕਾ ਦੇ ਪ੍ਰੈਜ਼ੀਡੈਂਟ ਰੀਗਨ ਨੇ ਵ੍ਹਾਈਟ ਹਾਊਸ ਵਿਚ ਉਸ ਦੀ ਜਾਣ-ਪਛਾਣ ਇਸ ਤਰ੍ਹਾਂ ਕਰਾਈ ਸੀ, “ਮੈਂ ਅਮਰੀਕਾ ਦਾ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਹਾਂ, ਪਰ ਸਾਰੇ ਜਾਣਦੇ ਹਨ ਇਹ ਪੇਲੇ ਹੈ।” ਉਹ ਨਾਈਜ਼ੀਰੀਆ ਖੇਡਣ ਲਈ ਗਿਆ ਤਾਂ ਘਰੇਲੂ ਚਲਦੀ ਜੰਗ ਨੂੰ 48 ਘੰਟੇ ਲਈ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਪੇਲੇ ਨੂੰ ਵੇਖ ਲੈਣ। ਇਸ ਤਰ੍ਹਾਂ ਦੀਆਂ ਅਨੇਕਾਂ ਕਹਾਣੀਆਂ ਹਨ, ਜੋ ਉਸ ਪ੍ਰਤੀ ਲੋਕਾਂ ਦਾ ਸਤਿਕਾਰ ਜਾਹਰ ਕਰਦੀਆਂ ਹਨ। ਪੇਲੇ ਦੇ ਚਰਿਤਰ ਬਾਰੇ ਉਸ ਦਾ ਅਕਸ ਵਧੀਆ ਨਹੀਂ ਰਿਹਾ। ਉਸ ਨੇ ਤਿੰਨ ਵਾਰ ਸ਼ਾਦੀ ਕੀਤੀ ਅਤੇ ਉਸ ਦੇ ਸੱਤ ਬੱਚੇ ਹਨ ਅਤੇ ਇਨ੍ਹਾਂ ਵਿਚੋਂ ਦੋ ਨਾਜਾਇਜ਼ ਸਬੰਧਾਂ ਨਾਲ ਹਨ। ਇਨ੍ਹਾਂ ਵਿਚੋਂ ਇੱਕ ਕੁੜੀ ਉਸ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਤੋਂ ਵੀ ਹੈ। ਆਪਣੀ ਨਿੱਜੀ ਜ਼ਿੰਦਗੀ ਬਾਰੇ ਪੇਲੇ ਨੇ ਆਪਣੀ ਆਟੋਬਾਇਓਗਰਾਫੀ ਵਿਚ ਵੀ ਜ਼ਿਕਰ ਕੀਤਾ ਹੈ।
ਪੇਲੇ ਦੀ ਨਿੱਜੀ ਜ਼ਿੰਦਗੀ ਨੂੰ ਇੱਕ ਪਾਸੇ ਕਰਕੇ ਵੇਖੀਏ ਤਾਂ ਫੁੱਟਬਾਲਰ ਦੇ ਤੌਰ ‘ਤੇ ਉਸ ਦੀ ਮਹਾਨਤਾ ਸਿਖਰਾਂ ‘ਤੇ ਹੈ। ਉਸ ਨੇ ਸੰਨ 1977 ਵਿਚ ਇਸ ਖੇਡ ਤੋਂ ਸਨਿਆਸ ਲੈ ਲਿਆ ਸੀ, ਪਰ ਉਸ ਦੀ ਲੋਕ-ਪ੍ਰਿਅਤਾ ਅਜੇ ਵੀ ਕਾਇਮ ਹੈ। ਫੀਫਾ ਦੇ ਨਾਲ ਖੇਡ ਸੰਸਾਰ ਵੀ ਉਸ ਦਾ ਸਤਿਕਾਰ ਕਰਦਾ ਹੈ। ਜੇ ਕਿੰਗ ਪੇਲੇ, ਕਿੰਗ ਆਫ ਸੌਕਰ, ਕਿੰਗ ਆਫ ਫੁੱਟਬਾਲ ਅਤੇ ਕਾਲਾ-ਮੋਤੀ ਬਾਰੇ ਗੱਲ ਹੋਵੇ ਤਾਂ ਸਭ ਨੂੰ ਪਤਾ ਹੈ ਕਿ ਇਹ ਮਹਾਨ ਪੇਲੇ ਦੇ ਹੀ ਸਨਮਾਨਿਤ ਸਤਿਕਾਰ ਵਾਲੇ ਨਾਂ ਹਨ, ਜਿਨ੍ਹਾਂ ਨੂੰ ਦੁਨੀਆਂ ਸਿਜ਼ਦਾ ਕਰਦੀ ਹੈ।